ਰਵਿੰਦਰ ਸਿੰਘ ਰੇਸ਼ਮ
ਜੇਕਰ ਥੋੜ੍ਹਾ ਜਿਹਾ ਡੂੰਘਾਈ ਵਿੱਚ ਜਾ ਕੇ ਦੇਖੀਏ ਤਾਂ ਘਰ ਸ਼ਬਦ ਕੋਈ ਆਮ ਸ਼ਬਦ ਨਹੀਂ, ਬਲਕਿ ਘਰ ਪਿਆਰ ਦਾ ਵਸਰ ਹੈ। ਘਰ ਬਾਰੇ ਉੱਘੇ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ‘ਘਰ’ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ, ‘ਘਰ’ ਉਹ ਜਗ੍ਹਾ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਧਰਾਂ ਪਲਦੀਆਂ ਹਨ। ਅੱਜ ਅਸੀਂ ਘਰ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ ਜਿਸ ਕਾਰਨ ਘਰ ਪ੍ਰਤੀ ਸਾਡਾ ਨਜ਼ਰੀਆ ਕੇਵਲ ਦਿਖਾਵਾ ਹੀ ਬਣ ਕੇ ਰਹਿ ਗਿਆ।
ਕਰੀਬ ਤਿੰਨ ਦਹਾਕੇ ਪਹਿਲਾਂ ਲੋਕ ਮਿੱਟੀ ਦੇ ਬਣੇ ਕੱਚੇ ਘਰਾਂ ਜਿਸ ਦੀ ਛੱਤ ਕੜੀਆਂ ਅਤੇ ਸਲਵਾੜ ਦੀ ਬਣੀ ਹੁੰਦੀ ਸੀ, ਵਿੱਚ ਬੜੇ ਪਿਆਰ ਨਾਲ ਰਹਿੰਦੇ ਸਨ। ਕੱਚੇ ਘਰਾਂ ਅੰਦਰ ਮਾਣਿਆ ਪਿਆਰ ਦਾ ਨਿੱਘ ਕੇਵਲ ਉਨ੍ਹਾਂ ਨੂੰ ਹੀ ਨਸੀਬ ਹੋਇਆ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਉਸ ਸਵਰਗ ਅੰਦਰ ਬਿਤਾਇਆ ਹੈ। ਕੱਚੇ ਘਰਾਂ ਅੰਦਰ ਵੱਸਦਾ ਹਰ ਰਿਸ਼ਤਾ ਪੱਕਾ ਤੇ ਯਕੀਨ ਵਾਲਾ ਸੀ ਜਿਸ ਵਿੱਚ ਬਾਲ ਤੋਂ ਜਵਾਨ ਹੋਣ ਅਤੇ ਜਵਾਨ ਤੋਂ ਬੁਢਾਪੇ ਵੱਲ ਜਾਣ ਦਾ ਇੱਕ ਅਲੱਗ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਸੀ। ਕੱਚੇ ਘਰਾਂ ਅੰਦਰ ਉਸ ਸਮੇਂ ਜਗ੍ਹਾ ਭਾਵੇਂ ਘੱਟ ਸੀ, ਪਰ ਉਸ ’ਚ ਰਹਿਣ ਵਾਲੇ ਪਰਿਵਾਰਾਂ ਦੇ ਹਿਰਦੇ ਬਹੁਤ ਵਿਸ਼ਾਲ ਸਨ ਜੋ ਸਵਾਰਥ ਰਹਿਤ ਸਨ। ਅੱਜ ਕਰੋੜਾਂ ਰੁਪਏ ਖ਼ਰਚ ਕੇ ਬਣਾਈਆਂ ਖੂਬਸੂਰਤ ਕੋਠੀਆਂ ਵਿੱਚ ਰਹਿੰਦੇ ਲੋਕ ਪਿਆਰ ਤੋਂ ਸੱਖਣੇ ਜਾਪਦੇ ਹਨ। ਕੋਠੀਆਂ ਅੰਦਰ ਰਹਿਣ ਲਈ ਜਗ੍ਹਾ ਬਹੁਤ ਹੈ, ਪਰ ਕੋਠੀਆਂ ’ਚ ਰਹਿਣ ਵਾਲਿਆਂ ਦੇ ਦਿਲਾਂ ਅੰਦਰ ਬਹੁਤ ਤੰਗੀ ਹੈ। ਨਵੀਨਤਮ ਯੁੱਗ ਅੰਦਰ ਮਨੁੱਖ ਦੀਆਂ ਵਧਦੀਆਂ ਲੋੜਾਂ ਤੇ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਆਪਣੇ ਤੱਕ ਹੀ ਸੀਮਤ ਕਰ ਕੇ ਰੱਖ ਦਿੱਤਾ ਹੈ। ਸਮਾਜ ਅੰਦਰ ਝਾਤ ਮਾਰੀਏ ਤਾਂ ਹਰ ਇਨਸਾਨ ਦੀ ਦੌੜ ਪੈਸੇ ਤੱਕ ਲੱਗੀ ਹੋਈ ਹੈ ਤੇ ਇਸ ਦੌੜ ਵਿੱਚ ਪਰਿਵਾਰ ਕੋਲ ਬੈਠਣ ਦਾ ਕਿਸੇ ਕੋਲ ਸਮਾਂ ਨਹੀਂ।
ਫਿਰ ਬਦਲੇ ਵਿੱਚ ਅਸੀਂ ਪਿਆਰ ਤੇ ਸਤਿਕਾਰ ਲੱਭ ਰਹੇ ਹਾਂ ਜਿਸ ਨੂੰ ਲਾਲਚ ਤੇ ਸਵਾਰਥ ਹਰ ਰੋਜ਼ ਘੁਣ ਵਾਂਗ ਖਾਈ ਜਾ ਰਿਹਾ ਹੈ। ਅੱਜ ਇਨਸਾਨ ’ਤੇ ਇੰਨੀ ਨਿੱਜਤਾ ਭਾਰੂ ਹੋ ਚੁੱਕੀ ਹੈ ਕਿ ਉਹ ਕਿਸੇ ਨੂੰ ਮਿਲ-ਗਿਲ ਕੇ ਰਾਜ਼ੀ ਹੀ ਨਹੀਂ। ਹਰ ਕੋਈ ਆਪਣੇ ਮੋਬਾਈਲ ਵਿੱਚ ਖੁਭਿਆ ਹੋਇਆ ਹੈ।
ਪੁਰਾਣੇ ਸਮੇਂ ਤੋਂ ਇੱਕ ਕਹਾਵਤ ਸੁਣਦੇ ਆ ਰਹੇ ਹਾਂ ਕਿ ‘ਏਕਤਾ ਵਿੱਚ ਬਲ ਹੈ’ ਭਾਵ ਜਿੱਥੇ ਏਕਤਾ ਹੈ ਉੱਥੇ ਸਭ ਕੁਝ ਹੈ। ਪੁਰਾਣੇ ਸਮੇਂ ਵਿੱਚ ਇੱਕ ਛੱਤ ਹੇਠ ਰਹਿਣ ਦੇ ਨਾਲ-ਨਾਲ ਪਰਿਵਾਰਾਂ ਵਿੱਚ ਏਕਤਾ ਸੀ ਜਿਸ ਕਾਰਨ ਘਰ ਖੁਸ਼ਹਾਲ ਸਨ। ਪਰ ਇਸ ਦੇ ਉਲਟ ਅੱਜ ਵੱਡੇ ਘਰਾਂ ਵਿੱਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੇ ਮੂੰਹ ਅਲੱਗ-ਅਲੱਗ ਦਿਖਾਈ ਦਿੰਦੇ ਹਨ। ਇਕੱਠੇ ਬੈਠਣ ਦੀ ਜਗ੍ਹਾ ਹਰ ਮੈਂਬਰ ਵੱਲੋਂ ਆਪਣੇ ਕਮਰੇ ਵਿੱਚ ਬੈਠ ਕੇ ਇਕੱਲੇਪਣ ਨੂੰ ਮਹੱਤਵ ਦਿੱਤਾ ਜਾਂਦਾ ਹੈ। ਲੰਮਾ ਸਮਾਂ ਬੀਤਣ ਤੋਂ ਬਾਅਦ ਸਾਡੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਤਾਂ ਕੀਤਾ ਜਾ ਰਿਹਾ ਹੈ, ਪਰ ਸਿਰਫ਼ ਪੈਸੇ ਲਈ। ਇਸ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਅੱਜਕੱਲ੍ਹ ਵੱਡੀਆਂ-ਵੱਡੀਆਂ ਹਵੇਲੀਆਂ ਬਣਾ ਕੇ ਉਨ੍ਹਾਂ ਅੰਦਰ ਕੱਚੇ ਘਰ, ਦੁੱਧ ਰਿੜਕਦੀਆਂ ਸੁਆਣੀਆਂ, ਚੱਕੀ ਪੀਂਹਦੀਆਂ ਤ੍ਰੀਮਤਾ ਦੇ ਦ੍ਰਿਸ਼ ਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਖੂਹ ’ਤੇ ਪਾਣੀ ਕੱਢਦੀਆਂ ਟਿੰਡਾਂ ਬਣਾਈਆਂ ਜਾਂਦੀਆਂ ਹਨ। ਇਹ ਦ੍ਰਿਸ਼ ਦੇਖਣ ਲਈ ਅਸੀਂ ਟਿਕਟਾਂ ਖ਼ਰੀਦ ਕੇ ਜਾਂਦੇ ਹਾਂ, ਪਰ ਬੜਾ ਅਫ਼ਸੋਸ ਹੁੰਦਾ ਹੈ ਇਸ ਨੂੰ ਦੇਖ ਕੇ ਕਿ ਅਸੀਂ ਆਪਣੇ ਜ਼ਮੀਨੀ ਰਿਸ਼ਤਿਆਂ ਦੀ ਸਾਂਝ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ।
ਦਿਨ ਪ੍ਰਤੀ ਦਿਨ ਮਨੁੱਖੀ ਰਿਸ਼ਤਿਆਂ ਵਿੱਚ ਪੈ ਰਹੀਆਂ ਤਰੇੜਾਂ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਅਸੀਂ ਪਿਆਰ ਦਾ ਪਾਠ ਪੜ੍ਹਾਉਣ ਵਾਲੇ ਪੰਜਾਬੀ ਸੱਭਿਆਚਾਰ ਤੋਂ ਕੋਹਾਂ ਦੂਰ ਹੋ ਚੁੱਕੇ ਹਾਂ। ਪਹਿਲਾਂ ਕਿਸੇ ਵੀ ਖ਼ੁਸ਼ੀ ਦੇ ਮੌਕੇ ’ਤੇ ਸਾਰਿਆਂ ਦਾ ਇਕੱਠੇ ਹੋ ਕੇ ਕਈ-ਕਈ ਦਿਨ ਖ਼ੁਸ਼ੀਆਂ ਮਨਾਉਣਾ ਗੂੜ੍ਹ ਪਿਆਰ ਦਾ ਪ੍ਰਤੀਕ ਸੀ, ਪਰ ਅੱਜ ਖ਼ੁਸ਼ੀਆਂ ਦੇ ਬਦਲੇ ਰੂਪ ਵਿੱਚ ਗਿਣਤੀ ਦੇ ਧਨੀ ਵਿਅਕਤੀਆਂ ਦੀ ਸ਼ਮੂਲੀਅਤ ਅੰਦਰ ਕੁਝ ਕੁ ਘੰਟਿਆਂ ਵਿੱਚ ਖ਼ੁਸ਼ੀਆਂ ਨੂੰ ਸਮੇਟ ਕੇ ਥਕਾਵਟ ਮਹਿਸੂਸ ਹੁੰਦੀ ਹੈ। ਕਹਿਣ ਨੂੰ ਤਾਂ ਅਸੀਂ ਬੇਰੁਖੀ ਵਿੱਚ ਝੱਟ ਕਹਿ ਦਿੰਦੇ ਹਾਂ ਕਿ ਪਹਿਲਾਂ ਤਾਂ ਕੱਚੇ ਘਰ ਹੁੰਦੇ ਸਨ, ਪਰ ਕੱਚੇ ਘਰਾਂ ਦੇ ਕੋਨੇ ਕੋਨੇ ਵਿੱਚ ਪਏ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇ ਅੰਗਾਂ ਨਾਲ ਸਾਡੇ ਦਾਦੇ ਪੜਦਾਦਿਆਂ ਦਾ ਰੂਹ ਦਾ ਪਿਆਰ ਸੀ। ਉਹ ਚਾਹੇ ਸੰਦੂਕ, ਚਰਖਾ, ਚੱਕੀ, ਗਾਗਰ, ਭੜੋਲੀ, ਚਾਟੀ ਵਿੱਚ ਪਈ ਮਧਾਣੀ ਆਦਿ ਹੋਵੇ। ਕੱਚੇ ਘਰਾਂ ਵਿੱਚ ਰਹਿਣ ਵਾਲੀਆਂ ਔਰਤਾਂ,ਘਰ ਪਰਿਵਾਰ ਦੇ ਕੰਮਕਾਜ ਤੋਂ ਵਿਹਲੀਆਂ ਹੋ ਕੇ ਘਰ ਦੀ ਸੁੰਦਰਤਾ ਵਧਾਉਣ ਲਈ ਕੰਧਾਂ ਨੂੰ ਚਿੱਕਣੀ ਮਿੱਟੀ ਨਾਲ ਲਿੱਪ ਕੇ ਰੰਗਾਂ ਨਾਲ ਚਿੱਤਰਾਂ ਦੀ ਕਲਾਕਾਰੀ ਕਰਦੀਆਂ ਸਨ, ਜੋ ਕਿਸੇ ਮਹਾਨ ਹੁਨਰ ਤੋਂ ਘੱਟ ਨਹੀਂ ਸੀ। ਪਰ ਅੱਜ ਸਭ ਕੁਝ ਬਣਾਉਟੀ ਜਿਹਾ ਹੋ ਗਿਆ ਹੈ। ਅੱਜ ਦੀਆਂ ਲੱਖਾਂ-ਕਰੋੜਾਂ ਰੁਪਏ ਦੀਆਂ ਕੋਠੀਆਂ ਵਿੱਚ ਨਾ ਉਹ ਪਿਆਰ ਹੈ ਤੇ ਨਾ ਹੀ ਉਹ ਸਕੂਨ ਜੋ ਕੱਚੇ ਘਰਾਂ ਵਿੱਚ ਹੁੰਦਾ ਸੀ। ਕੱਚੇ ਘਰਾਂ ਦੇ ਕੋਨੇ-ਕੋਨੇ ਵਿੱਚ ਪਿਆਰ ਸਮਾਇਆ ਹੁੰਦਾ ਸੀ, ਜਿੱਥੇ ਰਿਸ਼ਤੇ ਪੱਕੇ ਹੁੰਦੇ ਸਨ।
ਸੰਪਰਕ: 94642-69626