ਨਵੀਂ ਦਿੱਲੀ: ‘ਬ੍ਰਹਿਮੰਡ ਸੁੰਦਰੀ-2021’ ਹਰਨਾਜ਼ ਸੰਧੂ ਨੇ ਸੋਸ਼ਲ ਮੀਡੀਆ ’ਤੇ ਸਾਬਕਾ ਵਿਸ਼ਵ ਸੁੰਦਰੀ ਪ੍ਰਿਯੰਕਾ ਚੋਪੜਾ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਹਾਲ ਹੀ ਵਿੱਚ ਹੋਏ ਗਲੋਬਲ ਸਿਟੀਜ਼ਨ ਫੈਸਟੀਵਲ ਦੀ ਹੈ, ਜਿਸ ਵਿੱਚ ਦੋਵੇਂ ਸੁੰਦਰੀਆਂ ਸ਼ਾਮਲ ਹੋਈਆਂ ਸਨ। ਇਸ ਦੌਰਾਨ ਪ੍ਰਿਯੰਕਾ ਨੇ ਚਿੱਟੇ ਰੰਗ ਦਾ ਕ੍ਰੌਪ ਟੌਪ ਤੇ ਰੰਗ-ਬਿਰੰਗਾ ਟਰਾਊਜ਼ਰ ਤੇ ਜੈਕੇਟ ਪਹਿਨੀ ਹੋਈ ਹੈ। ਦੂਜੇ ਪਾਸੇ ਹਰਨਾਜ਼ ਨੇ ਕਾਲੇ ਰੰਗ ਦੀ ਟੀ-ਸ਼ਰਟ ਨਾਲ ਨੀਲੇ ਰੰਗ ਦੀ ਪੈਂਟ ਅਤੇ ਪ੍ਰਿੰਟ ਵਾਲੀ ਜੈਕੇਟ ਪਹਿਨੀ ਹੋਈ ਹੈ। ਇਸ ਤਸਵੀਰ ਵਿੱਚ ਦੋ ਹੋਰ ਕੁੜੀਆਂ ਵੀ ਦਿਖਾਈ ਦੇ ਰਹੀਆਂ ਹਨ। ਹਰਨਾਜ਼ ਨੇ ਆਖਿਆ, ‘ਮੈਂ ਤੁਹਾਨੂੰ ਕਿਸੇ ਹੋਰ ਢੰਗ ਨਾਲ ਮਿਲਣ ਵਾਸਤੇ ਕਹਿ ਨਹੀਂ ਸਕਦੀ ਸੀ। ਤੁਹਾਡੀ ਮਿਹਰਬਾਨੀ ਲਈ ਸ਼ੁਕਰੀਆ ਪ੍ਰਿਅੰਕਾ… ਤੁਹਾਡੇ ’ਤੇ ਜਾਨ ਕੁਰਬਾਨ!’ ਇਸ ਤਸਵੀਰ ’ਤੇ ਚਾਹੁਣ ਵਾਲਿਆਂ ਅਤੇ ਸਿਨੇ ਜਗਤ ਦੀਆਂ ਹਸਤੀਆਂ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ। ਇੱਕ ਪ੍ਰਸ਼ੰਸਕ ਨੇ ਤਸਵੀਰ ਨੂੰ ‘ਲਾਜਵਾਬ’ ਦੱਸਿਆ। ਇੱਕ ਹੋਰ ਨੇ ਕਿਹਾ, ‘ਦੋ ਪ੍ਰਭਾਵਸ਼ਾਲੀ ਔਰਤਾਂ ਭਾਰਤ ਦਾ ਮਾਣ ਵਧਾ ਰਹੀਆਂ ਹਨ ਤੇ ਇਤਿਹਾਸ ਸਿਰਜ ਰਹੀਆਂ ਹਨ।’ ਜ਼ਿਕਰਯੋਗ ਹੈ ਕਿ ਸਾਲ 2000 ਵਿੱਚ ਲਾਰਾ ਦੱਤਾ ਤੋਂ ਬਾਅਦ ਹਰਨਾਜ਼ ਸੰਧੂ ਨੇ 21 ਸਾਲਾਂ ਬਾਅਦ ਬ੍ਰਹਿਮੰਡ ਸੁੰਦਰੀ ਦਾ ਖ਼ਿਤਾਬ ਭਾਰਤ ਲਈ ਜਿੱਤਿਆ ਹੈ। 22 ਸਾਲਾ ਹਰਨਾਜ਼ ਨੇ ਇਸ ਮੁਕਾਬਲੇ ’ਚ 79 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾ ਕੇ ਆਪਣੇ ਸਿਰ ਤਾਜ ਸਜਾਇਆ ਸੀ। -ਏਐੱਨਆਈ