ਮਨਦੀਪ ਸਿੰਘ ਸਿੱਧੂ
ਨੁਸਰਤ ਕਾਰਦਾਰ ਉਰਫ਼ ਐੱਨ. ਜੇ. ਕਾਰਦਾਰ ਉਰਫ਼ ਨੁਸਰਤ ਜੰਗ ਕਾਰਦਾਰ ਦੀ ਪੈਦਾਇਸ਼ 19 ਅਪਰੈਲ 1922 ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਵਾਲਿਦ ਅਬਦੁੱਲ ਰਹੀਮ ਲਾਹੌਰ ਵਿੱਚ ਇੰਜੀਨੀਅਰ ਸਨ। ਲਾਹੌਰ ਤੋਂ ਤਾਲੀਮ ਮੁਕੰਮਲ ਕਰਨ ਤੋਂ ਬਾਅਦ 1940 ਵਿੱਚ ਜਦੋਂ ਦੂਸਰੀ ਜੰਗ ਸ਼ੁਰੂ ਹੋਈ ਤਾਂ ਨੁਸਰਤ ਏਅਰ ਫੋਰਸ ਵਿੱਚ ਪਾਇਲਟ ਦੀ ਹੈਸੀਅਤ ਨਾਲ ਮੁਲਾਜ਼ਮ ਹੋ ਗਏ। ਇਨ੍ਹਾਂ ਨੇ ਬਰਮਾ ਦੇ ਮੁਹਾਜ਼ ਉੱਤੇ ਜੰਗ ਲੜੀ ਤੇ ਬੰਬ ਡੇਗਣ ਵਾਲੇ ਜਹਾਜ਼ ਦੀ ਕਮਾਂਡ ਸੰਭਾਲਦਿਆਂ ਕਈ ਕਾਮਯਾਬੀਆਂ ਹਾਸਿਲ ਕੀਤੀਆਂ। ਬੰਬਾਂ ਦੀਆਂ ਤਬਾਹਕਾਰੀਆਂ ਨੇ ਇਨ੍ਹਾਂ ਦੇ ਦਿਲ ’ਤੇ ਡੂੰਘੇ ਅਸਰ ਛੱਡੇ ਤਾਂ ਨੁਸਰਤ ਨੇ ਸਤੰਬਰ 1944 ਵਿੱਚ ਰਾਇਲ ਏਅਰ ਫੋਰਸ ਨੂੰ ਅਸਤੀਫ਼ਾ ਦੇ ਦਿੱਤਾ।
ਉਨ੍ਹਾਂ ਦਿਨ੍ਹਾਂ ਵਿੱਚ ਇਨ੍ਹਾਂ ਦਾ ਵੱਡਾ ਭਰਾ ਮੀਆਂ ਏ. ਆਰ. ਕਾਰਦਾਰ ਉਰਫ਼ ਅਬਦੁੱਲ ਰਸ਼ੀਦ ਕਾਰਦਾਰ ਲਾਹੌਰ ਤੋਂ ਬਾਅਦ ਬੰਬਈ ਦੀ ਫਿਲਮ ਸਨਅਤ ਵਿੱਚ ਮਾਰੂਫ਼ ਫਿਲਮਸਾਜ਼ ਤੇ ਹਿਦਾਇਤਕਾਰ ਵਜੋਂ ਆਪਣੀ ਪੁਖ਼ਤਾ ਸ਼ਨਾਖ਼ਤ ਰੱਖਦਾ ਸੀ। 1946 ਵਿੱਚ ਮੀਆਂ ਕਾਰਦਾਰ ਨੇ ਨੁਸਰਤ ਨੂੰ ਬੰਬਈ ਸੱਦ ਲਿਆ ਅਤੇ ਆਪਣਾ ਸਹਾਇਕ ਬਣਾ ਲਿਆ। ਜਦੋਂ ਏ. ਆਰ. ਕਾਰਦਾਰ ਨੇ ਆਪਣੇ ਫਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਹੇਠ ਤਾਰੀਖ਼ੀ ਹਿੰਦੀ/ਉਰਦੂ ਫਿਲਮ ‘ਸ਼ਾਹਜਹਾਨ’(1946) ਬਣਾਈ ਤਾਂ ਘਟਾਲਾ, ਕੇ. ਅਗਰਵਾਲ ਤੇ ਭਰਾ ਨੁਸਰਤ ਨੂੰ ਸਹਾਇਕ ਹਿਦਾਇਤਕਾਰ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ। ਫਿਲਮ ਵਿੱਚ ‘ਸ਼ਾਹਜਹਾਨ’ਦਾ ਟਾਈਟਲ ਰੋਲ ਲਾਹੌਰ ਦੇ ਰਈਸ ਐੱਮ. ਡੀ. ਕੰਵਰ ਤੇ ਲਾਹੌਰ ਦੀ ਰਾਗਿਨੀ ਨੇ ‘ਮੁਮਤਾਜ਼ ਮਹਿਲ’ਦਾ ਪਾਰਟ ਅਦਾ ਕੀਤਾ ਸੀ। ਦੀਗ਼ਰ ਫ਼ਨਕਾਰਾਂ ਵਿੱਚ ਕੁੰਦਨ ਲਾਲ ਸਹਿਗਲ (ਸ਼ਾਇਰ ਸਹੇਲ), ਜੈਰਾਜ (ਸ਼ੀਰਾਜ਼ੀ), ਨਸਰੀਨ (ਰੂਹੀ) ਆਦਿ ਸ਼ਾਮਿਲ ਸਨ।
ਏ. ਆਰ. ਕਾਰਦਾਰ ਦੇ ਫਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਦੀ ਹਿਦਾਇਤਕਾਰੀ (ਸਹਾਇਕ ਘਟਾਲਾ, ਕੇ. ਅਗਰਵਾਲ) ਵਿੱਚ ਬਣੀ ਹਿੰਦੀ/ਉਰਦੂ ਫਿਲਮ ‘ਦਰਦ’(1947) ਵਿੱਚ ਉਨ੍ਹਾਂ ਨੇ ਆਪਣੇ ਛੋਟੇ ਭਰਾ ਨੁਸਰਤ ਜੰਗ ਕਾਰਦਾਰ ਨੂੰ ਨੁਸਰਤ ਦੇ ਨਾਮ ਨਾਲ ਮੁਤਆਰਿਫ਼ ਕਰਵਾਇਆ। ਨੁਸਰਤ ਨੇ ਫਿਲਮ ਵਿੱਚ ‘ਡਾਕਟਰ ਇਕਬਾਲ’ਦਾ ਸੋਹਣਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਲਾਹੌਰ ਦੀਆਂ ਹੀ ਦੋ ਪੰਜਾਬਣ ਮੁਟਿਆਰਾਂ ਸੁਰੱਈਆ (ਹਮੀਦਾ) ਤੇ ਮੁਨੱਵਰ ਸੁਲਤਾਨਾ (ਸੁਰੱਈਆ/ਬਾਨੋ) ਹੀਰੋਇਨ ਦਾ ਪਾਰਟ ਅਦਾ ਕਰ ਰਹੀਆਂ ਸਨ ਤੇ ਅਖ਼ੀਰ ਵਿੱਚ ਨੁਸਰਤ ਦੇ ਹਿੱਸੇ ਸੁਰੱਈਆ ਦੀ ਮੁਹੱਬਤ ਆਉਂਦੀ ਹੈ। ਬਾਕੀ ਅਦਾਕਾਰਾਂ ਵਿੱਚ ਹੁਸਨ ਬਾਨੋ (ਜ਼ੁਬੈਦਾ), ਸ਼ਿਆਮ ਕੁਮਾਰ (ਦਿਲਾਵਰ/ਖਲਨਾਇਕ), ਬਦਰੀ ਪ੍ਰਸ਼ਾਦ (ਨਵਾਬ ਸਾਹਿਬ), ਪ੍ਰਤਿਮਾ ਦੇਵੀ (ਬੇਗ਼ਮ ਰਹੀਬਾ), ਅਮੀਰ ਅਲੀ (ਮੁਣਸ਼ੀ ਅਮਜਦ ਅਲੀ), ਲਕਸ਼ਮਨ (ਇਕਬਾਲ ਜੂਨੀਅਰ), ਨੂਰ ਮਹਿਲ (ਸੁਰੱਈਆ ਜੂਨੀਅਰ), ਅਮਰ (ਮਹਿਮਾਨ ਭੂਮਿਕਾ) ਨੁਮਾਇਆਂ ਸਨ। ਫ਼ਸਾਨਾ ਰਈਸ ਅਹਿਮਦ ਜਾਫ਼ਰੀ, ਮੁਕਾਲਮੇ ਰਈਸ ਅਹਿਮਦ ਜਾਫ਼ਰੀ ਤੇ ਅਜ਼ਮ ਬਜ਼ੀਦਪੁਰੀ, ਗੀਤ ਸ਼ਕੀਲ ਬਦਾਯੂਨੀ (ਪਹਿਲੀ ਫਿਲਮ) ਅਤੇ ਧੁਨਾਂ ਨੌਸ਼ਾਦ ਅਲੀ ਨੇ ਤਾਮੀਰ ਕੀਤੀਆਂ ਸਨ। ਇਸ ਫਿਲਮ ਵਿੱਚ ਨੌਸ਼ਾਦ ਅਲੀ ਨੇ ਇੱਕ ਨਵੀਂ ਆਵਾਜ਼ ਨੂੰ ਪੇਸ਼ ਕੀਤਾ ਜਿਸ ਦਾ ਨਾਮ ਸੀ ਉਮਾ ਦੇਵੀ ਜੋ ਬਾਅਦ ਵਿੱਚ ਭਾਰਤੀ ਫਿਲਮਾਂ ਦੀ ਮਸ਼ਹੂਰ ਮਜ਼ਾਹੀਆ ਅਦਾਕਾਰਾ ਟੁਨਟੁਨ ਦੇ ਨਾਮ ਨਾਲ ਮਸ਼ਹੂਰ ਹੋਈ। ਉਮਾ ਨੇ ਇਸ ਫਿਲਮ ਵਿੱਚ 3 ਗੀਤ ਗਾਏ, ਪਰ ਉਸ ਦਾ ਗਾਇਆ ਤੇ ਮੁਨੱਵਰ ਸੁਲਤਾਨਾ ’ਤੇ ਫਿਲਮਾਇਆ ਗੀਤ ‘ਅਫ਼ਸਾਨਾ ਲਿਖ ਰਹੀ ਹੂੰ ਦਿਲੇ ਬੇਕਰਾਰ ਕਾ’ ਹੱਦ ਦਰਜਾ ਮਕਬੂਲ ਹੋਇਆ। ਸੁਰੱਈਆ ਨੇ ਫਿਲਮ ਵਿੱਚ 5 ਗੀਤ ਗਾਏ ਤੇ ਉਸ ਦਾ ਗਾਇਆ ਤੇ ਉਸ ’ਤੇ ਹੀ ਫਿਲਮਾਇਆ ਗਿਆ ਗੀਤ ‘ਦਿਲ ਧੜਕੇ ਆਂਖ ਮੋਰੀ ਫੜਕੇ’ ਵੀ ਬੜਾ ਹਿੱਟ ਹੋਇਆ। ਸ਼ਮਸ਼ਾਦ ਨੇ ਵੀ ਫ਼ਿਲਮ ਵਿੱਚ 2 ਗੀਤ ਗਾਏ ‘ਯੇ ਅਫ਼ਸਾਨਾ ਨਹੀਂ ਜ਼ਾਲਿਮ’ਜੋ ਹੁਸਨ ਬਾਨੋ ’ਤੇ ਫਿਲਮਾਇਆ ਗਿਆ ਜਿਸ ਦੇ ਪਸਮੰਜ਼ਰ ਵਿੱਚ ਨੁਸਰਤ ਤੇ ਮੁਨੱਵਰ ਸੁਲਤਾਨਾ ਮੌਜੂਦ ਸਨ ਤੇ ‘ਹਮ ਦਰਦ ਕਾ ਅਫ਼ਸਾਨਾ ਦੁਨੀਆ ਕੋ ਸੁਣਾ ਦੇਂਗੇ’ਗੀਤ ਇਕਬਾਲ ਜੂਨੀਅਰ ਦਾ ਕਿਰਦਾਰ ਨਿਭਾ ਰਹੇ ਬਾਲ ਅਦਾਕਾਰ ਲਕਸ਼ਮਨ ਤੇ ਬਾਲ ਸਾਥੀਆਂ ਉੱਤੇ ਫਿਲਮਾਇਆ ਗਿਆ ਸੀ। ਇਹ ਕਾਮਯਾਬ ਨਗ਼ਮਾਤੀ ਫਿਲਮ 8 ਅਕਤੂਬਰ 1948 ਨੂੰ ਨਾਵਲਟੀ ਸਿਨਮਾ, ਬੰਬੇ ਵਿਖੇ ਨੁਮਾਇਸ਼ ਹੋਈ।
ਇਸ ਕਾਮਯਾਬ ਫਿਲਮ ਨਾਲ ਨੁਸਰਤ ਕਾਰਦਾਰ ਉਮਦਾ ਹੀਰੋ ਬਣ ਗਏ। ਇੱਕ ਸ਼ਾਨਦਾਰ ਮੁਸਤਕਬਿਲ ਉਨ੍ਹਾਂ ਦਾ ਇੰਤਜ਼ਾਰ ਕਰ ਸੀ ਕਿ ਮੁਲਕ ਵਿੱਚ ਫਿਰਕੂ-ਫ਼ਸਾਦਾਂ ਨੇ ਤੇਜ਼ੀ ਫੜ ਲਈ। ਮੁਲਕ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤੇ 14 ਅਗਸਤ 1947 ਨੂੰ ਇੱਕ ਨਵਾਂ ਮੁਲਕ ਪਾਕਿਸਤਾਨ ਬਣ ਗਿਆ। ਹਿੰਦੀ ਫਿਲਮ ਸਨਅਤ ਵਿੱਚ ਕੰਮ ਕਰਨ ਵਾਲੇ ਬਹੁਤੇ ਮੁਸਲਿਮ ਪੰਜਾਬੀਆਂ ਨੇ ਲਾਹੌਰ ਜਾਣਾ ਬਿਹਤਰ ਸਮਝਿਆ ਜਦੋਂ ਕਿ ਬਹੁਤ ਸਾਰੇ ਪੰਜਾਬੀ ਮੁਸਲਿਮ ਭਾਰਤ ਵਿੱਚ ਹੀ ਰਹਿ ਗਏ ਸਨ। ਇੰਜ ਹੀ ਨੁਸਰਤ ਕਾਰਦਾਰ ਵੀ ਜੁਲਾਈ 1947 ਲਾਹੌਰ ਚਲਾ ਗਿਆ ਸੀ ਜਦੋਂਕਿ ਵੱਡੇ ਭਰਾ ਏ. ਆਰ. ਕਾਰਦਾਰ ਨੇ ਭਾਰਤ ਰਹਿਣਾ ਹੀ ਪਸੰਦ ਕੀਤਾ। ਬਾਅਦ ਵਿੱਚ ਏ. ਆਰ. ਕਾਰਦਾਰ ਦਰਾਜ਼ ਕੱਦ ਵਾਲੇ ਫਿਲਮਸਾਜ਼ ਤੇ ਹਿਦਾਇਤਕਾਰ ਸਾਬਿਤ ਹੋਏੇ, ਜਿਨ੍ਹਾਂ ਨੇ ਭਾਰਤੀ ਫਿਲਮ ਜਗਤ ਨੂੰ ਕਈ ਨਾਮੀ ਸਿਤਾਰੇ ਦਿੱਤੇ।
ਲਾਹੌਰ ਜਾ ਕੇ ਨੁਸਰਤ ਨੇ ਆਪਣਾ ਕਾਰੋਬਾਰ ਕਰਨ ਤੋਂ ਇਲਾਵਾ ਫਿਲਮ ਆਰਟਿਸਟ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਬਣਨ ਦਾ ਇਜ਼ਾਜ਼ ਹਾਸਿਲ ਕੀਤਾ। ਉਨ੍ਹਾਂ ਨੇ ਫ਼ਨਕਾਰਾਂ ਦੇ ਮਸਲੇ ਹੱਲ ਕਰਨ ਤੋਂ ਇਲਾਵਾ ਫਿਲਮ ਸਟਾਰ ਕ੍ਰਿਕਟ ਮੈਚਾਂ ਦਾ ਵੀ ਆਰੰਭ ਕੀਤਾ। ਇਸ ਤੋਂ ਬਾਅਦ ਨੁਸਰਤ ਕਾਰਦਾਰ ਨੇ ਪਾਕਿਸਤਾਨ ਵਿੱਚ ਤਕਰੀਬਨ 31 ਉਰਦੂ ਫਿਲਮਾਂ ਅਤੇ 3 ਪੰਜਾਬੀ ਫਿਲਮਾਂ ਵਿੱਚ ਸਾਥੀ ਅਦਾਕਾਰ, ਖ਼ਲਨਾਇਕ ਤੇ ਚਰਿੱਤਰ ਅਦਾਕਾਰ ਵਜੋਂ ਯਾਦਗਾਰੀ ਕਿਰਦਾਰ ਨਿਭਾਏ ਤੇ ਇੱਕ ਪੰਜਾਬੀ ਫਿਲਮ ਦੀ ਹਿਦਾਇਤਕਾਰੀ ਵੀ ਕੀਤੀ।
ਜਦੋਂ ਅਨਵਰ ਕਮਾਲ ਪਾਸ਼ਾ ਨੇ ਆਪਣੇ ਫਿਲਮਸਾਜ਼ ਅਦਾਰੇ ਨਿਗ਼ਾਰ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਉਰਦੂ ਫਿਲਮ ‘ਇੰਤਕਾਮ’ (1955) ਬਣਾਈ ਤਾਂ ਨੁਸਰਤ ਕਾਰਦਾਰ ਨੂੰ ਸਾਥੀ ਅਦਾਕਾਰ ਦਾ ਪਾਰਟ ਦਿੱਤਾ। ਨੁਸਰਤ ਨੇ ਫਿਲਮ ਵਿੱਚ ਅਦਾਕਾਰਾ ਸਬੀਹਾ ਖ਼ਾਨੁਮ (ਧੀ ਬਾਲੋ) ਦੇ ਭਰਾ ਦਾ ਰੋਲ ਕੀਤਾ ਜਦੋਂ ਕਿ ਹੀਰੋ ਦਾ ਕਿਰਦਾਰ ਸੰਤੋਸ਼ ਕੁਮਾਰ ਉਰਫ਼ ਸਈਅਦ ਮੂਸਾ ਰਜ਼ਾ ਅਦਾ ਕਰ ਰਿਹਾ ਸੀ। ਇਹ ਫਿਲਮ ਸੁਪਰਹਿੱਟ ਰਹੀ।
ਜਦੋਂ ਸੰਤੋਸ਼ ਕੁਮਾਰ (ਪਤੀ ਸਬੀਹਾ ਖ਼ਾਨੁਮ) ਨੇ ਆਪਣੇ ਫਿਲਮਸਾਜ਼ ਅਦਾਰੇ ਕ੍ਰੀਸੈਂਟ ਫਿਲਮਜ਼, ਲਾਹੌਰ ਦੇ ਬੈਨਰ ਹੇਠ ਜਫ਼ਰ ਮਲਿਕ (ਸਹਾਇਕ ਸੱਈਅਦ ਸੁਲੇਮਾਨ) ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਮੁੱਖੜਾ’(1959) ਸ਼ੁਰੂ ਕੀਤੀ ਤਾਂ ਨੁਸਰਤ ਕਾਰਦਾਰ ਨੂੰ ਖ਼ਲ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਸੰਤੋਸ਼ ਕੁਮਾਰ ਤੇ ਸਬੀਹਾ ਖ਼ਾਨੁਮ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਫਿਲਮ ਦੇ ਗੀਤ ਵਾਰਿਸ ਲੁਧਿਆਣਵੀ ਤੇ ਤੇਜਾ ਸਿੰਘ ‘ਸਾਬਰ’(ਇੱਕ ਗੀਤ) ਅਤੇ ਸੰਗੀਤਕ ਤਰਜ਼ਾਂ ਰਸ਼ੀਦ ਅੱਤਰੇ (ਸਹਾਇਕ ਸੱਈਅਦ ਅੱਤਰੇ ਤੇ ਸਾਬਰ ਖ਼ਾਨ) ਨੇ ਤਿਆਰ ਕੀਤੀਆਂ ਸਨ। ਇਸ ਫਿਲਮ ਨੇ ਜਬਰਦਸਤ ਕਾਮਯਾਬੀ ਹਾਸਿਲ ਕੀਤੀ।
ਐੱਮ. ਨਸੀਮ ਦੇ ਫਿਲਮਸਾਜ਼ ਅਦਾਰੇ ਪਾਪੂਲਰ ਪਿਕਚਰਜ਼, ਲਾਹੌਰ ਦੀ ਐੱਮ. ਨਸੀਮ ਦੀ ਹਿਦਾਇਤਕਾਰੀ (ਅਸਲ ਹਿਦਾਇਤਕਾਰ ਅਲੀ/ਐਡੀਟਰ) ਵਿੱਚ ਬਣੀ ਪੰਜਾਬੀ ਫਿਲਮ ‘ਪਰਦੇਸਣ’(1959) ’ਚ ਨੁਸਰਤ ਨੇ ਸਾਥੀ ਅਦਾਕਾਰ ਦਾ ਪਾਰਟ ਅਦਾ ਕੀਤਾ। ਫ਼ਸਾਨਾ ਤੇ ਮੁਕਾਲਮੇ ਹਜ਼ੀਨ ਕਾਦਰੀ, ਗੀਤ ਹਜ਼ੀਨ ਕਾਦਰੀ ਤੇ ਅਹਿਮਦ ਰਾਹੀ (ਇੱਕ ਗੀਤ) ਅਤੇ ਮੌਸੀਕੀ ਅਖ਼ਤਰ ਹੁਸੈਨ ਅੱਖੀਆਂ ਨੇ ਮੁਰੱਤਬਿ ਕੀਤੀ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਨੂਰਜਹਾਂ ਤੇ ਅਸਲਮ ਪਰਵੇਜ਼ ਜੋੜੀਦਾਰ ਸਨ। ਇਸ ਫਿਲਮ ਦੇ ਗੀਤ ਤਾਂ ਖ਼ੂਬਸੂਰਤ ਸਨ, ਪਰ ਇਹ ਫਿਲਮ ਬਾਕਸ ਆਫ਼ਿਸ ’ਤੇ ਨਾਕਾਮ ਸਾਬਿਤ ਹੋਈ।
ਨੁਸਰਤ ਕਾਰਦਾਰ ਦੀ ਸਾਥੀ ਅਦਾਕਾਰ ਵਜੋਂ ਤੀਜੀ ਪੰਜਾਬੀ ਫਿਲਮ ਫ਼ਾਰੂਖ਼ ਬੁਖ਼ਾਰੀ ਦੇ ਫਿਲਮਸਾਜ਼ ਅਦਾਰੇ ਹਾਈ ਵੇ ਪਿਕਚਰਜ਼, ਲਾਹੌਰ ਦੀ ਫ਼ਾਰੂਖ਼ ਬੁਖ਼ਾਰੀ ਨਿਰਦੇਸ਼ਿਤ (ਸਹਾਇਕ ਨਜ਼ੀਰ ਮਲਿਕ, ਅਜ਼ਮਤ ਅਲੀ) ਦੀ ‘ਪਹਾੜਨ’ (1962) ਸੀ। ਫਿਲਮ ਵਿੱਚ ‘ਪਹਾੜਨ’ ਦਾ ਟਾਈਟਲ ਰੋਲ ਅਦਾਕਾਰਾ ਯਾਸਮੀਨ ਨੇ ਅਦਾ ਕੀਤਾ, ਜਿਸ ਦੇ ਰੂਬਰੂ ਯੂਸਫ਼ ਖ਼ਾਨ ਅਦਾਕਾਰੀ ਕਰ ਰਿਹਾ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਫ਼ਾਰੂਖ਼ ਬੁਖ਼ਾਰੀ, ਗੀਤ ਏ. ਐੱਚ. ਅਮਰ (ਪਹਿਲੀ ਫਿਲਮ) ਅਤੇ ਸੰਗੀਤਕਾਰ ਅਸਗਰ (ਮਨਜ਼ੂਰ ਅਸਗਰ ਬਾਅਦ ’ਚ ਐੱਮ. ਜਾਵੇਦ) ਸਨ। ਇਹ ਫਿਲਮ ਵੀ ਬਹੁਤਾ ਕਮਾਲ ਨਾ ਵਿਖਾ ਸਕੀ।
ਬਤੌਰ ਹਿਦਾਇਤਕਾਰ ਨੁਸਰਤ ਜੰਗ ਕਾਰਦਾਰ (ਸਹਾਇਕ ਗ਼ੁਲਾਮ ਮੁਸਤਫ਼ਾ ਬੱਟ, ਖ਼ਾਦਿਮ ਹੂਸੈਨ ਜ਼ਾਹਿਦ) ਦੀ ਪਹਿਲੀ ਤੇ ਆਖ਼ਰੀ ਪੰਜਾਬੀ ਫਿਲਮ ਅਬਦੁੱਲ ਸਲੀਮ ਅਨਸਾਰੀ (ਸਾਥੀ ਐੱਮ. ਐੱਸ. ਕਾਦਰੀ) ਦੇ ਫਿਲਮਸਾਜ਼ ਅਦਾਰੇ ਏ. ਐੱਸ. ਪਿਕਚਰਜ਼, ਲਾਹੌਰ ਦੀ ‘ਲਾਲ ਰੂਮਾਲ’ (1965) ਸੀ। ਕਹਾਣੀ ਤੇ ਮੁਕਾਲਮੇ ਗ਼ੁਲਾਮ ਮੁਸਤਫ਼ਾ ਬੱਟ (ਮਰਹੂਮ), ਗੀਤ ਵਾਰਿਸ ਲੁਧਿਆਣਵੀ, ਅਹਿਮਦ ਰਾਹੀ ਤੇ ਜ਼ਾਹਿਰ ਕਸ਼ਮੀਰੀ ਤੇ ਸੰਗੀਤਕ ਤਰਜ਼ਾਂ ਬਖ਼ਸ਼ੀ ਵਜ਼ੀਰ (ਸਹਾਇਕ ਨਜ਼ੀਰ ਹੁਸੈਨ) ਨੇ ਬਣਾਈਆਂ ਸਨ। ਇਸ ਫਿਲਮ ਦੇ ਅਦਾਕਾਰਾਂ ਵਿੱਚ ਨਗ਼ਮਾ ਤੇ ਅਸਦ ਬੁਖ਼ਾਰੀ ਤੋਂ ਇਲਾਵਾ ਸ਼ਾਹਨਵਾਜ਼ (ਜੂਨੀ.), ਜ਼ੁਲਫ਼ੀ, ਨੀਲੋਫ਼ਰ, ਰੰਗੂਨ ਵਾਲਾ, ਬੇਗ, ਮਜ਼ਹਰ ਸ਼ਾਹ ਆਦਿ ਨੁਮਾਇਆ ਸਨ।
ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਦਿਆਂ ਨੁਸਰਤ ਕੁਝ ਅਰਸੇ ਤੱਕ ਆਪਣੇ ਪੁਰਖਿਆਂ ਦੀ ਵਾਹੀਯੋਗ ਜ਼ਮੀਨ ਦੀ ਸਾਂਭ-ਸੰਭਾਲ ਕਰਨ ਦੇ ਲਈ ਪਿੰਡ ਰਾਏਵਿੰਡ ਚਲੇ ਗਏ। ਸ਼ੂਗਰ ਦੀ ਬਿਮਾਰੀ ਦੇ ਚੱਲਦਿਆਂ ਹਿੰਦ-ਪਾਕਿ ਫਿਲਮਾਂ ਦਾ ਇਹ ਆਲ੍ਹਾ ਤਾਲੀਮਯਾਫ਼ਤਾ ਗੱਭਰੂ 26 ਦਸੰਬਰ 1962 ਨੂੰ 44 ਸਾਲਾਂ ਦੀ ਉਮਰ ਵਿੱਚ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਿਆ। ਨੁਸਰਤ ਕਾਰਦਾਰ ਦਾ ਇੱਕਲੌਤਾ ਪੁੱਤਰ ਤਾਹਿਰ ਕਾਰਦਾਰ (ਆਰਮੀ ਦਾ ਰਿਟਾਇਰ ਕਰਨਲ) ਹੈ ਜੋ ਇਸ ਵੇਲੇ ਮਾਡਲ ਟਾਊਨ ਸੁਸਾਇਟੀ, ਲਾਹੌਰ ਦਾ ਚੇਅਰਮੈਨ ਹੈ ਤੇ ਉਸ ਦੀ ਨੂੰਹ ਉਜ਼ਮਾ ਕਾਰਦਾਰ ਸਿਆਸਤ ਨਾਲ ਜੁੜੀ ਹੋਈ ਹੈ।
ਸੰਪਰਕ: 97805-09545