ਮਨਦੀਪ ਸਿੰਘ ਸਿੱਧੂ
ਭਾਰਤੀ ਫਿਲਮ ਸਨਅਤ ਵਿੱਚ ਬਹੁਤ ਸਾਰੇ ਫ਼ਨਕਾਰ ਆਏ ਜੋ ਆਪਣੀ ਫ਼ਨ-ਏ-ਅਦਾਕਾਰੀ ਸਦਕਾ ਫਿਲਮ ਅੰਬਰ ’ਤੇ ਛਾ ਗਏ ਅਤੇ ਕੁਝ ਉਮਦਾ ਅਦਾਕਾਰ ਹੋਣ ਦੇ ਬਾਵਜੂਦ ਗੁੰਮਨਾਮੀ ਦੇ ਹਨੇਰਿਆਂ ਵਿੱਚ ਗੁਆਚ ਗਏ। ਇਨ੍ਹਾਂ ਸਿਤਾਰਿਆਂ ਦੀ ਫ਼ਹਿਰਿਸਤ ਵਿੱਚ ਇੱਕ ਨਾਮ ਅਦਾਕਾਰ ਅਰਜੁਨ ਦਾ ਵੀ ਆਉਂਦਾ ਹੈ ਜੋ ਚੰਦ ਕੁ ਫਿਲਮਾਂ ਵਿੱਚ ਅਦਾਕਾਰੀ ਕਰਨ ਤੋਂ ਬਾਅਦ ਫਿਲਮੀ ਦੁਨੀਆ ਤੋਂ ਦੂਰ ਹੋ ਗਿਆ। ਜਦੋਂ ਕੁਝ ਸਾਲਾਂ ਬਾਅਦ ਦੁਬਾਰਾ ਫਿਲਮਾਂ ’ਚ ਆਇਆ ਤਾਂ ਓਦੋਂ ਵਕਤ ਬੀਤ ਚੁੱਕਿਆ ਸੀ। ਫਿਰ ਚਾਹ ਕੇ ਵੀ ਉਹ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਕਾਮਯਾਬ ਨਾ ਹੋ ਸਕਿਆ।
ਅਰਜੁਨ ਉਰਫ਼ ਅਰਜਨ ਬਖ਼ਸ਼ੀ ਗਿੱਲ ਦੀ ਪੈਦਾਇਸ਼ 1928 ਵਿੱਚ ਲਧਿਆਣਾ ਦੇ ਪੰਜਾਬੀ ਪਰਿਵਾਰ ਵਿੱਚ ਹੋਈ। ਤਾਲੀਮ ਮੁਕੰਮਲ ਕਰਦਿਆਂ ਹੀ ਉਸ ਨੂੰ ਫਿਲਮਾਂ ਨਾਲ ਦਿਲਚਸਪੀ ਹੋ ਗਈ, ਜਿਸ ਦੇ ਚੱਲਦਿਆਂ ਉਹ ਬੰਬੇ ਪਹੁੰਚ ਗਿਆ। ਖ਼ੂਬਸੂਰਤ ਤਾਂ ਉਹ ਸੀ ਹੀ ਲਿਹਾਜ਼ਾ ਉਸ ਨੂੰ ਜਲਦੀ ਹੀ ਫਿਲਮਾਂ ’ਚ ਅਦਾਕਾਰੀ ਕਰਨ ਦਾ ਮੌਕਾ ਵੀ ਮਿਲ ਗਿਆ। ਉਸ ਨੇ ਪਹਿਲਾਂ ਅਰਜੁਨ ਫਿਰ ਅਰਜੁਨ ਬਖ਼ਸ਼ੀ ਤੇ ਅਰਜੁਨ ਬਖ਼ਸ਼ੀ ਗਿੱਲ ਦੇ ਨਾਮ ਨਾਲ ਮੁੱਖ ਅਦਾਕਾਰ, ਸਾਥੀ ਅਦਾਕਾਰ ਤੇ ਚਰਿੱਤਰ ਅਦਾਕਾਰ ਵਜੋਂ ਕੰਮ ਕੀਤਾ।
ਜਦੋਂ ਡਾ. ਵੀ. ਐੱਨ. ਸਿਨਹਾ ਨੇ ਆਪਣੇ ਫਿਲਮਸਾਜ਼ ਅਦਾਰੇ ਨਵਭਾਰਤ ਪਿਕਚਰਜ਼, ਬੰਬੇ ਦੇ ਬੈਨਰ ਹੇਠ ਮੁਕੰਦ ਐੱਮ. ਮਸੂਰੇਕਰ ਦੀ ਹਿਦਾਇਤਕਾਰੀ ਫਿਲਮ ‘ਦੀਦੀ’ (1948) ਬਣਾਈ ਤਾਂ ਅਰਜੁਨ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਰੰਜਨਾ ਤੇ ਘਣਸ਼ਿਆਮ ਮੌਜੂਦ ਸਨ। ਮੰਜ਼ਰਨਾਮਾ ਤੇ ਮੁਕਾਲਮੇ ਪੰਡਤ ਗਿਰੀਸ਼, ਗੀਤ ਇੰਦੀਵਰ (9 ਗੀਤ) ਤੇ ਸਰਸਵਤੀ ਕੁਮਾਰ ਦੀਪਕ (2 ਗੀਤ), ਫ਼ਸਾਨਾ ਤੇ ਸੰਗੀਤ ਮੁਕੰਦ ਐੱਮ. ਮਸੂਰੇਕਰ ਨੇ ਤਾਮੀਰ ਕੀਤਾ।
ਅਰਜੁਨ ਨੂੰ ਮੁੱਖ ਹੀਰੋ ਵਜੋਂ ਪਹਿਲਾ ਮੌਕਾ ਦਿੱਤਾ ਮਾਰੂਫ਼ ਗੁਲੂਕਾਰ ਮੁਕੇਸ਼ ਨੇ। ਜਦੋਂ ਉਨ੍ਹਾਂ ਨੇ ਆਪਣੇ ਫਿਲਮਸਾਜ਼ ਅਦਾਰੇ ਡਾਰਲਿੰਗ ਫਿਲਮਜ਼, ਬੰਬੇ ਦੇ ਬੈਨਰ ਹੇਠ ਹਰੀਸ਼ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਮਲਹਾਰ’ (1951) ਸ਼ੁਰੂ ਕੀਤੀ ਤਾਂ ਇਸ ਵਿੱਚ ਨਵੇਂ ਚਿਹਰੇ ਵਜੋਂ ਪੰਜਾਬੀ ਗੱਭਰੂ ਅਰਜੁਨ ਨੂੰ ਪੇਸ਼ ਕੀਤਾ। ਉਸ ਨੇ ਫਿਲਮ ’ਚ ‘ਰਤਨ’ ਦਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਪਾਰਸੀ ਮੁਟਿਆਰ ਸ਼ਮੀ ਉਰਫ਼ ਨਰਗਿਸ ਰਬਾਦੀ (ਪਹਿਲੀ ਫਿਲਮ) ‘ਰੇਸ਼ਮੀ’ ਦਾ ਪਾਰਟ ਅਦਾ ਕਰ ਰਹੀ ਸੀ। ਕਹਾਣੀ, ਮੁਕਾਲਮੇ ਐੱਸ. ਕੇ. ਪ੍ਰੇਮ, ਗੀਤ ਇੰਦੀਵਰ (4 ਗੀਤ), ਕੈਫ਼ ਇਰਫ਼ਾਨੀ (3 ਗੀਤ) ਤੇ ਸ਼ਿਆਮ ਲਾਲ (ਇੱਕ ਗੀਤ) ਅਤੇ ਮੌਸੀਕੀ ਰੌਸ਼ਨ (ਸਹਾਇਕ ਚੰਦਰਕਾਂਤ) ਨੇ ਮੁਰੱਤਬਿ ਕੀਤੀ। ਫਿਲਮ ’ਚ ਅਰਜੁਨ (ਨਾਲ ਸ਼ਮੀ) ’ਤੇ ਫਿਲਮਾਏ ਗੀਤ ‘ਬਸਾ ਲੀ ਦਿਲ ਮੇਂ ਤੇਰੀ ਯਾਦ…ਤਾਰਾ ਟੂਟੇ ਦੁਨੀਆ ਦੇਖੇ’ ਤੇ ‘ਦਿਲ ਤੁਝੇ ਦੀਆ ਥਾ ਰਖਨੇ ਕੋ ਤੂਨੇ ਦਿਲ ਕੋ ਜਲਾ ਕੇ ਰਖ ਦੀਆ’ (ਮੁਕੇਸ਼), ‘ਕਹਾਂ ਹੋ ਤੁਮ ਜ਼ਰਾ ਆਵਾਜ਼ ਦੋ ਹਮ ਯਾਦ ਕਰਤੇ ਹੈਂ’, ‘ਇੱਕ ਬਾਰ ਅਗਰ ਤੂ ਕਹਿ ਦੇ ਤੂ ਹੈ ਮੇਰੀ ਕਿ ਮੈਂ ਹੂੰ ਤੇਰਾ’ (ਮੁਕੇਸ਼, ਲਤਾ ਮੰਗੇਸ਼ਕਰ) ਜਿੱਥੇ ਬੜੇ ਪਸੰਦ ਕੀਤੇ ਗਏ, ਉੱੱਥੇ ਦੋਵਾਂ ’ਤੇ ਫਿਲਮਾਇਆ ਰੂਮਾਨੀ ਗੀਤ ‘ਬੜੇ ਅਰਮਾਨੋਂ ਸੇ ਰਖਾ ਹੈ ਬਲਮ ਤੇਰੀ ਕਸਮ ਪਿਆਰ ਕੀ ਦੁਨੀਆ ਮੇਂ ਯੇਹ ਪਹਿਲਾ ਕਦਮ’ (ਲਤਾ ਮੰਗੇਸ਼ਕਰ, ਮੁਕੇਸ਼) ਹੱਦ ਦਰਜਾ ਮਕਬੂਲ ਹੋਇਆ ਤੇ ਅੱਜ ਵੀ ਪਸੰਦ ਕੀਤਾ ਜਾਂਦਾ ਹੈ। 141 ਮਿੰਟ ਦੀ ਇਹ ਫਿਲਮ 28 ਅਗਸਤ 1951 ਨੂੰ ਸੈਂਸਰ ਹੋਈ।
ਜਦੋਂ ਅਸ਼ਫ਼ਾਕ ਮਲਿਕ ਨੇ ਅਬਦੁੱਲ ਰਸ਼ੀਦ ਕਾਰਦਾਰ (ਏ. ਆਰ. ਕਾਰਦਾਰ) ਦੇ ਫਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਮਹੇਸ਼ ਕੌਲ ਦੀ ਹਿਦਾਇਤਕਾਰੀ ਵਿੱਚ ਫਿਲਮ ‘ਨੌਜਵਾਨ’ (1951) ਬਣਾਈ ਤਾਂ ਅਰਜੁਨ ਨੂੰ ਛੋਟੇ ਜਿਹੇ ਕਿਰਦਾਰ ਵਿੱਚ ਪੇਸ਼ ਕੀਤਾ। ਸਚਿਨ ਦੇਵ ਬਰਮਨ (ਸਹਾਇਕ ਸੁਹਿਰਦ ਕਰ) ਦੇ ਸੰਗੀਤ ਵਿੱਚ ਸਾਹਿਰ ਲੁਧਿਆਣਵੀ ਦਾ ਲਿਖਿਆ ਗੀਤ ‘ਹਮ ਔਰ ਤੁਮ ਪੀ-ਪੀ ਪੀਆ’ (ਸ਼ਮਸ਼ਾਦ ਬੇਗ਼ਮ, ਕਿਸ਼ੋਰ ਕੁਮਾਰ) ਜੋ ਨ੍ਰਿਤ ਅਦਾਕਾਰਾ ਕੁੱਕੂ ਤੇ ਸਾਥੀ ’ਤੇ ਫਿਲਮਾਇਆ ਗਿਆ ਸੀ ਦੇ ਪਸਮੰਜ਼ਰ ਵਿੱਚ ਫ਼ਿਲਮ ਦੀ ਮੁੱਖ ਅਦਾਕਾਰਾ ਨਲਿਨੀ ਜਯਵੰਤ ਨਾਲ ਅਰਜੁਨ ਵੀ ਵਿਖਾਈ ਦਿੰਦਾ ਹੈ ਜਦੋਂਕਿ ਫਿਲਮ ’ਚ ਹੀਰੋ ਦਾ ਕਿਰਦਾਰ ਪ੍ਰੇਮ ਨਾਥ ਨੇ ਨਿਭਾਇਆ ਸੀ। 138 ਮਿੰਟ ਦੀ ਇਹ ਫਿਲਮ 16 ਜੂਨ 1951 ਨੂੰ ਸੈਂਸਰ ਹੋਈ ਸੀ।
ਅਰਜੁਨ ਦੀ ਮੁੱਖ ਹੀਰੋ ਵਜੋਂ ਦੂਜੀ ਫਿਲਮ ਪੰਜਾਬ ਦੇ ਮਸ਼ਹੂਰ ਲੋਕ ਫ਼ਸਾਨੇ ‘ਬਾਲੋ-ਮਹੀਏ’ ਉੱਤੇ ਆਧਾਰਿਤ ਸੀ। ਜਦੋਂ ਫਿਲਮਸਾਜ਼ ਜੇ. ਐੱਲ. ਪਰਾਸ਼ਰ ਨੇ ਆਪਣੇ ਫਿਲਮਸਾਜ਼ ਅਦਾਰੇ ਨਵ-ਚਿੱਤਰਕਾਰ ਲਿਮਟਿਡ, ਬੰਬੇ ਦੇ ਬੈਨਰ ਹੇਠ ਕੁਲਦੀਪ (ਸਹਾਇਕ ਓ.ਪੀ. ਰਲਹਨ, ਅਨਿਲ ਗੁਪਤਾ, ਗੰਧਰਵ ਰਾਜ) ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਬਾਲੋ’ (1951) ਬਣਾਈ ਤਾਂ ਅਰਜੁਨ ਨੂੰ ‘ਮਾਹੀਏ’ ਦੇ ਕਿਰਦਾਰ ਵਿੱਚ ਪੇਸ਼ ਕੀਤਾ ਜਦੋਂਕਿ ‘ਬਾਲੋ’ ਦਾ ਟਾਈਟਲ ਪਾਰਟ ਅਦਾਕਾਰਾ ‘ਸ਼ਕੁੰਤਲਾ’ ਅਦਾ ਕਰ ਰਹੀ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਰਾਮ ਪ੍ਰਕਾਸ਼ ‘ਅਸ਼ਕ’, ਗੀਤ ਸਾਹਿਰ ਲੁਧਿਆਣਵੀ (ਪਹਿਲੀ ਪੰਜਾਬੀ ਫਿਲਮ) ਅਤੇ ਸੰਗੀਤ ਐੱਨ. ਦੱਤਾ ਨੇ ਤਾਮੀਰ ਕੀਤਾ। ਅਰਜੁਨ ਤੇ ਸ਼ਕੁੰਤਲਾ ’ਤੇ ਫਿਲਮਾਏ ਗੀਤ ‘ਕੋਈ ਜਾਦੂ ਕਰ ਗਿਆ ਨੀਂ, ਨਿੱਕਾ ਜਿਹਾ ਦਿਲ ਮੇਰਾ ਸੱਧਰਾਂ ਨਾਲ ਭਰ ਗਿਆ ਨੀਂ/ਬਾਲੋ…ਕਿਓਂ ਲੁਕ-ਲੁਕ ਬਹਿੰਦੇ ਓ/ਮਾਹੀਆ’ ਤੇ ‘ਬੇੜੀ ਦਾ ਮੱਲਾਹ ਕੋਈ ਨਾ ਇੱਕ ਵਾਰੀ ਮਿਲ ਜਾਵੀਂ ਜਿੰਦੜੀ ਦਾ ਵਿਸਾਹ ਕੋਈ ਨਾ/ਮਾਹੀਆ…ਮਿਲਨੇ ਦੀ ਰਾਹ ਕੋਈ ਨਾ/ਬਾਲੋ’ (ਕ੍ਰਿਸ਼ਨ ਗੋਇਲ, ਸੁਰਿੰਦਰ ਕੌਰ) ਅਤੇ 2 ਏਕਲ ਗੀਤ ‘ਹਾਰਾਂ ਦੀਆਂ ਪੰਜ ਲੜੀਆਂ, ਤੇਰਾ ਪਿੱਛਾ ਨਹੀਂ ਛੱਡਣਾ ਭਾਵੇਂ ਲੱਗ ਜਾਣ ਹੱਥਕੜੀਆਂ’ ਤੇ ‘ਜਿੰਦੜੀਏ ਹੌਲੇ-ਹੌਲੇ ਰੋਅ, ਇਸ ਨਗਰੀ ਵਿੱਚ ਦਿਲ ਦੇ ਗ਼ਮਾਂ ਦੀ ਸਾਰ ਨਾ ਜਾਣੇ ਕੋ’ (ਕ੍ਰਿਸ਼ਨ ਗੋਇਲ) ਗੀਤ ਬੇਹੱਦ ਮਕਬੂਲ ਹੋਏ। 16 ਅਕਤੂਬਰ 1951 ਨੂੰ ਸੈਂਸਰ ਹੋਈ ਇਹ ਫਿਲਮ 2 ਨਵੰਬਰ 1951 ਨੂੰ ਨੌਲੱਖਾ ਸਿਨਮਾ, ਲੁਧਿਆਣਾ, ਹਰੀ ਪੈਲੇਸ, ਜਲੰਧਰ ਵਿਖੇ ਨੁਮਾਇਸ਼ ਹੋਈ।
ਜਦੋਂ ਫਿਲਮਸਾਜ਼ ਹਰੀਸ਼ ਨੇ ਆਪਣੇ ਫਿਲਮਸਾਜ਼ ਅਦਾਰੇ ਹਰੀਸ਼ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਡਾਕੂ ਕੀ ਲੜਕੀ’ (1954) ਬਣਾਈ ਤਾਂ ਅਰਜੁਨ ਨੇ ਵੀ ਫਿਲਮ ਵਿੱਚ ਸਹਾਇਕ ਭੂਮਿਕਾ ਨਿਭਾਈ। ਫਿਲਮ ’ਚ ਡਾਕੂ ਦੀ ਲੜਕੀ ਦਾ ਟਾਈਟਲ ਰੋਲ ਅਦਾਕਾਰਾ ਗੀਤਾ ਬਾਲੀ ਉਰਫ਼ ਹਰਕੀਰਤਨ ਕੌਰ ਨੇ ਨਿਭਾਇਆ ਜਦੋਂਕਿ ਦੀਗ਼ਰ ਫ਼ਨਕਾਰਾਂ ’ਚ ਸ਼ੇਖ਼ ਮੁਖਤਾਰ, ਮੁਕਰੀ, ਸੰਕਟਾ ਪ੍ਰਸ਼ਾਦ, ਸ਼ਿਵਰਾਜ, ਅਲਕਾਰਾਨੀ, ਸ਼ਾਹਗੁਲ, ਰਾਜਨ ਕਪੂਰ, ਕੱਕੂ ਆਦਿ ਸ਼ਾਮਲ ਸਨ। ਇਸ ਫਿਲਮ ਦੀ ਨੁਮਾਇਸ਼ ਤੋਂ ਬਾਅਦ ਅਰਜੁਨ ਫਿਲਮੀ ਦੁਨੀਆ ਵਿੱਚੋਂ ਇਕਦਮ ਲੋਪ ਹੋ ਗਏ।
1970ਵਿਆਂ ਦੇ ਦਹਾਕੇ ’ਚ ਚਰਿੱਤਰ ਅਦਾਕਾਰ ਵਜੋਂ ਫਿਲਮ ਸਕਰੀਨ ’ਤੇ ਨਜ਼ਰ ਆਏ। ਜਦੋਂ ਰਾਮੇਸ਼ ਸਹਿਗਲ ਨੇ ਆਪਣੇ ਫਿਲਮਸਾਜ਼ ਅਦਾਰੇ ਟਵਿੰਕਲ ਸਟਾਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਸੰਕਲਪ’ (1974) ਬਣਾਈ ਤਾਂ ਅਰਜੁਨ ਨੇ ਅਰਜੁਨ ਬਖ਼ਸ਼ੀ ਦੇ ਨਾਮ ਨਾਲ ‘ਸ਼ਿਆਮ’ ਦਾ ਚਰਿੱਤਰ ਕਿਰਦਾਰ ਨਿਭਾਇਆ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਫਰੀਦਾ ਜਲਾਲ ਤੇ ਸੁਖਦੇਵ ਮੌਜੂਦ ਸਨ। ਸ਼ਿਵ ਕੁਮਾਰ ਦੇ ਫਿਲਮਸਾਜ਼ ਅਦਾਰੇ ਸ਼ਿਵ ਕੁਮਾਰ ਪ੍ਰੋਡਕਸ਼ਨਜ਼, ਬੰਬੇ ਦੀ ਸ਼ਿਵ ਕੁਮਾਰ ਨਿਰਦੇਸ਼ਿਤ ਫਿਲਮ ‘ਅੰਗ ਸੇ ਅੰਗ ਲਗਾ ਲੇ’ (1974) ’ਚ ਅਰਜੁਨ ਨੇ ਅਰਜੁਨ ਬਖ਼ਸ਼ੀ ਗਿੱਲ ਦੇ ਨਾਮ ਨਾਲ ਡਾਕਟਰ ਸ਼ਰਮਾ ਦਾ ਚਰਿੱਤਰ ਕਿਰਦਾਰ ਨਿਭਾਇਆ। ਫਿਲਮ ਵਿੱਚ ਸਤੀਸ਼ ਕੌਲ (ਫਿਲਮ ਇੰਸਟੀਚਿਊਟ, ਪੂਨਾ) ਤੇ ਪ੍ਰੇਮਾ ਨਰਾਯਣ (ਮਿਸ ਇੰਡੀਆ 1971) ਮੁੱਖ ਭੂਮਿਕਾ ਨਿਭਾ ਰਹੇ ਸਨ। ਪ੍ਰਾਚੀ ਫਿਲਮਜ਼, ਬੰਬੇ ਦੀ ਰਵੀ ਕਾਂਤ ਨਗਾਇਚ ਨਿਰਦੇਸ਼ਿਤ ਫਿਲਮ ‘ਡਿਊਟੀ’ (1986) ਅਰਜੁਨ ਬਖ਼ਸ਼ੀ ਦੀ ਆਖ਼ਰੀ ਫਿਲਮ ਕਰਾਰ ਪਾਈ। ਇਸ ਫਿਲਮ ਵਿੱਚ ਉਸ ਨੇ ‘ਪੁਲੀਸ ਕਮਿਸ਼ਨਰ’ ਦਾ ਪਾਰਟ ਅਦਾ ਕੀਤਾ ਸੀ।
ਇਸ ਤੋਂ ਇਲਾਵਾ ਅਰਜੁਨ ਦੇ ਨਾਮ ਨਾਲ ਉਸ ਨੇ ਫਲੀ ਮਿਸਤਰੀ ਤੇ ਰੌਬਿਨ ਚੈਟਰਜੀ (ਸਾਊਂਡ ਰਿਕਾਰਡਿਸਟ) ਦੇ ਫਿਲਮਸਾਜ਼ ਅਦਾਰੇ ਯੂਨਾਈਟਿਡ ਟੈਕਨੀਸ਼ੀਅਨਜ਼, ਬੰਬੇ ਦੀ ਫਲੀ ਮਿਸਤਰੀ (ਸਹਾਇਕ ਕਿਰਨ ਕੁਮਾਰ) ਨਿਰਦੇਸ਼ਿਤ ਫਿਲਮ ‘ਜਾਨ ਪਹਿਚਾਨ’ (1950) ਵਿੱਚ ਮੈਕਅਪ ਆਰਟਿਸਟ ਵਜੋਂ ਕੰਮ ਕੀਤਾ। ਐੱਸ. ਯੂ. ਸਨੀ ਦੇ ਫਿਲਮਸਾਜ਼ ਅਦਾਰੇ ਸਨੀ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਯੂ. ਸਨੀ ਨਿਰਦੇਸ਼ਿਤ ਫਿਲਮ ‘ਬਾਬੁਲ’ (1950) ਵਿੱਚ ਵੀ ਅਰਜੁਨ ਨੇ ਆਸ਼ੂ ਬਾਬੂ ਦੇ ਸਹਾਇਕ ਮੈਕਅਪ ਆਰਟਿਸਟ ਦੀ ਭੂਮਿਕਾ ਨਿਭਾਈ।
ਅਰਜੁਨ ਦੀ ਇੱਕ ਧੀ ਵੀ ਸੀ ਜਿਸ ਦਾ ਨਾਮ ਜਿਓਤੀ ਬਖ਼ਸ਼ੀ ਸੀ। ਜਦੋਂ ਵਿਜੈ ਆਨੰਦ ਨੇ ਆਪਣੇ ਫਿਲਮਸਾਜ਼ ਅਦਾਰੇ ਨਵਕੇਤਨ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਬੁਲੇਟ’ (1976) ਬਣਾਈ ਤਾਂ ਇਸ ’ਚ ਨਵੇਂ ਚਿਹਰੇ ਵਜੋਂ ਅਦਾਕਾਰਾ ਜਿਓਤੀ ਬਖ਼ਸ਼ੀ ਨੂੰ ਪੇਸ਼ ਕੀਤਾ, ਜਿਸ ਨੇ ‘ਰੋਸ਼ੀ’ ਦਾ ਪਾਰਟ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਵੱਡਾ ਭਰਾ ਦੇਵ ਆਨੰਦ ਮੌਜੂਦ ਸੀ। ਇਸ ਫਿਲਮ ਤੋਂ ਬਾਅਦ ਜਿਓਤੀ ਨੇ ਸਾਥੀ ਅਦਾਕਾਰਾ ਵਜੋਂ ‘ਜੇਲ੍ਹ ਯਾਤਰਾ’ (1981), ‘ਜੌਨੀ ਆਈ ਲਵ ਯੂ’, ‘ਤੇਰੀ ਕਸਮ’ (1982), ‘ਬੜੇ ਦਿਲ ਵਾਲਾ’, ‘ਫ਼ਰੇਬ’ (1983) ਆਦਿ ਵਿZਚ ਆਪਣੀ ਅਦਾਕਾਰੀ ਦੀ ਵਧੀਆ ਨੁਮਾਇਸ਼ ਕੀਤੀ, ਪਰ ਫਿਰ ਵੀ ਕਾਮਯਾਬੀ ਤੋਂ ਦੂਰ ਰਹੀ।
1996 ਵਿੱਚ ਅਰਜੁਨ ਫਿਲਮ ਨਗਰੀ ਮੁੰਬਈ ਨੂੰ ਪੱਕੇ ਤੌਰ ’ਤੇ ਖ਼ੈਰਬਾਦ ਕਹਿ ਕੇ ਕੈਨੇਡਾ ਵੱਸ ਗਏ ਸਨ ਜਿੱਥੇ ਉਹ 2000 ਵਿੱਚ 72 ਸਾਲਾਂ ਦੀ ਉਮਰ ਵਿੱਚ ਫ਼ੌਤ ਹੋ ਗਏ। 2005 ਵਿੱਚ ਉਨ੍ਹਾਂ ਦੀ ਧੀ ਜਿਓਤੀ ਬਖ਼ਸ਼ੀ ਗਿੱਲ ਵੀ ਤਰਸਯੋਗ ਹਾਲਤ ਵਿੱਚ ਮਰ ਗਈ।
ਸੰਪਰਕ: 97805-09545