ਚੇਨੱਈ: ਮਲਿਆਲਮ ਸਟਾਰ ਪ੍ਰਿਥਵੀਰਾਜ ਸੁਕੁਮਾਰਨ ਦੀ ਫ਼ਿਲਮ ‘ਖਲੀਫ਼ਾ’ ਦੀ ਸ਼ੂਟਿੰਗ ਦੁਬਈ, ਨੇਪਾਲ ਅਤੇ ਕੇਰਲਾ ਵਿੱਚ ਕੀਤੀ ਜਾਵੇਗੀ। ਇਹ ਫਿਲਮ ‘ਯੂਡਲੀ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਹੈ। ਵਿਸਾਖ ਇਸ ਦੇ ਨਿਰਦੇਸ਼ਕ ਹਨ। ਪ੍ਰਿਥਵੀਰਾਜ ਦੀ ਵਿਸਾਖ ਨਾਲ ਲਗਪਗ ਦਸ ਸਾਲਾਂ ਬਾਅਦ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵੇਂ ਸੁਪਰਹਿੱਟ ਫ਼ਿਲਮ ‘ਪੋਕੀਰੀ ਰਾਜਾ’ ਵਿੱਚ ਕੰਮ ਕਰ ਚੁੱਕੇ ਹਨ। ਦੋਵੇਂ ਅਗਲੀ ਫ਼ਿਲਮ ਵਿੱਚ ‘ਕਾਦੂਵਾ’ ਦੇ ਲੇਖਕ ਜੀਨੂ ਵੀ. ਅਬਰਾਹਮ ਨਾਲ ਕੰਮ ਕਰਨਗੇ। ਸਾਰੇਗਾਮਾ ਇੰਡੀਆ ਲਿਮਟਿਡ ਦੇ ਸਿਧਾਰਥ ਆਨੰਦ ਕੁਮਾਰ ਨੇ ਕਿਹਾ, ‘‘ਇਹ ਬਹੁਤ ਹੀ ਉਤਸ਼ਾਹ ਭਰਪੂਰ ਵੱਡੇ ਬੱਜਟ ਦੀ ਵਾਲੀ ਫ਼ਿਲਮ ਹੈ, ਜਿਸ ਦੀ ਸ਼ੂਟਿੰਗ ਦੁਬਈ, ਨੇਪਾਲ ਅਤੇ ਕੇਰਲਾ ਵਿੱਚ ਕੀਤੀ ਜਾਵੇਗੀ। ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ।’’ ਉਨ੍ਹਾਂ ਕਿਹਾ, ‘‘ਅਸੀਂ ਪ੍ਰਿਥਵੀਰਾਜ ਨਾਲ ਮੁੜ ਕੰਮ ਕਰ ਕੇ ਬਹੁਤ ਖ਼ੁਸ਼ ਹਾਂ।’’ ਪ੍ਰਿਥਵੀਰਾਜ ਇਸ ਸਾਲ ਯੂਡਲੀ ਦੀ ਅਪਰਾਧ ’ਤੇ ਬਣੀ ਫ਼ਿਲਮ ‘ਕਾਪਾ’ ਵਿੱਚ ਵੀ ਨਜ਼ਰ ਆਉਣਗੇ। ਪ੍ਰਿਥਵੀਰਾਜ ਨੇ ਕਿਹਾ, ‘‘ਮੈਂ ਬਹੁਤ ਸਾਰੀਆਂ ਐਕਸ਼ਨ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਪਰ ਇਹ ਫ਼ਿਲਮ ਪੱਧਰ, ਬਜਟ ਅਤੇ ਸਪਸ਼ਟ ਟੀਚੇ ਦੇ ਲਿਹਾਜ਼ ਨਾਲ ਕਾਫ਼ੀ ਅਸਾਧਾਰਨ ਹੋਵੇਗੀ।’’ ਨਿਰਦੇਸ਼ਕ ਵਿਸਾਖ ਨੇ ਕਿਹਾ, ‘‘ਮੈਂ ਲਗਪਗ ਦਸ ਸਾਲਾਂ ਬਾਅਦ ਪ੍ਰਿਥਵੀਰਾਜ ਨਾਲ ਮੁੜ ਕੰਮ ਕਰਨ ਲਈ ਉਤਸ਼ਾਹਿਤ ਹਾਂ ਅਤੇ ‘ਖਲੀਫ਼ਾ’ ਨੇ ਇਹ ਉਡੀਕ ਖ਼ਤਮ ਕੀਤੀ ਹੈ।’’ ਫ਼ਿਲਮ ਦੇ ਸਹਿ-ਪ੍ਰੋਡਿਊਸਰ ਜੀਨੂ ਵੀ. ਅਬਰਾਹਮ, ਡੌਲਵਿਨ ਕੁਰੀਆਕੋਸ ਅਤੇ ਸੂਰਜ ਕੁਮਾਰ ਹਨ। -ਆਈਏਐੱਨਐੱਸ