ਧਰਮਪਾਲ
ਸਟਾਰ ਪਲੱਸ ਦੇ ਨੰਬਰ ਤਿੰਨ ਸ਼ੋਅ ‘ਇਮਲੀ’ ਵਿੱਚ ਦਰਸ਼ਕਾਂ ਨੂੰ ਲਗਾਤਾਰ ਕਈ ਮੋੜ ਦੇਖਣ ਨੂੰ ਮਿਲ ਰਹੇ ਹਨ। ਗੁਲ ਖ਼ਾਨ ਦੀ ਫੋਰ ਲਾਇਨਜ਼ ਫ਼ਿਲਮਜ਼ ਵੱਲੋਂ ਨਿਰਮਤ ਇਸ ਸ਼ੋਅ ਵਿੱਚ ਹੁਣ ਦਰਸ਼ਕਾਂ ਨੂੰ ਬਹੁਤ ਕੁਝ ਵੱਡਾ ਦੇਖਣ ਨੂੰ ਮਿਲਣ ਵਾਲਾ ਹੈ, ਹਾਲ ਹੀ ਵਿੱਚ ਇਸ ਸ਼ੋਅ ਵਿੱਚ ਅਭਿਨੇਤਰੀ ਰਾਜਸ਼੍ਰੀ ਰਾਣੀ ਨੇ ਰਾਧਿਕਾ ਦੇ ਕਿਰਦਾਰ ਵਿੱਚ ਐਂਟਰੀ ਲਈ ਹੈ।
‘ਇਮਲੀ’ ਸ਼ੋਅ ਵਿੱਚ ਆਪਣੇ ਪ੍ਰਵੇਸ਼ ਤੋਂ ਉਤਸ਼ਾਹਿਤ ਰਾਜਸ਼੍ਰੀ ਰਾਣੀ ਦੱਸਦੀ ਹੈ ਕਿ ‘ਮੈਨੂੰ ਇਸ ਕਿਰਦਾਰ ਲਈ ਦੀਵਾਲੀ ਦੇ ਸ਼ੁਭ ਮੌਕੇ ’ਤੇ ਫੋਨ ਆਇਆ ਅਤੇ ਮੈਂ ਇਸ ਲਈ ਤੁਰੰਤ ਹਾਂ ਕਰ ਦਿੱਤੀ। ਮੈਂ ਇਸ ਸ਼ੋਅ ਵਿੱਚ ਆਰਿਅਨ (ਫਹਮਾਨ ਖ਼ਾਨ) ਦੀ ਵੱਡੀ ਭੈਣ ਦੇ ਰੂਪ ਵਿੱਚ ਪ੍ਰਵੇਸ਼ ਕੀਤਾ ਹੈ ਜੋ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਉਸ ਲਈ ਸਭ ਕੁਝ ਹੈ। ਇਹ ਦੋਵੇਂ ਮਿਲ ਕੇ ਇਮਲੀ ਦੇ ਜੀਵਨ ਵਿੱਚ ਕਈ ਉਤਰਾਅ ਚੜ੍ਹਾਅ ਲੈ ਕੇ ਆਉਣਗੇ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਚਰਚਿਤ ਸ਼ੋਅ ‘ਸੁਹਾਨੀ ਸੀ ਏਕ ਲੜਕੀ’ ਦੇ ਬਾਅਦ ਮੈਂ ਆਪਣੇ ਪਤੀ ਨਾਲ ਪਹਿਲੀ ਵਾਰ ਇੱਕ ਹੀ ਸ਼ੋਅ ਵਿੱਚ ਇਕੱਠੀ ਕੰਮ ਕਰ ਰਹੀ ਹਾਂ ਜੋ ਸ਼ੋਅ ਵਿੱਚ ਸੁੰਦਰ ਦਾ ਕਿਰਦਾਰ ਨਿਭਾ ਰਹੇ ਹਨ। ਬੇਸ਼ੱਕ ਮੇਰਾ ਕਿਰਦਾਰ ਮੇਰੇ ਪਤੀ ਤੋਂ ਵੱਡਾ ਹੈ, ਪਰ ਇਸ ਗੱਲ ਨੂੰ ਲੈ ਕੇ ਗੌਰਵ ਦਾ ਪੁਰਸ਼ ਹਉਂ ਕਦੇ ਸਾਡੇ ਰਿਸ਼ਤੇ ਵਿਚਕਾਰ ਨਹੀਂ ਆਇਆ। ਬਲਕਿ ਉਹ ਮੇਰੇ ਤੋਂ ਜ਼ਿਆਦਾ ਖ਼ੁਸ਼ ਹਨ ਕਿ ਹੁਣ ਮੈਂ ਉਸ ਨਾਲ ਸੈੱਟ ’ਤੇ ਮੌਜੂਦ ਰਹਾਂਗੀ। ਅਸੀਂ ਪਹਿਲਾਂ ਤੋਂ ਦੋਸਤ ਰਹੇ ਹਾਂ ਤਾਂ ਮੈਂ ਸੋਚਿਆ ਕਿ ਇਸ ਵਾਰ ਵੀ ਅਸੀਂ ਸੈੱਟ ’ਤੇ ਦੋਸਤ ਦੀ ਤਰ੍ਹਾਂ ਰਹਾਂਗੇ ਨਾ ਕਿ ਪਤੀ-ਪਤਨੀ ਦੀ ਤਰ੍ਹਾਂ।’
ਟੀਵੀ ਸ਼ੋਅ ਦਾ ਨਿਰਦੇਸ਼ਨ ਕਰਨਗੇ ਸੂਰਜ ਬੜਜਾਤੀਆ
ਦਰਸ਼ਕਾਂ ਨੂੰ ਹਮੇਸ਼ਾਂ ਚੰਗਾ ਕੰਟੈਂਟ ਪਰੋਸਣ ਵਿੱਚ ਸਟਾਰ ਭਾਰਤ ਕਦੇ ਪਿੱਛੇ ਨਹੀਂ ਰਿਹਾ ਹੈ। ਇਸ ਦੀਆਂ ਪੌਰਾਣਿਕ ਪੇਸ਼ਕਸ਼ਾਂ ਨਾਲ ਦਰਸ਼ਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਪਰਿਵਾਰ ’ਤੇ ਆਧਾਰਿਤ ਇਨ੍ਹਾਂ ਸ਼ੋਅ’ਜ਼ ਨਾਲ ਹੱਸਿਆ ਵੀ ਜਾਵੇ ਅਤੇ ਰੋਇਆ ਵੀ। ਇਹ ਸਾਡੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਹਮੇਸ਼ਾਂ ਰਹੇਗਾ।
ਚੈਨਲ ਦੇ ਵਿਲੱਖਣ ਸ਼ੋਅ’ਜ਼ ਦੀ ਸੂਚੀ ਵਿੱਚ ਹੁਣ ਇੱਕ ਹੋਰ ਨਾਮ ਜੋੜਦੇ ਹੋਏ ਚੈਨਲ ਹੁਣ ‘ਸਸੁਰਾਲ ਗੇਂਦਾ ਫੂਲ 2’ ਨਾਲ ਪਰਤ ਰਿਹਾ ਹੈ ਜੋ ਪਹਿਲੇ ਹਿਟ ਸ਼ੋਅ ਦਾ ਦੂਜਾ ਸੰਸਕਰਣ ਹੈ। ਇਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਸ਼ੋਅ ਆਪਣੇ ਨਾਲ ਬਹੁਤ ਸਾਰੀ ਸਕਾਰਾਤਮਕਤਾ ਲਿਆਉਂਦਾ ਹੈ ਅਤੇ ਅਸੀਂ ਇਸ ਦੇ ਕਿਰਦਾਰਾਂ ਨਾਲ ਦੁਬਾਰਾ ਜੁੜਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਇਸ ਸ਼ੋਅ ਵਿੱਚ ਕਈ ਵੱਡੇ ਨਾਂ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਪਰ ਇਸ ਵਿੱਚ ਥੋੜ੍ਹਾ ਰੁਮਾਂਚ ਜੋੜਨ ਲਈ ਇਸ ਦੇ ਕੁਝ ਐਪੀਸੋਡਾਂ ਦਾ ਨਿਰਦੇਸ਼ਨ ਕਰਨ ਵਾਲਿਆਂ ਵਿੱਚ ਇੱਕ ਵੱਡੇ ਨਿਰਮਾਤਾ ਦਾ ਨਾਂ ਵੀ ਸ਼ਾਮਲ ਹੈ। ਮੇਕਰਜ਼ ਨੇ ਸ਼ੋਅ ਦੇ ਕੁਝ ਐਪੀਸੋਡਾਂ ਦਾ ਨਿਰਦੇਸ਼ਨ ਕਰਨ ਲਈ ਪ੍ਰਸਿੱਧ ਫ਼ਿਲਮ ਨਿਰਮਾਤਾ ਸੂਰਜ ਬੜਜਾਤੀਆ ਨੂੰ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਸ਼ੋਅ ਦੇ ਸੂਤਰਾਂ ਅਨੁਸਾਰ, ‘ਨਿਰਮਾਤਾ ਚਾਹੁੰਦੇ ਹਨ ਕਿ ਬੜਜਾਤੀਆ ਪਹਿਲੇ ਕੁਝ ਐਪੀਸੋਡਾਂ ਦਾ ਨਿਰਦੇਸ਼ਨ ਕਰਨ ਕਿਉਂਕਿ ਉਨ੍ਹਾਂ ਦਾ ਜਾਦੂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੇਗਾ ਜਿਸ ਨੂੰ ਅਸੀਂ ਸਕਰੀਨ ’ਤੇ ਦੇਖਣ ਲਈ ਉਤਸੁਕ ਹਾਂ।’
ਰੋਹਿਤ ਦੀ ਟੀਵੀ ’ਤੇ ਵਾਪਸੀ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਆਗਾਮੀ ਮੈਡੀਕਲ ਡਰਾਮਾ ‘ਧੜਕਨ ਜ਼ਿੰਦਗੀ ਕੀ’ ਰਵਾਇਤੀ ਸੋਚ ਨੂੰ ਚੁਣੌਤੀ ਦਿੰਦੇ ਹੋਏ ਡਾ. ਦੀਪਿਕਾ ਦੇ ਸਫ਼ਰ ਦੀ ਇੱਕ ਪ੍ਰੇਰਕ ਕਹਾਣੀ ਲੈ ਕੇ ਆ ਰਿਹਾ ਹੈ। ਡਾ. ਦੀਪਿਕਾ ਇੱਕ ਆਤਮਨਿਰਭਰ ਔਰਤ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਤੋਂ ਲੈ ਕੇ ਸਮਾਜ ਅਤੇ ਆਪਣੇ ਕੰਮਕਾਜੀ ਸਥਾਨ ’ਤੇ ਮਰਦ ਪ੍ਰਧਾਨ ਮਾਨਸਿਕਤਾ ਨੂੰ ਚੁਣੌਤੀ ਦਿੰਦੀ ਹੈ। ਡਾ. ਦੀਪਿਕਾ ਦੇ ਸਫ਼ਰ ਵਿੱਚ ਇੱਕ ਵੱਡੀ ਚੁਣੌਤੀ ਹੋਣਗੇ ਡਾ. ਵਿਕਰਾਂਤ, ਜਿਸ ਦਾ ਕਿਰਦਾਰ ਐਕਟਰ ਰੋਹਿਤ ਪੁਰੋਹਿਤ ਨਿਭਾ ਰਹੇ ਹਨ। ਹਰਮਨਪਿਆਰੇ ਮਾਡਲ ਤੋਂ ਟੈਲੀਵਿਜ਼ਨ ਸਟਾਰ ਬਣਿਆ ਇਹ ਐਕਟਰ ਅਜਿਹਾ ਕਿਰਦਾਰ ਨਿਭਾਏਗਾ ਜਿਸ ਵਿੱਚ ਕਈ ਪਰਤਾਂ ਹੋਣਗੀਆਂ। ਇਸ ਕਿਰਦਾਰ ਨਾਲ ਰੋਹਿਤ ਦੋ ਸਾਲ ਦੇ ਵਕਫ਼ੇ ਤੋਂ ਬਾਅਦ ਟੈਲੀਵਿਜ਼ਨ ’ਤੇ ਵਾਪਸੀ ਕਰ ਰਿਹਾ ਹੈ।
ਆਪਣੇ ਕਿਰਦਾਰ ਬਾਰੇ ਰੋਹਿਤ ਪੁਰੋਹਿਤ ਨੇ ਕਿਹਾ, ‘ਡਾ. ਵਿਕਰਾਂਤ ਅਕਾਂਖਿਆਵਾਦੀ ਵਿਅਕਤੀ ਹੈ ਜੋ ਸਭ ਕੁਝ ਕੰਟਰੋਲ ਵਿੱਚ ਰੱਖਣਾ ਪਸੰਦ ਕਰਦਾ ਹੈ। ਮਜ਼ਬੂਤ ਪਿੱਤਰਸੱਤਾ ਭਰਪੂਰ ਕਦਰਾਂ ਕੀਮਤਾਂ ਵਾਲੇ ਪਰਿਵਾਰ ਵਿੱਚ ਪਲੇ ਵਿਕਰਾਂਤ ਨੂੰ ਲੱਗਦਾ ਹੈ ਕਿ ਇੱਕ ਔਰਤ ਨੂੰ ਕਰੀਅਰ ਜਾਂ ਅਕਾਂਖਿਆਵਾਂ ਨੂੰ ਅੱਗੇ ਵਧਾਉਣ ਦੀ ਬਜਾਏ ਆਪਣੇ ਪਰਿਵਾਰਕ ਜੀਵਨ ’ਤੇ ਧਿਆਨ ਦੇਣਾ ਚਾਹੀਦਾ ਹੈ। ਵਿਕਰਾਂਤ ਦਾ ਕਿਰਦਾਰ ਨਿਭਾਉਣਾ ਕਾਫ਼ੀ ਚੁਣੌਤੀਪੂਰਨ ਅਨੁਭਵ ਰਿਹਾ ਹੈ ਕਿਉਂਕਿ ਇਸ ਕਿਰਦਾਰ ਵਿੱਚ ਕਈ ਪਰਤਾਂ ਹਨ। ਇਹ ਬਹੁਤ ਜਟਿਲ ਕਿਰਦਾਰ ਹੈ ਅਤੇ ਮੇਰੇ ਵੱਲੋਂ ਪਹਿਲਾਂ ਕੀਤੇ ਗਏ ਕੰਮ ਤੋਂ ਬਹੁਤ ਅਲੱਗ ਹੈ। ਮੈਂ ਕੁਝ ਮਾਮਲਿਆਂ ਵਿੱਚ ਇਸ ਕਿਰਦਾਰ ਨਾਲ ਜੁੜਦਾ ਹਾਂ, ਖ਼ਾਸ ਤੌਰ ’ਤੇ ਉਸ ਦੀ ਸਖ਼ਤ ਮਿਹਨਤ ਕਰਨ ਅਤੇ ਸਫਲਤਾ ਹਾਸਲ ਕਰਨ ਦੀ ਇੱਛਾ ਨਾਲ, ਪਰ ਦੂਜੇ ਪਾਸੇ ਜਦੋਂ ਉਸ ਦਾ ਮਰਦ ਹਉਂ ਸਾਹਮਣੇ ਆਉਂਦਾ ਹੈ ਤਾਂ ਉਹ ਮੇਰੇ ਤੋਂ ਬਿਲਕੁਲ ਉਲਟ ਹੈ। ‘ਧੜਕਨ ਜ਼ਿੰਦਗੀ ਕੀ’ ਵਿੱਚ ਕੰਮਕਾਜੀ ਸਥਾਨ ’ਤੇ ਲਿੰਗ ਅਸਮਾਨਤਾ ਦੇ ਆਲੇ ਦੁਆਲੇ ਘੁੰਮਦੀ ਇੱਕ ਸ਼ਕਤੀਸ਼ਾਲੀ ਕਹਾਣੀ ਹੈ। ਜਿਸ ਬਾਰੇ ਅਕਸਰ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਜਿਵੇਂ ਇਸ ਦੇ ਹੋਰ ਕਿਰਦਾਰ ਖੁੱਲ੍ਹਣਗੇ। ਇਹ ਸ਼ੋਅ ਦਰਸ਼ਕਾਂ ਨੂੰ ਇਸ ਮਹੱਤਵਪੂਰਨ ਵਿਸ਼ੇ ਬਾਰੇ ਸੋਚਣ ਅਤੇ ਇਸ ’ਤੇ ਗੱਲ ਕਰਨ ਲਈ ਪ੍ਰੇਰਿਤ ਕਰੇਗਾ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੇ ਸ਼ੋਅ ਨੂੰ ਪਸੰਦ ਕਰਨਗੇ ਅਤੇ ਇਸ ਨੂੰ ਆਪਣਾ ਪਿਆਰ ਦੇਣਗੇ।’