ਮਨਦੀਪ ਸਿੰਘ ਸਿੱਧੂ
ਹੈਦਰ ਸ਼ਾਹ ਉਰਫ਼ ਸੱਈਅਦ ਹੈਦਰ ਸ਼ਾਹ ਦੀ ਪੈਦਾਇਸ਼ 1910 ਨੂੰ ਪੇਸ਼ਾਵਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਵੈਸੇ ਇਨ੍ਹਾਂ ਦਾ ਆਬਾਈ ਤਾਲੁਕ ਅਫ਼ਗਾਨਿਸਤਾਨ ਦੇ ਮੁਅੱਜ਼ਜ਼ ਖ਼ਾਨਦਾਨ ਨਾਲ ਸੀ ਜੋ ਕਾਬੁਲ ਤੋਂ ਹਿਜ਼ਰਤ ਕਰਕੇ ਪੇਸ਼ਾਵਰ ਆ ਕੇ ਆਬਾਦ ਹੋਏ ਸਨ। ਪਿਤਾ ਪੁਲੀਸ ਵਿਭਾਗ ਵਿੱਚ ਮੁਲਾਜ਼ਮ ਸਨ। ਹੈਦਰ ਦਾ ਬਚਪਨ ਪਿਸ਼ੌਰ ਦੀਆਂ ਗਲੀਆਂ ਵਿੱਚ ਬੀਤਿਆ। ਬਾਲ ਉਮਰੇ ਉਹ ਆਪਣੇ ਪਿਤਾ ਨਾਲ ਥੀਏਟਰ ਵੇਖਣ ਜਾਂਦਾ ਸੀ। ਚੜ੍ਹਦੀ ਉਮਰੇ ਇਹੀ ਸ਼ੌਕ ਉਸ ਨੂੰ ਬੰਬਈ ਲੈ ਟੁਰਿਆ, ਜਿੱਥੇ ਪਹੁੰਚ ਕੇ ਉਹ ਕ੍ਰਿਸ਼ਨਾ ਫਿਲਮ ਕੰਪਨੀ ਵਿੱਚ ਮੁਲਾਜ਼ਮ ਲੱਗ ਗਿਆ।
ਇਹ ਚੁੱਪ ਯਾਨੀ ਖ਼ਾਮੋਸ਼ ਫਿਲਮਾਂ ਦਾ ਜ਼ਮਾਨਾ ਸੀ। ਜਦੋਂ ਕ੍ਰਿਸ਼ਨਾ ਫਿਲਮ ਕੰਪਨੀ, ਬੰਬੇ ਨੇ ਐੱਚ. ਐੱਸ. ਮਹਿਤਾ ਦੀ ਹਿਦਾਇਤਕਾਰੀ ਵਿੱਚ ਚੁੱਪ ਫਿਲਮ ‘ਹੋਥਲ ਪਦਮਿਨੀ’ (1925) ਬਣਾਈ ਤਾਂ ਹੈਦਰ ਸ਼ਾਹ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਦੀਗ਼ਰ ਫ਼ਨਕਾਰਾਂ ਵਿੱਚ ਅਰਮੀਲਿਨ, ਮਿਸ ਗੁਲਾਬ, ਗੰਗਾਰਾਮ ਅਤੇ ਹਰੀਦਾਸ ਨੁਮਾਇਆ ਸਨ। ਇਸ ਤੋਂ ਬਾਅਦ ਹੈਦਰ ਸ਼ਾਹ ਨੇ ਕ੍ਰਿਸ਼ਨਾ ਫਿਲਮ ਕੰਪਨੀ, ਬੰਬੇ ਦੀਆਂ ਬਹੁਤ ਸਾਰੀਆਂ ਚੁੱਪ ਫਿਲਮਾਂ ਵਿੱਚ ਸਾਥੀ ਅਦਾਕਾਰ ਤੇ ਖ਼ਲਨਾਇਕ ਦੇ ਕਿਰਦਾਰ ਨਿਭਾਏ, ਜਿਨ੍ਹਾਂ ਵਿੱਚ ‘ਬੁਰਕਾਵਾਲੀ’, ‘ਖ਼ੂਬਸੂਰਤ ਬਾਲਾ’ ਉਰਫ਼ ‘ਸੋਸਾਇਟੀ ਬਟਰਫਲਾਈ’ (1926), ‘ਮਰਦਾਨਾ ਘਾਅ’ ਉਰਫ਼ ‘ਮਾਸਟਰ ਸਟਰੋਕ’, ‘ਕੁਲਦੀਪਕ’ ਉਰਫ਼ ‘ਬੌਰਨ ਹੀਰੋ’ (1927), ‘ਰਾਜਵੰਦਨਾ ਰੰਗ’ ਉਰਫ਼ ‘ਫੀਮੇਲ ਫੀਟ’, ‘ਕਾਲ ਰਤਰੀਨਨ’ ਉਰਫ਼ ‘ਖ਼ੂਨੀ ਖੰਜਰ’ ਉਰਫ਼ ‘ਵਿਲੇ ਵੂਮਨ’ (1928), ‘ਵੀਰ ਰਾਠੌਰ’ ਉਰਫ਼ ‘ਡਾਰਿੰਗ ਰਾਠੌਰ’, ‘ਸਨਮਿੱਤਰਾ ਕੇ ਸੈਤਾਨ’ ਉਰਫ਼ ‘ਫਰੈਂਡ ਔਰ ਫਾਈਂਡ’, ‘ਰਾਜ ਹੰਸਾ’, ‘ਪੈਸਾ ਨਾ ਗ਼ੁਲਾਮ’ ਉਰਫ਼ ‘ਆਲ ਫਾਰ ਮਨੀ’, ‘ਜੈ ਸੋਮਨਾਥ’, ‘ਹਾਤਿਮਤਾਈ’, ‘ਪਰਿਵਰਤਨ’ ਉਰਫ਼ ‘ਰੈਵੋਲਿਊਸ਼ਨ ਇਨ ਲਾਈਫ’ (1929), ‘ਤੱਤੀ ਤਲਵਾਰ’ ਉਰਫ਼ ‘ਗਲਿਟਰਿੰਗ ਸੌਰਡ’, ‘ਹਿੰਮਤੇ ਮਰਦਾ’ ਉਰਫ਼ ‘ਡੇਅਰ ਡੇਵਿਲ’, ‘ਡੈਸ਼ ਲਾਖ ਨੋ ਡਾਲੋ’ ਉਰਫ਼ ‘ਡੈਸ਼ਿੰਗ ਯੂਥ’, ‘ਅਮਰ ਕੀਰਤੀ’ ਉਰਫ਼ ‘ਇਮਾਰਟਲ ਗਲੌਰੀ’ (1930) ਆਦਿ ਫਿਲਮਾਂ ਸ਼ਾਮਲ ਹਨ।
ਹੈਦਰ ਸ਼ਾਹ ਨੇ ਕ੍ਰਿਸ਼ਨਾ ਫਿਲਮ ਕੰਪਨੀ ਦੀਆਂ ਚੁੱਪ ਫਿਲਮਾਂ ’ਚ ਕੰਮ ਕਰਨ ਦੇ ਨਾਲ-ਨਾਲ ਗੁਜਰਾਤ ਸਟੂਡੀਓ, ਬੰਬੇ ਦੀ ਕਾਂਜੀਭਾਈ ਨਿਰਦੇਸ਼ਿਤ ਚੁੱਪ ਫਿਲਮ ‘ਕੁੰਜ ਕਿਸ਼ੋਰੀ’ (1928) ਅਤੇ ਲਾਹੌਰ ਵਿੱਚ ਬਣੀਆਂ ਚੁੱਪ ਫਿਲਮਾਂ ’ਚ ਏ. ਆਰ. ਕਾਰਦਾਰ ਦੇ ਫਿਲਮਸਾਜ਼ ਅਦਾਰੇ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ, ਲਾਹੌਰ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫਿਲਮ ‘ਸ਼ੈਫ਼ਰਡ’ ਉਰਫ਼ ‘ਫ਼ਰੇਬੀ ਸਹਿਜ਼ਾਦਾ’ ਉਰਫ਼ ‘ਜੰਗਲਮੈਨ ਜਵਾਹਰ’ (1929) ਅਤੇ ਓਰੀਐਂਟਲ ਪਲੇਅਰਜ਼, ਲਾਹੌਰ ਦੀ ਰੌਸ਼ਨ ਲਾਲ ਸ਼ੋਰੀ ਨਿਰਦੇਸ਼ਿਤ ਫਿਲਮ ‘ਕਿਸਮਤ ਕਾ ਹੇਰਫੇਰ’ ਉਰਫ਼ ‘ਲਾਈਫ ਆਫਟਰ ਡੈੱਥ’ (1930) ਦੇ ਨਾਮ ਕਾਬਿਲ-ਏ-ਜ਼ਿਕਰ ਹਨ।
ਜਦੋਂ ਬੋਲਦੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਹੈਦਰ ਸ਼ਾਹ ਨੇ ਕ੍ਰਿਸ਼ਨਾਟੋਨ, ਬੰਬੇ ਦੀ ਪਹਿਲੀ ਬੋਲਦੀ ਹਿੰਦੀ ਪੌਰਾਣਿਕ ਫਿਲਮ ‘ਹਰੀਸ਼ਚੰਦਰ’ ਉਰਫ਼ ‘ਦਿ ਅਪੋਸਟਲ ਆਫ ਟਰੁੱਥ’ (1931) ’ਚ ਸਾਥੀ ਅਦਾਕਾਰ ਦਾ ਪਾਰਟ ਨਿਭਾਇਆ। ਫਿਲਮ ’ਚ ‘ਹਰੀਸ਼ਚੰਦਰ’ ਦਾ ਟਾਈਟਲ ਰੋਲ ਮਾਸਟਰ ਮੁਹੰਮਦ ਨੇ ਅਦਾ ਕੀਤਾ, ਜਿਸ ਦੇ ਹਮਰਾਹ ਮਿਸ ਨੀਲਮ ‘ਤਾਰਾਮਤੀ’ ਦਾ ਕਿਰਦਾਰ ਨਿਭਾ ਰਹੀ ਸੀ। ਫਿਲਮ ’ਚ ਕੁੱਲ 9 ਗੀਤ ਸਨ, ਜਿਨ੍ਹਾਂ ਦਾ ਸੰਗੀਤ ਵੀ ਮਾਸਟਰ ਮੁਹੰਮਦ ਨੇ ਤਿਆਰ ਕੀਤਾ ਸੀ। ਇਸ ਤੋਂ ਬਾਅਦ ਕ੍ਰਿਸ਼ਨਾਟੋਨ, ਬੰਬੇ ਦੀ ‘ਲੈਲਾ ਮਜਨੂੰ’ (1931) ਤੇ ਹਿਦਾਇਤਕਾਰ ਕਾਨਜੀ ਭਾਈ ਰਾਠੌਰ ਦੀ ‘ਪਾਕ ਦਾਮਨ’ ਉਰਫ਼ ‘ਬੋਲਤੋ ਕਾਗਲ’ ਉਰਫ਼ ‘ਦਿ ਲਵ’ (1931) ’ਚ ਵੀ ਸਾਥੀ ਅਦਾਕਾਰ ਵਜੋਂ ਕੰਮ ਕੀਤਾ।
ਜਦੋਂ ਪੰਜਾਬ ਫਿਲਮ ਸਨਅਤ ਦੇ ਬਾਨੀ ਹਕੀਮ ਰਾਮ ਪ੍ਰਸ਼ਾਦ ਨੇ ਆਪਣੇ ਫਿਲਮਸਾਜ਼ ਅਦਾਰੇ ਪਲੇਆਰਟ ਫੋਟੋਟੋਨ, ਲਾਹੌਰ ਦੇ ਬੈਨਰ ਹੇਠ ਏ. ਆਰ. ਕਾਰਦਾਰ ਦੀ ਹਿਦਾਇਤਕਾਰੀ ਵਿੱਚ ਪੰਜਾਬ ਦੀ ਪਹਿਲੀ ਬੋਲਦੀ ਉਰਦੂ/ਹਿੰਦੀ ਫਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਬਣਾਈ ਤਾਂ ਹੈਦਰ ਸ਼ਾਹ ਨੇ ਵੀ ਫਿਲਮ ’ਚ ਅਹਿਮ ਕਿਰਦਾਰ ਨਿਭਾਇਆ। ‘ਹੀਰ’ ਦਾ ਕਿਰਦਾਰ ਮਿਸ ਅਨਵਰ ਉਰਫ਼ ਅਨਵਰੀ ਬੇਗਮ ਤੇ ‘ਰਾਂਝੇ’ ਦੇ ਕਿਰਦਾਰ ਵਿੱਚ ਰਫ਼ੀਕ ਗ਼ਜ਼ਨਵੀ ਮੌਜੂਦ ਸੀ। ਇਹ ਫਿਲਮ 9 ਸਤੰਬਰ 1932 ਨੂੰ ਕੈਪੀਟਲ ਸਿਨਮਾ, ਮੈਕਲੋਡ ਰੋਡ, ਲਾਹੌਰ ਅਤੇ ਸਟਾਰ ਸਿਨਮਾ, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ, ਪਰ ਆਪਣੀ ਨਾਕਸ ਫੋਟੋਗ੍ਰਾਫ਼ੀ ਦੀ ਵਜ੍ਹਾ ਨਾਲ ਇਹ ਫਿਲਮ ਫਲਾਪ ਹੋ ਗਈ।
ਹੈਦਰ ਸ਼ਾਹ ਦੀਆਂ ਸਹਾਇਕ ਅਦਾਕਾਰ ਵਜੋਂ ਬੰਬੇ ਵਿੱਚ ਰਿਲੀਜ਼ਸ਼ੁਦਾ ਕੁਝ ਹੋਰ ਹਿੰਦੀ ਫਿਲਮਾਂ ‘ਰੌਸ਼ਨਆਰਾ’, ‘ਭਗਤ ਪ੍ਰਹਿਲਾਦ’, ‘ਕ੍ਰਿਸ਼ਨਅਵਤਾਰ’, ‘ਨਵਚੇਤਨ’ (1932), ਪਾਰਟ ‘ਹਾਤਿਮਤਾਈ 2’ ਤੇ ‘ਹਾਤਿਮਤਾਈ 4’ ਤੇ ‘ਲੰਕਾ ਦਹਿਨ’ (1933), ‘ਮਰਦ ਕਾ ਬੱਚਾ’, ‘ਗੁਨਹਗਾਰ’ ਉਰਫ਼ ‘ਕਲੰਕਿਨੀ’ ਉਰਫ਼ ‘ਦਿ ਸਿੰਨਰ’ (1934), ‘ਸਿਤਾਰਾ’ (1939) ਆਦਿ ਦੇ ਨਾਮ ਜ਼ਿਕਰਯੋਗ ਹਨ। ਮੋਹਨ ਪਿਕਚਰਜ਼, ਬੰਬੇ ਦੀ ਨਾਨੂੰਭਾਈ ਨਿਰਦੇਸ਼ਿਤ ਫਿਲਮ ‘ਦੀਪਕ ਮਹਲ’ (1940) ਜਿਸ ਦੇ ਮਰਕਜ਼ੀ ਕਿਰਦਾਰ ਮਿਸ ਸਰੋਜਿਨੀ ਤੇ ਅਨਿਲ ਕੁਮਾਰ ਨੇ ਅਦਾ ਕੀਤੇ ਸਨ। ਸਹਾਇਕ ਅਦਾਕਾਰ ਵਜੋਂ ਇਹ ਫਿਲਮ ਹੈਦਰ ਸ਼ਾਹ ਦੀ ਬੰਬੇ ਵਿੱਚ ਆਖ਼ਰੀ ਫਿਲਮ ਸੀ। ਇਸ ਤੋਂ ਬਾਅਦ ਉਸ ਨੂੰ ਲਾਹੌਰ ਸੱਦਿਆ ਗਿਆ।
ਜਦੋਂ ਮਦਨ ਮੋਹਨ ਗੁਪਤਾ ਨੇ ਆਪਣੇ ਫਿਲਮਸਾਜ਼ ਅਦਾਰੇ ਯੂਨੀਅਨ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਮਜ਼ਾਹੀਆ ਪੰਜਾਬੀ ਫੀਚਰ ਫਿਲਮ ‘ਨਿਖੱਟੂ’ (1943) ਬਣਾਈ ਤਾਂ ਹਿਦਾਇਤਕਾਰੀ ਲਈ ਹੈਦਰ ਸ਼ਾਹ ਦੀ ਚੋਣ ਕੀਤੀ। ਅਦਾਕਾਰ ਹੈਦਰ ਸ਼ਾਹ ਦੀ ਹਿਦਾਇਤਕਾਰ ਵਜੋਂ ਇਹ ਪਹਿਲੀ ਫਿਲਮ ਸੀ। ਫਿਲਮ ’ਚ ਉਸ ਦੀ ਹਿਦਾਇਤ ’ਚ ਗੁਲ ਜ਼ਮਾਨ ਨੇ ‘ਨਿਖੱਟੂ’ (ਸ਼ੇਰਾ) ਦਾ ਟਾਈਟਲ ਰੋਲ ਨਿਭਾਇਆ, ਜਿਸ ਦੇੇ ਰੂਬਰੂ ਅਦਾਕਾਰਾ ਰਾਜ ਰਾਣੀ ‘ਰੱਖੋ’ ਦਾ ਪਾਰਟ ਅਦਾ ਕਰ ਰਹੀ ਸੀ। ਦੀਗ਼ਰ ਫ਼ਨਕਾਰਾਂ ਵਿੱਚ ਪੀ. ਐੱਨ. ਬਾਲੀ (ਅਸਲਮ), ਭਾਗ ਸਿੰਘ (ਬਨਾਰਸੀ), ਰਸ਼ੀਦਾ ਅਖ਼ਤਰ (ਲਾਜੋ), ਜ਼ਹੂਰ ਸ਼ਾਹ, ਏ. ਆਰ. ਕਸ਼ਮੀਰੀ, ਬੇਬੀ ਸੁਲਤਾਨਾ, ਸਲਮਾ ਤੇ ਸਲੀਮ ਰਜ਼ਾ ਸ਼ਾਮਲ ਸਨ। ਮੁਸੱਨਫ਼ ਡੀ. ਐੱਨ. ਮਧੋਕ, ਗੀਤ ਤੇ ਮੁਕਾਲਮੇ ਐੱਫ਼. ਡੀ. ਸ਼ਰਫ਼ (ਕਵੀ ਫ਼ੀਰੋਜ਼ਦੀਨ ਸ਼ਰਫ਼) ਅਤੇ ਸੰਗੀਤਕ ਤਰਜ਼ਾਂ ਮਾਸਟਰ ਗੋਬਿੰਦਰਾਮ ਸਾਹਬ ਉਰਫ਼ ਪੰਡਤ ਗੋਬਿੰਦਰਾਮ ਨੇ ਬਣਾਈਆਂ। ਫਿਲਮ ’ਚ ਕੁੱਲ 11 ਗੀਤ ਸਨ, ਜਿਨ੍ਹਾਂ ਨੂੰ ਗੁਲ ਜ਼ਮਾਨ, ਨਸੀਮ ਅਖ਼ਤਰ ਆਦਿ ਨੇ ਆਪਣੀ ਆਵਾਜ਼ ਦਿੱਤੀ। ਇਨ੍ਹਾਂ ਦੇ ਚੰਦ ਮਸ਼ਹੂਰ ਜ਼ਮਾਨਾ ਗੀਤ ‘ਆਈ ਨੀਂ ਸਈਓ ਆਈ ਏ ਰੁੱਤ ਫੁੱਲਾਂ ਦੀ ਆਈ’ (ਕੋਲੰਬੀਆ ਜੀਈ 4398), ‘ਫੁੱਲਾਂ ਦਾ ਸੈਂਟ ਲਿਆ ਮਾਹੀਆ’ (ਜੀਈ 4398/ਨਸੀਮ ਅਖ਼ਤਰ), ‘ਸੰਤਰਿਆ ਵੇ ਰਸ ਦਿਆ ਭਰਿਆ ਮੇਰਾ ਮਾਹੀ ਮੇਰੇ ਨਾਲ ਲੜਿਆ’ (ਨਸੀਮ ਅਖ਼ਤਰ/ਰੀਗਲ ਆਰ.ਐੱਲ. 3008), ‘ਦੁਨੀਆ ਸੋ ਰੰਗੀ ਸੌ ਸੌ ਰੰਗ ਵਿਖਾਵੇ’ (ਨਸੀਮ ਅਖ਼ਤਰ/ ਰੀਗਲ ਆਰ.ਐੱਲ. 3008) ਆਦਿ ਤੋਂ ਇਲਾਵਾ ਨਸੀਮ ਅਖ਼ਤਰ ਦਾ ਗਾਇਆ ‘ਰਾਤਾਂ ਕਾਲੀਆਂ ’ਕੱਲੀ ਨੂੰ ਡਰ ਆਵੇ ਕਿ ਛੁੱਟੀ ਲੈ ਕੇ ਆਜਾ ਚੰਨ ਵੇ’ ਬੇਹੱਦ ਮਕਬੂਲ ਹੋਇਆ।
ਇਸ ਫਿਲਮ ਨਾਲ ਜੁੜੀ ਇੱਕ ਦਿਲਚਸਪ ਗੱਲ ਇਹ ਹੈ ਕਿ ਫਿਲਮਬੰਦੀ ਦੇ ਦੌਰਾਨ ਫਿਲਮ ‘ਨਿਖੱਟੂ’ ਸਰਮਾਏ ਦੀ ਕਮੀ ਦੇ ਕਾਰਨ ਰੁਕ ਗਈ। ਉਨ੍ਹਾਂ ਦੇ ਬਜ਼ੁਰਗ ਅਫ਼ਗਾਨਿਸਤਾਨ ਵਿੱਚ ਐਨੇ ਪ੍ਰਸਿੱਧ ਸਨ ਕਿ ਅਫ਼ਗਾਨਿਸਤਾਨ ਦਾ ਸ਼ਾਹੀ ਖ਼ਾਨਦਾਨ ਵੀ ਉਨ੍ਹਾਂ ਦੇ ਮੁਰੀਦਾਂ ਵਿੱਚ ਸ਼ਾਮਲ ਸੀ। ਉਹ ਅਕਸਰ ਇਜ਼ਹਾਰ-ਏ-ਅਕੀਦਤ ਦੇ ਲਈ ਉਨ੍ਹਾਂ ਕੋਲ ਆਉਂਦੇ ਰਹਿੰਦੇ ਸਨ। ਹੈਦਰ ਸ਼ਾਹ ਨੇ ਆਪਣੇ ਅਫ਼ਗਾਨੀ ਮੁਰੀਦਾਂ ਨੂੰ ਹੁਕਮ ਦਿੱਤਾ ਕਿ ਉਹ 5 ਰੁਪਏ ਫ਼ੀ ਚੰਦਾ ਅਦਾ ਕਰਨ। ਥੋੜ੍ਹੇ ਹੀ ਦਿਨਾਂ ਵਿੱਚ 50 ਹਜ਼ਾਰ ਰੁਪਏ ਇਕੱਠੇ ਹੋ ਗਏ ਅਤੇ ਇਸ ਤਰ੍ਹਾਂ ਫਿਲਮਬੰਦੀ ਦਾ ਬਾਕੀ ਰੁਕਿਆ ਕੰਮ ਵੀ ਆਸਾਨੀ ਨਾਲ ਮੁਕੰਮਲ ਹੋ ਗਿਆ। ਇਹ ਕਾਮਯਾਬ ਫਿਲਮ 14 ਜੁਲਾਈ 1943 ਨੂੰ ਵਲਿੰਗਟਨ ਟਾਕੀਜ਼, ਲਾਹੌਰ ਤੇ ਇੱਕ ਅਕਤੂਬਰ 1943 ਨੂੰ ਪਿਕਚਰ ਹਾਊਸ, ਪੇਸ਼ਾਵਰ ਵਿਖੇ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ ਜੋ ਅਵਾਮ ਦੁਆਰਾ ਬੇਹੱਦ ਪਸੰਦ ਕੀਤੀ ਗਈ।
ਇਸ ਤੋਂ ਬਾਅਦ ਬੰਬਈ ਵਿੱਚ ਹੈਦਰ ਸ਼ਾਹ ਨੇ ਫੌਰਟੀਨ ਸੈਂਚਰੀ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਏਤਬਾਰ’ (1947) ਬਣਾਈ, ਪਰ ਇਹ ਫ਼ਿਲਮ ਰਿਲੀਜ਼ ਨਾ ਹੋ ਸਕੀ।
ਪੰਜਾਬ ਵੰਡ ਤੋਂ ਬਾਅਦ ਹੈਦਰ ਸ਼ਾਹ ਪੱਕੇ ਤੌਰ ’ਤੇ ਲਾਹੌਰ ਵੱਸ ਗਏ। ਪਾਕਿਸਤਾਨ ਫਿਲਮ ਸਨਅਤ ਵਿੱਚ ਸਈਅਦ ਹੈਦਰ ਸ਼ਾਹ ਨੇ ਆਪਣੀ ਹਿਦਾਇਤਕਾਰੀ ਵਿੱਚ 5 ਫਿਲਮਾਂ ਬਣਾਈਆਂ। ਬਦਕਿਸਮਤੀ ਨਾਲ ਉਨ੍ਹਾਂ ਦੀਆਂ ਤਮਾਮ ਫਿਲਮਾਂ ਫਲਾਪ ਹੋਈਆਂ। ਪਹਿਲੀ ਉਰਦੂ ਫਿਲਮ ਐੱਸ. ਮੁਹੰਮਦ ਅਮੀਨ ਸ਼ਾਹ ਦੇ ਫਿਲਮਸਾਜ਼ ਅਦਾਰੇ ਅਮੀਨ ਪ੍ਰੋਡਕਸ਼ਨਜ਼, ਲਾਹੌਰ ਦੀ ‘ਅਮਾਨਤ’ (1950) ਸੀ। ਫਿਲਮ ’ਚ ਅਦਾਕਾਰਾ ਗੁਲਸ਼ਨ ਆਰਾ ਤੇ ਇਸ਼ਰਤ ਉਰਫ਼ ਦਰਪਨ (ਨਵਾਂ ਚਿਹਰਾ) ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਕਹਾਣੀ ਤੇ ਮੁਕਾਲਮੇ ਅਨਵਰ ਬਟਾਲਵੀ, ਗੀਤ ਸੈਫ਼-ਉਦ-ਦੀਨ, ਕਤੀਲ ਸ਼ਿਫ਼ਾਈ ਅਤੇ ਮੌਸੀਕੀ ਦੀਆਂ ਧੁਨਾਂ ਨਜ਼ੀਰ ਜਾਫ਼ਰੀ ਨੇ ਮੁਰੱਤਬਿ ਕੀਤੀਆਂ। ਇਹ ਫਿਲਮ 21 ਅਪਰੈਲ 1950 ਨੂੰ ਨੁਮਾਇਸ਼ ਹੋਈ ਤੇ ਫਲਾਪ ਰਹੀ। ਦੂਜੀ ਐੱਮ. ਅਨਵਰ ਬੇਗ ਦੇ ਫਿਲਮਸਾਜ਼ ਅਦਾਰੇ ਮੁਗ਼ਲ ਪਿਕਚਰਜ਼, ਲਾਹੌਰ ਦੀ ਉਰਦੂ ਫਿਲਮ ‘ਨਵੇਲੀ’ (1952) ਸੀ। ਫਿਲਮ ’ਚ ਅਦਾਕਾਰਾ ਤਬੱਸੁਮ (ਨਵਾਂ ਚਿਹਰਾ) ਅਤੇ ਭਾਰਤੀ ਫਿਲਮ ਅਦਾਕਾਰ ਰੇਹਾਨ (ਪਹਿਲੀ ਪਾਕਿਸਤਾਨੀ ਫਿਲਮ) ਮੁੱਖ ਭੂਮਿਕਾ ਅਦਾ ਕਰ ਰਹੇ ਸਨ। ਕਹਾਣੀ ਐੱਮ. ਅਨਵਰ ਬੇਗ, ਮੰਜ਼ਰਨਾਮਾ ਤੇ ਮੁਕਾਲਮੇ ਸੈਫ਼-ਉਦ-ਦੀਨ ਸੈਫ਼ ਅਤੇ ਸੰਗੀਤ ਨਜ਼ੀਰ ਜਾਫ਼ਰੀ ਤੇ ਐੱਚ. ਕੁਰੈਸ਼ੀ ਨੇ ਸਾਂਝੇ ਤੌਰ ’ਤੇ ਤਿਆਰ ਕੀਤਾ। ਇਸ ਫਿਲਮ ਦਾ ਪਹਿਲਾ ਨਾਮ ‘ਕਰਵਟੇਂ’ ਸੀ ਅਤੇ ਇਸ ਦੇ ਗ੍ਰਾਮੋਫ਼ੋਨ ਰਿਕਾਰਡ ਵੀ ‘ਕਰਵਟੇਂ’ ਦੇ ਨਾਮ ਨਾਲ ਹੀ ਜਾਰੀ ਹੋਏ ਸਨ। ਇਹ ਫਿਲਮ 23 ਦਸੰਬਰ 1952 ਨੂੰ ਰਿਲੀਜ਼ ਹੋਈ। ਤੀਜੀ ਉਰਦੂ ਫਿਲਮ ਖਵਾਜਾ ਕਲੀਮ (ਨਾਲ ਰਿਆਜ਼ ਮੀਰ) ਦੇ ਫਿਲਮਸਾਜ਼ ਅਦਾਰੇ ਕਾਗ੍ਹਨ ਫਿਲਮਜ਼, ਲਾਹੌਰ ਦੀ ‘ਤੂਫ਼ਾਨ’ (1955) ਸੀ। ਫਿਲਮ ’ਚ ਸਬੀਹਾ ਖਾਨੁਮ ਤੇ ਸੁਧੀਰ ਜੋੜੀਦਾਰ ਸਨ। ਕਹਾਣੀ ਤੇ ਮੁਕਾਲਮੇ ਅਹਿਸਾਨ ਬੀ. ਏ., ਗੀਤ ਸੈਫ਼-ਉਦ-ਦੀਨ ਸੈਫ਼ ਤੇ ਜ਼ਹੀਰ ਕਸ਼ਮੀਰੀ (ਇੱਕ ਗੀਤ) ਅਤੇ ਸੰਗੀਤਕ ਤਰਜ਼ਾਂ ਜੀ. ਏ. ਚਿਸ਼ਤੀ ਤੇ ਆਈ. ਐੱਚ. ਕੁਰੈਸ਼ੀ ਨੇ ਬਣਾਈਆਂ ਸਨ। ਇਹ ਫਿਲਮ 31 ਜੁਲਾਈ 1955 ਨੂੰ ਪਰਦਾਪੇਸ਼ ਹੋਈ। ਚੌਥੀ ਫਿਲਮ ਐੱਮ. ਰਫ਼ੀ. ਤੇ ਐੱਚ. ਕਿਊਮ ਦੇ ਫਿਲਮਸਾਜ਼ ਅਦਾਰੇ ਯੂਨਾਈਟਿਡ ਫਰੈਂਡਜ਼ ਪ੍ਰੋਡਕਸ਼ਨਜ਼, ਲਾਹੌਰ ਦੀ ਉਰਦੂ ਫਿਲਮ ‘ਪਾਸਬਾਨ’ (1957) ਸੀ। ਫਿਲਮ ’ਚ ਸਬੀਹਾ ਖਾਨੁਮ ਤੇ ਅਸਲਮ ਮੁੱਖ ਕਿਰਦਾਰ ਵਿੱਚ ਮੌਜੂਦ ਸਨ। ਕਹਾਣੀ ਤੇ ਮੁਕਲਾਮੇ ਅਜ਼ੀਜ਼ ਮੀਰੂਥੀ, ਗੀਤ ਗ਼ੁਲਾਮ ਰੂਬਾਨੀ, ਹਜ਼ੀਨ ਕਾਦਰੀ ਤੇ ਸੋਹਰੇਸ਼ ਦੇਹਲਵੀ ਅਤੇ ਸੰਗੀਤਕਾਰ ਰਸ਼ੀਦ ਅੱਤਰੇ ਸਨ। ਹੈਦਰ ਸ਼ਾਹ ਦੀ ਹਿਦਾਇਤਕਾਰੀ (ਸਹਾਇਕ ਵਸੀਮ ਤੇ ਨਸੀਮ ਹੈਦਰ ਸ਼ਾਹ) ’ਚ ਬਣੀ ਆਖ਼ਰੀ ਫਿਲਮ ਏ. ਐੱਚ. ਸੁਨਾਮੀ ਦੇ ਫਿਲਮਸਾਜ਼ ਅਦਾਰੇ ਸੁਨਾਮੀ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਪੰਜਾਬੀ ਫਿਲਮ ‘ਖੇਡਣ ਦੇ ਦਿਨ ਚਾਰ’ (1966) ਸੀ। ਫਿਲਮ ’ਚ ਨਗ਼ਮਾ ਤੇ ਅਕਮਲ ਨੇ ਮਰਕਜ਼ੀ ਕਿਰਦਾਰ ਨਿਭਾਏ। ਕਹਾਣੀ ਤੇ ਮੁਕਾਲਮੇ ਹਜ਼ੀਨ ਕਾਦਰੀ, ਗੀਤ ਹਜ਼ੀਨ ਕਾਦਰੀ ਤੇ ਵਾਰਿਸ ਲੁਧਿਆਣਵੀ ਅਤੇ ਸੰਗੀਤ-ਹਿਦਾਇਤਕਾਰ ਮਾਸਟਰ ਆਸ਼ਿਕ ਹੁਸੈਨ ਸਨ। ਇਹ ਫਿਲਮ 23 ਸਤੰਬਰ ਨੂੰ 1966 ਨੂੰ ਨੁਮਾਇਸ਼ ਹੋਈ ਤੇ ਫਲਾਪ ਰਹੀ।
ਵਕਤ ਹੱਥੋਂ ਨਿਰਾਸ਼ ਹੋਏ ਹੈਦਰ ਸ਼ਾਹ ਨੇ ਫਿਲਮੀਂ ਦੁਨੀਆ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਹਿੰਦ-ਪਾਕਿ ਦੀਆਂ ਫਿਲਮਾਂ ਦਾ ਸਾਂਝਾ ਸਿਤਾਰਾ ਹੈਦਰ ਸ਼ਾਹ 29 ਜੂਨ 1974 ਨੂੰ 64 ਸਾਲਾਂ ਦੀ ਉਮਰ ਵਿੱਚ ਲਾਹੌਰ ’ਚ ਅਕਾਲ ਚਲਾਣਾ ਕਰ ਗਿਆ। ਹੈਦਰ ਸ਼ਾਹ ਦੇ ਦੋ ਪੁੱਤਰ ਹਨ ਜੋ ਫਿਲਮ ਸਨਅਤ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਵੱਡੇ ਪੁੱਤਰ ਦਾ ਨਾਮ ਨਸੀਮ ਹੈਦਰ ਸ਼ਾਹ ਹੈ ਜੋ ਫਿਲਮ ਹਿਦਾਇਤਕਾਰ ਹਨ ਤੇ ਦੂਸਰੇ ਪੁੱਤਰ ਦਾ ਨਾਮ ਸੱਈਅਦ ਸ਼ਬੀਰ ਹੈਦਰ ਸ਼ਾਹ ਹੈ, ਜਿਸ ਨੇ ਬਤੌਰ ਫੋਟੋਗ੍ਰਾਫਰ ਕਈ ਪੰਜਾਬੀ ਤੇ ਪਸ਼ਤੋ ਫਿਲਮਾਂ ਦੀ ਤਸਵੀਰਕਸ਼ੀ ਕੀਤੀ। ਉਹ 31 ਮਾਰਚ 2014 ਨੂੰ ਵਫ਼ਾਤ ਪਾ ਗਿਆ ਸੀ।
ਸੰਪਰਕ: 97805-09545