ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਸੁਰੱਈਆ ਚੌਧਰੀ ਦੀ ਪੈਦਾਇਸ਼ 13 ਸਤੰਬਰ 1933 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਉਂਜ ਉਸ ਦਾ ਅਸਲ ਨਾਮ ਸੁਰੱਈਆ ਬੇਗ਼ਮ ਸੀ। ਸੁਰੱਈਆ ਨੇ ਸਿਰਫ਼ 9 ਜਮਾਤਾਂ ਤਕ ਪੜ੍ਹਾਈ ਕੀਤੀ ਜੋ ਇਸ ਦੇ ਫ਼ਿਲਮੀ ਸ਼ੌਕ ਦਾ ਸਬੱਬ ਸੀ, ਨਹੀਂ ਤਾਂ ਖ਼ਿਆਲ ਅੱਗੇ ਪੜ੍ਹਨ ਦਾ ਵੀ ਸੀ। ਉਸ ਨੇ ਬਹੁਤ ਸਾਰੀਆਂ ਫ਼ਿਲਮਾਂ ਵਿਚ ਮੁੱਖ ’ਤੇ ਸਹਾਇਕ ਕਿਰਦਾਰ ਨਿਭਾਏ, ਫਿਰ ਵੀ ਉਸ ਨੂੰ ਉਹ ਸ਼ੋਹਰਤ ਨਸੀਬ ਨਹੀਂ ਹੋਈ, ਜਿਸ ਦੀ ਉਹ ਹੱਕਦਾਰ ਸੀ। ਬੇਸ਼ੱਕ ਸੁਰੱਈਆ ਦੀ ਮਾਦਰੀ ਜ਼ੁਬਾਨ ਠੇਠ ਪੰਜਾਬੀ ਸੀ, ਪਰ ਉਹ ਫ਼ਿਲਮਾਂ ਵਿਚ ਉਰਦੂ, ਹਿੰਦੀ ਤੇ ਅੰਗਰੇਜ਼ੀ ਵੀ ਵਧੀਆ ਬੋਲ ਲੈਂਦੀ ਸੀ।
ਉਸ ਨੂੰ ਫ਼ਿਲਮਾਂ ’ਚ ਪਹਿਲਾ ਮੌਕਾ ਦਿੱਤਾ ਸਈਅਦ ਸ਼ੌਕਤ ਹੁਸੈਨ ਰਿਜ਼ਵੀ ਨੇ। ਜਦੋਂ ਉਨ੍ਹਾਂ ਨੇ ਈਸਟਰਨ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ’ਚ ਫ਼ਿਲਮ ‘ਜ਼ੀਨਤ’ (1945) ਸ਼ੁਰੂ ਕੀਤੀ ਤਾਂ ਵਿਚਲੇ ਇਕ ਕੱਵਾਲੀ ਗੀਤ ‘ਆਹੇਂ ਨਾ ਭਰੀ ਸ਼ਿਕਵੇ ਨਾ ਕੀਏ’ (ਕਲਿਆਣੀ, ਜ਼ੌਹਰਾ ਬਾਈ, ਨੂਰਜਹਾਂ, ਸਾਥਣਾਂ) ਲਈ ਅੱਲ੍ਹੜ ਉਮਰ ਦੀਆਂ ਮੁਟਿਆਰਾਂ ਦੀ ਲੋੜ ਸੀ। ਇਨ੍ਹਾਂ ਮੁਟਿਆਰਾਂ ਵਿਚ ਸੁਰੱਈਆ ਚੌਧਰੀ ਤੋਂ ਇਲਾਵਾ ਸ਼ਿਆਮਾ, ਸ਼ਸ਼ੀ ਕਲਾ ਵੀ ਸ਼ਾਮਲ ਸਨ। ਹਫ਼ੀਜ਼ ਖ਼ਾਨ ਦੇ ਸੰਗੀਤ ’ਚ ਨਖ਼ਸ਼ਬ ਦੀ ਲਿਖੀ ਇਹ ਕੱਵਾਲੀ ਫ਼ਿਲਮ ਭਾਰਤੀ ਸਿਨਮਾ ਦੀ ਪਹਿਲੀ ਜਨਾਨਾ ਕੱਵਾਲੀ ਸੀ ਜੋ ਬੇਹੱਦ ਮਕਬੂਲ ਹੋਈ। ਫ਼ਿਲਮ ਵਿਚ ‘ਜ਼ੀਨਤ’ ਦਾ ਟਾਈਟਲ ਕਿਰਦਾਰ ਨੂਰਜਹਾਂ ਨੇ ਨਿਭਾਇਆ ਸੀ। ਇਹ ਫ਼ਿਲਮ 16 ਨਵੰਬਰ 1945 ਨੂੰ ਸੁਪਰ ਸਿਨਮਾ, ਬੰਬੇ ’ਚ ਰਿਲੀਜ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਸਹਾਇਕ ਅਦਾਕਾਰਾ ਵਜੋਂ ਸੁਰੱਈਆ ਚੌਧਰੀ ਦੀ ਦੂਜੀ ਫ਼ਿਲਮ ਸੈਂਟਰਲ ਸਟੂਡੀਓ, ਬੰਬੇ ਦੀ ਜ਼ੀਆ ਸਰਹੱਦੀ ਨਿਰਦੇਸ਼ਿਤ ‘ਯਤੀਮ’ (1945) ਸੀ, ਜਿਸ ਵਿਚ ਉਸ ਨੇ ‘ਭਾਰਤੀ’ ਦਾ ਪਾਰਟ ਅਦਾ ਕੀਤਾ। ਰੌਸ਼ਨ ਪਿਕਚਰਜ਼, ਬੰਬੇ ਦੀ ਨਾਨੂੰ ਭਾਈ ਵਕੀਲ ਨਿਰਦੇਸ਼ਿਤ ਫ਼ਿਲਮ ‘ਆਜ਼ਾਦ ਹਿੰਦੋਸਤਾਨ’ (1948) ਵਿਚ ਉਸ ਦੇ ਰੂਬਰੂ ਹੀਰੋ ਦਾ ਪਾਰਟ ਬਾਬੂ ਪ੍ਰਕਾਸ਼ ਨੇ ਕੀਤਾ। ਫ਼ਿਲਮ ਦੇ 9 ਗੀਤ ਪੰਡਤ ਅਨੁਜ ਅਤੇ ਸੰਗੀਤਕਾਰ ਏ. ਕੁਰੈਸ਼ੀ ਸਨ। ਇਸੇ ਬੈਨਰ ਦੀ ਹੀ ਨਾਨੂੰਭਾਈ ਵਕੀਲ ਨਿਰਦੇਸ਼ਿਤ ਦੂਜੀ ਫ਼ਿਲਮ ‘ਦੇਸ਼ ਸੇਵਾ’ (1948) ’ਚ ਉਸ ਨਾਲ ਹੀਰੋ ਦਾ ਪਾਰਟ ਸ੍ਰੀਨਿਵਾਸ ਅਦਾ ਕਰ ਰਹੇ ਸਨ। ਫ਼ਿਲਮ ਦੇ 8 ਗੀਤ ਪੰਡਤ ਅਨੁਜ ਤੇ ਸੰਗੀਤਕਾਰ ਏ. ਆਰ. ਕੁਰੈਸ਼ੀ ਸਨ। ਵਾਡੀਆ ਫ਼ਿਲਮਜ਼, ਬੰਬੇ ਦੀ ਹੋਮੀ ਵਾਡੀਆ ਨਿਰਦੇਸ਼ਿਤ ਫ਼ਿਲਮ ‘ਬਾਲਮ’ (1949) ਵਿਚ ਉਸ ਨੇ ਚਰਿੱਤਰ ਅਦਾਕਾਰ ਐੱਸ. ਪ੍ਰਕਾਸ਼ ਧੀ ‘ਲੀਲਾ’ ਦਾ ਪਾਤਰ ਅਦਾ ਕੀਤਾ। ਰਾਜਕਿਰਤੀ, ਬੰਬੇ ਦੀ ਮੋਹਨ ਸਿਨਹਾ ਨਿਰਦੇਸ਼ਿਤ ਫ਼ਿਲਮ ‘ਜੀਤ’ (1949) ਵਿਚ ਉਸ ਨੇ ਚਰਿੱਤਰ ਅਦਾਕਾਰ ਕਨ੍ਹੱਈਆ ਲਾਲ ਦੀ ਫ਼ੈਸਨਪ੍ਰਸਤ ਧੀ ‘ਕਿਰਨ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰ ਮਦਨਪੁਰੀ ‘ਰਤਨ ਬਾਬੂ’ ਦਾ ਪਾਰਟ ਕਰ ਰਿਹਾ ਸੀ ਜਦੋਂਕਿ ‘ਜੀਤ’ ਦਾ ਟਾਈਟਲ ਰੋਲ ਵਿਚ ਸੁਰੱਈਆ (ਲਾਹੌਰ) ਮੌਜੂਦ ਸੀ। ਅਨਿਲ ਬਿਸਵਾਸ ਦੇ ਸੰਗੀਤ ਵਿਚ ਪ੍ਰੇਮ ਧਵਨ ਦੇ ਲਿਖੇ 2 ਖ਼ੂਬਸੂਰਤ ਗੀਤ ਸੁਰੱਈਆ ਚੌਧਰੀ ’ਤੇ ਫ਼ਿਲਮਾਏ ਗਏ ‘ਹੰਸ ਲੇ ਗਾ ਲੇ ਓ ਚਾਂਦ’ ਅਤੇ ‘ਮਸਤ ਪਵਨ ਹੈ ਚੰਚਲ ਧਾਰਾ’ (ਲਤਾ ਮੰਗੇਸ਼ਕਰ) ਜੋ ਬੜੇ ਮਕਬੂਲ ਹੋਏ। ਬਿਰਟੀ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਜੀ. ਰਾਕੇਸ਼ ਨਿਰਦੇਸ਼ਿਤ ਫ਼ਿਲਮ ‘ਲੇਖ’ (1949) ਵਿਚ ਸੁਰੱਈਆ ਚੌਧਰੀ ਅਦਾਕਾਰਾ ਸੁਰੱਈਆ ਤੇ ਮੋਤੀ ਲਾਲ ਨਾਲ ਸਹਾਇਕ ਅਦਾਕਾਰਾ ਵਜੋਂ ਮੌਜੂਦ ਸੀ। ਨੋਬਲ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਦਿਲ ਕੀ ਦੁਨੀਆ’ (1949) ਵਿਚ ਉਸ ਨੇ ਮੁਨੱਵਰ ਸੁਲਤਾਨਾ (ਲਾਹੌਰ), ਮਜ਼ਹਰ ਖ਼ਾਨ ਤੇ ਗੀਤਾ ਬਾਲੀ (ਅੰਮ੍ਰਿਤਸਰ) ਨਾਲ ਆਪਣੇ ਸੋਹਣੇ ਫ਼ਨ ਦੀ ਨੁਮਾਇਸ਼ ਕੀਤੀ। ਇਹ ਫ਼ਿਲਮ 14 ਮਈ 1949 ਨੂੰ ਕਮਲ ਥੀਏਟਰ, ਬੰਬੇ ਵਿਖੇ ਰਿਲੀਜ਼ ਹੋਈ। ਨੈਸ਼ਨਲ ਆਰਟਿਸਟ, ਬੰਬੇ ਦੀ ਸੀ. ਆਰ. ਬਜਾਜ ਨਿਰਦੇਸ਼ਿਤ ਫ਼ਿਲਮ ‘ਬੰਬੇ’ (1949) ਵਿਚ ਸ਼ਸ਼ੀ ਕਲਾ, ਰਾਮ ਸਿੰਘ, ਉਦੈ ਕੁਮਾਰ ਨਾਲ ਅਦਾਕਾਰੀ ਕੀਤੀ।
ਫ਼ਿਲਮਕਾਰ ਲਿਮਟਿਡ, ਬੰਬੇ ਦੀ ਸ਼ਾਂਤੀ ਕੁਮਾਰ ਨਿਰਦੇਸ਼ਿਤ ਫ਼ਿਲਮ ‘ਛੋਟੀ ਭਾਬੀ’ (1950) ਵਿਚ ਸੁਰੱਈਆ ਨੇ ਸਟੇਜ ਨਾਚੀ ‘ਵੀਨਾ ਚੌਧਰੀ’ ਦਾ ਪਾਰਟ ਅਦਾ ਕੀਤਾ ਜਦੋਂਕਿ ‘ਛੋਟੀ ਭਾਬੀ’ ਦਾ ਟਾਈਟਲ ਰੋਲ ਨਰਗਿਸ ਨਿਭਾ ਰਹੀ ਸੀ। ਪੰਡਤ ਹੁਸਨਲਾਲ-ਭਗਤਰਾਮ ਦੇ ਸੰਗੀਤ ਵਿਚ ਕਮਰ ਜਲਾਲਾਬਾਦੀ ਦਾ ਲਿਖਿਆ ਤੇ ਸੁਰੱਈਆ ਚੌਧਰੀ ’ਤੇ ਫ਼ਿਲਮਾਇਆ ‘ਤਸ਼ਰੀਫ਼ ਰੱਖੀਏ ਮੇਰੇ ਦਿਲ ਕੇ ਮਕਾਨ ਮੇਂ’ (ਸ਼ਮਸ਼ਾਦ ਬੇਗ਼ਮ, ਸਾਥਣਾਂ) ਵੀ ਬਹੁਤ ਹਿੱਟ ਹੋਇਆ। ਸੁਧਾ ਪਿਕਚਰਜ਼, ਬੰਬੇ ਦੀ ਰਾਮ ਲਾਲ ਦੇਸਾਈ ਨਿਰਦੇਸ਼ਿਤ ਫ਼ਿਲਮ ‘ਸੰਗੀਤਾ’ (1950) ਵਿਚ ਸਹਾਇਕ ਅਦਾਕਾਰਾ ਦਾ ਕਿਰਦਾਰ ਨਿਭਾਇਆ। ਮੁੱਖ ਭੂਮਿਕਾਵਾਂ ਵਿਚ ਅਦਾਕਾਰ ਸ਼ਿਆਮ (ਸ਼ਿਆਮ ਸੁੰਦਰ ਚੱਢਾ) ਸਨ, ਜਿਸ ਦੇ ਹਮਰਾਹ ‘ਸੰਗੀਤਾ’ ਦਾ ਟਾਈਟਲ ਪਾਰਟ ਨਿਗਾਰ ਸੁਲਤਾਨਾ ਅਦਾ ਕਰ ਰਹੀ ਸੀ। ਫ਼ਿਲਮਸਾਜ਼ ਐੱਸ. ਐੱਚ. ਮੁਣਸ਼ੀ, ਕਹਾਣੀ ਤੇ ਗੀਤ ਪਿਆਰੇ ਲਾਲ ਸੰਤੋਸ਼ੀ, ਮੁਕਾਲਮੇ ਅਮਰ ਵਰਮਾ ਅਤੇ ਸੰਗੀਤਕਾਰ ਸੀ. ਰਾਮ ਚੰਦਰ ਸਨ। ਨਿਰਮਲ ਪਿਕਚਰਜ਼, ਬੰਬੇ ਦੀ ਹਜ਼ਰਤ ਅਜ਼ੀਜ਼ ਕਸ਼ਮੀਰੀ ਨਿਰਦੇਸ਼ਿਤ ਫ਼ਿਲਮ ‘ਸਬਜ਼ ਬਾਗ’ (1951) ਵਿਚ ਉਸ ਨੇ ਕਮਲ ਕਪੂਰ ਨਾਲ ਅਦਾਕਾਰੀ ਕੀਤੀ। ਵਿਨੋਦ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਪੰਜਾਬੀ-ਹਿੰਦੀ ਮਿਕਸ ਗੀਤ ‘ਹੱਸਦੇ-ਹੱਸਦੇ ਬੇਦਰਦੀ ਨੇ ਫੜ ਲਈ ਮੇਰੀ ਬਾਂਹ, ਨੀਂ ਮੈਂ ਕਹਿੰਦੀ ਰਹਿਗੀ ਨਾਂਹ’ (ਲਤਾ ਮੰਗੇਸ਼ਕਰ) ਸੁਰੱਈਆ ਚੌਧਰੀ ’ਤੇ ਫ਼ਿਲਮਾਇਆ ਗਿਆ ਸੀ ਜੋ ਬੜਾ ਪਸੰਦ ਕੀਤਾ ਗਿਆ।
ਇਸ ਪੰਜਾਬਣ ਮੁਟਿਆਰ ਨੇ ਦੋ ਪੰਜਾਬੀ ਫ਼ਿਲਮਾਂ ਵੀ ਕੀਤੀਆਂ ਸਨ। ਪਹਿਲੀ ਜੈਮਿਨੀ ਦੀਵਾਨ (ਕਰਨ ਦੀਵਾਨ ਦਾ ਵੱਡਾ ਭਰਾ) ਦੇ ਫ਼ਿਲਮਸਾਜ਼ ਅਦਾਰੇ ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬੇ ਰੂਪ ਕੇ. ਸ਼ੋਰੀ (ਸਹਾਇਕ ਲਲਿਤ ਮੋਹਨ ਜੋਸ਼ੀ, ਮਨੋਹਰ ਚੀਮਾ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚਮਨ’ (1948)। ਫ਼ਿਲਮ ਵਿਚ ਸੁਰੱਈਆ ਚੌਧਰੀ ਨੇ ਫ਼ਿਲਮ ਦੀ ਮੁੱਖ ਅਦਾਕਾਰਾ ਮੀਨਾ ਸ਼ੋਰੀ (ਸ਼ਾਂਤੀ) ਦੀ ਸਹੇਲੀ ‘ਰਾਜ’ ਦਾ ਸੋਹਣਾ ਪਾਰਟ ਅਦਾ ਕੀਤਾ। ਸੰਗੀਤ ਲਾਹੌਰ ਦੇ ਗੱਭਰੂ ਵਿਨੋਦ (ਵਿਨੋਦ ਐਰਿਕ ਰੌਬਰਟਸ) ਨੇ ਤਾਮੀਰ ਕੀਤਾ ਅਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਨੇ ਲਿਖੇ ਸਨ। ਫ਼ਿਲਮ ਵਿਚ ਸੁਰੱਈਆ ਤੇ ਮੀਨਾ ਸ਼ੋਰੀ ’ਤੇ ਸਾਂਝੇ ਤੌਰ ’ਤੇ ਫ਼ਿਲਮਾਏ ਗਏ ਗੀਤ ‘ਲੋਕੀ ਕਹਿੰਦੇ ਦੀਵਾਰਾਂ ਨੂੰ ਕੰਨ ਹੁੰਦੇ’ (ਪ੍ਰੇਮ ਲਤਾ), ‘ਨਿੱਕੀ ਜਿੰਨੀ ਗੱਲੋਂ ਲਾਡੋ ਰਾਣੀ ਰੁੱਸ ਗਈ ਹਾਏ ਮੈਂ ਕੀ ਕਰਾਂ’ (ਪੁਸ਼ਪਾ ਚੋਪੜਾ, ਪ੍ਰੇਮ ਲਤਾ, ਸਾਥਣਾਂ), ‘ਜਦੋਂ ਨਰਮ ਕਾਲਜਾ ਧੜਕੇ ਦਿਲ ਪੰਛੀ ਵਾਂਗੂੰ ਫੜ੍ਹਕੇ ਨੀਂ’ (ਪ੍ਰੇਮ ਲਤਾ, ਮੀਨਾ ਸ਼ੋਰੀ) ਤੇ ‘ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ’ (ਪੁਸ਼ਪਾ ਚੋਪੜਾ, ਸਾਥਣਾਂ) ਬੇਹੱਦ ਮਕਬੂਲ ਹੋਏ। ਇਹ ਬਲਾਕ ਬਸਟਰ ਪੰਜਾਬੀ ਫ਼ਿਲਮ 6 ਅਗਸਤ 1948 ਨੂੰ ਰਤਨ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਜਦੋਂ ਮਜ਼ਾਹੀਆ ਅਦਾਕਾਰ ਓਮ ਪ੍ਰਕਾਸ਼ ਨੇ ਆਪਣੇ ਅਦਾਕਾਰ ਮਿੱਤਰ ਤੇ ਫ਼ਿਲਮਸਾਜ਼ ਸ਼ਿਆਮ ਉਰਫ਼ ਸ਼ਿਆਮ ਸੁੰਦਰ ਚੱਢਾ ਨਾਲ ਰਾਜ ਰੰਗ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਮਜ਼ਾਹੀਆ ਫ਼ਿਲਮ ‘ਭਾਈਆ ਜੀ’ (1950) ਬਣਾਈ ਤਾਂ ਸੁਰੱਈਆ ਚੌਧਰੀ ਨੂੰ ਫ਼ਿਲਮ ਦੀ ਮੁੱਖ ਹੀਰੋਇਨ ਸ਼ਿਆਮਾ ਉਰਫ਼ ਖ਼ੁਰਸ਼ੀਦ ਅਖ਼ਤਰ (ਕਾਂਤੀ) ਦੀ ਸਹੇਲੀ ਤੇ ਹੀਰੋ ਸੁਰੇਸ਼ ਉਰਫ਼ ਨਸੀਮ ਅਹਿਮਦ ਦੀ ਭੈਣ ‘ਰਾਜ’ ਦਾ ਕਿਰਦਾਰ ਦਿੱਤਾ। ਕੰਜੂਸ ਸ਼ਾਹੂਕਾਰ ‘ਭਾਈਆ ਜੀ’ ਦਾ ਟਾਈਟਲ ਕਿਰਦਾਰ ਇਕ ਵਾਰ ਫਿਰ ਓਮ ਪ੍ਰਕਾਸ਼ ਅਦਾ ਕਰ ਰਹੇ ਸਨ। ਕਹਾਣੀ ਤੇ ਮੁਕਾਲਮੇ ਹਜ਼ਰਤ ਅਜ਼ੀਜ਼ ਕਸ਼ਮੀਰੀ, ਗੀਤ ਓਮ ਪ੍ਰਕਾਸ਼ (ਇਕ ਗੀਤ), ਅਜ਼ੀਜ਼ ਕਸ਼ਮੀਰੀ (9 ਗੀਤ), ਰਾਜਿੰਦਰ ਕ੍ਰਿਸ਼ਨ (ਇਕ ਗੀਤ) ਅਤੇ ਸੰਗੀਤ ਵਿਨੋਦ ਨੇ ਮੁਰੱਤਬਿ ਕੀਤਾ। ਫ਼ਿਲਮ ਵਿਚ ਸੁਰੱਈਆ ਚੌਧਰੀ ਤੇ ਸ਼ਿਆਮਾ ’ਤੇ ਸਾਂਝੇ ਤੌਰ ’ਤੇ ਫ਼ਿਲਮਾਏ ਗੀਤ ‘ਓ ਨੀਂ ਮੈਂ ਲੈ ਕੇ ਜਾਣਾ’ ਤੇ ‘ਆ ਕੁੜੀਏ ਨੀਂ ਗਾ ਕੁੜੀਏ ਤੈਨੂੰ ਨਵੇਂ ਵਿਆਹ ਦਾ ਚਾਅ ਕੁੜੀਏ’ (ਮੀਨਲ ਵਾਘ, ਲਤਾ ਮੰਗੇਸ਼ਕਰ) ਬੜੇ ਹਿੱਟ ਹੋਏ। ਇਸ ਫ਼ਿਲਮ ਜ਼ਰੀਏ ਓਮ ਪ੍ਰਕਾਸ਼ ਨੇ ‘ਚਮਨ’ ਫ਼ਿਲਮ ਵਿਚਲੇ ‘ਭਾਈਆ ਭਗਵਾਨਦਾਸ’ ਦੇ ਕਿਰਦਾਰ ਦੀ ਸਫਲਤਾ ਨੂੰ ਕੈਸ਼ ਕਰਨ ਦੀ ਵੀ ਭਰਵੀਂ ਕੋਸ਼ਿਸ਼ ਕੀਤੀ, ਪਰ ਚਾਹ ਕੇ ਵੀ ਇਸ ਫ਼ਿਲਮ ਨੂੰ ਚਮਨ ਵਰਗੀ ਸਫਲਤਾ ਨਸੀਬ ਨਹੀਂ ਹੋਈ। ਇਸ ਫ਼ਿਲਮ ਦਾ ਸੰਗੀਤ ਬੜਾ ਮਕਬੂਲ ਹੋਇਆ। ਬਖ਼ਸ਼ੀ ਜੰਗ ਬਹਾਦਰ ਦੀ ਪੇਸ਼ਕਸ਼ ਇਹ ਫ਼ਿਲਮ 19 ਅਕਤੂਬਰ 1950 ਨੂੰ ਰਿਆਲਟੋ ਥੀਏਟਰ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ।
ਸੁਰੱਈਆ 1951 ਤਕ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਸਰਗਰਮ ਰਹੀ। ਫਿਰ ਅਚਾਨਕ ਵਿਆਹ ਕਰਾਉਣ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਓਦੋਂ ਤਕ ਉਹ ਆਪਣੇ ਮਾਂ-ਪਿਓ ਨਾਲ ਬੰਬੇ ਦੇ ਬਾਂਦਰਾ ਇਲਾਕੇ ਵਿਚ ਰਹਿੰਦੀ ਸੀ। ਉਸ ਨੇ ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਰਹਿਣਾ ਹੀ ਪਸੰਦ ਕੀਤਾ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਚਲੀ ਗਈ।
ਸੰਪਰਕ: 97805-09545