ਮੁੰਬਈ, 10 ਅਕਤੂਬਰ
ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਨੇ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਲੇ ਸਿਆਸੀ ਹਾਲਾਤ ਸਾਡੇ ਲੋਕਾਂ ਦੇ ਆਪਸੀ ਸਬੰਧਾਂ ’ਤੇ ਅਸਰ ਨਹੀਂ ਪਾ ਸਕਦੇ। ਜ਼ਿਕਰਯੋਗ ਹੈ ਕਿ ਉਹ ਕਈ ਬੌਲੀਵੁੱਡ ਫਿਲਮਾਂ ‘ਖ਼ੂਬਸੂਰਤ’, ‘ਕਪੂਰ ਐਂਡ ਸੰਨਜ਼’ ਅਤੇ ‘ਐ ਦਿਲ ਹੈ ਮੁਸ਼ਕਲ’ ਵਿੱਚ ਅਦਾਕਾਰੀ ਕਰ ਚੁੱਕਾ ਹੈ। ਦਰਸ਼ਕ ਉਸ ਦੀਆਂ ਅਗਲੀਆਂ ਫਿਲਮਾਂ ‘ਦਿ ਲੈਜੰਡ ਆਫ ਮੌਲਾ ਜੱਟ’ ਅਤੇ ‘ਮਿਸ ਮਾਰਵਲ’ ਦੀ ਉਡੀਕ ਕਰ ਰਹੇ ਹਨ। ‘ਦਿ ਲੈਜੰਡ ਆਫ ਮੌਲਾ ਜੱਟ’ ਵਿੱਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਵੀ ਨਜ਼ਰ ਆਵੇਗੀ। ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 13 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਇਹ ਪੰਜਾਬੀ ਫ਼ਿਲਮ ਪਾਕਿਸਤਾਨ ਦੇ ਇਤਿਹਾਸ ਵਿੱਚ ਹੁਣ ਤਕ ਦੀ ਸਭ ਤੋਂ ਮਹਿੰਗੀ ਹੈ। ਇਹ ਫਿਲਮ ਯੂਨਿਸ ਮਲਿਕ ਦੀ 1979 ਵਿੱਚ ਆਈ ਮਸ਼ਹੂਰ ਫਿਲਮ ‘ਮੌਲਾ ਜੱਟ’ ਦਾ ਰੀਮੇਕ ਹੈ। ਇਹ ਫਿਲਮ ਲੋਕ ਨਾਇਕ ਮੌਲਾ ਜੱਟ ਅਤੇ ਬੇਰਹਿਮ ਗਰੋਹ ਦੇ ਆਗੂ ਨੂਰੀ ਨੱਤ ਦੀ ਦੁਸ਼ਮਣੀ ’ਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਬਿਲਾਲ ਲਸ਼ਾਰੀ ਨੇ ਕੀਤਾ ਹੈ। ਬਿਲਾਲ ਨੇ ਸਾਲ 2013 ਵਿੱਚ ਫਿਲਮ ‘ਵਾਰ’ ਤੋਂ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਪਾਕਿਸਤਾਨ ਦੇ ਬੌਕਸ ਆਫਸ ਦੇ ਰਿਕਾਰਡ ਤੋੜ ਦਿੱਤੇ ਸਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਕਾਰਨ ਪਾਕਿਸਤਾਨੀ ਕਲਾਕਾਰਾਂ ਨੂੰ ਬੌਲਵੁੱਡ ਵਿੱਚ ਬੈਨ ਕਰ ਦਿੱਤਾ ਗਿਆ ਸੀ। ਸਾਲ 2016 ਵਿੱਚ ਬਣੀ ‘ਐ ਦਿਲ ਹੈ ਮੁਸ਼ਕਿਲ’ ਫਵਾਦ ਦੀ ਅੰਤਿਮ ਫਿਲਮ ਸੀ। ਉਸ ਨੇ ਕਿਹਾ ਕਿ ਉਸ ਨੂੰ ਭਾਰਤੀ ਫਿਲਮਾਂ ਵਿੱਚ ਕੰਮ ਕਰ ਕੇ ਚੰਗਾ ਲੱਗਿਆ। ਉਸ ਨੇ ਕਿਹਾ ਕਿ ਸਿਆਸੀ ਘਟਨਾਵਾਂ ਕਲਾਕਾਰਾਂ ਦੇ ਸਬੰਧਾਂ ’ਤੇ ਅਸਰ ਨਹੀਂ ਪਾ ਸਕਦੀਆਂ। -ਆਈਏਐੱਨਐੱਸ