ਪ੍ਰੇਮ ਭੂਸ਼ਨ ਗੋਇਲ
ਵੰਗਾਂ ਦਾ ਵਣਜਾਰਾ ਆਇਆ ਤਾਂ ਉਹ ਗਲੀਆਂ ਵਿੱਚ ਬਾਰ-ਬਾਰ ਹੋਕਾ ਦੇ ਰਿਹਾ ਹੈ, ‘‘ਵੰਗਾਂ ਚੜ੍ਹਾ ਲਓ… ਲਾਲ-ਹਰੀਆਂ-ਪੀਲੀਆਂ-ਰੰਗੀਨ ਚੂੜੀਆਂ ਵੰਨ-ਸੁਵੰਨੀਆਂ ਚੂੜੀਆਂ।’’ ਤੇ ਉਸ ਦੀ ਆਵਾਜ਼ ਨੂੰ ਸੁਣ ਕੇ ਬੱਚੀਆਂ, ਮੁਟਿਆਰਾਂ, ਬੁੱਢੀਆਂ, ਕੁਆਰੀਆਂ, ਵਿਆਹੀਆਂ, ਸਭ ਵਣਜਾਰੇ ਦੁਆਲੇ ਝੁਰਮੁਟ ਪਾ ਲੈਂਦੀਆਂ ਤੇ ਸਾਹੋ-ਸਾਹ ਇਕਦਮ ਸਾਰੀਆਂ ਇਹੋ ਮੰਗ ਕਰਦੀਆਂ, ‘‘ਵਿਖਾ ਚੂੜੀਆਂ, ਜ਼ਰਾ ਗੂੜ੍ਹੇ ਰੰਗ ਦੀਆਂ।’’ ‘‘ਪਹਿਲਾਂ ਮੈਨੂੰ ਵਿਖਾ।’’
ਔਰਤਾਂ ਨੂੰ ਵੰਗਾਂ ਚੜ੍ਹਾਉਣ ਦਾ ਚਾਅ ਚੜ੍ਹਿਆ ਰਹਿੰਦਾ। ਗਰਮੀ ਹੋਵੇ, ਭਾਵੇਂ ਸਰਦੀ, ਬਸੰਤ ਹੋਵੇ ਜਾਂ ਵਰਖਾ, ਹਰ ਮੌਸਮ ਵਿੱਚ ਉਹ ਵਣਜਾਰਿਆਂ ਨੂੰ ਉਡੀਕਦੀਆਂ ਰਹਿੰਦੀਆਂ। ਇਹ ਚੂੜੀਆਂ ਭਾਵੇਂ ਘੋਗੇ-ਸਿੱਪੀਆਂ, ਧਾਤ ਦੀਆਂ ਜਾਂ ਚਾਂਦੀ-ਸੋਨੇ, ਪਲੈਟੀਨਮ ਜਾਂ ਜੜਾਊ ਹੋਣ, ਪਰ ਕੱਚ ਦੀਆਂ ਵੰਗਾਂ ਦੀ ਗੱਲ ਹੀ ਹੋਰ ਹੈ। ਇਨ੍ਹਾਂ ਨੂੰ ਪਹਿਣਨਾ ਉਹ ਜ਼ਰੂਰੀ ਸਮਝਦੀਆਂ ਹਨ। ਬਲੌਰੀ ਚੂੜੀਆਂ ਲਈ ਉਨ੍ਹਾਂ ਦੀ ਵਿਸ਼ੇਸ਼ ਖਿੱਚ ਹੈ। ਲੰਮੇ ਸਮੇਂ ਤੋਂ ਪਰੰਪਰਾ ਦੇ ਰੂਪ ਵਿੱਚ ਇਹੋ ਸ਼ੌਕ ਉਨ੍ਹਾਂ ਤੱਕ ਪਹੁੰਚਿਆ ਹੈ। ਵੰਗਾਂ ਉਨ੍ਹਾਂ ਲਈ ਮਾਤਰ ਗਹਿਣਾ ਹੀ ਨਹੀਂ ਹੈ ਜਿਸ ਨਾਲ ਉਨ੍ਹਾਂ ਦੀਆਂ ਕਲਾਈਆਂ ਸਜ ਜਾਂਦੀਆਂ ਹਨ, ਜਿਨ੍ਹਾਂ ਦੀ ਖਣਕ ਨਾਲ ਪੈਦਾ ਹੋਏ ਮਧੁਰ ਸੰਗੀਤ ਨੂੰ ਸੁਣ ਕੇ ਉਹ ਮਸਤ ਹੋ ਜਾਂਦੀਆਂ ਹਨ। ਵੀਣੀਆਂ ਗੱਲਾਂ ਕਰਨ ਲੱਗਦੀਆਂ ਹਨ, ਹੱਸਦੀਆਂ ਹਨ, ਗਾਉਂਦੀਆਂ ਹਨ, ਨੱਚਦੀਆਂ ਹਨ। ਉਨ੍ਹਾਂ ਨਾਲ ਆਪਣੇ ਦਿਲਾਂ ਦੀਆਂ ਗੱਲਾਂ ਕਰਕੇ ਫੁੱਲ ਵਾਂਗ ਖਿੜ ਜਾਂਦੀਆਂ ਹਨ। ਅੰਗ-ਅੰਗ ਨਸ਼ਿਆ ਜਾਂਦਾ ਹੈ:
ਸਾਂਭੇ ਜਾਣ ਨਾ ਨਖਰੇ ਅੰਗ-ਅੰਗ ਦੇ
ਵੀਣੀ ਉੱਤੇ ਨਾਚ ਸੀ ਬਲੌਰੀ ਵੰਗ ਦੇ।
ਇਨ੍ਹਾਂ ਚੂੜੀਆਂ ਨੂੰ ਦੱਖਣੀ ਏਸ਼ੀਆ ਦੇ ਦੇਸ਼ਾਂ- ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਆਦਿ ਦੀਆਂ ਔਰਤਾਂ ਪਹਿਨਦੀਆਂ ਹਨ। ਵੰਗਾਂ ਨੂੰ ਪੰਜਾਬ ਵਿੱਚ ਚੂੜੀਆਂ ਕਿਹਾ ਜਾਂਦਾ ਹੈ। ਇਸ ਨੂੰ ਨੇਪਾਲੀ ਵਿੱਚ ਚੁਰਾ, ਬੰਗਲਾ ਵਿੱਚ ਚੂੜਿ, ਹਿੰਦੀ ਵਿੱਚ ਵੰਗੜੀ, ਮਰਾਠੀ ਵਿੱਚ ਬਾਂਗੜੀ ਤੇ ਉਰਦੂ ਵਿੱਚ ਚੂੜੀਆਂ ਕਿਹਾ ਜਾਂਦਾ ਹੈ। ਤਮਿਲ ਵਿੱਚ ਵਲਿਆਲ ਤੇ ਮਲਿਆਲਮ ਵਿੱਚ ਇਸ ਨੂੰ ਵਲਾ ਕਿਹਾ ਜਾਂਦਾ ਹੈ। ਇਹ ਵੰਗਾਂ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਅਯੁੱਧਿਆ ਦੇ ਜੁੜਵੇਂ ਨਗਰ ਫਿਰੋਜ਼ਾਬਾਦ ਵਿੱਚ ਬਣਦੀਆਂ ਹਨ। ਇਨ੍ਹਾਂ ਵੰਗਾਂ ਕਰਕੇ ਹੀ ਇਸ ਨੂੰ ਸੁਹਾਗ ਨਗਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਵੰਗਾਂ ਦੀਆਂ ਦੁਕਾਨਾਂ ਹਰ ਰੋਜ਼ ਸਜਦੀਆਂ ਹਨ ਤੇ ਇੱਥੋਂ ਦੇ ਬਾਜ਼ਾਰ ਦੀ ਰੌਣਕ ਵੇਖਣਯੋਗ ਹੁੰਦੀ ਹੈ। ਹੈਦਰਾਬਾਦ ਤੇ ਮੁਰਾਦਾਬਾਦ ਵੀ ਵੰਗਾਂ ਬਣਾਉਣ ਦੇ ਹੋਰ ਪ੍ਰਸਿੱਧ ਕੇਂਦਰ ਹਨ। ਵੰਗਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਟਾਂਕੇ ਵਾਲੀ ਤੇ ਦੂਜੀ ਬਿਨਾਂ ਟਾਂਕੇ ਤੋਂ। ਟਾਂਕੇ ਵਾਲੀ ਵੰਗ ਉੱਤੇ ਟਾਂਕਾ ਹੱਥੀਂ ਲਾਉਣਾ ਪੈਂਦਾ ਹੈ ਜਦੋਂਕਿ ਬਿਨਾਂ ਟਾਂਕੇ ਦੀ ਵੰਗ ਡਾਈਆਂ ਨਾਲ ਤਿਆਰ ਕੀਤੀ ਜਾਂਦੀ ਹੈ।
ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਚੂੜੀਆਂ ਪਾਉਣ ਦੀ ਦੀਰਘ ਪਰੰਪਰਾ ਹੈ। ਭਾਰਤ ਵਿੱਚ ਅਨੇਕਾਂ ਥਾਵਾਂ ਉੱਤੇ ਖੁਦਾਈ ਦੌਰਾਨ ਘੋਗਿਆਂ-ਸਿੱਪੀਆਂ ਤੋਂ ਬਣੀਆਂ ਚੂੜੀਆਂ ਨਿਕਲਦੀਆਂ ਹਨ। 2600 ਸਾਲ ਪੂਰਵ ਈਸਾ ਵਿੱਚ, ਮੋਹੰਜੋ ਦਾਰੋ-ਹੜੱਪਾ ਖੁਦਾਈ ਕੀਤੀ ਗਈ। ਉੱਥੇ ਇੱਕ ਨੱਚਦੀ ਮੁਟਿਆਰ ਦੀ ਮੂਰਤੀ ਮਿਲੀ ਜਿਸ ਦੇ ਖੱਬੇ ਹੱਥ ਵਿੱਚ ਚੂੜੀਆਂ ਪਾਈਆਂ ਹੋਈਆਂ ਸਨ। ਫੇਰ ਮੌਰੀਆ ਰਾਜਕਾਲ ਸਮੇਂ ਮਹੁਰਝਾਰੀ ਦੇ ਸ਼ਹਿਰ ਵਿੱਚ ਖੁਦਾਈ ਕੀਤੀ ਗਈ। ਉੱਥੋਂ 322-185 ਸਾਲ ਈਸਾ ਪੂਰਵ ਸਮੇਂ ਦੀਆਂ ਪਿੱਤਲ ਦੀਆਂ ਚੂੜੀਆਂ ਨਿਕਲੀਆਂ। ਕਾਫ਼ੀ ਵੱਡੀ ਮਿਕਦਾਰ ਵਿੱਚ ਘੋਗਿਆਂ-ਸਿੱਪੀਆਂ ਤੋਂ ਬਣੀਆਂ ਚੂੜੀਆਂ ਵੀ ਮਿਲੀਆਂ। ਇਸੇ ਤਰ੍ਹਾਂ ਤਕਸ਼ਿਲਾ ਦੀ ਖੁਦਾਈ ਵਿੱਚ ਤਾਂ 6ਵੀਂ ਸਦੀ ਈਸਾ ਪੂਰਵ ਸੋਨੇ ਦੀਆਂ ਚੂੜੀਆਂ ਦੇ ਨਮੂਨੇ ਮਿਲੇ। ਇਨ੍ਹਾਂ ਚੂੜੀਆਂ ਦੀ ਹੋਂਦ ਦੀ ਗਵਾਹੀ ਤਾਂ ਅਜੰਤਾ ਦੀਆਂ ਗੁਫ਼ਾਵਾਂ ਦੀਆਂ ਮੂਰਤਾਂ ਅਤੇ ਇਲੋਰਾ ਗੁਫ਼ਾਵਾਂ ਵਿੱਚ ਪੱਥਰ ਦੀਆਂ ਮੂਰਤਾਂ ਦਿੰਦੀਆਂ ਹਨ। ਇਨ੍ਹਾਂ ਲੱਭਤਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜ ਵਿੱਚ ਚੂੜੀਆਂ ਪੂਰੀ ਤਰ੍ਹਾਂ ਪ੍ਰਚੱਲਿਤ ਹੋ ਚੁੱਕੀਆਂ ਸਨ। ਇਨ੍ਹਾਂ ਚੂੜੀਆਂ ਨਾਲ ਔਰਤ ਦੀ ਕੋਈ ਮੁੱਖ ਜ਼ਰੂਰਤ ਦੀ ਪੂਰਤੀ ਨਹੀਂ ਸੀ ਹੁੰਦੀ। ਇਸ ਤੋਂ ਤਾਂ ਸਾਨੂੰ ਉਨ੍ਹਾਂ ਦੀ ਕਲਾ ਅਤੇ ਸੁੰਦਰਤਾ ਦੀ ਸਮਝ ਬਾਰੇ ਪਤਾ ਚੱਲਦਾ ਹੈ। ਉਹ ਅਜਿਹੇ ਸਰੋਤਾਂ ਦੀ ਖੋਜ ਵਿੱਚ ਸੀ ਜਿਸ ਨਾਲ ਉਨ੍ਹਾਂ ਦੇ ਸੁਹੱਪਣ ਵਿੱਚ ਵਾਧਾ ਹੋਵੇ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸਥਾਪਨਾ ਹੋ ਸਕੇ।
ਇਤਿਹਾਸਕ ਖੋਜਾਂ ਤੋਂ ਇਹ ਪਤਾ ਨਹੀਂ ਚੱਲਦਾ ਕਿ ਕੱਚ ਦੀਆਂ ਚੂੜੀਆਂ ਕਦੋਂ ਹੋਂਦ ਵਿੱਚ ਆਈਆਂ। ਕੱਚ ਦੀਆਂ ਚੂੜੀਆਂ ਨਾਲ ਹੀ ਭਾਰਤ ਦੀਆਂ ਨਾਰੀਆਂ ਦੀਆਂ ਭਾਵਨਾਵਾਂ, ਰਸਮਾਂ ਰਿਵਾਜ, ਪਰੰਪਰਾ ਤੇ ਅਕੀਦੇ ਜੁੜੇ ਹਨ। ਰੋਮਨ ਸਲਤਨਤ ਯਾਨੀ 500 ਸਾਲ ਈਸਾ ਪੂਰਵ ਦੌਰਾਨ ਕੱਚ ਨੂੰ ਪਿਘਲਾਉਣ, ਉਸ ਤੋਂ ਵਸਤਾਂ ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਤਰੱਕੀ ਉੱਤੇ ਸੀ। ਕੱਚ ਥੋੜ੍ਹੇ ਜਿਹੇ ਤਾਪਮਾਨ ਉੱਤੇ ਹੀ ਪਿਘਲ ਜਾਂਦਾ ਸੀ। ਇਸੇ ਸਮੇਂ ਤੋਂ ਕੱਚ ਦੀਆਂ ਚੂੜੀਆਂ ਵੀ ਦੱਖਣ ਏਸ਼ੀਆ ਦੇ ਦੇਸ਼ਾਂ ਵਿੱਚ ਪ੍ਰਚੱਲਿਤ ਹੋਈਆਂ ਅਤੇ ਸਮੇਂ-ਸਮੇਂ ਇਸ ਨਾਲ ਰਸਮ-ਰਿਵਾਜ, ਧਰਮ ਆਦਿ ਜੁੜਦੇ ਗਏ ਤੇ ਕੱਚ ਦੀਆਂ ਚੂੜੀਆਂ ਪਹਿਨਣਾ ਭਾਰਤ ਦੀ ਨਾਰੀ ਲਈ ਲਾਜ਼ਮੀ ਹੋ ਗਿਆ। ਹੋਰ ਕਿਸੇ ਸਮੱਗਰੀ ਜਾਂ ਧਾਤ ਤੋਂ ਬਣੀ ਚੂੜੀ ਨੂੰ ਕੱਚ ਦੀਆਂ ਚੂੜੀਆਂ ਕਿਤੇ ਪਿੱਛੇ ਛੱਡ ਆਈਆਂ।
ਕੱਚ ਦੀਆਂ ਚੂੜੀਆਂ ਨੂੰ ਵੰਗਾਂ ਕਿਹਾ ਜਾਂਦਾ ਹੈ। ਇਹ ਹਿੰਦੀ ਵਿੱਚ ਪ੍ਰਚੱਲਿਤ ‘ਵੰਗੜੀ’ ਦੇ ਬਿਲਕੁਲ ਨੇੜੇ ਹੈ। ਵੰਗੜੀ ਦਾ ਅਰਥ ਹੈ ਕੱਚ। ਇਸ ਤਰ੍ਹਾਂ ਵੰਗ ਵੀ ਬਲੌਰੀ ਹੋਈ। ਵੰਗ ਆਪਣੀ ਛਲਕਾਂ ਮਾਰਦੀ ਲਿਸ਼ਕ, ਸਤਰੰਗੀ ਪੀਂਘ ਦੇ ਮਨਮੋਹਕ ਰੰਗਾਂ ਵਿੱਚ ਰਚੇ ਵੰਨ-ਸੁਵੰਨੇ ਰੰਗ, ਪਾਰਦਰਸ਼ਿਤਾ ਅਤੇ ਛੋਟੀ ਤੋਂ ਛੋਟੀ ਬੱਚੀ ਤੋਂ ਵੱਡੀ ਤੋਂ ਵੱਡੀ ਅਤੇ ਮੋਟੀ ਤੋਂ ਮੋਟੀ ਕਲਾਈ ਜਾਂ ਵੀਣੀ ਗੁੱਟ ਦੇ ਮਨਚਾਹੇ ਆਕਾਰ ਵਿੱਚ ਉਪਲੱਬਧਤਾ, ਬਣਾਉਣ ਵਿੱਚ ਆਸਾਨੀ ਤੇ ਸਸਤਾਪਣ ਵੰਗਾਂ ਦੇ ਪ੍ਰਚੱਲਿਤ ਹੋਣ ਦੇ ਮੁੱਖ ਕਾਰਨ ਹਨ।
ਇਹ ਵੰਗਾਂ ਆਕਾਰ ਵਿੱਚ ਗੋਲ ਹੁੰਦੀਆਂ ਹਨ। ਇਨ੍ਹਾਂ ਨੂੰ ਦੋਹਾਂ ਹੱਥਾਂ ਵਿੱਚ ਪਹਿਨਣ ਦੀ ਪਰੰਪਰਾ ਹੈ। ਅੱਧੀਆਂ ਵੰਗਾਂ ਇੱਕ ਬਾਂਹ ਵਿੱਚ ਤੇ ਅੱਧੀਆਂ ਦੂਜੀ ਵਿੱਚ। ਪਰ ਇੱਕ ਬਾਂਹ ਵਿੱਚ ਇੱਕ ਵੰਗ ਵਾਧੂ ਪਾਉਣ ਦੀ ਪਿਰਤ ਜਾਂ ਅੜ ਹੈ। ਵਣਜਾਰੇ ਜਾਂ ਦੁਕਾਨਦਾਰ ਇਸ ਨੂੰ ਭਲੀਭਾਂਤ ਜਾਣਦੇ ਹਨ। ਜੇ ਕਿਸੇ ਮਹਿਲਾ ਨੇ ਇੱਕ ਦਰਜਨ ਚੂੜੀਆਂ ਲਈਆਂ ਹਨ ਤਾਂ ਵਣਜਾਰੇ ਜਾਂ ਦੁਕਾਨਦਾਰ ਤੋਂ ਤੁਰੰਤ ਇਹ ਮਹਿਲਾ ਮੰਗ ਕਰੇਗੀ, ‘‘ਇੱਕ ਵੰਗ ਸੁਹਾਗ ਦੀ।’’ ਔਰਤਾਂ ਲਈ ਇਹ ਨਿਰਾ-ਪੁਰਾ ਸਜਾਵਟੀ ਵਸਤ ਜਾਂ ਸ਼ਿੰਗਾਰ ਦਾ ਹਿੱਸਾ ਹੀ ਨਹੀਂ, ਇਹ ਤਾਂ ਉਨ੍ਹਾਂ ਦੀ ਜਿੰਦ-ਜਾਨ ਹੈ। ਉਨ੍ਹਾਂ ਦੇ ਜਿਉਂਦਿਆਂ ਹੋਣ ਦੀ ਨਿਸ਼ਾਨੀ ਹੈ। ਪਹਿਚਾਣ ਹੈ। ਉਨ੍ਹਾਂ ਦੀ ਖੁਸ਼ੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਦਾ ਸੁਹਾਗ ਹੈ, ਸੁਹਾਗਣ ਹੋਣ ਦਾ ਪ੍ਰਮਾਣ ਹੈ। ਇਨ੍ਹਾਂ ਵੰਗਾਂ ਨੂੰ ਪਾ ਕੇ ਉਹ ਅਧੂਰੀ ਤੋਂ ਪੂਰੀ ਹੋ ਜਾਂਦੀ ਹੈ- ਸੰਪੂਰਨ ਔਰਤ। ਹਰ ਔਰਤ ਵੰਗਾਂ ਨੂੰ ਪਹਿਨਣਾ ਜ਼ਰੂਰੀ ਸਮਝਦੀ ਹੈ। ਉਨ੍ਹਾਂ ਲਈ ਇਹ ਇੱਕ ਸ਼ਗਨ ਹੈ। ਸੱਖਣੀਆਂ ਬਾਂਹਾਂ ਨੂੰ ਭਾਰਤ ਵਿੱਚ ਬਦਸ਼ਗਨੀ ਸਮਝਿਆ ਜਾਂਦਾ ਹੈ।
ਭਾਰਤ ਦੇ ਕੁਝ ਹਿੱਸਿਆਂ ਵਿੱਚ ਜਿਵੇਂ ਪੰਜਾਬ ਵਿੱਚ ਮਰਦ ਵੀ ਇਸ ਨੂੰ ਪਹਿਨ ਲੈਂਦੇ ਹਨ, ਪਰ ਇਸ ਨੂੰ ਚੂੜੀ ਜਾਂ ਵੰਗ ਨਹੀਂ ਕਿਹਾ ਜਾਂਦਾ। ਇਸ ਨੂੰ ਤਾਂ ਕੜਾ ਕਿਹਾ ਜਾਂਦਾ ਹੈ। ਇਹ ਆਮ ਤੌਰ ਉੱਤੇ ਸੋਨੇ ਦਾ ਹੁੰਦਾ ਹੈ। ਇਹ ਲਾੜੇ ਨੂੰ ਸਹੁਰਿਆਂ ਵੱਲੋਂ ਦਿੱਤਾ ਜਾਂਦਾ ਹੈ। ਆਮ ਤੌਰ ਉੱਤੇ ਪੰਜਾਬੀ, ਵਿਸ਼ੇਸ਼ ਕਰਕੇ ਸਿੱਖ, ਲੋਹੇ ਦਾ ਕੜਾ ਪਹਿਨਦੇ ਹਨ ਕਿਉਂਕਿ ਸਿੱਖ ਧਰਮ ਵਿੱਚ ਪੰਜ ਕਕਾਰਾਂ ਦੀ ਪਰੰਪਰਾ ਹੈ ਤੇ ਕੜਾ ਇਨ੍ਹਾਂ ਵਿੱਚੋਂ ਇੱਕ ਹੈ।
ਭਾਰਤ ਵਿੱਚ ਵਿਆਹੁਲੀ ਕੁੜੀ ਵੱਲੋਂ ਚੂੜਾ ਪਹਿਨਿਆ ਜਾਂਦਾ ਹੈ। ਇਹ ਲਾਜ਼ਮੀ ਹੁੰਦਾ ਹੈ। ਇਹ ਚੂੜਾ ਚਿੱਟੇ ਅਤੇ ਲਾਲ ਰੰਗ ਦੀਆਂ ਚੂੜੀਆਂ ਦਾ ਇੱਕ ਸਮੂਹ ਹੈ। ਇਨ੍ਹਾਂ ਚੂੜੀਆਂ ਉੱਤੇ ਮੀਨਾਕਾਰੀ ਕੀਤੀ ਹੁੰਦੀ ਹੈ। ਇਸ ਨੂੰ ਵਿਆਹ ਵਾਲੇ ਦਿਨ ਤੋਂ ਸਵਾ ਮਹੀਨੇ ਤੱਕ ਪਾਉਣਾ ਹੁੰਦਾ ਹੈ। ਇਹ ਚੂੜਾ ਪਾ ਕੇ ਮੁਟਿਆਰ ਫੁੱਲੀ ਨਹੀਂ ਸਮਾਉਂਦੀ ਤੇ ਅੰਦਰ-ਬਾਹਰ ਜਾਂਦੀ ਦਾ ਜਦੋਂ ਚੂੜਾ ਛਣਕਦਾ ਹੈ ਤਾਂ ਉਹ ਆਪ ਮੁਹਾਰੇ ਕਹਿ ਉੱਠਦੀ ਹੈ:
ਲੌਢੇ ਵੇਲੇ ਮਾਹੀਏ ਆਉਣਾ
ਮੰਨ ਪਕਾਵਾਂ ਕਣਕ ਦਾ।
ਅੰਦਰ ਜਾਵਾਂ, ਬਾਹਰ ਜਾਵਾਂ
ਲਾਲ ਚੂੜਾ ਛਣਕਦਾ।
ਇਹ ਚੂੜਾ ਤੇ ਚੂੜੀਆਂ ਉਸ ਦੇ ਸੁਹਾਗ ਦੀਆਂ ਨਿਸ਼ਾਨੀਆਂ ਹਨ। ਉਹ ਸੁਭਾਗਵਤੀ ਕਹਾਉਂਦੀ ਹੈ। ਇਹ ਪਤੀ-ਪਤਨੀ ਦੀ ਇਕਮਿਕਤਾ ਹੈ। ਇੱਕ ਜੋਤ-ਦੋ ਮੂਰਤਾਂ ਹੋਣ ਦਾ ਚਿੰਨ੍ਹ। ਹਰ ਔਰਤ ਨੂੰ ਵੰਗਾਂ ਨਾਲ ਬੇਹੱਦ ਪਿਆਰ ਹੈ। ਜੇ ਕਿਤੇ ਕੰਮਕਾਜ ਕਰਦਿਆਂ, ਭਾਂਡੇ ਮਾਂਜਦਿਆਂ ਜਾਂ ਬਾਂਹ ਦੇ ਕਿਸੇ ਸਖ਼ਤ ਚੀਜ਼ ਨਾਲ ਟਕਰਾਉਣ ਕਾਰਨ ਚੂੜੀ ਜਾਂ ਚੂੜੀਆਂ ਨੂੰ ਨੁਕਸਾਨ ਪੁੱਜ ਜਾਵੇ ਤਾਂ ਇਹ ਉਸ ਔਰਤ ਲਈ ਵੰਗਾਂ ਦੀ ਬਿਸਮਨਾ ਹੈ। ਚੂੜੀਆਂ ਦਾ ਟੁੱਟਣਾ ਤਾਂ ਉਸ ਉੱਤੇ ਦੁੱਖਾਂ ਦੇ ਪਹਾੜ ਟੁੱਟਣ ਦੇ ਬਰਾਬਰ ਹੈ। ਬਿਸਮਨਾ ਅਤੇ ਟੁੱਟਣਾ ਸਾਮਾਨ-ਅਰਥਕ ਸ਼ਬਦ ਹਨ। ਪਰ ਪ੍ਰਸੰਗ ਅਨੁਸਾਰ ਇਨ੍ਹਾਂ ਦੇ ਅਰਥ ਬਿਲਕੁਲ ਬਦਲ ਜਾਂਦੇ ਹਨ। ਇਹ ਸਾਡੀ ਭਾਸ਼ਾ ਦੀ ਅਮੀਰੀ ਹੈ। ਭਾਰਤ ਵਿੱਚ ਇੱਕ ਰਸਮ ਵੀ ਪ੍ਰਚੱਲਿਤ ਹੈ ਜਿਸ ਅਨੁਸਾਰ ਗਰਭ ਠਹਿਰਨ ਦੇ ਸੱਤਵੇਂ ਮਹੀਨੇ ਦੌਰਾਨ ਗਰਭਵਤੀ ਮਹਿਲਾ ਦੀਆਂ ਬਾਂਹਵਾਂ ਨੂੰ ਰੰਗ-ਬਿਰੰਗੀਆਂ ਕੱਚ ਦੀਆਂ ਚੂੜੀਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਸ ਕਾਰਜ ਲਈ ਰਿਸ਼ਤੇਦਾਰ, ਆਂਢ-ਗੁਆਂਢ ਦੀਆਂ ਸੁਆਣੀਆਂ ਜਸ਼ਨ ਵਾਲੇ ਘਰ ਹੁੰਮ-ਹੁਮਾ ਕੇ ਪਹੁੰਚਦੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੰਗਾਂ ਦੀ ਮਧੁਰ ਛਣਕਾਰ ਨੂੰ ਗਰਭ ਵਾਲਾ ਬੱਚਾ ਸੁਣ ਕੇ ਬਹੁਤ ਖੁਸ਼ ਹੁੰਦਾ ਹੈ। ਇਸ ਰਸਮ ਨੂੰ ਦੱਖਣੀ ਭਾਰਤ ਵਿੱਚ ਵਲਾਏ ਕਾਪੂ ਕਹਿੰਦੇ ਹਨ। ਸੰਸਕ੍ਰਿਤ ਵਿੱਚ ਇਸ ਨੂੰ ਸੀਮੰਥਮ ਕਿਹਾ ਜਾਂਦਾ ਹੈ।
ਭਾਰਤੀ ਸੰਸਕ੍ਰਿਤੀ ਮਨੁੱਖ ਅਤੇ ਪ੍ਰਕ੍ਰਿਤੀ ਦੀ ਸਹਿ-ਹੋਂਦ ਵਿੱਚ ਵਿਸ਼ਵਾਸ ਰੱਖਦੀ ਹੈ। ਚੂੜੀਆਂ ਵੀ ਇਸੇ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ। ਚੂੜੀਆਂ ਦੇ ਭਿੰਨ-ਭਿੰਨ ਰੰਗਾਂ ਦਾ ਆਪਣਾ ਮਹੱਤਵ ਹੈ। ਇਹ ਰੰਗ ਔਰਤਾਂ ਦੀ ਸਿਹਤ, ਸੁਭਾਗ ਤੇ ਸੁਖ-ਸਮਰਿੱਧੀ ਦੀ ਨਿਸ਼ਾਨੀ ਹਨ। ਲਾਲ ਰੰਗ ਦੀਆਂ ਚੂੜੀਆਂ ਪਹਿਨਣ ਵਾਲੀ ਦੀ ਜੀਵਨ ਲਈ ਲਲਕ, ਜਵਾਨੀ ਦੇ ਮਸਤਾਨੀ ਹੋਣ ਦੀ ਪ੍ਰਤੀਕ ਅਤੇ ਖੁਸ਼ੀ-ਖੁਸ਼ਹਾਲੀ ਦੀਆਂ ਲਖਾਇਕ ਹਨ। ਹਰਾ ਰੰਗ ਸੁਭਾਗ ਤੇ ਪ੍ਰਜਣਨਤਾ ਦਾ ਪ੍ਰਤੀਕ ਹੈ। ਪੀਲੇ ਰੰਗ ਦੀਆਂ ਚੂੜੀਆਂ ਪ੍ਰਸੰਨਤਾ ਦਾ ਚਿੰਨ੍ਹ ਹਨ ਅਤੇ ਚਿੱਟਾ ਰੰਗ ਜੀਵਨ ਵਿੱਚ ਨਵੀਂ ਸ਼ੁਰੂਆਤ ਕਰਨ ਨੂੰ ਦਰਸਾਉਂਦਾ ਹੈ। ਸੰਤਰੀ ਰੰਗ ਸਫਲਤਾ ਦਾ ਹੈ। ਚੂੜੀਆਂ ਦੇ ਰੰਗਾਂ ਦਾ ਆਪਣਾ ਵੱਖਰਾ ਮਹੱਤਵ ਹੈ। ਇਨ੍ਹਾਂ ਦੇ ਰੰਗਾਂ ਅਤੇ ਆਕਾਰ ਵਿੱਚ ਪ੍ਰਕਿਰਤੀ ਤੇ ਮਨੁੱਖ ਦੀ ਸਾਂਝ ਨੂੰ ਭਲੀਭਾਂਤ ਸਮਝਿਆ ਜਾ ਸਕਦਾ ਹੈ। ਇਹ ਨਿਯਮ ਚੂੜੀਆਂ ਤੱਕ ਹੀ ਸੀਮਤ ਨਹੀਂ, ਵਸਤਰਾਂ, ਗਹਿਣਿਆਂ, ਦੇਵਤਿਆਂ ਤੇ ਸੌਰ-ਮੰਡਲ ਉੱਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।
ਔਰਤਾਂ ਦੇ ਦਿਲਾਂ ਵਿੱਚ ਚੂੜੀਆਂ ਪ੍ਰਤੀ ਬੇਇੰਤਹਾ ਪਿਆਰ ਸਦਕਾ ਇਹ ਕਿੱਤਾ ਭਾਰਤ ਵਿੱਚ ਖੂਬ ਫਲਿਆ-ਫੁੱਲਿਆ। ਬਾਜ਼ਾਰਾਂ ਵਿੱਚ ਦੁਕਾਨਾਂ ਸਜ ਗਈਆਂ। ਸੁਆਣੀਆਂ ਦੀਆਂ ਵੀਣੀਆਂ ਨੂੰ ਚੂੜੀਆਂ ਨਾਲ ਸਜਾਉਣ ਲਈ ਵਣਜਾਰੇ ਗਲੀਆਂ ਦੇ ਫੇਰੇ ਲਾਉਣ ਲੱਗ ਪਏ। ਉਹ ਵੀ ਖੁਸ਼ ਸਨ। ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਮਸਲਾ ਹੱਲ ਸੀ। ਉਹ ਖੁਸ਼ ਸਨ। ਚੰਗੀ ਕਮਾਈ ਹੋ ਜਾਂਦੀ ਸੀ। ਚੰਗਾ ਧੰਦਾ ਸੀ। ਗੋਰੇ-ਗੋਰੇ ਹੱਥਾਂ ਵਿੱਚ ਚੂੜੀਆਂ ਚੜ੍ਹਾਉਣ, ਚੂੜੀਆਂ ਦੇ ਰੰਗਾਂ ਦੀ ਚੋਣ ਕਰਾਉਣ, ਮੁੱਲ-ਭਾਅ ਕਰਨ ਦਾ ਮਜ਼ਾ ਹੀ ਵੱਖਰਾ ਸੀ। ਪਰ ਹੁਣ ਇਹ ਵਣਜਾਰੇ ਪਤਾ ਨਹੀਂ ਕਿੱਥੇ ਲੋਪ ਹੋ ਗਏ। ਵੰਗਾਂ ਦੇ ਵਪਾਰ ਦਾ ਨਿਗਮੀਕਰਨ ਹੋਣ ਕਰਕੇ ਵਣਜਾਰਿਆਂ ਦਾ ਧੰਦਾ ਚੌਪਟ ਹੋ ਗਿਆ। ਇਹ ਚੂੜੀਆਂ ਹੁਣ ਬਾਜ਼ਾਰਾਂ ਦੀਆਂ ਵੱਡੀਆਂ ਦੁਕਾਨਾਂ ਜਾਂ ਸ਼ੋਅ-ਰੂਮਾਂ ਵਿੱਚ ਹੀ ਮਿਲਦੀਆਂ ਹਨ। ਹੁਣ ਤ੍ਰੀਮਤਾਂ ਦੇ ਦਰਵਾਜ਼ੇ ਉੱਤੇ ਵਣਜਾਰੇ ਨਹੀਂ ਪਹੁੰਚਦੇ, ਉਨ੍ਹਾਂ ਨੂੰ ਹੀ ਬਾਜ਼ਾਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਕਰਵਾ ਚੌਥ, ਤੀਆਂ ਜਾਂ ਤਿੱਥ ਤਿਉਹਾਰ ਉੱਤੇ ਬਾਜ਼ਾਰਾਂ ਵਿੱਚ ਔਰਤਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਰਸਤੇ ਜਾਮ ਹੋ ਜਾਂਦੇ ਹਨ। ਪਟਿਆਲਾ ਦੇ ਚੂੜੀਆਂ ਵਾਲੇ ਬਾਜ਼ਾਰ ਅਤੇ ਲੁਧਿਆਣਾ ਦੇ ਘੁਮਾਰ ਮੰਡੀ ਵਿੱਚ ਜਾਮ ਦੇ ਅਜਿਹੇ ਦ੍ਰਿਸ਼ ਇਨ੍ਹਾਂ ਮੌਕਿਆਂ ਉੱਤੇ ਵੇਖੇ ਜਾ ਸਕਦੇ ਹਨ।
ਪਰ ਔਰਤਾਂ ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੀਆਂ ਹਨ ਜਦੋਂ ਉਹ ਵੰਗਾਂ ਦੇ ਵਣਜਾਰੇ ਦੁਆਲੇ ਝੁਰਮੁਟ ਪਾ ਲੈਂਦੀਆਂ ਸਨ ਤੇ ਬੋਲਣ ਲੱਗਦੀਆਂ ਸਨ, ‘‘ਪਹਿਲਾਂ ਮੈਨੂੰ ਵਿਖਾ- ਇਹ ਵੰਗ ਤਾਂ ਕੱਚੀ ਐ- ਹੋਰ ਵਿਖਾ- ਕੁਝ ਸਸਤੀ ਕਰ, ਤੇਰੀ ਲੁੱਟ ਇੱਥੇ ਨਹੀਂ ਚੱਲਣੀ।’’ ਇਹੋ ਗੱਲਾਂ ਯਾਦ ਕਰਕੇ ਉਹ ਲੰਮਾ ਸਾਹ ਭਰ ਕੇ ਕਹਿੰਦੀਆਂ ਹਨ:
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ।
ਸੰਪਰਕ: 94787-61504