ਮੁੰਬਈ, 27 ਜੁਲਾਈ
ਬੰਬੇ ਹਾਈ ਕੋਰਟ ਨੇ ਕਥਿਤ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਾਰੋਬਾਰੀ ਰਾਜ ਕੁੰਦਰਾ ਨੂੰ ਅੱਜ ਕੋਈ ਰਾਹਤ ਨਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰੀ ਧਿਰ ਦਾ ਪੱਖ ਸੁਣੇ ਤੋਂ ਬਿਨਾਂ ਕੋਈ ਆਦੇਸ਼ ਪਾਸ ਨਹੀਂ ਕੀਤਾ ਜਾ ਸਕਦਾ। ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਕੁੰਦਰਾ ਵੱਲੋਂ ਆਪਣੀ ਗ੍ਰਿਫ਼ਤਾਰੀ ਖ਼ਿਲਾਫ਼ ਪਾਈ ਪਟੀਸ਼ਨ ’ਤੇ ਜਸਟਿਸ ਏਐੱਸ ਗਡਕਰੀ ਨੇ ਪੁਲੀਸ ਨੂੰ 29 ਜੁਲਾਈ ਤੱਕ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਕੁੰਦਰਾ (45) ਨੂੰ ਇਸ ਮਾਮਲੇ ਵਿੱਚ ਬੀਤੀ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਅੱਜ ਇੱਥੋਂ ਦੀ ਇੱਕ ਮੈਜਿਸਟ੍ਰੇਟ ਅਦਾਲਤ ਨੇ ਕੁੰਦਰਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੁੰਦਰਾ ਨੇ ਜ਼ਮਾਨਤ ਲਈ ਮੈਜਿਸਟ੍ਰੇਟ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ, ਜਿਸ ’ਤੇ ਸੁਣਵਾਈ ਬੁੱਧਵਾਰ ਨੂੰ ਹੋਵੇਗੀ। ਇਸ ਦੌਰਾਨ ਮੁੰਬਈ ਪੁਲੀਸ ਨੇ ਮੈਜਿਸਟ੍ਰੇਟ ਅਦਾਲਤ ਨੂੰ ਦੱਸਿਆ ਕਿ ਕੁੰਦਰਾ ਨੇ ਅਸ਼ਲੀਲ ਫ਼ਿਲਮਾਂ ਦੇ ਕਾਰੋਬਾਰ ਤੋਂ ਪਿਛਲੇ ਸਾਲ ਅਗਸਤ ਤੋਂ ਦਸੰਬਰ ਤੱਕ ਲਗਪਗ 1.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪੀਟੀਆਈ