ਮਨਦੀਪ ਸਿੰਘ ਸਿੱਧੂ
ਚਾਂਦ ਬਰਕ ਦੀ ਪੈਦਾਇਸ਼ 2 ਫਰਵਰੀ 1932 ਨੂੰ ਚੱਕ ਝੁਮਰਾ, ਲਾਇਲਪੁਰ (ਹੁਣ ਫੈਸਲਾਬਾਦ) ਦੇ ਪੰਜਾਬੀ ਈਸਾਈ ਪਰਿਵਾਰ ਵਿੱਚ ਹੋਈ। 12 ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੀ ਚਾਂਦ ਨੂੰ ਬਾਲ ਉਮਰੇ ਹੀ ਨੱਚਣ-ਗਾਉਣ ਨਾਲ ਬੇਹੱਦ ਉਲਫ਼ਤ ਸੀ। ਉਸ ਦੀ ਨਾਚ ਕਲਾ ਵਿੱਚ ਮੁਹਾਰਤ ਸਦਕਾ ਹੀ ਉਸ ਨੂੰ ‘ਡਾਂਸਿੰਗ ਲਿੱਲੀ ਆਫ਼ ਪੰਜਾਬ’ ਲਕਬ ਮਿਲਿਆ ਸੀ। ਖ਼ੈਰ! ਉਸ ਦਾ ਇਹੀ ਸ਼ੌਕ ਉਸ ਨੂੰ ਫਿਲਮਾਂ ਦੇ ਮਰਕਜ਼ ਲਾਹੌਰ ਖਿੱਚ ਲਿਆਇਆ।
ਜਦੋਂ ਜੇ. ਐੱਨ. ਮਹੇਸ਼ਵਰੀ (ਜਗਨ ਨਾਥ ਮਹੇਸ਼ਵਰੀ) ਨੇ ਅਪਰ ਇੰਡੀਆ ਸਟੂਡੀਓ ਵਿੱਚ ਆਪਣੇ ਫਿਲਮਸਾਜ਼ ਅਦਾਰੇ ਮਹੇਸ਼ਵਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਹਿੰਦੀ ਫਿਲਮ ‘ਕਹਾਂ ਗਏ’ (1946) ਸ਼ੁਰੂ ਕੀਤੀ ਤਾਂ ਹਿਦਾਇਤਕਾਰੀ ਲਈ ਨਿਰੰਜਨ ਦਾ ਇੰਤਖ਼ਾਬ ਕੀਤਾ। ਉਨ੍ਹਾਂ ਨੇ ਇਸ ਫਿਲਮ ਵਿੱਚ ਅਦਾਕਾਰਾ ਚਾਂਦ ਬਰਕ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਦੀਗ਼ਰ ਫ਼ਨਕਾਰਾਂ ਵਿੱਚ ਬੇਗ਼ਮ ਪਰਵੀਨ, ਜ਼ੁਬੈਦਾ, ਰੂਫ਼ੀ, ਨਿਰੰਜਨ, ਰਮੇਸ਼ ਠਾਕੁਰ, ਬੈਜ ਸ਼ਰਮਾ, ਸਲੀਮ ਰਜ਼ਾ, ਵੀਰ ਪੱਤਰੀ ਆਦਿ ਨੁਮਾਇਆਂ ਸਨ। ਫਿਲਮ ਦੇ ਗੀਤ ਜ਼ਹੀਰ ਕਸ਼ਮੀਰੀ, ਅਬਦੁੱਲ ਮਜ਼ੀਦ ਭੱਟੀ ਤੇ ਦੀਪਕ ਚੱਕਰਵਰਤੀ ਨੇ ਤਹਿਰੀਰ ਕੀਤੇ ਸਨ। ਫਿਲਮ ਦੇ ਮੁਕਾਲਮੇ ਮਾਰੂਫ਼ ਅਦੀਬ ਰਜਿੰਦਰ ਸਿੰਘ ਬੇਦੀ ਤੇ ਜ਼ਹੀਰ ਕਸ਼ਮੀਰੀ ਅਤੇ ਮੌਸੀਕੀ ਅਨੂਪਮ ਘਟਕ ਨੇ ਮੁਰੱਤਬਿ ਕੀਤੀ। ਫਿਲਮ ’ਚ ਚਾਂਦ ਬਰਕ ਦੇ ਹਮਰਾਹ ਹੀਰੋ ਦਾ ਕਿਰਦਾਰ ਐੱਸ. ਕਪੂਰ ਨੇ ਅਦਾ ਕੀਤਾ ਸੀ। 5 ਲੱਖ ਦੀ ਲਾਗਤ ਨਾਲ ਬਣੀ ਇਹ ਫਿਲਮ 3 ਜਨਵਰੀ 1947 ਨੂੰ ਰਿਟਜ਼ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ, ਪਰ ਨਾਕਾਮ ਸਾਬਤ ਹੋਈ।
ਜਦੋਂ ਮਹਿੰਦਰ ਗਿੱਲ ਨੇ ਆਪਣੇ ਫਿਲਮਸਾਜ਼ ਅਦਾਰੇ ਮਹਿੰਦਰ ਪਿਕਚਰਜ਼ ਲਈ ਅਪਰ ਇੰਡੀਆ ਸਟੂਡੀਓ, ਲਾਹੌਰ ਵਿੱਚ ਆਪਣੀ ਪਹਿਲੀ ਹਿੰਦੀ ਫਿਲਮ ‘ਮੋਹਨੀ’ (1947) ਸ਼ੁਰੂ ਕੀਤੀ ਤਾਂ ਇਸ ਦੀ ਹਿਦਾਇਤਕਾਰੀ ਦਾ ਜ਼ਿੰਮਾ ਵੀ ਨਿਰੰਜਨ ਦੇ ਸਪੁਰਦ ਕੀਤਾ। ਨਿਰੰਜਨ ਨੇ ਫਿਲਮ ਵਿੱਚ ਆਪਣੀ ਅਦਾਕਾਰਾ ਪਤਨੀ ਚਾਂਦ ਬਰਕ ਨੂੰ ਮਰਕਜ਼ੀ ਕਿਰਦਾਰ ਵਿੱਚ ਪੇਸ਼ ਕੀਤਾ, ਜਿਸ ਦੇ ਰੂਬਰੂ ਪ੍ਰਾਣ (ਬਾਅਦ ’ਚ ਖ਼ਲਨਾਇਕ) ਹੀਰੋ ਦਾ ਪਾਰਟ ਅਦਾ ਕਰ ਰਿਹਾ ਸੀ। ਸਾਥੀ ਫ਼ਨਕਾਰਾਂ ਵਿੱਚ ਮਹਾਂਪਾਰਾ, ਰੂਫ਼ੀ, ਸ਼ਾਂਤੀ ਮਧੋਕ, ਵੀਨਾ ਕੋਹਲੀ, ਖ਼ੁਰਸ਼ੀਦ ਬੇਗ਼ਮ, ਬੇਬੀ ਸ਼ਮਸ਼ਾਦ ਆਦਿ ਨੁਮਾਇਆਂ ਸਨ। ਗੀਤ ਬੇਕਲ ਅੰਮ੍ਰਿਤਸਰੀ, ਸਰਸ਼ਾਰ ਸੈਲਾਨੀ ਤੇ ਰਾਜ ਹਾਸ਼ਮੀ ਨੇ ਤਹਿਰੀਰ ਕੀਤੇ ਅਤੇ ਮੌਸੀਕੀ ਲੱਛੀ ਰਾਮ ਤੇ ਭਾਈ ਲਾਲ ਨੇ ਮੁਰੱਤਬਿ ਕੀਤੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਹਿਦਾਇਤਕਾਰ ਨਿਰੰਜਨ ਨੂੰ ਚਾਂਦ ਬਰਕ ਨਾਲ ਮੁਹੱਬਤ ਹੋ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ।
ਹਿਦਾਇਤਕਾਰ ਨਿਰੰਜਨ ਨੇ ਅਪਰ ਇੰਡੀਆ ਸਟੂਡੀਓ, ਲਾਹੌਰ ਵਿਖੇ ਫਿਲਮਸਾਜ਼ ਅਦਾਰੇ ਨਿਊ ਹਿੰਦੋਸਤਾਨ ਪਿਕਚਰਜ਼ ਲਿਮਟਿਡ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਸਰਿਤ ਮੁਖਰਜੀ) ਵਿੱਚ ਹਿੰਦੀ ਫਿਲਮ ‘ਫ਼ਰਜ਼’ (1947) ਸ਼ੁਰੂ ਕੀਤੀ। ਫਿਲਮ ’ਚ ਉਨ੍ਹਾਂ ਨੇ ਲਾਹੌਰ ਦੇ ਗੱਭਰੂ ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਨੂੰ ‘ਸੁਧੀਰ’ ਦੇ ਨਵੇਂ ਨਾਮ ਤੇ ਨਵੇਂ ਚਿਹਰੇ ਵਜੋਂ ਪੇਸ਼ ਕੀਤਾ ਅਤੇ ਹੀਰੋਇਨ ਦੇ ਪਾਰਟ ਵਿੱਚ ਰਾਗਿਨੀ ਮੌਜੂਦ ਸੀ। ਦੂਜੀ ਹੀਰੋਇਨ ਵਜੋਂ ਉਨ੍ਹਾਂ ਦੀ ਪਤਨੀ ਚਾਂਦ ਬਰਕ ਮੌਜੂਦ ਸੀ। ਇਸ ਫਿਲਮ ਵਿੱਚ ਚਾਂਦ ਬਰਕ ਦੀ ਭੈਣ ਏਰੀਅਲ ਬਰਕ ਵੀ ਸਹਾਇਕ ਅਦਾਕਾਰਾ ਵਜੋਂ ਮੌਜੂਦ ਸੀ।
14 ਦਸੰਬਰ 1946 ਨੂੰ ਲਾਹੌਰ ਤੋਂ ਨਿਕਲਦੇ ‘ਦਿ ਐਡਵੋਕੇਟ ਵੀਕਲੀ’ ਦੇ ਟਾਈਟਲ ’ਤੇ ਚਾਂਦ ਬਰਕ ਦੀ ਛਪੀ ਤਸਵੀਰ ਇਸ ਗੱਲ ਦੀ ਸ਼ਾਹਦੀ ਭਰਦੀ ਸੀ ਕਿ ਇਹ ਮੁਟਿਆਰ ਆਉਣ ਵਾਲੇ ਵਕਤ ਦੀਆਂ ਉਮਦਾ ਹੀਰੋਇਨਾਂ ’ਚ ਸ਼ੁਮਾਰੀ ਜਾਵੇਗੀ। ਪਰ ਅਫ਼ਸੋਸ! ਇਸ ਦੌਰਾਨ ਪੰਜਾਬ ਦੀ ਵੰਡ ਹੋ ਗਈ ਤੇ 1947 ਵਿੱਚ ਚਾਂਦ ਬਰਕ ਆਪਣੇ ਪਤੀ ਨਿਰੰਜਨ ਨਾਲ ਬੰਬਈ ਚਲੀ ਗਈ। ਉਨ੍ਹਾਂ ਦੀ ਫਿਲਮ ‘ਫ਼ਰਜ਼’ 1947 ਵਿੱਚ ਬੰਬੇ ਰਿਲੀਜ਼ ਹੋਈ।
ਚਾਂਦ ਬਰਕ ਨੇ ਬੰਬਈ ਜਾ ਕੇ 1948 ਤੋਂ 1953 ਤੱਕ ਮੁੱਖ ਤੇ ਸਾਥੀ ਅਦਾਕਾਰਾ ਦੇ ਸੋਹਣੇ ਪਾਰਟ ਅਦਾ ਕੀਤੇ, ਜਿਨ੍ਹਾਂ ਵਿੱਚ ਜੀਵਨ ਜਿਓਤ ਕਲਾ ਮੰਦਿਰ, ਬੰਬੇ ਦੀ ਡੀ. ਕੇ. ਰਤਨ ਨਿਰਦੇਸ਼ਿਤ ਫਿਲਮ ‘ਦੁਖਿਆਰੀ’ (1948), ਕੁਲਦੀਪ ਪਿਕਚਰਜ਼, ਬੰਬੇ ਦੀ ਫਿਲਮ ‘ਚੁਨਰੀਆ’ (1948), ਫੇਮਸ ਪਿਕਚਰਜ਼, ਬੰਬੇ ਦੀ ਓ. ਪੀ. ਦੱਤਾ ਨਿਰਦੇਸ਼ਿਤ ਫਿਲਮ ‘ਹਮਾਰੀ ਮੰਜ਼ਿਲ’ (1949), ਕੇ. ਪਿਕਚਰਜ਼, ਬੰਬੇ ਦੀ ਏ. ਜੀ. ਸੂਰਮਾ ਨਿਰਦੇਸ਼ਿਤ ਫਿਲਮ ‘ਪਰਦਾ’ (1949), ਸਟੈਂਡਰਡ ਪਿਕਚਰਜ਼ ਕਾਰਪੋਰੇਸ਼ਨ, ਬੰਬੇ ਦੀ ਰਮਨ ਲਾਲ ਦੇਸਾਈ ਨਿਰਦੇਸ਼ਿਤ ਫਿਲਮ ‘ਰੌਸ਼ਨੀ’ (1949), ਨਿਊ ਬੰਬੇ ਥੀਏਟਰਜ਼, ਬੰਬੇ ਦੀ ਆਰ. ਡੀ. ਪਰਿੰਜਾ ਨਿਰਦੇਸ਼ਿਤ ਫਿਲਮ ‘ਤਾਰਾ’ (1949), ਗੌਤਮ ਚਿੱਤਰ, ਬੰਬੇ ਦੀ ਨਾਨਾਭਾਈ ਭੱਟ ਨਿਰਦੇਸ਼ਿਤ ਫਿਲਮ ‘ਸ਼ੌਕੀਨ’ (1949) ਅਤੇ ਨਿਰਮਲ ਪਿਕਚਰਜ਼, ਬੰਬੇ ਦੀ ਅਜ਼ੀਜ਼ ਕਸ਼ਮੀਰੀ (ਪੰਜਾਬੀ ਗੀਤਕਾਰ) ਦੀ ਫਿਲਮ ‘ਸਬਜ਼ ਬਾਗ’ (1951) ਆਦਿ।
ਜਦੋਂ ਰਾਜ ਕਪੂਰ ਨੇ ਆਪਣੇ ਫਿਲਮਸਾਜ਼ ਅਦਾਰੇ ਆਰ. ਕੇ. ਫਿਲਮਜ਼, ਬੰਬੇ ਦੇ ਬੈਨਰ ਹੇਠ ਪ੍ਰਕਾਸ਼ ਅਰੋੜਾ ਦੀ ਹਿਦਾਇਤਕਾਰੀ ਵਿੱਚ ਫਿਲਮ ‘ਬੂਟ ਪਾਲਿਸ਼’ (1953) ਬਣਾਈ ਤਾਂ ਚਾਂਦ ਬਰਕ ਨੂੰ ‘ਕਮਲਾ ਚਾਚੀ’ ਕਿਰਦਾਰ ਦਿੱਤਾ ਜੋ ਉਸ ਨੇ ਬੜੀ ਉਮਦਗੀ ਨਾਲ ਅਦਾ ਕੀਤਾ। ਸ਼ੰਕਰ-ਜੈਕਿਸ਼ਨ ਦੇ ਸੰਗੀਤ ’ਚ ਹਸਰਤ ਜੈਪੁਰੀ ਦਾ ਲਿਖਿਆ ਗੀਤ ‘ਤਾਰੋਂ ਕੀ ਦਿਲ ਕੀ ਬਾਤ…ਮੈਂ ਬਹਾਰੋਂ ਕੀ ਨਟਖਟ ਰਾਨੀ’ (ਆਸ਼ਾ ਭੌਸਲੇ) ਚਾਂਦ ਬਰਕ ’ਤੇ ਫਿਲਮਾਇਆ ਹਿੱਟ ਗੀਤ ਸੀ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਚਾਂਦ ਬਰਕ ਨੇ ਚਰਿੱਤਰ ਅਦਾਕਾਰਾ ਵਜੋਂ ਕਾਫ਼ੀ ਫਿਲਮਾਂ ਕੀਤੀਆਂ। ਉਸ ਦੀ ਆਖ਼ਰੀ ਹਿੰਦੀ ਫਿਲਮ ਸੇਠ ਪ੍ਰੋਡਕਸ਼ਨਜ਼, ਬੰਬੇ ਦੀ ‘ਮੇਰਾ ਭਾਈ ਮੇਰਾ ਦੁਸ਼ਮਨ’ (1967) ਸੀ।
ਹਿੰਦੀ ਦੇ ਨਾਲ-ਨਾਲ ਚਾਂਦ ਬਰਕ ਨੇ ਪੰਜਾਬੀ ਫਿਲਮਾਂ ਵਿੱਚ ਵੀ ਖ਼ੂਬਸੂਰਤ ਅਦਾਕਾਰੀ ਕੀਤੀ। ਜਦੋਂ ਅੰਮ੍ਰਿਤ ਕੇ. ਓਬਰਾਏ ਨੇ ਆਪਣੇ ਫਿਲਮਸਾਜ਼ ਅਦਾਰੇ ਰੂਪ ਬਾਨੀ ਫਿਲਮਜ਼, ਬੰਬੇ ਦੇ ਬੈਨਰ ਹੇਠ ਜੱਗੀ ਰਾਮਪਾਲ ਦੀ ਹਿਦਾਇਤਕਾਰੀ (ਸਹਾਇਕ ਕ੍ਰਿਸ਼ਨ ਚੰਦਰ, ਪੇਂਟਲ, ਵੇਦ) ਵਿੱਚ ਪੰਜਾਬੀ ਫਿਲਮ ‘ਮੁਟਿਆਰ’ (1950) ਬਣਾਈ ਤਾਂ ਚਾਂਦ ਬਰਕ ਨੇ ਸਹਾਇਕ ਅਦਾਕਾਰਾ ਦਾ ਪਾਰਟ ਅਦਾ ਕੀਤਾ। ਕਹਾਣੀ ਤੇ ਮੁਕਾਲਮੇ ਪੀ. ਐੱਨ. ਰੰਗੀਨ, ਮੰਜ਼ਰਨਾਮਾ ਜੱਗੀ ਰਾਮਪਾਲ ਅਤੇ ਸੰਗੀਤ ਵਿਨੋਦ ਨੇ ਮੁਰੱਤਬਿ ਕੀਤਾ। ਇਹ ਫਿਲਮ 25 ਨਵੰਬਰ 1950 ਨੂੰ ਬੰਬਈ ਵਿਖੇ ਰਿਲੀਜ਼ ਹੋਈ। ਜਦੋਂ ਐੱਨ. ਐੱਸ. ਕਵਾਤੜਾ ਨੇ ਆਪਣੇ ਫਿਲਮਸਾਜ਼ ਅਦਾਰੇ ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਕੇ. ਡੀ. ਮਹਿਰਾ (ਸਹਾਇਕ ਪ੍ਰੇਮ ਦੱਤਾ, ਜਗਦੀਸ਼ ਨਰੂਲਾ, ਪਰਵਾਨਾ) ਦੀ ਹਿਦਾਇਤਕਾਰੀ ’ਚ ਮਜ਼ਾਹੀਆ ਪੰਜਾਬੀ ਫਿਲਮ ‘ਪੋਸਤੀ’ (1951) ਬਣਾਈ ਤਾਂ 19 ਸਾਲਾ ਮੁਟਿਆਰ ਚਾਂਦ ਬਰਕ ਨੂੰ ਮਾਂ ਦੇ ਰੋਲ ਵਿੱਚ ਪੇਸ਼ ਕੀਤਾ। ਚਾਂਦ ਬਰਕ ਨੇ ਫਿਲਮ ਵਿੱਚ ‘ਪੋਸਤੀ’ ਦਾ ਟਾਈਟਲ ਕਿਰਦਾਰ ਨਿਭਾ ਰਹੇ ਅੰਮ੍ਰਿਤਸਰ ਦੇ ਗੱਭਰੂ ਮਜਨੂੰ ਉਰਫ਼ ਹੈਰੋਲਡ ਲੂਈਸ ਦੀ ਮਾਂ ‘ਭਾਗਭਰੀ’ ਤੇ ‘ਕਲੰਦਰ ਸ਼ਾਹ’ ਦਾ ਪਾਤਰ ਨਿਭਾ ਰਹੇ ਚਰਿੱਤਰ ਅਦਾਕਾਰ ਭਾਗ ਸਿੰਘ (ਸਰਦਾਰ ਭਾਗ ਸਿੰਘ ਨਹੀਂ) ਦੀ ਪਤਨੀ ਦਾ ਸੋਹਣਾ ਪਾਰਟ ਅਦਾ ਕੀਤਾ। ਫ਼ਸਾਨਾ ਤੇ ਮੁਕਾਲਮੇ ਮਨੋਹਰ ਸਿੰਘ ਸਹਿਰਾਈ, ਗੀਤ ਚਾਂਦ ਪੰਡਤ, ਮਨੋਹਰ ਸਿੰਘ ਸਹਿਰਾਈ, ਵਰਮਾ ਮਲਿਕ ਅਤੇ ਸੰਗੀਤ ਸਰਦੂਲ ਕਵਾਤੜਾ ਨੇ ਤਾਮੀਰ ਕੀਤਾ। ਇਹ ਕਾਮਯਾਬ ਫਿਲਮ 8 ਜੂਨ 1951 ਨੂੰ ਨਿਊ ਚਿੱਤਰਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਕਵਾਤੜਾ ਫਿਲਮਜ਼, ਬੰਬੇ ਦੀ ਹੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਨਿਰਦੇਸ਼ਿਤ ਮਜ਼ਾਹੀਆ ਫਿਲਮ ‘ਕੌਡੇ ਸ਼ਾਹ’ (1953) ’ਚ ਚਾਂਦ ਬਰਕ ਨੇ ‘ਸੋਹਣੇ’ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਦਲਜੀਤ (ਨਵਾਂ ਚਿਹਰਾ) ਦੀ ਮਾਂ ਦਾ ਚਰਿੱਤਰ ਪਾਰਟ ਅਦਾ ਕੀਤਾ। ਮੰਜ਼ਰਨਾਮਾ, ਮੁਕਾਲਮੇ ਐੱਸ. ਪੀ. ਬਖ਼ਸ਼ੀ, ਗੀਤ ਵਰਮਾ ਮਲਿਕ ਅਤੇ ਸੰਗੀਤ ਸਰਦੂਲ ਕਵਾਤੜਾ ਨੇ ਤਿਆਰ ਕੀਤਾ। ਜੀ. ਡੀ. ਤਲਵਾਰ ਉਰਫ਼ ਬੂਟਾ ਦੇ ਫਿਲਮਸਾਜ਼ ਅਦਾਰੇ ਦਰਬਾਰ ਥੀਏਟਰਜ਼, ਬੰਬੇ ਦੀ ਐੱਸ. ਅਰੋੜਾ ਨਿਰਦੇਸ਼ਿਤ ਫਿਲਮ ‘ਸ਼ਾਹ ਜੀ’ (1954) ’ਚ ਚਾਂਦ ਬਰਕ ਨੇ ‘ਸ਼ਾਹ ਜੀ’ ਦਾ ਟਾਈਟਲ ਰੋਲ ਕਰ ਰਹੇ ਸਤੀਸ਼ ਬੱਤਰਾ ਦੀ ਪਤਨੀ ਦਾ ਕਿਰਦਾਰ ਨਿਭਾਇਆ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਰੂਪਮਾਲਾ ਤੇ ਜਗਦੇਵ ਭਾਂਬਰੀ ਜੋੜੀਦਾਰ ਸਨ। ਇਹ ਫਿਲਮ 4 ਅਪਰੈਲ 1954 ਨੂੰ ਓਡੀਅਨ ਥੀਏਟਰ, ਜਲੰਧਰ ਵਿਖੇ ਰਿਲੀਜ਼ ਹੋਈ। ਕਵਾਤੜਾ ਬ੍ਰਦਰਜ਼, ਬੰਬੇ ਦੀ ਮਜਨੂੰ (ਸਹਾਇਕ ਜੀਤੂ, ਐੱਸ. ਸੁਖਦੇਵ, ਇਕਬਾਲ ਮਿਸ਼ਰਾ) ਨਿਰਦੇਸ਼ਿਤ ਪੰਜਾਬੀ ਫਿਲਮ ‘ਵਣਜਾਰਾ’ (1954) ’ਚ ਚਾਂਦ ਬਰਕ ਨੇ ਚਰਿੱਤਰ ਅਦਾਕਾਰ ਰਮੇਸ਼ ਠਾਕੁਰ (ਚੌਧਰੀ ਰੱਖਾ) ਦੀ ਪਤਨੀ ਤੇ ਅਦਾਕਾਰਾ ਮੰਜੂ (ਰਾਣੋ) ਦੀ ਮਾਂ ਦਾ ਪਾਤਰ ਨਿਭਾਇਆ। ਇਹ ਫਿਲਮ 22 ਫਰਵਰੀ 1955 ਨੂੰ ਕਿਰਨ ਥੀਏਟਰ, ਚੰਡੀਗੜ੍ਹ ਵਿਖੇ ਨੁਮਾਇਸ਼ ਹੋਈ।
ਦਵਿੰਦਰ ਤੇ ਇੰਦਰਜੀਤ ਸ਼ਰਮਾ ਦੇ ਫਿਲਮਸਾਜ਼ ਅਦਾਰੇ ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ ਨਿਰਦੇਸ਼ਿਤ ਪੰਜਾਬੀ ਫਿਲਮ ‘ਪੱਗੜੀ ਸੰਭਾਲ ਜੱਟਾ’ (1960) ’ਚ ਵੀ ਚਾਂਦ ਬਰਕ ਨੇ ਚਰਿੱਤਰ ਕਿਰਦਾਰ ਨਿਭਾਇਆ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਰੂਪਮਾਲਾ ਤੇ ਦਲਜੀਤ ਸਨ। ਐੱਨ. ਕੇ. ਖੰਨਾ ਤੇ ਆਈ. ਐੱਸ. ਢੱਲ ਦੇ ਫਿਲਮਸਾਜ਼ ਅਦਾਰੇ ਨਿਊ ਲਿੰਕ ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫਿਲਮ ‘ਬਿੱਲੋ’ (1961) ’ਚ ਵੀ ਚਾਂਦ ਬਰਕ ਚਰਿੱਤਰ ਅਦਾਕਾਰਾ ਵਜੋਂ ਮੌਜੂਦ ਸੀ। ਐੱਸ. ਐੱਸ. ਚੱਢਾ ਦੇ ਫਿਲਮਸਾਜ਼ ਅਦਾਰੇ ਪਿਓਨੀ ਆਰਟਸ ਪ੍ਰੋਡਕਸ਼ਨਜ਼, ਬੰਬੇ ਦੀ ਪੰਜਾਬੀ ਫਿਲਮ ‘ਪਰਦੇਸੀ ਢੋਲਾ’ (1962) ’ਚ ਚਾਂਦ ਬਰਕ ਨੇ ‘ਸੋਮਾ’ ਦਾ ਪਾਰਟ ਅਦਾ ਕਰ ਰਹੀ ਇੰਦਰਾ ਬਿੱਲੀ ਦੀ ‘ਭਾਬੋ’ (ਮਾਂ) ਦਾ ਪਾਰਟ ਅਦਾ ਕੀਤਾ। ਫਿਲਮ ’ਚ ਹੀਰੋ ਦਾ ਕਿਰਦਾਰ ਰਵਿੰਦਰ ਕਪੂਰ ਨੇ ਨਿਭਾਇਆ ਸੀ। ਰਾਣੀ ਕਪੂਰ ਦੇ ਫਿਲਮਸਾਜ਼ ਅਦਾਰੇ ਗਣੇਸ਼ ਮੂਵੀਜ਼, ਬੰਬੇ ਦੀ ਖ਼ਾਵਰ ਜ਼ਮਾਨ ਨਿਰਦੇਸ਼ਿਤ ਫਿਲਮ ‘ਪਰਦੇਸਣ’ (1969) ’ਚ ਚਾਂਦ ਬਰਕ ਨੇ ਚਰਿੱਤਰ ਅਦਾਕਾਰ ਜਿਲਾਨੀ (ਬਾਊ ਮਹਿੰਗਾ ਰਾਮ) ਦੀ ਪਤਨੀ ਤੇ ਅਦਾਕਾਰ ਪ੍ਰੇਮ ਚੋਪੜਾ ਦੀ ਮਾਂ ਦਾ ਕਿਰਦਾਰ ਨਿਭਾਇਆ। ਕਹਾਣੀ ਕੇ. ਜ਼ਮਾਨ, ਗੀਤ ਵਰਮਾ ਮਲਿਕ ਅਤੇ ਸੰਗੀਤਕਾਰ ਵੀ ਵਰਮਾ ਮਲਿਕ (ਸਹਾਇਕ ਤਿਰਲੋਕ ਚੋਪੜਾ) ਸਨ। ਫਿਲਮ ’ਚ ਇੱਕ ਪੈਰੋਡੀ ਗੀਤ ਚਾਂਦ ਬਰਕ (ਨਾਲ ਜਿਲਾਨੀ) ’ਤੇ ਫਿਲਮਾਇਆ ਗਿਆ, ਜਿਸ ਦੇ ਮਜ਼ਾਹੀਆ ਬੋਲ ਸਨ ‘ਦਿਲ ਤੇਰਾ ਦੀਵਾਨਾ ਬਾਊ ਜੀ’ (ਮੀਨੂੰ ਪ੍ਰੋਸ਼ਤਮ)। ਬੀ. ਡੀ. ਸਹਿਗਲ ਦੇ ਫਿਲਮਸਾਜ਼ ਅਦਾਰੇ ਨੀਰਜ ਫਿਲਮਜ਼, ਬੰਬੇ ਦੀ ਹਰੀਸ਼ ਰਾਣਾ ਨਿਰਦੇਸ਼ਿਤ ਫਿਲਮ ‘ਪਟੋਲਾ’ (1973) ’ਚ ਚਾਂਦ ਬਰਕ ਨੇ ਜਿਲਾਨੀ (ਪਟਵਾਰੀ ਦੀਨ ਦਿਆਲ) ਦੀ ਪਤਨੀ ਤੇ ਇੰਦਰਾ ਬਿੱਲੀ ਦੀ ਬੇਬੇ (ਮਾਂ) ਦਾ ਕਿਰਦਾਰ ਨਿਭਾਇਆ। ਫਿਲਮ ਦਾ ਫ਼ਸਾਨਾ ਤੇ ਹੀਰੋ ਦਾ ਰੋਲ ਰਾਜ ਓਬਰਾਏ (ਨਵਾਂ ਚਿਹਰਾ) ਨੇ ਕੀਤਾ ਸੀ।
ਚਾਂਦ ਬਰਕ ਦੇ ਪਰਿਵਾਰ ਵਿੱਚੋਂ ਉਸ ਦਾ ਇੱਕ ਭਰਾ ਸੈਮੂਅਲ ਮਾਰਟਿਨ ਬਰਕ ਭਾਰਤੀ ਸਿਵਲ ਸੇਵਾ ਅਧਿਕਾਰੀ ਸੀ ਜੋ ਬਾਅਦ ਵਿੱਚ ਪਾਕਿਸਤਾਨ ਵੱਲੋਂ ਰਾਜਦੂਤ ਬਣ ਗਿਆ ਸੀ। ਸਾਲ 1954 ਵਿੱਚ ਆਪਸੀ ਮਤਭੇਦ ਦੇ ਚੱਲਦਿਆਂ ਚਾਂਦ ਬਰਕ ਨੇ ਆਪਣੇ ਹਿਦਾਇਤਕਾਰ ਤੇ ਅਦਾਕਾਰ ਪਤੀ ਨਿਰੰਜਨ (ਹਿਦਾਇਤਕਾਰ ਨਿਰੰਜਨ ਪਾਲ ਨਹੀਂ) ਕੋਲੋਂ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਇਸ ਤੋਂ ਬਾਅਦ 1955 ਵਿੱਚ ਚਾਂਦ ਬਰਕ ਨੇ ਸਿੰਧੀ ਸਿੱਖ ਪਰਿਵਾਰ ਦੇ ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰਵਾ ਲਿਆ ਜੋ ਬਹੁਤ ਵੱਡੇ ਬਿਜ਼ਨਸਮੈਨ ਤੇ ਆਰਕੀਟੈਕਟ ਸਨ। ਰਿਸ਼ਤੇਦਾਰੀ ’ਚੋਂ ਅਦਾਕਾਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਭਵਨਾਨੀ ਸੁੰਦਰ ਸਿੰਘ ਦੀ ਛੋਟੀ ਭੈਣ ਹੈ। ਇਨ੍ਹਾਂ ਦਾ ਇੱਕ ਪੁੱਤਰ ਜਗਜੀਤ ਸਿੰਘ ਭਵਨਾਨੀ ਉਰਫ਼ ਛੋਟੂ ਸਿੰਘ ਮੁੰਬਈ ਅਤੇ ਇੱਕ ਧੀ ਟੋਨੀਆ ਅਮਰੀਕਾ ਰਹਿੰਦੀ ਹੈ। ਅੱਜ ਜਗਜੀਤ ਸਿੰਘ ਅਤੇ ਅੰਜੂ ਦਾ ਪੁੱਤਰ ਰਣਵੀਰ ਸਿੰਘ ਭਵਨਾਨੀ (ਪਤੀ ਅਦਾਕਾਰਾ ਦੀਪਕਾ ਪਾਦੂਕੋਣ) ਬੌਲੀਵੁੱਡ ਦਾ ਸਫਲ ਅਦਾਕਾਰ ਹੈ ਅਤੇ ਧੀ ਦਾ ਨਾਮ ਰਿਤਿਕਾ ਸਿੰਘ ਭਵਨਾਨੀ ਹੈ। ਚਾਂਦ ਬਰਕ ਦੀ ਖ਼ਵਾਹਿਸ਼ ਸੀ ਕਿ ਉਸ ਦਾ ਪੁੱਤਰ ਜਗਜੀਤ ਫਿਲਮੀ ਅਦਾਕਾਰ ਬਣੇ, ਪਰ ਉਹ ਆਪਣੇ ਪਿਤਾ ਵਾਂਗ ਹੀ ਕਾਰੋਬਾਰ ਨੂੰ ਸਮਰਪਿਤ ਰਿਹਾ। ਉਸ ਦੀ ਆਰਜ਼ੂ ਪੂਰੀ ਕੀਤੀ ਉਸ ਦੇ ਪੋਤਰੇ ਰਣਵੀਰ ਸਿੰਘ ਨੇ ਜਿਸ ਨੂੰ ਉਹ ਪਿਆਰ ਨਾਲ ਬਿੱਟੂ ਆਖਦੀ ਸੀ।
ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਬੰਬਈ ਤੱਕ ਆਪਣਾ ਫ਼ਨੀ ਸਫ਼ਰ ਤੈਅ ਕਰਨ ਵਾਲੀ ਮਾਰੂਫ਼ ਚਰਿੱਤਰ ਅਦਾਕਾਰਾ ਚਾਂਦ ਬਰਕ 28 ਦਸੰਬਰ 2008 ਨੂੰ 76 ਸਾਲਾਂ ਦੀ ਉਮਰ ਵਿੱਚ ਮੁੰਬਈ ਵਿਖੇ ਵਫ਼ਾਤ ਪਾ ਗਈ।
ਸੰਪਰਕ: 97805-09545