ਨਵੀਂ ਦਿੱਲੀ/ਮੁੰਬਈ, 28 ਸਤੰਬਰ
ਊੱਘੀ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 91ਵੇਂ ਜਨਮ ਦਿਨ ’ਤੇ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਉਹ ਖ਼ੁਦ ਨੂੰ ਖ਼ੁਸ਼ਨਸੀਬ ਮੰਨਦੇ ਹਨ ਕਿ ਉਨ੍ਹਾਂ ਨੂੰ ਲਤਾ ਦੀਦੀ ਤੋਂ ਹਮੇਸ਼ਾ ਪਿਆਰ ਅਤੇ ਆਸ਼ੀਰਵਾਦ ਮਿਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਮੈਂ ਲਤਾ ਦੀਦੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਪ੍ਰਾਰਥਨਾ ਕੀਤੀ। ਮੈਂ ਖ਼ੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਮੈਨੂੰ ਹਮੇਸ਼ਾ ਉਨ੍ਹਾਂ ਤੋਂ ਪਿਆਰ ਅਤੇ ਆਸ਼ੀਰਵਾਦ ਮਿਲਿਆ।’ ਇਸੇ ਦੌਰਾਨ ਅੱਜ ਮਹਾਰਾਸ਼ਟਰ ਸਰਕਾਰ ਨੇ ਗਾਇਕਾ ਊਸ਼ਾ ਮੰਗੇਸ਼ਕਰ ਨੂੰ ਸਾਲ 2020-21 ਦਾ ‘ਗਨਸਮਰਿੱਧੀ ਲਤਾ ਮੰਗੇਸ਼ਕਰ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ ਉਦੈ ਸਾਮੰਤ ਨੇ ਐਲਾਨ ਕੀਤਾ ਕਿ ਮਹਾਰਾਸ਼ਟਰ ’ਚ ਪ੍ਰਸਿੱਧ ਮਰਹੂਮ ਸੰਗੀਤਕਾਰ ਦੀਨਾਨਾਥ ਮੰਗੇਸ਼ਕਰ ਦੇ ਨਾਂਅ ’ਤੇ ਵਿਸ਼ਵ ਪੱਧਰੀ ਸਰਕਾਰੀ ਸੰਗੀਤ ਕਾਲਜ ਖੋਲ੍ਹਿਆ ਜਾਵੇਗਾ। -ਪੀਟੀਆਈ