ਲੰਡਨ, 30 ਦਸੰਬਰ
ਫ਼ਿਲਮੀ ਜਗਤ ’ਚ ਡੇਢ ਦਹਾਕੇ ਤੋਂ ਵੱਧ ਸਮਾਂ ਕੰਮ ਕਰਨ ਵਾਲੀ ਪ੍ਰਸਿੱਧ ਅਦਾਕਾਰਾ ਤੇ ਫ਼ਿਲਮ ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਖਿਆ ਕਿ ‘ਬਾਜੀਰਾਓ ਮਸਤਾਨੀ’, ‘ਬਰਫ਼ੀ’ ਅਤੇ ‘ਸਾਤ ਖੂਨ ਮਾਫ਼’ ਵਰਗੀਆਂ ਫ਼ਿਲਮਾਂ ਵਿੱਚ ਉਸ ਨੇ ਪਰਦੇ ’ਤੇ ਬਹੁ-ਪੱਖੀ ਕਿਰਦਾਰ ਨਿਭਾਏ ਹਨ। ਸਾਬਕਾ ‘ਮਿਸ ਵਰਡਲ’ ਪ੍ਰਿਯੰਕਾ ਦੀ ਸਾਲ 2003 ਵਿੱਚ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਨਾਲ ਪਹਿਲੀ ਫ਼ਿਲਮ ‘ਦਿ ਹੀਰੋ: ਲਵ ਸਟੋਰੀ ਆਫ ਸਪਾਏ’ ਆਈ ਸੀ। ਅਦਾਕਾਰਾ ਨੇ ਮੰਗਲਵਾਰ ਰਾਤ ਇੰਸਟਾਗ੍ਰਾਮ ’ਤੇ ਉਕਤ ਫ਼ਿਲਮਾਂ ਵਿੱਚ ਨਿਭਾਏ ਕਿਰਦਾਰਾਂ ਬਾਰੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ਤਿੰਨ ਪ੍ਰਸਿੱਧ ਨਿਰਦੇਸ਼ਕਾਂ ਨਾਲ ਕੰਮ ਕਰਦਿਆਂ ਤਿੰਨ ਫ਼ਿਲਮਾਂ ਵਿੱਚ ਵੱਖ-ਵੱਖ ਸਮੇਂ ’ਤੇ ਹੈਰਾਨਕੁਨ ਅਤੇ ਗੁੰਝਲਦਾਰ ਕਿਰਦਾਰ ਨਿਭਾਏ ਹਨ। ਪ੍ਰਿਯੰਕਾਂ ਦੀਆਂ ਸਫ਼ਲ ਅਤੇ ਪ੍ਰਸਿੱਧ ਫ਼ਿਲਮਾਂ ਵਿੱਚ ’ਇਤਰਾਜ਼, ਕ੍ਰਿਸ਼, ਡੌਨ, ਫ਼ੈਸ਼ਨ, ਬਰਫ਼ੀ ਅਤੇ ਮੇਰੀ ਕੌਮ’ ਆਦਿ ਸ਼ਾਮਲ ਹਨ। ਹਿੰਦੀ ਫ਼ਿਲਮ ਜਗਤ ਵਿੱਚ ਇਕ ਦਹਾਕਾ ਕੰਮ ਕਰਨ ਤੋਂ ਬਾਅਦ ਪ੍ਰਿਯੰਕਾ ਨੇ ਸਾਲ 2015 ਦੌਰਾਨ ਅਮਰੀਕਾ ਵਿੱਚ ਏਬੀਸੀ ਸੀਰੀਜ਼ ‘ਕੁਆਂਟਿਕੋ’ ਲਈ ਕੰਮ ਕੀਤਾ। ਇਸ ਤੋਂ ਦੋ ਸਾਲ ਬਾਅਦ ਉਸ ਦੀ ਪਹਿਲੀ ਹੌਲੀਵੁੱਡ ਫ਼ਿਲਮ ‘ਬੇਅਵਾਚ’ ਆਈ ਅਤੇ ਉਪਰੰਤ ਉਹ ਅਮਰੀਕੀ ਫ਼ਿਲਮ ਪ੍ਰੋਡਕਸ਼ਨ ਦੀ ਸਟਾਰ ਬਣੀ ਗਈ। ਹੁਣ ਉਹ ਲੰਡਨ ਵਿੱਚ ਆਪਣੀ ਨਵੀਂ ਫ਼ਿਲਮ ‘ਟੈਕਸਟ ਫਾਰ ਯੂ’ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ ਅਤੇ ਉਸ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਵਾਲੀ ‘ਦਿ ਵਾਈਟ ਟਾਈਗਰ’ ਦਾ ਇੰਤਜ਼ਾਰ ਹੈ, ਜਿਸ ਵਿੱਚ ਉਹ ਸਹਿ ਪ੍ਰੋਡਿਊਸਰ ਹੈ। ਆਗਾਮੀ ਸਾਲ 2021 ਪ੍ਰਿਯੰਕਾ ਜੋਨਸ ਲਈ ਰੁਝੇਵਿਆਂ ਭਰਿਆ ਹੋਵੇਗਾ ਜਿਸ ਦੌਰਾਨ ਉਹ ਫ਼ਿਲਮ ‘ਦਿ ਮੈਟਰਿਕਸ-4’, ਐਮਾਜ਼ੋਨ ਸੀਰੀਜ਼ ਅਤੇ ‘ਸੰਗੀਤ’ ਵਿੱਚ ਨਜ਼ਰ ਆਵੇਗੀ।
-ਆਈਏਐੱਨਐੱਸ