ਮੇਜਰ ਸਿੰਘ ਜਖੇਪਲ
ਦੀਦਾਰ ਸੰਧੂ ਵਰਗੀ ਫਿਫਟੀ ਤੇ ਪੱਗ ਬੰਨ੍ਹਣ ਵਾਲਾ ਇਕਹਿਰੇ ਜਿਹੇ ਸਰੀਰ ਦਾ ਮਾਲਕ ਅਤੇ ਸੈਂਕੜੇ ਸੁਪਰਹਿੱਟ ਗੀਤਾਂ ਨੂੰ ਜਨਮ ਦੇਣ ਵਾਲਾ ਕਰਮ ਸਿੰਘ ਭੱਟੀ ਉਰਫ਼ ਮਾੜੀ ਵਾਲਾ ਭੱਟੀ ਪੰਜਾਬੀ ਦਾ ਕੱਦਾਵਾਰ ਗੀਤਕਾਰ ਸੀ। ਉਸ ਨੇ ਜਿੰਨੇ ਵੀ ਗੀਤ ਲਿਖੇ ਸਾਰੇ ਹੀ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ਉਸ ਦੇ ਲਿਖੇ ਗੀਤਾਂ ਵਿੱਚ ਵਿਅੰਗਮਈ ਕਹਾਣੀਆਂ, ਖੂਬਸੂਰਤ ਮੁਹਾਵਰੇ ਤੇ ਤਸ਼ਬੀਹਾਂ ਵੇਖਣ ਨੂੰ ਮਿਲਦੀਆਂ ਹਨ। ਭੱਟੀ ਦੀ ਕਲਮ ਨੇ ਨਿਰੋਲ ਪੇਂਡੂ ਜਨ ਜੀਵਨ ਦੇ ਰੀਤੀ ਰਿਵਾਜਾਂ ਤੇ ਸੱਭਿਆਚਾਰ ਨੂੰ ਬਾਖੂਬੀ ਨਾਲ ਚਿਤਰਿਆ ਹੈ। ਉਸ ਵੇਲੇ ਕੰਪਨੀਆਂ, ਗਾਇਕਾਂ ਤੇ ਲੋਕਾਂ ਦੀ ਮੰਗ ਅਨੁਸਾਰ ਭੱਟੀ ਦੀ ਕਲਮ ਚੁਲਬੁਲੇ ਗੀਤ ਲਿਖਣ ਵਾਲੀ ਪਟੜੀ ’ਤੇ ਹੀ ਚੜ੍ਹੀ ਰਹੀ।
ਪਿਤਾ ਕੇਹਰ ਸਿੰਘ ਤੇ ਮਾਤਾ ਕਰਤਾਰ ਕੌਰ ਦਾ ਲਾਡਲਾ ਕਰਮ ਸਿੰਘ ਭੱਟੀ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ ਫ਼ੌਜ ਵਿੱਚ ਸੀ। ਭੱਟੀ ਕਦੇ ਸਕੂਲ ਦੇ ਗੇਟ ਕੋਲੋਂ ਦੀ ਲੰਘਿਆ ਤੱਕ ਨਹੀਂ ਸੀ, ਪਰ ਪਿੰਡ ਦੀ ਇੱਕ ਪਾਦਰੀਆਂ ਦੀ ਲੜਕੀ ਜੋ ਚੰਗੀ ਪੜ੍ਹੀ ਲਿਖੀ ਸੀ, ਤੋਂ ਉਸ ਨੇ ਉਰਦੂ, ਪੰਜਾਬੀ ਤੇ ਅੰਗਰੇਜ਼ੀ ਦਾ ਚੰਗਾ ਗਿਆਨ ਹਾਸਲ ਕਰ ਲਿਆ ਸੀ। ਏਸੇ ਗਿਆਨ ਦੇ ਸਿਰ ’ਤੇ ਉਹ 1961 ਨੂੰ ਭਾਰਤੀ ਫ਼ੌਜ ਵਿੱਚ ਭਰਤੀ ਹੋ ਗਿਆ। ਉਸ ਨੇ 1962, 1965 ਤੇ 1971 ਦੀਆਂ ਜੰਗਾਂ ਵੀ ਲੜੀਆਂ। ਭੱਟੀ ਪਰਿਵਾਰ ਲਈ ਇਹ ਗੱਲ ਵੀ ਮਾਣ ਵਾਲੀ ਆਖੀ ਜਾ ਸਕਦੀ ਹੈ ਕਿ ਪਿਤਾ ਕੇਹਰ ਸਿੰਘ ਦੇ ਪੰਜ ਲੜਕਿਆਂ ਵਿੱਚੋਂ ਚਾਰ ਨੇ ਦੇਸ਼ ਦੀ ਸੇਵਾ ਕੀਤੀ ਹੈ।
ਕਰਮ ਸਿੰਘ ਨੂੰ ਗੀਤਕਾਰੀ ਦੀ ਚੇਟਕ ਸਪੀਕਰਾਂ ਉੱਪਰ ਵੱਜਦੇ ਗੀਤਾਂ ਨੂੰ ਸੁਣਨ ਕਰਕੇ ਲੱਗੀ ਤੇ ਫੇਰ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਉਸ ਨੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਨੂੰ ਆਪਣਾ ਉਸਤਾਦ ਬਣਾਇਆ। 1977-78 ਨੂੰ ਭੱਟੀ ਦਾ ਪਹਿਲਾ ਗੀਤ ਪ੍ਰਗਣ ਤੇਜੀ ਤੇ ਪਰਮਜੀਤ ਪਾਲੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਏਸੇ ਸਾਲ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਦਾ ‘ਜੀਜਾ ਸਾਲੀ’ ਐੱਲ.ਪੀ. ਰਿਕਾਰਡ ਵੀ ਐੱਚ.ਐੱਮ.ਵੀ. ਕੰਪਨੀ ਨੇ ਰੀਲੀਜ਼ ਕੀਤਾ। ਜਿਸ ਵਿੱਚ ਭੱਟੀ ਦੇ ਕਾਫ਼ੀ ਗੀਤ ਰਿਕਾਰਡ ਸਨ। ਭੱਟੀ ਦੇ ਲਿਖੇ ਸਭ ਤੋਂ ਜ਼ਿਆਦਾ ਗੀਤ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਨੇ ਰਿਕਾਰਡ ਕਰਵਾਏ ਹਨ।
ਮਾੜੀ ਵਾਲੇ ਭੱਟੀ ਦੇ ਲਿਖੇ ਚਰਚਿਤ ਗੀਤਾਂ ਵਿੱਚ ‘ਬਿਪਤਾ ਵਿੱਚ ਚੇਤਾ ਆਉਂਦਾ ਸਕਿਆ ਭਰਾਵਾਂ ਦਾ’, ‘ਮੇਰੀ ਮੰਜੀ ਬਾਹਰਲੇ ਘਰੇ’, ‘ਅਮਲੀ ਦੇ ਭਾਅ ਦਾ ਸਾਰਾ ਪਿੰਡ ਮਰ ਗਿਆ’, ‘ਗਿੱਲੀ ਕੰਧ ’ਤੇ ਚੀਕਨਾ ਗਾਰਾ’, ‘ਮੇਰੇ ਦਿਲ ਵਿੱਚ ਤੂੰ’, ‘ਅੰਨ੍ਹੇ ਬਾਰੇ ਤੇਰੀ ਕੀ ਸਲਾਹ’, ‘ਲੈਣ ਮਗਰ ਆ ਗਿਆ’, ‘ਅੱਧੀ ਮੇਰੀ ਜਿੰਦ’, ‘ਸੂਈ ਦੇ ਨਖਾਰੇ ਥਾਣੀ’, ‘ਦੇਦੇ ਰੁਪਈਏ ਬਾਬਾ ਜੀ’, ‘ਘਰੇ ਹਮੀਰਾਂ ਮਿੱਲ ਬਣਾਲੀ ਵੇ’, ‘ਕਾਵਾਂ ਦੀ ਪੰਚਾਇਤ’, ‘ਮੇਰੀ ਦਿੱਲੀਓ ਕੈਨੇਡਾ ਦੀ ਫਲੈਟ ਕੱਲ੍ਹ ਨੂੰ’, ‘ਤੈਥੋਂ ਡਰਦੀ’, ‘ਨੋਟਾਂ ਨੂੰ ਸਲਾਮਾਂ ਹੁੰਦੀਆਂ’, ‘ਤੈਨੂੰ ਚਿੱਠੀਆਂ ਲਿਖਣ ਲਈ’, ‘ਨਾਨਕਿਆਂ ਦੇ ਘਰ ਵਰਗਾ’, ‘ਸੁੱਚਾ ਸੂਰਮਾ’, ‘ਸੁੱਖ ਮੰਗ ਮਿੱਤਰਾ’, ‘ਵੈਰੀਆਂ ਨੂੰ ਤਾਪ ਚੜ੍ਹਜੇ’, ‘ਅੱਜ ਸ਼ਗਨ ਸਵੇਰੇ ਜੰਨ ਚੜ੍ਹਨੀ’, ‘ਕਿਹੜਾ ਰੋਕੂਗਾ ਸਰਕਾਰੀ ਨਲਕੇ ਤੋਂ’, ‘ਬਹੂ ਦਾ ਪਕਾਇਆ ਫੁਲਕਾ’ ਤੇ ‘ਤੀਆਂ ਵਾਲੀ ਪਿੱਪਲੀ’ ਦੇ ਨਾਂ ਜ਼ਿਕਰਯੋਗ ਹਨ।
ਉਸ ਦੇ ਲਿਖੇ ਗੀਤਾਂ ਨੂੰ ਕੁਲਦੀਪ ਮਾਣਕ, ਕਰਤਾਰ ਰਮਲਾ, ਕੁਲਦੀਪ ਪਾਰਸ, ਸੁਖਵੰਤ ਸੁੱਖੀ, ਕੁਲਦੀਪ ਕੌਰ, ਪਰਮਜੀਤ ਸੰਧੂ, ਨਵਜੋਤ ਰਾਣੀ, ਹਾਕਮ ਬਖਤੜੀਵਾਲਾ, ਦਲਜੀਤ ਕੌਰ, ਪ੍ਰਗਣ ਤੇਜੀ, ਪਰਮਜੀਤ ਪਾਲੀ, ਸੁਰਿੰਦਰ ਸੋਨੀਆ, ਪਰਮਜੀਤ ਸਲਾਰੀਆਂ, ਪ੍ਰੀਤਮ ਬਾਲਾ, ਚਰਨਜੀਤ ਚੰਨ, ਸੁੱਚਾ ਰੰਗੀਲਾ, ਅਜੈਬ ਰਾਏ, ਬਲਵਿੰਦਰ ਭਗਤਾ, ਅਵਤਾਰ ਚਮਕ, ਅਮਨਜੋਤ, ਬਲਕਾਰ ਹਾਜੀ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਅਮਰ ਅਰਸੀ, ਨਰਿੰਦਰਜੋਤ, ਸਾਬਰ ਖਾਨ, ਲਵਜੋਤ ਰਾਣੀ, ਊਸ਼ਾ ਕਿਰਨ, ਗਿੱਲ ਹਰਦੀਪ, ਮਨਜੀਤ ਕੌਰ, ਨਿਰਮਲ ਸਿੱਧੂ, ਸੁਨੀਤਾ ਭੱਟੀ, ਪ੍ਰਕਾਸ ਸਰਾਂ, ਅਮਰਜੀਤ ਸੇਖੋਂ, ਲਾਭ ਹੀਰਾ, ਨਿੱਕਾ ਦਰਦੀ ਤੇ ਕਈ ਹੋਰ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਇਆ ਹੈ।
ਮਾੜੀ ਵਾਲੀ ਭੱਟੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਥਾਂਦੇਵਾਲ ਦੀ ਨਸੀਬ ਕੌਰ ਨਾਲ ਵਿਆਹਿਆ ਹੋਇਆ ਸੀ। ਉਸ ਦਾ ਵੱਡਾ ਬੇਟਾ ਰਣਜੀਤ ਸਿੰਘ ਭੱਟੀ ਭਾਰਤੀ ਫ਼ੌਜ ਵਿੱਚੋਂ ਸੇਵਾਮੁਕਤ ਹੋ ਚੁੱਕਾ ਹੈ ਤੇ ਵਧੀਆ ਗੀਤਕਾਰ ਹੈ। ਛੋਟਾ ਬੇਟਾ ਹਰਜੀਤ ਸਿੰਘ ਪਾਵਰਕਾਮ ਵਿੱਚ ਮੁਲਾਜ਼ਮ ਹੈ। ਬੇਟੀ ਮਨਜੀਤ ਕੌਰ ਕੈਨੇਡਾ ਰਹਿੰਦੀ ਹੈ। ਉਸ ਦੇ ਬੇਟੇ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਗੀਤਾਂ ਰਾਹੀਂ ਨਾਮਣਾ ਤਾਂ ਬਹੁਤ ਖੱਟਿਆ ਹੈ, ਪਰ ਕਿਸੇ ਕਲਾਕਾਰ ਨੇ ਆਰਥਿਕ ਮਦਦ ਨਹੀਂ ਕੀਤੀ। ਪਹਿਲਾਂ-ਪਹਿਲਾਂ ਐੱਚ.ਐੱਮ.ਵੀ. ਕੰਪਨੀ ਰਾਇਲਟੀ ਭੇਜਦੀ ਹੁੰਦੀ ਸੀ। ਪੰਜਾਬੀ ਦਾ ਇਹ ਪ੍ਰਸਿੱਧ ਗੀਤਕਾਰ 29 ਅਕਤੂਬਰ 2001 ਨੂੰ ਆਪਣੇ ਘਰੋਂ ਬਾਹਰ ਨਿਕਲ ਰਿਹਾ ਸੀ ਤਾਂ ਤੇਜ਼ ਰਫਤਾਰ ਗੱਡੀ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਿੰਨ ਕੁ ਸਾਲ ਪਹਿਲਾਂ ਉਸ ਦੀ ਪਤਨੀ ਵੀ ਚੱਲ ਵਸੀ। ਮਾੜੀ ਵਾਲੇ ਭੱਟੀ ਦੇ ਗੀਤ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਗੂੰਜਦੇ ਹਨ।
ਸੰਪਰਕ: 94631-28483