ਮਨਦੀਪ ਸਿੰਘ ਸਿੱਧੂ
ਵਿਜੈ ਕੁਮਾਰ ਸ਼ਰਮਾ ਉਰਫ਼ ਵਿਜੈ ਬਟਾਲਵੀ ਦੀ ਪੈਦਾਇਸ਼ 22 ਅਪਰੈਲ 1952 ਨੂੰ ਫਗਵਾੜਾ ਦੇ ਪੰਜਾਬੀ ਪੰੰਡਤ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਗੋਪਾਲ ਕ੍ਰਿਸ਼ਨ ਸ਼ਰਮਾ ਅਤੇ ਮਾਤਾ ਦਾ ਨਾਮ ਲਾਜਵੰਤੀ ਸੀ। ਇਨ੍ਹਾਂ ਦੇ ਦੋ ਵੱਡੇ ਭਰਾ ਹਨ। ਕੁਝ ਸਮੇਂ ਬਾਅਦ ਇਨ੍ਹਾਂ ਦੇ ਪਿਤਾ ਨੂੰ ਸ਼ੂਗਰ ਮਿੱਲ ਬਟਾਲਾ ਵਿਖੇ ਮੁਲਾਜ਼ਮਤ ਮਿਲ ਗਈ ਤੇ ਪੱਕੇ ਤੌਰ ਤੇ ਉੱਥੇ ਵੱਸ ਗਏ। 6 ਵਰ੍ਹਿਆਂ ਦੀ ਉਮਰ ’ਚ ਇਹ ਮੰਦਰਾਂ ਵਿੱਚ ਭਜਨ ਗਾਉਣ ਲੱਗ ਪਏ ਸਨ। ਚੜ੍ਹਦੀ ਉਮਰ ਵਿੱਚ ਗਾਉਣ ਦੀ ਇਹ ਚਾਹਤ ਹੋਰ ਪਕੇਰੀ ਹੁੰਦੀ ਗਈ ਤੇ ਇਨ੍ਹਾਂ ਨੇ ਵਿਆਹਾਂ ’ਚ ਸਿਹਰਾ-ਸਿੱਖਿਆ, ਜਾਗਰਣ ’ਚ ਭਜਨ ਤੇ ਚੋਣ ਮੁਹਿੰਮਾਂ ਵਿੱਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜੋ ਇਨ੍ਹਾਂ ਦੇ ਰੁਜ਼ਗਾਰ ਦਾ ਵਸੀਲਾ ਬਣਿਆ।
ਬੁਨਿਆਦੀ ਤੌਰ ’ਤੇ ਉਹ ਗਾਇਕ ਦੀ ਬਜਾਏ ਸੰਗੀਤ ਨਿਰਦੇਸ਼ਕ ਬਣਨਾ ਚਾਹੁੰਦਾ ਸੀ, ਪਰ ਕੋਈ ਜ਼ਰੀਆ-ਰਾਬਤਾ ਨਾ ਹੋਣ ਕਰ ਕੇ ਗੀਤ ਹੀ ਗਾਉਂਦਾ ਰਿਹਾ। ਇੱਕ ਦਿਨ ਉਹ ਆਪਣੇ ਭਰਾਵਾਂ ਵਰਗੇ ਮਿੱਤਰ ਤੇ ਉੱਘੇ ਸ਼ਾਇਰ ਫ਼ਿਦਾ ਬਟਾਲਵੀ ਉਰਫ਼ ਕੇ. ਸ਼ਰਨਜੀਤ ਨਾਲ ਬਟਾਲੇ ਦੇ ਗੁਰਦੁਆਰਾ ਕੰਧ ਸਾਹਿਬ ਗਿਆ ਤੇ ਉੱਥੋਂ ਦੇ ਰਾਗੀਆਂ ਦੇ ਸ਼ਬਦ-ਕੀਰਤਨ ਨੇ ਉਸ ਨੂੰ ਬੜਾ ਮੁਤਾਸਿਰ ਕੀਤਾ। ਹੌਲੀ-ਹੌਲੀ ਉਨ੍ਹਾਂ ਤੋਂ ਰਾਗ-ਵਿੱਦਿਆ ਦੀਆਂ ਬਾਰੀਕੀਆਂ ਵੀ ਸਿੱਖ ਲਈਆਂ। ਇਸ ਦੌਰਾਨ ਵਿਜੈ ਦਾ ਰਾਬਤਾ ਪ੍ਰਸਿੱਧ ਸੰਗੀਤਕਾਰ ਰਾਮ ਅਵਤਾਰ ਸ਼ਰਮਾ ਨਾਲ ਹੋਇਆ। ਉਨ੍ਹਾਂ ਦੀ ਸ਼ਾਗਿਰਦੀ ਇਖ਼ਤਿਆਰ ਕਰਨ ਤੋਂ ਬਾਅਦ ਵਿਜੈ ਨੇ ਪੱਕੇ ਤੌਰ ’ਤੇ ਸੰਗੀਤ ਨਿਰਦੇਸ਼ਕ ਬਣਨ ਦਾ ਫ਼ੈਸਲਾ ਕਰ ਲਿਆ।
1970ਵਿਆਂ ਦੇ ਦਹਾਕੇ ’ਚ ਉਸ ਨੇ ਆਪਣਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਜਲੰਧਰ ਲਈ ਗਾਇਆ। ਫਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ 1974 ਵਿੱਚ ਉਸ ਨੇ ਫਗਵਾੜੇ ਤੋਂ ਬੰਬੇ ਦਾ ਰੁਖ਼ ਕੀਤਾ। ਉਸ ਨੇ ਇੱਕ ਗੱਲਬਾਤ ਦੌਰਾਨ ਦੱਸਿਆ, ‘‘ਜਦੋਂ ਮੈਂ ਸੰਗੀਤ ਨਿਰਦੇਸ਼ਕ ਬਣਨ ਲਈ ਬਟਾਲਾ ਤੋਂ ਬੰਬਈ ਦਾ ਰੁਖ਼ ਕੀਤਾ ਤਾਂ ਸ਼ਰੀਕਾਂ ਨੇ ਮਿਹਣਾ ਮਾਰਿਆ ਕਿ ‘ਬੰਬਈ ਹੀਰੋ ਬਣਨ ਚੱਲਿਆਂ ਕਿਤੇ ਹੀਰ ਬਣ ਕੇ ਵਾਪਸ ਨਾ ਆ ਜਾਵੀਂ। ਖ਼ੈਰ ਸੰਘਰਸ਼ ਤੱਕ ਇਹ ਸ਼ਬਦ ਮੇਰੇ ਕੰਨੀਂ ਰੜਕਦੇ ਰਹੇ।’’ ਫਿਰ ਇੱਕ ਦਿਨ ਉਸ ਨੂੰ ਇੱਕ ਪੰਜਾਬੀ ਫ਼ਿਲਮ ਵਿੱਚ ਗੀਤ ਗਾਉਣ ਦੀ ਪੇਸ਼ਕਸ਼ ਮਿਲ ਗਈ।
ਜਦੋਂ ਟੀ. ਐੱਸ. ਬਵੇਜਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੰਜਾਬ ਪਿਕਚਰਜ਼, ਬੰਬੇ ਦੇ ਬੈਨਰ ਹੇਠ ਪ੍ਰੋਫੈਸਰ ਨਰੂਲਾ ਦੀ ਹਿਦਾਇਤਕਾਰੀ ਹੇਠ ਪੰਜਾਬੀ ਫਿਲਮ ‘ਵੰਗਾਰ’ (1977) ਸ਼ੁਰੂ ਕੀਤੀ ਤਾਂ ਇਸ ਫਿਲਮ ਵਿੱਚ ਵਿਜੈ ਸ਼ਰਮਾ ਨੂੰ ਵਿਜੈ ਬਟਾਲਵੀ ਦੇ ਨਵੇਂ ਨਾਮ ਨਾਲ ਬਤੌਰ ਗੁਲੂਕਾਰ ਮੁਤਆਰਿਫ਼ ਕਰਵਾਇਆ ਗਿਆ। ਸੰਗੀਤਕਾਰ ਸੁਰਿੰਦਰ ਕੋਹਲੀ (ਸਹਾਇਕ ਗੁਰਦੀਪ, ਕਿਸ਼ੋਰ ਸ਼ਰਮਾ) ਦੇ ਸੰਗੀਤ ’ਚ ਮੁਨਸਿਫ਼ (ਜੋਗਿੰਦਰਪਾਲ ਸਿੰਘ ਬੇਦੀ) ਦੀ ਲਿਖੀ ਰੂਮਾਨੀ ਗ਼ਜ਼ਲ ‘ਉੱਥੇ ਉੱਜੜੀ ਦੁਨੀਆ ਵੱਸ ਜਾਂਦੀ ਜਿੱਥੇ ਵਿੱਛੜੇ ਹੋਏ ਦਿਲ ਮਿਲਦੇ ਨੇ’ (ਵਿਜੈ ਬਟਾਲਵੀ) ਅਦਾਕਾਰ ਵਿਜੈ ਟੰਡਨ ਤੇ ਰੂਬੀ ਸਿੰਘ ’ਤੇ ਫਿਲਮਾਈ ਗਈ ਸੀ। 20 ਅਪਰੈਲ 1979 ਨੂੰ ਅਨਾਮ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਇਸ ਫਿਲਮ ਦੇ ਗੀਤ ਬੇਹੱਦ ਮਕਬੂਲ ਹੋਏ ਸਨ।
ਇਸ ਫਿਲਮ ਤੋਂ ਬਾਅਦ ਵਿਜੈ ਬਟਾਲਵੀ ਦਾ ਸੰਪਰਕ ਮਾਰੂਫ਼ ਅਦਾਕਾਰ ਤੇ ਹਿਦਾਇਤਕਾਰ ਦੇਵ ਆਨੰਦ ਨਾਲ ਹੋਇਆ। ਉਸ ਵੇਲੇ ਉਹ ਆਪਣੇ ਫਿਲਮਸਾਜ਼ ਅਦਾਰੇ ਨਵਕੇਤਨ ਇੰਟਰਨੈਸ਼ਨਲ ਫਿਲਮਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਦੇਸ ਪਰਦੇਸ’ (1978) ਬਣਾ ਰਹੇ ਸਨ। ਫਿਲਮ ’ਚ ਉਨ੍ਹਾਂ ਨੇ ਰਾਜੇਸ਼ ਰੌਸ਼ਨ ਦੇ ਸੰਗੀਤ ਵਿੱਚ ਵਿਜੈ ਬਟਾਲਵੀ ਨਾਲ ਇੱਕ ਗੀਤ ਵਿੱਚ ਗਾਉਣ ਦਾ ਮੌਕਾ ਦਿੱਤਾ ‘ਅਰੇ ਨਜ਼ਰ ਲਗੇ ਨਾ ਸਾਥੀਆ’ (ਕਿਸ਼ੋਰ, ਅਮਿਤ ਕੁਮਾਰ, ਮਨਹਰ ਉਦਾਸ, ਵਿਜੈ ਬਟਾਲਵੀ) ਜੋ ਦੇਵ ਆਨੰਦ, ਮਹਿਮੂਦ ਤੇ ਸਾਥੀਆਂ ’ਤੇ ਫਿਲਮਾਇਆ ਗਿਆ ਸੀ। ਇਸ ਤੋਂ ਬਾਅਦ ਵਿਜੈ ਬਟਾਲਵੀ ਰਾਜੇਸ਼ ਰੌਸ਼ਨ ਦੇ ਸਹਾਇਕ ਸੰਗੀਤ ਨਿਰਦੇਸ਼ਕ ਬਣ ਗਏ।
ਬਤੌਰ ਸੰਗੀਤਕਾਰ ਵਿਜੈ ਬਟਾਲਵੀ ਦੀ ਪਹਿਲੀ ਹਿੰਦੀ ਫਿਲਮ ਮੁਸਾਬਿਰ ਜਾਫ਼ਰੀ ਦੇ ਫਿਲਮਸਾਜ਼ ਅਦਾਰੇ ਮਤਾਬਸ਼ਾ ਪ੍ਰੋਡਕਸ਼ਨਜ਼, ਬੰਬੇ ਦੀ ਰਾਮ ਵਗੇਲਾ ਨਿਰਦੇਸ਼ਿਤ ‘ਕਿਸਕੀ ਬੀਵੀ’ (1984) ਸੀ। ਫਿਲਮ ਦੀ ਮੁੱਖ ਭੂਮਿਕਾ ਵਿੱਚ ਯੋਗਰਾਜ ਸਿੰਘ, ਸ਼ਮਾ ਕੱਕੜ ਤੇ ਅਬਸੇਖ਼ ਸ਼ਾਮਿਲ ਸਨ। ਬਟਾਲਵੀ ਦੇ ਸੰਗੀਤ ’ਚ ਗੌਹਰ ਕਾਨਪੁਰੀ ਤੇ ਸੁਧਾਕਰ ਦੇ ਲਿਖੇ ‘ਜਬ ਹਮ ਹਜ਼ੂਰ ਆਪ ਕੇ’ (ਆਸ਼ਾ ਭੌਸਲੇ), ‘ਪਿਆਰ ਮੇਂ ਹਮ ਸੇ ਤੁਮ’ (ਸ਼ਲਿੰਦਰ ਸਿੰਘ, ਅਨੁਰਾਧਾ ਪੌਡਵਾਲ), ‘ਯੇ ਚੰਚਲ ਹਵਾਏਂ’ (ਅਨੁਰਾਧਾ ਪੌਡਵਾਲ, ਊਸ਼ਾ ਸਿੱਧੂ) ‘ਦੀਵਾਨਾ ਤੂੰ ਦਿਲ ਕੀ ਮਾਨੋ’ (ਸ਼ੈਰੋਨ ਪ੍ਰਭਾਕਰ, ਸਾਥੀ) ਗੀਤ ਵੀ ਖ਼ੂਬ ਚੱਲੇ।
ਇਸ ਤੋਂ ਬਾਅਦ ਸੰਗੀਤਕਾਰ ਵਜੋਂ ਉਹ ਫਿਲਮਾਂ ਕਰਦਾ ਰਿਹਾ। ਜਦੋਂ ਫਿਲਮਸਾਜ਼ ਆਸਿਫ਼ ਨੇ ਆਪਣੇ ਫਿਲਮਸਾਜ਼ ਅਦਾਰੇ ਆਰਟ ਫਿਲਮਜ਼, ਬੰਬੇ ਦੇ ਬੈਨਰ ਹੇਠ ਆਈ. ਐੱਮ. ਕੁੱਨੂੰ (ਸਹਾਇਕ ਐੱਚ. ਕੇ. ਭਾਟੀਆ, ਹੇਮੰਤ ਭੱਟ ਤੇ ਵਿਜੈ ਵਰਮਾ) ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਮੈਂ ਚੁੱਪ ਨਹੀਂ ਰਹੂੰਗੀ’ (1985) ਬਣਾਈ ਤਾਂ ਵਿਜੈ ਬਟਾਲਵੀ ਨੂੰ ਇੱਕ ਵਾਰ ਫਿਰ ਸੰਗੀਤਕਾਰ ਵਜੋਂ ਬਿਹਤਰ ਮੌਕਾ ਮਿਲਿਆ। ਕਹਾਣੀ ਆਸਿਫ਼ ਆਈ. ਖ਼ਾਨ, ਮੰਜ਼ਰਨਾਮਾ ਸ਼ੌਕਤ ਜਮਾਲੀ, ਮੁਕਾਲਮੇ ਸ਼ੌਕਤ ਜਮਾਲੀ, ਮਖ਼ਮੂਰ ਸੱਈਦੀ, ਆਮਿਰ ਕਿਜ਼ਲਬਾਸ਼ ਤੇ ਗੀਤ ਆਮਿਰ ਕਿਜ਼ਲਬਾਸ਼ ਨੇ ਤਹਿਰੀਰ ਕੀਤੇ। ਫਿਲਮ ਦੇ ਅਦਾਕਾਰਾਂ ਵਿੱਚ ਜਮੁਨਾ, ਓਪਿੰਦਰ ਸੂਦ, ਵਿਨੈ ਸ੍ਰੀਵਾਸਤਵ, ਗਜਿੰਦਰ ਚੌਹਾਨ, ਮਲਹਾਰ ਸਿੰਘ, ਸ਼ਾਹ ਸੂਰੀ, ਰਾਹੁਲ ਕੁਮਾਰ, ਵਿਜੈ ਵਰਮਾ (ਨਵੇਂ ਚਿਹਰੇ) ਆਦਿ ਸ਼ਾਮਲ ਸਨ। ਵਿਜੈ ਬਟਾਲਵੀ ਦੇ ਦਿਲਕਸ਼ ਸੰਗੀਤ ਵਿੱਚ ‘ਪਿਆਰ ਕਾ ਖ਼ਾਬ’ (ਅਨੁਰਾਧਾ ਪੌਡਵਾਲ, ਮਨਹਰ ਉਦਾਸ), ‘ਗੁੜੀਆ ਹੂੰ ਮੈਂ ਮੋਮ ਕੀ’, ‘ਬਦਲਾ ਤੋ ਹੈ ਜੀਨੇ ਕਾ ਚਲਨ’ ਤੇ ‘ਮੇਰਾ ਸਭ ਕੁਛ ਹੈ’ (ਦਿਲਰਾਜ ਕੌਰ), ‘ਦੇਖੋ ਦੇਖੋ ਨਾ ਛੇੜੋ ਕਹਾਨੀ’ (ਅਨੁਰਾਧਾ ਪੌਡਵਾਲ), ‘ਮੈਨੇ ਕੱਲ੍ਹ ਰਾਤ ਖ਼ਾਬ ਦੇਖਾ ਥਾ’ (ਸੁਰੇਸ਼ ਵਾਡਕਰ) ਗੀਤ ਬੜੇ ਪਸੰਦ ਕੀਤੇ ਗਏ। ਜਦੋਂ ਵੇਦ ਪ੍ਰਕਾਸ਼ ਦੇ ਨਾਵਲ ’ਤੇ ਆਧਾਰਿਤ ਬੀ. ਐੱਸ. ਗਰੋਵਰ ਨੇ ਆਪਣੇ ਫਿਲਮਸਾਜ਼ ਅਦਾਰੇ ਗੋਡਸਨ, ਬੰਬੇ ਦੇ ਬੈਨਰ ਹੇਠ ਸ਼ਸ਼ੀ ਲਾਲ ਨਈਅਰ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਬਹੂ ਕੀ ਆਵਾਜ਼’ (1985) ਬਣਾਈ ਤਾਂ ਪੰਜਾਬੀ ਸੰਗੀਤਕਾਰ ਵਿਜੈ ਬਟਾਲਵੀ ਨੂੰ ਸੰਗੀਤ ਹਿਦਾਇਤ ਦਾ ਮੌਕਾ ਦਿੱਤਾ। ਬਟਾਲਵੀ ਦੇ ਸੰਗੀਤ ’ਚ ਰਜਿੰਦਰ ਵਰਮਾ, ਸ਼ਬਾਬ ਅਲਾਵਲਪੁਰੀ ਤੇ ਭੀਮ ਸੈਨ ਦੇ ਲਿਖੇ ‘ਚਾਂਦ ਕੋ ਬਨਾਕੇ ਤੇਰੇ ਮਾਥੇ ਕੀ ਬਿੰਦੀਆ’ (ਯਸੂਦਾਸ, ਅਨੁਰਾਧਾ ਪੌਡਵਾਲ), ‘ਤੁਮ ਹੋ ਕਿਤਨੇ ਭੋਲੇ ਭਗਵਾਨ’ (ਯਸੂਦਾਸ), ‘ਸਮਧਨ ਕੀ ਮੈਨਾ’ (ਚੰਦਰਾਨੀ ਮੁਖਰਜੀ, ਦਿਲਰਾਜ ਕੌਰ, ਸੁਮੀਤ ਸ਼ਰਮਾ, ਸਾਥੀ) ਗੀਤ ਵੀ ਖ਼ੂਬ ਚੱਲੇ। ਫਿਲਮ ਦੇ ਅਦਾਕਾਰਾਂ ਵਿੱਚ ਰਾਕੇਸ਼ ਰੌਸ਼ਨ, ਸੁਪਰੱਈਆ ਪਾਠਕ, ਨਸੀਰੂਦੀਨਸ਼ਾਹ, ਸਵਰੂਪ ਸੰਮਤ, ਓਮ ਪੁਰੀ ਆਦਿ ਸ਼ਾਮਲ ਸਨ।
ਫਿਲਮਸਾਜ਼ ਬੀ. ਐੱਸ. ਗਰੋਵਰ ਦੇ ਹੀ ਫਿਲਮਸਾਜ਼ ਅਦਾਰੇ ਗੋਡਸਨ, ਬੰਬੇ ਦੀ ਬੀ. ਆਰ. ਇਸ਼ਾਰਾ ਨਿਰਦੇਸ਼ਿਤ ਫਿਲਮ ‘ਬਾਤ ਹੈ ਪਿਆਰ ਕੀ’ (1987) ’ਚ ਵਿਜੈ ਬਟਾਲਵੀ ਨੇ ਆਮਿਰ ਕਜ਼ਿਲਬਾਸ਼ ਤੇ ਭੀਮ ਸੈਨ ਦੇ ਲਿਖੇ 5 ਗੀਤਾਂ ਦੀ ਮੌਸੀਕੀ ਮੁਰੱਤਬਿ ਕੀਤੀ, ਜਿਨ੍ਹਾਂ ਦੇ ਖ਼ੂਬਸੂਰਤ ਬੋਲ ਹਨ ‘ਗ਼ੁਫ਼ਤਗੂ ਯਾਰ ਕੀ’ (ਮਨਹਰ ਉਦਾਸ, ਆਸ਼ਾ ਭੌਸਲੇ), ‘ਸ਼ਿਕਵਾ ਭੀ ਨਹੀਂ ਲਬ ਪਰ’ ਤੇ ਪ੍ਰੀਤ ਅਧੂਰੀ ਹੁੰਦੀ ਨਾ ਪੂਰੀ’ (ਆਸ਼ਾ ਭੌਸਲੇ), ‘ਸਬ ਕੁਛ ਹੈ ਦੁਨੀਆ ਮੇਂ’ (ਅਨੁਰਾਧਾ ਪੌਡਵਾਲ), ‘ਜਬ ਸੇ ਤੇਰੇ ਪਿਆਰ ਕਾ’ (ਅਨੁਰਾਧਾ ਪੌਡਵਾਲ, ਮਨਹਰ ਉਦਾਸ)। ਮੰਗਲ ਦੇ ਫਿਲਮਸਾਜ਼ ਅਦਾਰੇ ਸੂਯਸ਼ ਫਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਦਲੀਪ ਸ਼ੰਕਰ ਨਿਰਦੇਸ਼ਿਤ ਫਿਲਮ ‘ਕਾਲਚੱਕਰ’ (1987) ’ਚ ਵਿਜੈ ਬਟਾਲਵੀ (ਸਹਾਇਕ ਕਿਸ਼ੋਰ ਸ਼ਰਮਾ) ਨੇ ਯੋਗੇਸ਼, ਤਿਰਲੋਕ ਸਿੰਘ ਕੋਮਲ ਤੇ ਇੰਦੀਵਰ ਦੇ ਲਿਖੇ ਦਿਲਕਸ਼ ਗੀਤਾਂ ਦੀਆਂ ਤਰਜ਼ਾਂ ਤਾਮੀਰ ਕੀਤੀਆਂ, ਜਿਨ੍ਹਾਂ ਦੇ ਬੋਲ ਹਨ ‘ਤੂ ਭੀ ਜਾਗੇ ਰਾਤ’ (ਅਨੁਰਾਧਾ ਪੌਡਵਾਲ, ਮਹਿੰਦਰ ਕਪੂਰ, ਵਿਜੈ ਬੈਨੇਡਿਕਟ, ਸਾਥੀ), ‘ਕਾਲਚੱਕਰ…ਪੁਲਿਸ ਕੀ ਗਾੜੀ ਨਿਕਲੀ’ (ਸ਼ੈਰੋਨ ਪ੍ਰਭਾਕਰ, ਵਿਜੈ ਬੈਨੇਡਿਕਟ, ਸਾਥੀ), ‘ਦੁਨੀਆ ਜਲਾਤੀ ਹੈ ਜੋ’ (ਅਨੁਰਾਧਾ ਪੌਡਵਾਲ, ਮਨਹਰ ਉਦਾਸ, ਸਾਥੀ) ਆਦਿ। ਫਿਲਮ ਦੇ ਅਦਾਕਾਰਾਂ ਵਿੱਚ ਸੁਰੇਸ਼ ਓਬਰਾਏ, ਪ੍ਰਿਆ ਤੇਂਦੁਲਕਰ, ਮਦਨ ਜੈਨ, ਸੋਨੀ ਰਾਜਦਾਨ ਆਦਿ ਤੋਂ ਇਲਾਵਾ ਸੁਹਾਸ਼ ਜੋਸ਼ੀ ਨਵੇਂ ਚਿਹਰੇ ਵਜੋਂ ਪੇਸ਼ ਹੋਇਆ। ਫਿਲਮਸਾਜ਼ ਤੇ ਹਿਦਾਇਤਕਾਰ ਡੀ. ਐੱਸ. ਸੰਧੂ ਦੇ ਫਿਲਮਸਾਜ਼ ਅਦਾਰੇ ਆਰਟਸ ਆਫ ਲਬਿਰਟੀ ਇੰਟਰਨੈਸ਼ਨਲ, ਬੰਬੇ ਦੀ ਫਿਲਮ ‘ਪਤੀ ਪੈਸਾ ਔਰ ਪਿਆਰ’ (1987) ’ਚ ਵਿਜੈ ਬਟਾਲਵੀ ਨੇ ਸੰਗੀਤ ਦੇਣ ਦੇ ਨਾਲ-ਨਾਲ ਗੁਲੂਕਾਰ ਵਜੋਂ ਇੱਕ ਪੰਜਾਬੀ ਤਰਜ਼ ਦਾ ਗੀਤ ‘ਇਹ ਸਾਰੀ ਏ ਖੇਡ ਨਸੀਬਾਂ ਦੀ ਕਈ ਹੱਸਦੇ ਨੇ ਕਈ ਰੌਂਦੇ ਨੇ’ ਵੀ ਗਾਇਆ ਜਦਕਿ ਬਾਕੀ ਗੀਤ ਭੁਪਿੰਦਰ, ਹੇਮਲਤਾ, ਮਨਹਰ ਉਦਾਸ ਤੇ ਅਨੁਰਾਧਾ ਪੌਡਵਾਲ ਨੇ ਗਾਏ ਸਨ। ਫਿਲਮ ਦੀ ਮੁੱਖ ਭੂਮਿਕਾ ’ਚ ਵਿਕਰਮ ਤੇ ਸ਼ੋਮਾ ਆਨੰਦ ਮੌਜੂਦ ਸਨ।
ਕਾਂਤੀ ਸ਼ਾਹ ਦੇ ਫਿਲਮਸਾਜ਼ ਅਦਾਰੇ ਮੰਗਲਾ ਫਿਲਮਜ਼, ਬੰਬੇ ਦੀ ਯਸ਼ ਚੌਹਾਨ ਨਿਰਦੇਸ਼ਿਤ ਫਿਲਮ ‘ਮੇਰੀ ਲਲਕਾਰ’ (1990) ’ਚ ਵਿਜੈ ਬਟਾਲਵੀ ਨੇ ਨਗ਼ਮਾਨਿਗਾਰ ਸਨਮ ਗ਼ਾਜੀਪੁਰੀ ਦੇ ਲਿਖੇ ‘ਵਨ ਵਨ ਟੂ ਆਈ ਲਵ ਯੂ’ (ਸਾਧਨਾ ਸਰਗਮ, ਅਮਿਤ ਕੁਮਾਰ), ‘ਕਭੀ ਝਟਕਾ ਕਭੀ ਸੀਨੇ ਸੇ’ (ਸਾਧਨਾ ਸਰਗਮ, ਨਿਤਨ ਮੁਕੇਸ਼), ‘ਮੇਰੀ ਜਾਨੀ ਕੀ ਆਂਖ ਮਸਤਾਨੀ’ (ਦਿਲਰਾਜ ਕੌਰ, ਸੁਦੇਸ਼ ਭੌਸਲੇ) ਆਦਿ ਗੀਤ ਬੜੇ ਪਸੰਦ ਕੀਤੇ ਗਏ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਸੁਮੀਤ ਸਹਿਗਲ, ਰੋਹਿਨੀ (ਸਾਊਥ), ਸ੍ਰੀ ਪ੍ਰਧਾ ਤੋਂ ਇਲਾਵਾ ਸਦਾਸ਼ਿਵ ਅਮਰਾਪੁਰਕਰ, ਸਤੀਸ਼ ਸ਼ਾਹ, ਹੁਮਾ ਖ਼ਾਨ, ਸਤੀਸ਼ ਕੌਲ ਆਦਿ ਸ਼ਾਮਲ ਸਨ। ਫਿਲਮਸਾਜ਼ ਤੇ ਹਿਦਾਇਤਕਾਰ ਕਾਂਤੀ ਸ਼ਾਹ ਦੇ ਜ਼ਾਤੀ ਅਦਾਰੇ ਮੰਗਲਾ ਫਿਲਮਜ਼, ਬੰਬੇ ਦੀ ਫਿਲਮ ‘ਗੰਗਾ ਜਮੁਨਾ ਕੀ ਲਲਕਾਰ’ (1991) ’ਚ ਵਿਜੈ ਬਟਾਲਵੀ ਨੇ ਮਹਿੰਦਰ ਦੇਹਲਵੀ ਦੇ ਲਿਖੇ ‘ਛੱਲਾ ਤੂ ਲੈ ਜਾ ਨਿਸ਼ਾਨੀਆਂ’ (ਸਾਧਨਾ ਸਰਗਮ, ਉਦਿਤ ਨਰਾਇਣ) ਆਦਿ ਗੀਤ ਵੀ ਪਸੰਦ ਕੀਤੇ। ਫਿਲਮ ਦੇ ਅਦਾਕਾਰਾਂ ’ਚ ਅਨੁਪਮ ਖੇਰ, ਚਰਨ ਦਿਓ, ਸ਼ਗ਼ੁਫ਼ਤਾ ਅਲੀ, ਸ਼੍ਰੀਪ੍ਰਧਾ, ਅੰਮ੍ਰਿਤ ਪਾਲ, ਗੋਗਾ ਕਪੂਰ ਆਦਿ ਸ਼ਾਮਲ ਸਨ। ਫਿਲਮਸਾਜ਼ ਕਿਸ਼ਨ ਸ਼ਾਹ ਦੇ ਅਦਾਰੇ ਦੀ ਯਸ਼ ਚੌਹਾਨ ਨਿਰਦੇਸ਼ਿਤ ਫਿਲਮ ‘ਮੈਂ ਹੂੰ ਗੀਤਾ’ (1992) ’ਚ ਬਟਾਲਵੀ ਨੇ ਸਨਮ ਕਾਜੀਪੁਰੀ ਦੇ ਲਿਖੇ ਗੀਤਾਂ ਦੀਆਂ ਦਿਲਕਸ਼ ਧੁਨਾਂ ਬਣਾਈਆਂ, ਜਿਨ੍ਹਾਂ ਨੂੰ ਸੁਦੇਸ਼ ਭੌਸਲੇ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਨੇ ਆਪਣੇ ਸੁਰ ਪ੍ਰਾਦਨ ਕੀਤੇ। ਅਦਾਕਾਰਾਂ ਵਿੱਚ ਉਪਾਸਨਾ ਸਿੰਘ, ਸੂਰਜ ਚੱਢਾ, ਰਘੂ ਖੋਸਲਾ, ਦਲੀਪ ਤਾਹਿਲ, ਗਿਰਜਾ ਸ਼ੰਕਰ, ਅਜੀਤ ਵਛਾਨੀ ਆਦਿ ਸ਼ਾਮਲ ਸਨ।
ਗੁਲਸ਼ਨ ਪਿਕਚਰਜ਼, ਬੰਬੇ ਦੀ ਲਲਿਤ ਕੋਹਲੀ ਨਿਰਦੇਸ਼ਿਤ ਫਿਲਮ ‘ਏਕ ਕਾ ਜਵਾਬ ਦੋ’ (1994) ’ਚ ਬਟਾਲਵੀ ਨੇ ਨਗ਼ਮਾਨਿਗਾਰ ਕੇ. ਕੇ. ਵਰਮਾ, ਸਨਮ ਗਾਜੀਪੁਰ, ਅਨਜਾਨ ਸਾਗਰ, ਵਫ਼ਾ ਮੀਰੂਥੀ ਦੇ ਲਿਖੇ ਗੀਤਾਂ ਦਾ ਸੋਹਣਾ ਸੰਗੀਤ ਤਿਆਰ ਕੀਤਾ, ਜਿਨ੍ਹਾਂ ਦੇ ਬੋਲ ਹਨ ‘ਮੇਰਾ ਦਿਲ ਧੜਕੇ’ (ਕਵਿਤਾ ਕ੍ਰਿਸ਼ਨਾਮੂਰਤੀ, ਦਿਲਰਾਜ ਕੌਰ), ‘ਕਰਮੋਂ ਪੇ ਕਰ ਭਰੋਸਾ’ (ਮਹਿੰਦਰ ਕਪੂਰ), ‘ਇਸ ਜ਼ੁਲਮ ਕੀ ਆਂਧੀ ਕੀ’ (ਅਨੁਪਮਾ ਦੇਸ਼ਪਾਂਡੇ), ‘ਹਾਰਟ ਕੀ ਰਿਕੂਐਸਟ ਹੈ’ (ਦਿਲਰਾਜ ਕੌਰ) ਆਦਿ। ਵਿਜੈ ਬਟਾਲਵੀ ਦੀ ਮੁਰੱਤਬਿ ਮੌਸੀਕੀ ਤਿਆਰਸ਼ੁਦਾ ਆਖ਼ਰੀ ਫਿਲਮ ਨਮਾਹ ਸ਼ਿਵਾਏ ਪ੍ਰੋਡਕਸ਼ਨਜ਼, ਬੰਬੇ ਦੀ ਕੇ. ਚੰਦਰ ਨਿਰਦੇਸ਼ਿਤ ਡਰਾਉਣੀ ਫਿਲਮ ‘ਖ਼ੂਨ ਕੀ ਪਯਾਸੀ’ (1996) ਸੀ। ਬਟਾਲਵੀ ਦੇ ਸੰਗੀਤ ’ਚ ਸਨਮ ਗਾਜੀਪੁਰੀ ਤੇ ਚੰਦਰ ਕੌਸ਼ਲ ਦੇ ਲਿਖੇ ‘ਨਸ਼ੀਲੀ ਰਾਤ ਮੇਂ ਮੁਝੇ ਬਾਹੋਂ ਮੇਂ ਭਰ ਲੋ’ (ਮੀਨਾਕਸ਼ੀ), ‘ਦੀਵਾਨਾ ਦਿਲ ਕਿਓਂ ਹੋ ਗਿਆ’ (ਸਾਧਨਾ ਸਰਗਮ, ਵਿਨੋਦ ਰਠੌਰ) ਆਦਿ ਗੀਤ ਵੀ ਹਿੱਟ ਹੋਏ।
ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਸੰਗੀਤਕਾਰ ਅਤੇ ਗੁਲੂਕਾਰ ਵਜੋਂ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਗਾਈਆਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ, ਸ਼ਬਦਾਂ ਤੇ ਭਜਨਾਂ ਦੀਆਂ ਕੈਸੇਟਾਂ ਤੇ ਸੀਡੀਆਂ ਵੀ ਮਾਰਕੀਟ ’ਚ ਆਈਆਂ ਹਨ। ਉਨ੍ਹਾਂ ਦੇ ਸੰਗੀਤ ’ਚ ਆਈ ਆਖ਼ਰੀ ਗ਼ੈਰ ਫਿਲਮੀ ਗ਼ਜ਼ਲਾਂ ਦੀ ਆਡੀਓ ਸੀ. ਡੀ. ‘ਚਾਂਦਨੀ ਰਾਤ’ (2011) ਸੀ। ਇਸ ਐਲਬਮ ਵਿੱਚ ‘ਦਿਲਨਸ਼ੀ’ (ਰੂਪ ਕੁਮਾਰ ਰਾਠੌਰ), ‘ਇਤਨਾ ਰੂਪ ਕਹਾਂ ਸੇ’ (ਪੰਕਜ ਉਦਾਸ), ‘ਫਿਰ ਮੁਹੱਬਤ ਮੇਂ’ (ਵਿਜੈ ਬਟਾਲਵੀ, ਸਾਧਨਾ ਸਰਗਮ) ਤੋਂ ਇਲਾਵਾ ਇਨ੍ਹਾਂ ਦੀ ਲਿਖੀ ਤੇ ਕੁਨਾਲ ਗਾਂਜਾਵਾਲਾ ਦੀ ਗਾਈ ਗ਼ਜ਼ਲ ‘ਪੱਥਰੋਂ ਪੇ ਲਿਖੇ’ ਸੰਗੀਤ ਮੱਦਾਹਾਂ ਵੱਲੋਂ ਪਸੰਦ ਕੀਤੀ ਗਈ।
ਵਿਜੈ ਬਟਾਲਵੀ ਬੜੇ ਪੁਰਖ਼ਲੂਸ ਤੇ ਨੇਕ ਤਬੀਅਤ ਇਨਸਾਨ ਸਨ। ਉਹ 3 ਨਵੰਬਰ 2020 ਨੂੰ 68 ਸਾਲਾਂ ਦੀ ਉਮਰੇ ਪਠਾਨਕੋਟ ਵਿੱਚ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੇ ਕਰੀਬੀ ਮਿੱਤਰ ਅਜੀਤ ਸਿੰਘ ਕਮਲ (ਪੰਜਾਬੀ ਫਿਲਮਾਂ ਦੇ ਗੀਤਕਾਰ) ਨੇ ਦੱਸਿਆ ਕਿ ਵਿਜੈ ਬਟਾਲਵੀ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਆਸ਼ਾ ਸ਼ਰਮਾ ਉਰਫ਼ ਆਸ਼ਾ ਬਟਾਲਵੀ ਦਾ ਇੱਕ ਪੁੱਤਰ ਦੀਪੇਸ਼ ਸ਼ਰਮਾ ਹੈ (ਰਿਕਾਰਡਿਸਟ) ਜੋ ਅੱਜਕੱਲ੍ਹ ਅਮਰੀਕਾ ਰਹਿ ਰਿਹਾ ਹੈ। ਆਸ਼ਾ ਨਾਲ ਤਲਾਕ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਸਤਨਾਮ ਕੌਰ ਨਾਲ ਕਰਵਾਇਆ ਸੀ।
ਸੰਪਰਕ: 97805-09545