ਸੁਖਵਿੰਦਰ ਚਹਿਲ
ਜ਼ਿੰਦਗੀ ’ਚ ਉਂਝ ਤਾਂ ਸਕੂਨ ਚਾਹੀਦਾ
ਪਰ, ਮੰਜ਼ਿਲਾਂ ਨੂੰ ਪਾਉਣ ਲਈ ਜਨੂੰਨ ਚਾਹੀਦਾ।
ਅਜਿਹਾ ਹੀ ਜਨੂੰਨੀ ਹੈ ਹਰਿਆਣਾ ਦਾ ਨੌਜਵਾਨ ਅਸ਼ੋਕ ਸ਼ਾਨ। ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਪਿੰਡ ਮੜ ਦੇ ਇਸ ਨੌਜਵਾਨ ਨੇ ਹਰਿਆਣਵੀ ਹੋਣ ਦੇ ਬਾਵਜੂਦ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸੰਗੀਤਕ ਵੀਡੀਓ’ਜ਼ ਵਿਚ ਚੰਗਾ ਨਾਮਣਾ ਖੱਟਿਆ ਹੈ।
ਜ਼ਿਲ੍ਹਾ ਫਤਿਆਬਾਦ ਵਿਚ ਪੈਂਦੇ ਪਿੰਡ ਮੜ ਵਿਖੇ 1981 ਨੂੰ ਪਿਤਾ ਆਤਮਾ ਰਾਮ ਤੇ ਮਾਤਾ ਵਾਗਾਂ ਦੇਵੀ ਦੇ ਘਰ ਅਸ਼ੋਕ ਦਾ ਜਨਮ ਹੋਇਆ। ਪਰਿਵਾਰ ਵਿਚ ਸਭ ਤੋਂ ਛੋਟਾ ਹੋਣ ਕਰਕੇ ਬਹੁਤ ਲਾਡਲਾ ਅਸ਼ੋਕ ਸਾਰਾ ਦਿਨ ਮਸਤੀ ਕਰਦਾ ਜਵਾਨੀ ਵੱਲ ਵਧਣ ਲੱਗਾ। ਫ਼ਿਲਮਾਂ ਦੇਖਣ ਦਾ ਸ਼ੌਕ ਉਸ ਨੂੰ ਰਾਤ ਨੂੰ ਸੌਣ ਨਾ ਦਿੰਦਾ। ਅਸ਼ੋਕ ਦੇ ਬਚਪਨ ਸਮੇਂ ਪਿੰਡਾਂ ਵਿਚ ਵੀ.ਸੀ. ਆਰ ’ਤੇ ਫ਼ਿਲਮਾਂ ਦੇਖੀਆਂ ਜਾਂਦੀਆਂ ਸਨ। ਪਿੰਡ ਵਿਚ ਜਿਸ ਘਰ ਵਿਚ ਵੀ ਵੀ.ਸੀ.ਆਰ. ਚੱਲਦਾ ਅਸ਼ੋਕ ਉਸ ਘਰ ਵਿਚ ਬੱਚਿਆਂ ਦੇ ਅੱਗੇ ਬੈਠਾ ਮਿਲਦਾ। ਉਸ ਨੇ ਪਹਿਲੀ ਫ਼ਿਲਮ ‘ਕਰਮਾ’ ਦੇਖੀ ਜਿਸ ਵਿਚ ਦਲੀਪ ਕੁਮਾਰ, ਅਨਿਲ ਕਪੂਰ ਅਤੇ ਨਸ਼ੀਰੂਦੀਨ ਸ਼ਾਹ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਸਨ। ਅਸ਼ੋਕ ਨੇ ਉਸ
ਦਿਨ ਤੋਂ ਹੀ ਫ਼ਿਲਮਾਂ ਵਿਚ ਕੰਮ ਕਰਨ ਦਾ ਫ਼ੈਸਲਾ
ਕਰ ਲਿਆ ਸੀ।
ਪਿੰਡ ਵਿਚ ਦਸਵੀਂ ਤਕ ਪੜ੍ਹਨ ਤੋਂ ਬਾਅਦ ਉਸ ਨੇ ਅਗਲੀ ਪੜ੍ਹਾਈ ਰਤੀਆ ਵਿਖੇ ਕੀਤੀ। ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਦਾ ਸ਼ੌਕ ਵੀ ਨਾਲ ਰੱਖਿਆ। ਫ਼ਿਲਮੀ ਦੁਨੀਆਂ ਵਿਚ ਅੱਗੇ ਵਧਣ ਲਈ ਅਸ਼ੋਕ ਨੇ ਸੁੱਖੀ ਪਾਤੜਾਂ ਕੋਲ ਥੀਏਟਰ ਕੀਤਾ ਜਿਨ੍ਹਾਂ ਨੇ ਉਸ ਦੀ ਅਦਾਕਾਰੀ ਨੂੰ ਤਰਾਸ਼ਿਆ। ਇਸ ਸ਼ੌਕ ਨੂੰ ਅੱਗੇ ਤੋਰਨ ਵਿਚ ਗੁਰਚਰਨ ਗੋਇਲ ਦਾ ਬਹੁਤ ਵੱਡਾ ਸਹਿਯੋਗ ਰਿਹਾ। ਇਸ ਦੌਰਾਨ ਉਸ ਦੀ ਮੁਲਾਕਾਤ ਕੁਲਦੀਪ ਪਰਮਾਰ ਨਾਲ ਹੋਈ ਜਿਸ ਨੇ ਉਸ ਨੂੰ ਮਾਡਲਿੰਗ ਵਿਚ ਹੱਥ ਅਜ਼ਮਾਉਣ ਦੀ ਸਲਾਹ ਦਿੱਤੀ। ਫਿਰ ਉਸ ਨੇ ਮਾਡਲਿੰਗ ਕਰਨ ਦਾ ਫ਼ੈਸਲਾ ਕੀਤਾ। ਪਹਿਲੀ ਵਾਰ ਕੁਲਦੀਪ ਪਰਮਾਰ ਵੱਲੋਂ ਡਾਇਰੈਕਟ ਕੀਤੇ ਗੀਤ ਵਿਚ ਬਤੌਰ ਮਾਡਲ ਭੂਮਿਕਾ ਨਿਭਾਈ। ਇੱਥੋਂ ਹੀ ਉਸ ਦੀ ਅਦਾਕਾਰੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਇੱਥੋਂ ਹੀ ਅਸ਼ੋਕ ਕੁਮਾਰ ਕੱਕੜ ਤੋਂ ਅਸ਼ੋਕ ਸ਼ਾਨ ਬਣਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਛੇ ਫੁੱਟ ਦੇ ਇਸ ਨੌਜਵਾਨ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਉਸ ਨੂੰ ਧੜਾਧੜ ਰੋਲ ਮਿਲਣੇ ਸ਼ੁਰੂ ਹੋ ਗਏ। ਹੁਣ ਤਕ ਉਹ 30 ਤੋਂ ਵੱਧ ਲਘੂ ਫ਼ਿਲਮਾਂ ਅਤੇ ਟੈਲੀਫ਼ਿਲਮਾਂ ਵਿਚ ਕੰਮ ਕਰ ਚੁੱਕਾ ਹੈ। ਬੌਲੀਵੁੱਡ ਵਿਚ ਅਸ਼ੋਕ ਨੇ ਫ਼ਿਲਮ ‘ਕਿਆ ਫਰਕ ਪੜਤਾ ਹੈ’ ਅਤੇ ‘ਲਾਇਨ ਹਾਰਟ’ ਵਿਚ ਕੰਮ ਕੀਤਾ। ਰਾਜਸਥਾਨੀ ਫ਼ਿਲਮ ‘ਧਾਸੂ ਥਾਨੇਦਾਰ’ ਕੀਤੀ।
ਜੇ ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਹੁਣ ਤਕ ਸੱਤ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਚੁੱਕਾ ਹੈ। ਜਿਨ੍ਹਾਂ ਵਿਚੋਂ ‘ਆਟੇ ਦੀ ਚਿੜੀ’, ‘ਛੱਲੇ ਮੁੰਦੀਆਂ’, ਬੱਬੂ ਮਾਨ ਨਾਲ ਫ਼ਿਲਮ ‘ਸੁੱਚਾ ਸੂਰਮਾ’, ‘ਗੋਲ ਗੱਪੇ’, ‘ਮੂਲਮੰਤਰ’, ‘ਰਿਸ਼ਤੇ ਰੂਹਾਂ’ ਦੇ ਆਦਿ ਹਨ। ‘ਮੂਲਮੰਤਰ’ ਫ਼ਿਲਮ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹ 25 ਤੋਂ ਵੱਧ ਪੰਜਾਬੀ ਗੀਤਾਂ ਵਿਚ ਅਦਾਕਾਰੀ ਕਰ ਚੁੱਕਾ ਹੈ। ਜ਼ੀ ਪੰਜਾਬੀ ਦੇ ਸੀਰੀਅਲ ‘ਕਮਲੀ ਇਸ਼ਕ ਦੀ’ ਵਿਚ ਉਹ ਮੁੱਖ ਖ਼ਲਨਾਇਕ ਦੇ ਰੂਪ ਵਿਚ ਨਜ਼ਰ ਆਇਆ ਹੈ। ਇਸ ਤੋਂ ਇਲਾਵਾ ਸੱਚੀਆਂ ਘਟਨਾਵਾਂ ’ਤੇ ਆਧਾਰਿਤ
ਸੀਰੀਅਲ ‘ਵਾਰਦਾਤ’ ਵਿਚ ਵੀ ਕੰਮ ਕੀਤਾ। ਉਹ ਹੋਰ ਵੀ ਕਈ ਪੰਜਾਬੀ ਫ਼ਿਲਮਾਂ ਦੇ ਪ੍ਰਾਜੈਕਟਾਂ ਨਾਲ ਜੁੜਿਆ ਹੋਇਆ ਹੈ।
ਸੰਪਰਕ: 89688-89550