ਸਤਨਾਮ ਪੰਜਾਬੀ*
ਪੰਮੀ ਬਾਈ ਅਜਿਹਾ ਲੋਕ ਕਲਾਕਾਰ ਹੈ ਜੋ ਮਿੱਟੀ ਨਾਲ ਜੁੜਿਆ ਹੋਇਆ ਹੈ। ਇਹ ਉਹ ਹੀ ਕਲਾਕਾਰ ਹੈ ਜਿਸ ਨੇ ਲੋਕ ਨਾਚ ਝੂੰਮਰ, ਮਲਵਈ ਗਿੱਧਾ, ਡੰਡਾਸ ਤੇ ਭੰਗੜੇ ਨੂੰ ਲੋਕ ਸਾਜ਼ਾਂ ਦੇ ਪ੍ਰਯੋਗ ਨਾਲ ਲੋਕ ਗੀਤਾਂ ਰਾਹੀਂ ਗਾ ਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਇਆ ਹੈ ਤਾਂ ਹੀ ਤਾਂ ਪੰਜਾਬੀ ਉਸ ’ਤੇ ਮਾਣ ਕਰਦੇ ਹਨ। ਉਹ ਉਸ ਨੂੰ ‘ਬਾਈ’ ਕਹਿ ਕੇ ਬੁਲਾਉਂਦੇ ਹਨ। ਮਾਲਵੇ ਦੇ ਲੋਕਾਂ ਨੇ ਉਸ ਨੂੰ ‘ਬਾਈ’ ਕਹਿ ਕੇ ਪੁਕਾਰਿਆ ਤਾਂ ਉਹ ਸਭਨਾਂ ਦਾ ‘ਬਾਈ’ ਬਣ ਗਿਆ। ਉਸ ਦੀ ਦਿੱਖ ਅਤੇ ਪੇਸ਼ਕਾਰੀ ਵਿਚੋਂ ਪੰਜਾਬ ਅਤੇ ਪੰਜਾਬੀਅਤ ਦੀ ਮੁਕੰਮਲ ਤਸਵੀਰ ਨਜ਼ਰ ਆਉਂਦੀ ਹੈ।
ਪੰਮੀ ਬਾਈ ਪਿੰਡ ਜਖੇਪਲ (ਸੰਗਰੂਰ) ਦੇ ਸੂਬੇਦਾਰ ਮੇਜਰ ਕਿਸ਼ਨ ਸਿੰਘ ਦਾ ਪੋਤਰਾ ਤੇ ਆਜ਼ਾਦੀ ਘੁਲਾਟੀਏ ਪ੍ਰਤਾਪ ਸਿੰਘ ਬਾਗੀ ਦਾ ਪੁੱਤਰ ਹੈ। ਉਸ ਦੇ ਪਿਤਾ ਮੁਜ਼ਾਹਰਾ ਲਹਿਰ ਦੇ ਮੋਹਰੀ ਰਹੇ ਅਤੇ ਦੇਸ਼ ਲਈ ਜੇਲ੍ਹਾਂ ਵੀ ਕੱਟੀਆਂ। ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਨਾਲ ਸਬੰਧਤ ਹੋਣ ਕਰ ਕੇ ਪੰਮੀ ਬਾਈ ਦੀਆਂ ਰਗਾਂ ਵਿਚ ਵੀ ਦੇਸ਼ ਅਤੇ ਆਪਣੇ ਲੋਕਾਂ ਲਈ ਫ਼ਿਕਰਮੰਦ ਖੂਨ ਵਗ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਚਲ ਰਹੇ ਕਿਸਾਨ ਅੰਦੋਲਨ ਨਾਲ ਵੀ ਉਹ ਲਗਾਤਾਰ ਜੁੜਿਆ ਹੋਇਆ ਹੈ। ਇਸ ਸੰਘਰਸ਼ ਵਿਚ ਉਹ ਰਾਜਪੁਰਾ ਥਰਮਲ ਪਲਾਂਟ, ਧਰੇੜੀ ਜੱਟਾਂ ਟੋਲ ਪਲਾਜ਼ਾ, ਕਾਲਾ ਝਾੜ ਟੋਲ ਪਲਾਜ਼ਾ, ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਵਿਖੇ ਖੇਤੀਬਾੜੀ ਨਾਲ ਸਬੰਧਿਤ ਕਾਲੇ ਕਾਨੂੰਨਾਂ ਖ਼ਿਲਾਫ਼ ਗੱਜਦਾ ਰਿਹਾ ਹੈ।
ਪੰਜਾਬ ਦਾ ਲੋਕ ਸੰਗੀਤ ਵੀ ਖੇਤੀਬਾੜੀ ਨਾਲ ਵਧੇਰੇ ਜੁੜਿਆ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਖੇਤੀਬਾੜੀ ਨਾਲ ਮੁੱਢ ਤੋਂ ਜੁੜੇ ਹੋਏ ਹਨ। ਸਾਡੇ ਗੀਤ, ਸਾਜ਼ ਤੇ ਨਾਚ ਖੇਤੀਬਾੜੀ ਨਾਲ ਸਬੰਧਤ ਹਨ। ਇਸ ਤਰ੍ਹਾਂ ਹੀ ਪੰਮੀ ਬਾਈ ਦੇ ਗੀਤਾਂ ਵਿਚ ਵੀ ਖੇਤ, ਫ਼ਸਲ, ਜੱਟ ਤੇ ਲੋਕ ਰੰਗ ਦੀ ਭਰਮਾਰ ਹੈ।
ਸਾਲ 2006 ਵਿਚ ਉਸ ਵੱਲੋਂ ਰਾਜ ਕਾਕੜਾ ਦਾ ਲਿਖਿਆ ਗੀਤ ‘ਕਰਜ਼ੇ ’ਚ ਜਾਂਦੀ ਏ ਕਿਸਾਨੀ ਡੁੱਬਦੀ’ ਨਾਲ ਅਸਲ ਜੱਟ ਦੀ ਤਸਵੀਰ ਪੇਸ਼ ਕਰਕੇ ਲੋਕਾਂ ਨੂੰ ਕਿਸਾਨੀ ਦੀ ਮੰਦਹਾਲੀ ਬਾਰੇ ਜਾਣੂ ਕਰਵਾਇਆ ਗਿਆ। ‘ਹਾਂ ਜੱਟ ਪੰਜਾਬੀ ਦੋਸਤੋ, ਸਾਨੂੰ ਮਾਣ ਪੰਜਾਬੀ ਹੋਣ ਦਾ’ ਗਾਉਣ ਵਾਲਾ ਫਨਕਾਰ ਜਦੋਂ ਸੰਘਰਸ਼ਾਂ ਵਿਚ ਸ਼ਾਮਲ ਹੁੰਦੈ ਤਾਂ ਕਿਸਾਨੀ ਨਾਲ ਜੁੜੇ ਗੀਤ ਗਾ ਕੇ ਸਰਕਾਰਾਂ ਨੂੰ ਵੰਗਾਰ ਰਿਹਾ ਹੈ।
ਉਸ ਨੇ ਦੁਨੀਆਂ ਦੇ ਕੋਨੇ ਕੋਨੇ ਵਿਚ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਅੱਜ ਵੀ ਕੱਚੇ ਢਾਰਿਆਂ ਵਿਚ ਵੱਸਦੇ ਕਿਰਤੀਆਂ ਕਿਸਾਨਾਂ ਵਿਚ ਜਾ ਕੇ ਉਹ ਦੁੱਗਣਾ ਮਾਣ ਮਹਿਸੂਸ ਕਰਦਾ ਹੈ। ਫਾਈਵ ਸਟਾਰ ਹੋਟਲਾਂ ਤੇ ਮਹਾਂਨਗਰਾਂ ਦੀਆਂ ਰੌਸ਼ਨੀਆਂ ਵਿਚ ਵੀ ਉਹ ਆਪਣੇ ਅੰਦਰਲੇ ਪੰਜਾਬ ਦੇ ਪੇਂਡੂ ਕਿਸਾਨ ਪੁੱਤਰ ਦੀ ਪਛਾਣ ਬਰਕਰਾਰ ਰੱਖਦਾ ਹੈ। ਅਸਲ ਵਿਚ ਉਹ ਲੋਕਾਂ ਦਾ ਕਲਾਕਾਰ ਹੈ ਜਿਸ ਨੇ ਸੱਭਿਆਚਾਰ ਵੇਚਿਆ ਨਹੀਂ, ਸਗੋਂ ਹਰ ਪਿੰਡ ਸ਼ਹਿਰ ਤਕ ਪਹੁੰਚ ਕਰਕੇ ਇਸ ਦੀ ਪ੍ਰਫੁੱਲਤਾ ਲਈ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਪੰਮੀ ਬਾਈ ਕਿਸਾਨੀ ਸੰਘਰਸ਼ ਨੂੰ ਸਮਰਪਿਤ ਲਿਖੇ ਗੀਤ ‘ਬਾਪੂ ਖੇਤੋਂ ਨਹੀਂ ਮੁੜਿਆ’, ‘ਬਾਬਿਓ ਅਸ਼ਕੇ’, ‘ਕਿਸਾਨ ਹਾਂ ਮੈਂ’ ਅਤੇ ‘ਰਾਜ ਨਹੀਂ ਤੇਰਾ ਰਹਿਣਾ’ ਲੈ ਕੇ ਹਾਜ਼ਰੀ ਭਰ ਰਿਹਾ ਹੈ।
ਸੰਪਰਕ: 94657-37613
*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।