ਮੁੰਬਈ: ਰਾਮ ਗੋਪਾਲ ਵਰਮਾ ਦੀ ਆਪਣੇ ਕਰੀਅਰ ਦੀ ਸਭ ਤੋਂ ਮਹਿੰਗੀ ਫਿਲਮ ‘ਲੜਕੀ: ਐਂਟਰ ਦਿ ਗਰਲ ਡਰੈਗਨ’ ਭਾਰਤ ਦੇ ਚੀਨ ਵਿਚਾਲੇ ਗਲਵਾਨ ਘਾਟੀ ਦੇ ਵਿਵਾਦ ਮਗਰੋਂ ਚੀਨ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਹੋਵੇਗੀ। ਰਾਮ ਗੋਪਾਲ ਵਰਮਾ ਭਾਰਤੀ ਸਰਹੱਦ ਤੋਂ ਪਾਰ ਅਤੇ ਵਿਦੇਸ਼ਾਂ ਵਿੱਚ ਇਹ ਫਿਲਮ ਰਿਲੀਜ਼ ਕਰਨ ਵਾਲਾ ਪਹਿਲਾ ਨਿਰਮਾਤਾ ਬਣ ਗਿਆ ਹੈ। ਵਰਮਾ ਨੇ ਅੱਜ ਸਵੇਰੇ ਪੰਜ ਵਜੇ ਹਿੰਦੀ ਵਿੱਚ ਫਿਲਮ ‘ਲੜਕੀ’ ਅਤੇ ਚੀਨ ਵਿੱਚ ‘ਡਰੈਗਨ ਗਰਲ’ ਦਾ ਟਰੇਲਰ ਰਿਲੀਜ਼ ਕੀਤਾ। ਰਾਮ ਗੋਪਾਲ ਵਰਮਾ ਨੇ ਕਿਹਾ, ‘‘ਜਿਵੇਂ ਕਿ ‘ਸਰਕਾਰ’ ਮੇਰੀ ਗੌਡਫਾਦਰ ਨੂੰ ਸ਼ਰਧਾਂਜਲੀ ਸੀ, ਇਸੇ ਤਰ੍ਹਾਂ ਪੂਜਾ ਭਾਲੇਕਰ ਦੀ ਅਦਾਕਾਰੀ ਵਾਲੀ ਫਿਲਮ ‘ਲੜਕੀ: ਐਂਟਰ ਦਿ ਗਰਲ ਡਰੈਗਨ’ ਬਰੂਸ ਲੀ ਨੂੰ ਸਮਰਪਿਤ ਹੋਵੇਗੀ।’’ ਫਿਲਮ ਨੂੰ ਆਰਟਸੀ ਮੀਡੀਆ ਅਤੇ ਚਾਈਨੀਜ਼ ਪ੍ਰੋਡਕਸ਼ਨ ਮੇਜਰ ਬਿੱਗ ਪੀਪਲ ਨੇ ਪ੍ਰੋਡਿਊਸ ਕੀਤਾ ਹੈ। -ਆਈਏਐੱਨਐੱਸ