ਮਨਦੀਪ ਸਿੰਘ ਸਿੱਧੂ
ਅਦਾਕਾਰਾ ਕ੍ਰਿਸ਼ਨਾ ਕੁਮਾਰੀ ਉਰਫ਼ ਰਜਿੰਦਰ ਕੌਰ ਦੀ ਪੈਦਾਇਸ਼ 3 ਅਕਤੂਬਰ 1934 ਨੂੰ ਰਾਵਲਪਿੰਡੀ ਦੇ ਪੰਜਾਬੀ ਸਿੱਖ ਪਰਿਵਾਰ ਵਿਚ ਹੋਈ ਸੀ। ਉਸ ਨੇ ਦਸਵੀਂ ਰਾਵਲਪਿੰਡੀ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਨ੍ਰਿਤ ਕਲਾ ਸਿੱਖੀ ਅਤੇ ਕੁਝ ਸਮਾਂ ਰੰਗਮੰਚ ਨਾਲ ਵੀ ਜੁੜੀ ਰਹੀ। ਇੱਥੋਂ ਹੀ ਉਸ ਨੂੰ ਫ਼ਿਲਮਾਂ ਨਾਲ ਦਿਲਚਸਪੀ ਹੋ ਗਈ। ਇਸ ਤੋਂ ਬਾਅਦ ਪੰਡਤ ਡੀ. ਐੱਨ. ਮਧੋਕ ਦੇ ਇਸਰਾਰ ’ਤੇ ਰਜਿੰਦਰ ਕੌਰ ਨੇ ਫ਼ਿਲਮੀ ਲਾਇਨ ਇਖ਼ਤਿਆਰ ਕਰ ਲਈ। ਉਹ ਪਹਿਲਾਂ ਅਦਾਕਾਰਾ ਫਿਰ ਸਹਾਇਕ ਅਦਾਕਾਰਾ ਤੇ ਬਾਅਦ ’ਚ ਖ਼ਲਨਾਇਕਾ ਦੇ ਰੂਪ ਵਿਚ ਪਸੰਦ ਕੀਤੀ ਗਈ।
ਜਦੋਂ ਮਾਰੂਫ਼ ਨਗ਼ਮਾਨਿਗਾਰ ਪੰਡਤ ਡੀ. ਐੱਨ. ਮਧੋਕ (ਦੀਨਾ ਨਾਥ ਮਧੋਕ) ਨੇ ਆਪਣੇ ਫ਼ਿਲਮਸਾਜ਼ ਅਦਾਰੇ ਮਾਨਸਰੋਵਰ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਹਿੰਦੀ ਫ਼ਿਲਮ ‘ਨਾਓ’ (1948) ਬਣਾਈ ਤਾਂ ਰਾਜਿੰਦਰ ਕੌਰ ਨੂੰ ‘ਕ੍ਰਿਸ਼ਨਾ ਕੁਮਾਰੀ’ ਦੇ ਨਾਮ ਨਾਲ ਪੇਸ਼ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਅਦਾਕਾਰਾ ਨਿਗਾਰ ਸੁਲਤਾਨਾ ਮੌਜੂਦ ਸੀ। ਕ੍ਰਿਸ਼ਨਾ ਦੀ ਸਹਾਇਕ ਅਦਾਕਾਰਾ ਵਜੋਂ ਦੂਜੀ ਫ਼ਿਲਮ ਲੋਕਮਾਨਯਾ ਪ੍ਰੋਡਕਸ਼ਨਜ਼, ਬੰਬੇ ਦੀ ‘ਗਰਲਜ਼ ਸਕੂਲ’ (1949) ਸੀ। ਬੀਮਾ ਪ੍ਰੋਡਕਸ਼ਨਜ਼, ਬੰਬੇ ਦੀ ਬ੍ਰਿਜਰਾਣੀ ਨਿਰਦੇਸ਼ਿਤ ਫ਼ਿਲਮ ‘ਦਾਮਾਦ’ (1951) ’ਚ ਉਸ ਨੇ ‘ਛੋਟੀ ਸੇਠਾਨੀ’ ਦਾ ਰੋਲ, ਜਿਸ ਦੇ ਰੂਬਰੂ ਭਗਵਾਨ ਦਾਦਾ ‘ਮਾਸਟਰ ਚਮਕ’ ਦਾ ਮਜ਼ਾਹੀਆ ਪਾਰਟ ਕਰ ਰਿਹਾ ਸੀ। ਸ਼ਾਮੂ ਦੇ ਸੰਗੀਤ ’ਚ ਬਹਾਰ ਅਜਮੇਰੀ ਦਾ ਲਿਖਿਆ ਤੇ ਕ੍ਰਿਸ਼ਨਾ ਕੁਮਾਰੀ ’ਤੇ ਫ਼ਿਲਮਾਇਆ ਗੀਤ ‘ਗੁਜ਼ਰੇ ਜ਼ਮਾਨੇ ਯਾਦ ਨਾ ਆ’ (ਸ਼੍ਰੀਮਤੀ ਵਿਸ਼ਨੀਲਾਲ) ਤੇ ਦੂਜਾ ਇੰਦਰਵਨ ਭੱਟ ਦੇ ਸੰਗੀਤ ’ਚ ਕ੍ਰਿਸ਼ਨਾ ’ਤੇ ਫ਼ਿਲਮਾਇਆ ਗੀਤ ‘ਜ਼ਾਲਿਮ ਯੇ ਜ਼ਮਾਨੇ ਵਾਲੇ’ (ਸ਼੍ਰੀਮਤੀ ਵਿਸ਼ਨੀਲਾਲ) ਵੀ ਪਸੰਦ ਕੀਤੇ ਗਏ। ਕਾਮੇਡੀ ਪਿਕਚਰਜ਼, ਬੰਬੇ ਦੀ ਮੁਹੰਮਦ ਹੁਸੈਨ ਨਿਰਦੇਸ਼ਿਤ ਫ਼ਿਲਮ ‘ਸਿੰਬਾ’ (1951) ’ਚ ਕ੍ਰਿਸ਼ਨਾ ਤੇ ਬਾਬੂਰਾਵ ਦੀ ਜੋੜੀ ਸੀ। ਟਾਈਗਰ ਫ਼ਿਲਮਜ਼, ਬੰਬੇ ਦੀ ਮੁਹੰਮਦ ਹੁਸੈਨ ਨਿਰਦੇਸ਼ਿਤ ਫ਼ਿਲਮ ‘ਵਨਰਾਜ’ (1952) ’ਚ ਉਸ ਨੇ ‘ਰਾਧਾ’ ਦਾ ਪਾਰਟ, ਜਿਸ ਦੇ ਸਨਮੁੱਖ ਸਟੰਟ ਅਦਾਕਾਰ ਜਾਨ ਕਾਵਸ ‘ਰਾਜ’ ਦਾ ਕਿਰਦਾਰ ਨਿਭਾ ਰਿਹਾ ਸੀ। ਪ੍ਰਧਾਨ ਪਿਕਚਰਜ਼, ਬੰਬੇ ਦੀ ਅੱਕੂ ਨਿਰਦੇਸ਼ਿਤ ਫ਼ਿਲਮ ‘ਬਾਮਾ’ (1952) ਵਿਚ ਇਕ ਵਾਰ ਫਿਰ ਕ੍ਰਿਸ਼ਨਾ ਤੇ ਬਾਬੂਰਾਵ ਦੀ ਜੋੜੀ ਸੀ। ਫ਼ਿਲਮ ਆਰਟਸ, ਬੰਬੇ ਦੀ ਗੁਰੂਦੱਤ ਨਿਰਦੇਸ਼ਿਤ ਫ਼ਿਲਮ ‘ਜਾਲ’ (1952) ’ਚ ਉਸ ਨੇ ‘ਰੈਨੀ’ ਦਾ ਰੋਲ ਕੀਤਾ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਵਿਜੈ ਭੱਟ ਨਿਰਦੇਸ਼ਿਤ ਕਲਾਸੀਕਲ ਫ਼ਿਲਮ ‘ਬੈਜੂ ਬਾਵਰਾ’ (1952) ’ਚ ਉਸ ਨੇ ‘ਵਸੰਤੀ’ ਦਾ ਪਾਰਟ ਨਿਭਾਇਆ। ਸਕਰੀਨ ਆਰਟਸ, ਬੰਬੇ ਦੀ ਮਹਿਮੂਦ ਨਿਰਦੇਸ਼ਿਤ ਫ਼ਿਲਮ ‘ਸਫ਼ੈਦ ਘੋੜਾ ਕਾਲਾ ਸਵਾਰ’ ਉਰਫ਼ ‘ਬਲੈਕ ਰਾਈਡਰ’ (1960) ’ਚ ਅਦਾਕਾਰ ਕਾਮਰਾਨ ਨਾਲ ਹੀਰੋਇਨ ਦਾ ਪਾਰਟ ਨਿਭਾਇਆ। ਏ. ਐੱਮ. ਖ਼ਾਨ ਦੇ ਫ਼ਿਲਮਸਾਜ਼ ਅਦਾਰੇ ਪ੍ਰੋਡਕਸ਼ਨਜ਼, ਬੰਬੇ ਦੀ ਏ. ਐੱਮ. ਖ਼ਾਨ ਨਿਰਦੇਸ਼ਿਤ ਕਾਲਪਨਿਕ ਫ਼ਿਲਮ ‘ਲੇਡੀ ਆਫ਼ ਦਿ ਲੇਕ’ ਉਰਫ਼ ‘ਸਰੋਵਰ ਕੀ ਸੁੰਦਰੀ’ (1960) ’ਚ ਉਸ ਨੇ ਆਜ਼ਾਦ ਨਾਲ ਅਦਾਕਾਰੀ ਕੀਤੀ। ਬੂਘੌਰੀਆ ਬ੍ਰਦਰਜ਼, ਬੰਬੇ ਦੀ ਆਰ. ਕੇ. ਨਿਰਦੇਸ਼ਿਤ ਸਟੰਟ ਫ਼ਿਲਮ ‘ਬੰਬੇ ਸੈਂਟਰਲ’ (1960) ’ਚ ਉਸ ਨੇ ਅਦਾਕਾਰ ਸਮਰ ਰਾਏ ਨਾਲ ਕੰਮ ਕੀਤਾ।
ਬੇਸ਼ੱਕ ਇਸ ਸਮੇਂ ਦੌਰਾਨ ਉਹ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਮੁੱਖ ’ਤੇ ਸਹਾਇਕ ਭੂਮਿਕਾਵਾਂ ਅਦਾ ਕਰ ਚੁੱਕੀ ਸੀ, ਪਰ ਉਸ ਨੂੰ ਅਸਲ ਸ਼ੁਹਰਤ ਤੇ ਪਛਾਣ ਪੰਜਾਬੀ ਫ਼ਿਲਮਾਂ ਤੋਂ ਹੀ ਮਿਲੀ। ਕ੍ਰਿਸ਼ਨਾ ਕੁਮਾਰੀ ਨੂੰ ਪੰਜਾਬੀ ਫ਼ਿਲਮਾਂ ਵਿਚ ਲਿਆਉਣ ਦਾ ਐਜ਼ਾਜ਼ ਫ਼ਿਲਮਸਾਜ਼ ਮੁਲਕਰਾਜ ਭਾਖੜੀ ਨੂੰ ਹਾਸਲ ਹੈ। ਜਦੋਂ ਗੋਲਡਨ ਮੂਵੀਜ਼, ਬੰਬੇ ਦੇ ਬੈਨਰ ਹੇਠ ਹਿਦਾਇਤਕਾਰ ਜੁਗਲ ਕਿਸ਼ੋਰ ਨੇ ਪੰਜਾਬੀ ਫ਼ਿਲਮ ‘ਦੋ ਲੱਛੀਆਂ’ (1960) ਬਣਾਈ ਤਾਂ ਕ੍ਰਿਸ਼ਨਾ ਕੁਮਾਰੀ ਨੂੰ ‘ਵੱਡੀ ਲੱਛੀ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਰੂਬਰੂ ਅਦਾਕਾਰ ਸਤੀਸ਼ ਛਾਬੜਾ ‘ਲੱਭੂ ਰਾਮ’ ਦਾ ਪਾਰਟ ਅਦਾ ਕਰ ਰਿਹਾ ਸੀ। ਫ਼ਿਲਮਸਾਜ਼ ਤੇ ਕਹਾਣੀਨਵੀਸ ਮੁਲਕ ਰਾਜ ਭਾਖੜੀ, ਗੀਤ ਵਰਮਾ ਮਲਿਕ ਤੇ ਸੰਗੀਤ ਹੰਸਰਾਜ ਬਹਿਲ ਨੇ ਤਾਮੀਰ ਕੀਤਾ। ਫ਼ਿਲਮ ’ਚ ਕ੍ਰਿਸ਼ਨਾ ਕੁਮਾਰੀ ’ਤੇ ਫ਼ਿਲਮਾਏ ‘ਹਾਏ ਨੀਂ ਮੇਰਾ ਬਾਲਮ ਹੈ ਬੜਾ ਜ਼ਾਲਮ ਮੈਨੂੰ ਕਦੀ-ਕਦੀ ਕਰਦਾ ਏ ਪਿਆਰ’ ਤੇ ‘ਭਾਵੇਂ ਬੋਲ ਤੇ ਭਾਵੇਂ ਨਾ ਬੋਲ ਵੇ ਚੰਨਾ ਵਸ ਅੱਖੀਆਂ ਦੇ ਕੋਲ’ (ਸ਼ਮਸ਼ਾਦ ਬੇਗ਼ਮ) ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਇਹ ਫ਼ਿਲਮ 23 ਦਸੰਬਰ 1960 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਕੀਤੀ ਗਈ। ਉਸ ਦੀ ਦੂਜੀ ਪੰਜਾਬੀ ਫ਼ਿਲਮ ਸਟਾਰ ਆਫ਼ ਇੰਡੀਆ ਪਿਕਚਰਜ਼, ਬੰਬੇ ਦੀ ਕ੍ਰਿਸ਼ਨ ਕੁਮਾਰ ਨਿਰਦੇਸ਼ਿਤ ‘ਚੌਧਰੀ ਕਰਨੈਲ ਸਿੰਘ’ (1962) ਸੀ। ਇਸ ਫ਼ਿਲਮ ਵਿਚ ਕ੍ਰਿਸ਼ਨਾ ਨੇ ‘ਲਾਜੋ’ ਦਾ ਕਿਰਦਾਰ ਅਦਾ ਕੀਤਾ। ਕਹਾਣੀ, ਮੰਜ਼ਰਨਾਮਾ ਕ੍ਰਿਸ਼ਨ ਕੁਮਾਰ, ਗੀਤ, ਮੁਕਾਲਮੇ ਬੇਕਲ ‘ਅੰਮ੍ਰਿਤਸਰੀ’ ਅਤੇ ਸੰਗੀਤ ਪੰਡਤ ਹਰਬੰਸ ਨੇ ਮੁਰੱਤਬਿ ਕੀਤਾ। ਫ਼ਿਲਮ ’ਚ ਕ੍ਰਿਸ਼ਨਾ ਕੁਮਾਰੀ ’ਤੇ ਸਹੇਲੀਆਂ ’ਤੇ ਫ਼ਿਲਮਾਏ ਗੀਤ ‘ਬੇਲੀਆ ਹੋ ਹਾਣੀਆ ਹੋ…ਆਜਾ ਵੇ ਆਜਾ ਆ ਕੇ ਮੁੜ ਨਾ ਜਾਣ ਬਹਾਰਾਂ’ (ਸੁਮਨ ਕਲਿਆਣਪੁਰ), ‘ਪਹਿਲੀ ਪਹਿਲੀ ਵਾਰ ਮੈਨੂੰ ਨਾਈ ਲੈਣ ਆਇਆ’ (ਆਸ਼ਾ ਭੌਸਲੇ) ਤੋਂ ਇਲਾਵਾ ਭੰਗੜਾ ਗੀਤ ‘ਵਾਹ ਜੀ ਵਾਹ…ਅੱਡੀ ਮਾਰ ਕੇ ਨੱਚੀ ਜਦੋਂ ਬੰਤੋ ਤੇ ਪਿੰਡ ’ਚ ਭੂਚਾਲ ਆ ਗਿਆ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ, ਮੀਨੂੰ ਪ੍ਰਸ਼ੋਤਮ, ਸੁਰਿੰਦਰ ਕੋਹਲੀ) ਬੜੇ ਮਕਬੂਲ ਹੋਏ। ਵੰਡ ਦੇ ਮੌਜ਼ੂ ’ਤੇ ਬਣੀ ਇਸ ਫ਼ਿਲਮ ਨੂੰ ਸਾਲ 1962 ਵਿਚ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਰਾਜੇਸ਼ ਨੰਦਾ ਨਿਰਦੇਸ਼ਿਤ ਫ਼ਿਲਮ ‘ਢੋਲ ਜਾਨੀ’ (1962) ਵਿਚ ਉਸ ਨੇ ਚਰਿੱਤਰ ਅਦਾਕਾਰ ਨਾਗਰ ਸ਼ਰਮਾ (ਮੇਲਾ ਰਾਮ) ਦੀ ਧੀ ‘ਰੱਖੀ’ ਦਾ ਰੋਲ ਨਿਭਾਇਆ। ਸ਼ੀਤਲ ਮੂਵੀਜ਼, ਬੰਬੇ ਦੀ ਕੇ. ਚੰਦਰ ਨਿਰਦੇਸ਼ਿਤ ਫ਼ਿਲਮ ‘ਭਰਜਾਈ’ (1964) ’ਚ ਕ੍ਰਿਸ਼ਨਾ ਨੇ ‘ਭਰਜਾਈ’ ਦਾ ਟਾਈਟਲ ਕਿਰਦਾਰ ਨਿਭਾਇਆ ਜੋ ਪਿੰਡ ਦੀ ਜ਼ਾਤੀ ਦੁਸ਼ਮਣੀ ਨੂੰ ਖ਼ਤਮ ਕਰਨ ’ਚ ਉਸਾਰੂ ਭੂਮਿਕਾ ਨਿਭਾਉਂਦੀ ਹੈ। ਫ਼ਿਲਮ ’ਚ ਕ੍ਰਿਸ਼ਨਾ ਦੇ ਸਨਮੁੱਖ ਚਰਿੱਤਰ ਅਦਾਕਾਰ ਵਜੋਂ ਜਗਦੀਸ਼ ਕੰਵਲ ‘ਕਪੂਰ ਸਾਹਬ’ ਦਾ ਪਾਰਟ ਅਦਾ ਕਰ ਰਿਹਾ ਸੀ। ਸੰਗੀਤ ਪੰਡਤ ਹਰਬੰਸ ਅਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਨੇ ਤਹਿਰੀਰ ਕੀਤੇ ਸਨ। ਕ੍ਰਿਸ਼ਨਾ ਕੁਮਾਰੀ ’ਤੇ ਫ਼ਿਲਮਾਏ ‘ਅੱਖਾਂ ਕਾਲੀਆਂ ਤੇ ਮੁੱਖੜਾ ਗੁਲਾਬੀ’ (ਐੱਸ. ਬਲਬੀਰ, ਮੀਨੂੰ ਪੁਰਸ਼ੋਤਮ) ਤੇ ‘ਰੱਬਾ ਦਿਓਰ ਦੇ ਵਿਆਹ ਦੇ ਵਿਚ ਨੱਚ ਲੈਣ ਦੇ’ (ਮੀਨੂੰ ਪ੍ਰਸ਼ੋਤਮ) ਗੀਤ ਬੜੇ ਪਸੰਦ ਕੀਤੇ ਗਏ। ਜਮੁਨਾ ਪ੍ਰੋਡਕਸ਼ਨਜ਼, ਬੰਬੇ ਦੀ ਜੇ. ਡੀ. ਭਾਂਬਰੀ ਨਿਰਦੇਸ਼ਿਤ ਫ਼ਿਲਮ ‘ਸ਼ਹਿਰ ਦੀ ਕੁੜੀ’ (1968) ਵਿਚ ਉਸ ਨੇ ਪੁਲੀਸ ਅਫ਼ਸਰ ‘ਤਾਰੋ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂੂਬਰੂ ਜਗਦੇਵ ਭਾਬਰੀ ‘ਦਰਬਾਰਾ’ ਦਾ ਨਕਾਰਾਤਮਕ ਪਾਰਟ ਅਦਾ ਕਰ ਰਿਹਾ ਸੀ। ਕਹਾਣੀ, ਮੁਕਾਲਮੇ, ਮੰਜ਼ਰਨਾਮਾ ਤੇ ਗੀਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਹਰਬੰਸ ਨੇ ਤਰਤੀਬ ਕੀਤਾ ਸੀ। 28 ਮਾਰਚ 1969 ਨੂੰ ਮਾਲਵਾ ਸਿਨਮਾ, ਪਟਿਆਲਾ ਵਿਖੇ ਰਿਲੀਜ਼ਸ਼ੁਦਾ ਇਹ ਫ਼ਿਲਮ ਕ੍ਰਿਸ਼ਨਾ ਕੁਮਾਰੀ ਦੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ।
ਮੁੱਖ ਤੇ ਸਹਾਇਕ ਅਦਾਕਾਰਾ ਵਜੋਂ ਕ੍ਰਿਸ਼ਨਾ ਕੁਮਾਰੀ ਦੀਆਂ ਕੁਝ ਮਸ਼ਹੂਰ ਰੁਮਾਨੀ, ਸਟੰਟ, ਇਤਿਹਾਸਕ, ਮਿਥਿਹਾਸਕ ਤੇ ਕਾਲਪਨਿਕ ਫ਼ਿਲਮਾਂ ‘ਬਗਦਾਦ ਕਾ ਚੋਰ’, ‘ਭਗਵਤ ਮਹਿਮਾ’, ‘ਹਾਤਿਮਤਾਈ ਕੀ ਬੇਟੀ’, ‘ਸੌ ਕਾ ਨੋਟ’, ‘ਸਹਿਜ਼ਾਦਾ’, ‘ਸ੍ਰੀ ਕ੍ਰਿਸ਼ਨਾ ਭਗਤੀ’ (1955), ‘ਬਗਦਾਦ ਕਾ ਜਾਦੂ’, ‘ਹੀਰ’, ‘ਲਲਕਾਰ’, ‘ਲਾਲ-ਏ-ਯਮਨ’, ‘ਸੁਲਤਾਨਾ ਡਾਕੂ’, ‘ਸਜਨੀ’ (1956), ‘ਮੋਹਿਨੀ’, ‘ਖ਼ੁਦਾ ਕਾ ਬੰਦਾ’, ‘ਮਾਯਾ ਨਗਰੀ’, ‘ਯਹੂਦੀ ਕੀ ਲੜਕੀ’ (1957), ‘ਮਿਸ 58’, ‘ਨਯਾ ਪੈਸਾ’ (1958), ‘ਚੀਨੀ ਜਾਦੂਗਰ’, ‘ਚੰਦਰ ਸੈਨਾ’, ‘ਸਤੀ ਵੈਸ਼ਾਲਨੀ’, ‘ਮਿਸਟਰ ਜੌਨ’, ‘ਪੁਲਿਸ ਸਟੇਸ਼ਨ’ (1959)। ‘ਜ਼ਮੀਨ ਕੇ ਤਾਰੇ’, ‘ਡਾਕੂ ਭੂਪਟ’, ‘ਬਹਾਨਾ’, ‘ਮੁਕਤੀ’, ‘ਮੁੜ ਮੁੜ ਕੇ ਨਾ ਦੇਖ’, ‘ਬਹਾਨਾ’ (1960), ‘ਸ਼ਾਹੀ ਫ਼ਰਮਾਨ’, ‘ਸਤੀ ਰੇਨੂਕਾ’, ‘ਘਰਾਨਾ’, ‘ਸੰਪੂਰਨ ਰਮਾਇਣ’, ‘ਅਨਾਰਬਾਲਾ’, ‘ਅਫ਼ਲਾਤੂਨ’, ‘ਜ਼ਬਕ’, ‘ਸਟੇਟ ਐਕਸਪ੍ਰੈੱਸ’, ‘ਮੇਰਾ ਸੁਹਾਗ’ (1961), ‘ਬੰਬਈ ਕਾ ਚੋਰ’, ‘ਡੈਕਨ ਕੁਈਨ’, ‘ਹਰਿਆਲੀ ਔਰ ਰਾਸਤਾ’, ‘ਮਾਯਾ ਜਾਲ’, ‘ਰੂਪਲੇਖਾ’, ‘ਤਲਿੱਸਮੀ ਦੁਨੀਆ’ (1962), ‘ਦੇਵ ਕੰਨਯਾ’, ‘ਫਲਾਇੰਗ ਹੌਰਸ’, ‘ਕਨ ਕਨ ਮੇਂ ਭਗਵਾਨ’, ‘ਮਿਸਟਰ ਤੂਫ਼ਾਨ’ (1963), ‘ਈਦ ਕਾ ਚਾਂਦ’, ‘ਟਾਰਜ਼ਨ ਐਂਡ ਕੈਪਟਨ ਕਿਸ਼ੋਰ’ (1964), ‘ਹੁਸਨ ਕਾ ਗ਼ੁਲਾਮ’ (1966), ‘ਪੂਨਮ ਕਾ ਚਾਂਦ’ (1967) ਅਤੇ ਆਖ਼ਰੀ ਹਿੰਦੀ ਫ਼ਿਲਮ ਬਿਊਟੀ ਫ਼ਿਲਮਜ਼, ਬੰਬੇ ਦੀ ਨਾਨਾਭਾਈ ਭੱਟ ਨਿਰਦੇਸ਼ਿਤ ‘ਜੰਗ ਔਰ ਅਮਨ’ (1968) ਸੀ। ਇਸ ਤੋਂ ਬਾਅਦ ਕ੍ਰਿਸ਼ਨਾ ਕੁਮਾਰੀ ਦਾ ਕੋਈ ਹਵਾਲਾ ਨਹੀਂ ਮਿਲ ਪਾਇਆ।
ਸੰਪਰਕ: 97805-09545