ਸ਼ੰਕਰ ਮਹਿਰਾ
ਲੋਕ ਵਿਸ਼ਵਾਸ ਸਾਡੀ ਜੀਵਨ ਜਾਚ ਦੀ ਮੂੰਹ ਬੋਲਦੀ ਤਸਵੀਰ ਮੰਨੇ ਜਾਂਦੇ ਹਨ। ਇਹ ਲੋਕ ਮਨਾਂ ਦੀਆਂ ਪਰਤਾਂ ਅੰਦਰ ਵਿਚਰਦੇ ਹੋਏ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਇਹ ਲੋਕ ਸਮੂਹ ਦੀ ਭਾਵਨਾਤਮਕ ਸਾਂਝ ਅਤੇ ਅਣਗਿਣਤ ਪੀੜ੍ਹੀਆਂ ਦਾ ਅਨੁਭਵ ਵੀ ਹੁੰਦਾ ਹੈ। ਲੋਕ ਵਿਸ਼ਵਾਸਾਂ ਦੀ ਸਿਰਜਣਾ ਦੇ ਕਈ ਆਧਾਰ ਹੋ ਸਕਦੇ ਹਨ। ਲੋਕਾਂ ਦੇ ਪ੍ਰਕਿਰਤੀ ਜਾਂ ਕਿਸੇ ਵਸਤੂ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਗ਼ਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਜਾਂ ਖ਼ਤਰਨਾਕ ਹੋਣ ਵਿਚ ਵਿਸ਼ਵਾਸ ਹੋਣਾ ਆਦਿ ਲੋਕ ਵਿਸ਼ਵਾਸਾਂ ਦੀ ਸਿਰਜਣਾ ਦਾ ਆਧਾਰ ਹਨ। ਕਈ ਲੋਕ ਵਿਸ਼ਵਾਸ ਤਾਂ ਪੀੜ੍ਹੀ-ਦਰ-ਪੀੜ੍ਹੀ ਤੁਰਦੇ-ਤੁਰਦੇ ਸੰਸਕਾਰ ਬਣ ਜਾਂਦੇ ਹਨ। ਇਹ ਪਰੰਪਰਾਗਤ ਤੌਰ ’ਤੇ ਤਰਕ ਰਹਿਤ ਪ੍ਰਵਾਨ ਕੀਤੀ ਧਾਰਨਾ ਹੁੰਦੇ ਹਨ।
ਲੋਕ ਵਿਸ਼ਵਾਸਾਂ ਵਿਚ ਮੀਂਹ ਸਬੰਧੀ ਵਿਸ਼ਵਾਸ ਵੀ ਆ ਜਾਂਦੇ ਹਨ। ਮੀਂਹ ਪਵਾਉਣ ਸਬੰਧੀ ਅਜਿਹਾ ਹੀ ਲੋਕ ਵਿਸ਼ਵਾਸ ਹੈ- ਗੁੱਡੀ ਫੂਕਣਾ। ਜੇਠ-ਹਾੜ੍ਹ ਦੇ ਮਹੀਨੇ ਪੰਜਾਬ ਵਿਚ ਕਾਫ਼ੀ ਗਰਮੀ ਪੈਂਦੀ ਹੈ। ਪੁਰਾਤਨ ਸਮਿਆਂ ਵਿਚ ਵਿਗਿਆਨ ਦੇ ਸਾਧਨ ਅਜੇ ਵਿਕਸਤ ਨਹੀਂ ਸਨ ਹੋਏ, ਜ਼ਿਆਦਾ ਗਰਮੀ ਤੋਂ ਲੋਕਾਂ ਨੂੰ ਰਾਹਤ ਪਾਉਣੀ ਜਦੋਂ ਔਖੀ ਹੋ ਗਈ ਤਾਂ ਲੋਕ-ਮਨਾਂ ਨੇ ਮੀਂਹ ਪਵਾਉਣ ਸਬੰਧੀ ਲੋਕ ਵਿਸ਼ਵਾਸ ਗੁੱਡੀ ਫੂਕਣਾ ਘੜਿਆ।
ਇਸ ਅਨੁਸਾਰ ਪਿੰਡ ਦੇ ਬੱਚੇ ਇਕੱਠੇ ਹੋ ਕੇ ਕੱਪੜਿਆਂ, ਘਾਹ-ਫੂਸ ਅਤੇ ਲੱਕੜੀ ਦੀ ਗੁੱਡੀ ਬਣਾਉਂਦੇ ਹਨ। ਗੁੱਡੀ ਦਾ ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ। ਗੁੱਡੀ ਨੂੰ ਕੁਝ ਦੇਰ ਧੁੱਪ ਵਿਚ ਬਿਠਾਇਆ ਜਾਂਦਾ ਹੈ। ਫਿਰ ਧੁੱਪ ਲੱਗਣ ਨਾਲ ਗੁੱਡੀ ਦੀ ਮੌਤ ਹੋ ਜਾਣ ਦਾ ਢੋਂਗ ਕੀਤਾ ਜਾਂਦਾ ਹੈ। ਇਸ ਉਪਰੰਤ ਬੱਚੇ ਰੋਣਾ-ਪਿੱਟਣਾ ਸ਼ੁਰੂ ਕਰ ਦਿੰਦੇ ਹਨ। ਬੱਚਿਆਂ ਦੇ ਮਗਰ ਮਗਰ ਕੁੜੀਆਂ ਤੇ ਔਰਤਾਂ,ਉਸੇ ਤਰ੍ਹਾਂ ਹੀ ਗੁੱਡੀ ਦੇ ਮਗਰ ਵੈਣ ਪਾਉਂਦੀਆਂ ਜਾਂਦੀਆਂ ਹਨ ਜਿਵੇਂ ਆਮ ਸਾਧਾਰਨ ਬੰਦੇ ਦੀ ਮੌਤ ’ਤੇ ਵੈਣ, ਕੀਰਨੇ ਤੇ ਦੁਹੱਥੜ ਪੁੱਟਦੀਆਂ ਹਨ। ਇਨ੍ਹਾਂ ਕਾਵਿ ਤੁਕਾਂ ਦਾ ਉਚਾਰਨ ਵੈਣ ਦੇ ਰੂਪ ਵਿਚ ਕੀਤਾ ਜਾਂਦਾ ਹੈ:
ਗੁੱਡੀ ਮਰਗੀ ਅੱਜ ਕੁੜੇ
ਸਿਰਹਾਣੇ ਧਰਗੀ ਛੱਜ ਕੁੜੇ।
ਗੁੱਡੀ ਮਰਗੀ ਜਾਣ ਕੇ
ਪੌੜੀ ਹੇਠਾਂ ਆਣ ਕੇ।
ਜੇ ਗੁੱਡੀਏ ਤੂੰ ਮਰਨਾ ਸੀ
ਆਟਾ ਛਾਣ ਕੇ ਕਿਉਂ ਧਰਨਾ ਸੀ।
ਇਨ੍ਹਾਂ ਵੈਣ ਰੂਪੀ ਸਤਰਾਂ ਵਿਚ ਔਰਤਾਂ ਮੀਂਹ ਨਾ ਪੈਣ ਕਰਕੇ ਫ਼ਸਲਾਂ ਮਰ ਜਾਣ ਸਦਕਾ ਘਰੋਂ ਦਾਣੇ ਮੁੱਕਣ ਦਾ ਖ਼ਦਸ਼ਾ ਜ਼ਾਹਿਰ ਕਰਦੀਆਂ ਹਨ, ਜਿਸ ਨੂੰ ਸਿਰਹਾਣੇ ਧਰੇ ਖਾਲੀ ਛੱਜ ਦੇ ਪ੍ਰਤੀਕ ਰਾਹੀਂ ਦਰਸਾਇਆ ਗਿਆ ਹੈ। ਗੁੱਡੀ ਦੇ ਮਰ ਜਾਣ ਦਾ ਸੋਗ ਹਰ ਕੁੜੀ, ਬੁੱਢੀ ਦੇ ਸੋਗਮਈ ਬੋਲਾਂ ਵਿਚ ਉਜਾਗਰ ਹੋ ਉੱਠਦਾ। ਕੀਰਨਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਉਹ ਗੀਤ ਗਾਉਂਦੀਆਂ :
ਹਾਏ ਹਾਏ ਨੀਂ ਮੇਰੀਏ ਬਾਗਾਂ ਦੀਏ ਕੋਇਲੇ
ਨੀਂ ਤੂੰ ਕੁਝ ਵੀ ਉਮਰ ਨਾ ਪਾਈ ਨੀਂ।
ਨੀਂ ਕਿੱਥੇ ਉੱਡ ਗਈ ਮਾਰ ਉਡਾਰੀ ਨੀਂ।
ਮੇਰੇ ਬਾਗਾਂ ਦੀਏ ਕੋਇਲੇ…
ਕੁੜੀਆਂ ਅਤੇ ਬੁੜ੍ਹੀਆਂ ਉਸੇ ਜਗ੍ਹਾ ’ਤੇ ਜ਼ਮੀਨ ’ਤੇ ਬੈਠ ਕੇ ਅੱਡੀਆਂ ਗੋਡੇ ਰਗੜਦੀਆਂ ਹੋਈਆਂ ਉੱਚੀ-ਉੱਚੀ ਵਿਰਲਾਪ ਕਰਦੀਆਂ ਹੋਈਆਂ ਪੱਟਾਂ ’ਤੇ ਹੱਥ ਮਾਰ-ਮਾਰ ਕੇ ਪਿੱਟਦੀਆਂ ਕਰੁਣਾਮਈ ਸਥਿਤੀ ਸਿਰਜਦੀਆਂ :
ਅੱਡੀਆਂ ਗੋਡੇ ਘਸਾਮਾਂਗੇ
ਮੀਂਹ ਪਏ ਤੋਂ ਜਾਵਾਂਗੇ।
ਬੱਚੇ ਗੁੱਡੀ ਫੂਕਣ ਲਈ ਇਕਾਂਤ ਸਥਾਨ ’ਤੇ ਲੈ ਜਾਂਦੇ ਹਨ। ਗੁੱਡੀ ਦਾ ਸਸਕਾਰ ਇਹ ਕਹਿ ਕੇ ਕਰ ਦਿੱਤਾ ਜਾਂਦਾ ਹੈ ਕਿ ਰੱਬ ਨੇ ਮੀਂਹ ਨਹੀਂ ਵਰਸਾਇਆ, ਜਿਸ ਕਰਕੇ ਗਰਮੀ ਲੱਗਣ ਕਾਰਨ ਗੁੱਡੀ ਦੀ ਮੌਤ ਹੋ ਗਈ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਇੰਦਰ ਦੇਵਤਾ ਰਹਿਮ ਕਰੇਗਾ ਤੇ ਮੀਂਹ ਪਵੇਗਾ। ਇਸ ਤੋਂ ਬਾਅਦ ਬੱਚੇ ਆਪਣੇ ਘਰੋਂ ਲਿਆਂਦੀਆਂ ਮਿੱਠੀਆਂ ਰੋਟੀਆਂ, ਗੁਲਗਲੇ, ਮੱਠੀਆਂ, ਪੂੜੇ, ਮਾਲ੍ਹ ਪੂੜੇ ਇਕ-ਦੂਜੇ ਨਾਲ ਵੰਡ ਕੇ ਖਾ ਲੈਂਦੇ ਹਨ। ਇਹ ਗੁੱਡੀ ਫੂਕਣ ਪਿੱਛੋਂ ਕੀਤਾ ਗਿਆ ਪੁੰਨ-ਦਾਨ ਹੁੰਦਾ ਹੈ। ਲੋਕਾਂ ਦੀ ਧਾਰਨਾ ਹੈ ਕਿ ਪੁੰਨ-ਦਾਨ ਕਰਨ ਵਾਲਾ ਹਮੇਸ਼ਾਂ ਵਧਦਾ-ਫੁੱਲਦਾ ਹੈ। ਕਈ ਵਾਰ ਗੁੱਡੀ ਫੂਕਣ ਤੋਂ ਬਾਅਦ ਕਾਲੀਆਂ ਘਟਾਵਾਂ ਆਸਮਾਨੀ ਚੜ੍ਹ ਆਉਂਦੀਆਂ ਅਤੇ ਕਿਣ-ਮਿਣ ਸ਼ੁਰੂ ਹੋ ਜਾਂਦੀ। ਇਸ ਖ਼ੁਸ਼ੀ ਵਿਚ ਕੁੜੀਆਂ-ਬੁੜ੍ਹੀਆਂ ਖ਼ੁਸ਼ੀ ਭਰੇ ਗੀਤ ਗਾਉਂਦੀਆਂ ਹੋਈਆਂ ਨੱਚ ਉੱਠਦੀਆਂ, ਗਿੱਧੇ ਪਾਉਂਦੀਆਂ ਅਤੇ ਉਨ੍ਹਾਂ ਅੰਦਰੋਂ ਆਪ ਮੁਹਾਰੇ ਹੀ ਇਨ੍ਹਾਂ ਗੀਤਾਂ ਦੀ ਛਹਬਿਰ ਲੱਗ ਜਾਂਦੀ :
ਬੱਦਲ ਆਇਆ ਗੱਜ ਕੇ
ਰੋਟੀ ਖਾਈਏ ਰੱਜ ਕੇ।
ਮੀਂਹ ਪਵਾਉਣ ਸਬੰਧੀ ਹੋਰ ਲੋਕ ਵਿਸ਼ਵਾਸ ਵੀ ਮੰਨੇ ਜਾਂਦੇ ਹਨ। ਇਨ੍ਹਾਂ ਅਨੁਸਾਰ ਥਾਂ-ਥਾਂ ’ਤੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਜੱਗ (ਲੰਗਰ) ਚਲਾਏ ਜਾਂਦੇ ਹਨ। ਬੱਚੇ ਗਲੀਆਂ ਵਿਚ ਮੀਂਹ ਪਵਾਉਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹੋਏ ਗੀਤ ਗਾਉਂਦੇ ਹਨ:
ਕਾਲੀਆਂ ਇੱਟਾਂ, ਕਾਲੇ ਰੋੜ
ਮੀਂਹ ਵਰਸਾ ਦੇ ਜ਼ੋਰੋ ਜ਼ੋਰ
ਰੱਬਾ-ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ।
ਪਹਿਲੇ ਸਮਿਆਂ ਵਿਚ ਕੇਵਲ ਗਰਮੀ ਤੋਂ ਰਾਹਤ ਪਾਉਣ ਅਤੇ ਖੇਤੀ ਲਈ ਮੀਂਹ ਦੀ ਲੋੜ ਮਹਿਸੂਸ ਕੀਤੀ ਜਾਂਦੀ ਸੀ। ਹੁਣ ਜਦੋਂ ਆਰਥਿਕਤਾ ਦਾ ਆਧਾਰ ਮਜ਼ਬੂਤ ਹੋ ਗਿਆ ਹੈ, ਦਾਣਿਆਂ ਤੋਂ ਛੁੱਟ ਕਾਰਖਾਨਿਆਂ ਅਤੇ ਘਰਾਂ ਦੇ ਸੁੱਖ ਆਰਾਮ ਲਈ ਮਿਲਦੀ ਬਿਜਲੀ ਦੀ ਪੂਰਤੀ ਲਈ ਮੀਂਹ ਦਾ ਆਸਰਾ ਤੇ ਇਸ ਦੀ ਲੋੜ ਹੋਰ ਵੀ ਵਧ ਗਈ ਹੈ। ਇਸ ਲਈ ਇਹ ਪੁਰਾਣੇ ਬਾਲ ਗੀਤ ਹੁਣ ਹੋਰ ਵੀ ਨਰੋਏ ਤੇ ਜ਼ਿਆਦਾ ਅਹਿਮੀਅਤ ਵਾਲੇ ਹੋ ਗਏ ਹਨ, ਪਰ ਅੱਜਕੱਲ੍ਹ ਸ਼ਹਿਰੀਕਰਨ ਤੇ ਆਧੁਨਿਕਤਾ ਆਉਣ ਕਰਕੇ ਇਹ ਰਸਮ ਲਗਪਗ ਖ਼ਤਮ ਹੋ ਗਈ। ਅੱਜ ਦੇ ਵਿਗਿਆਨਕ ਯੁੱਗ ਵਿਚ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਵਿੱਖਵਾਣੀ ਕਰ ਦਿੱਤੀ ਜਾਂਦੀ ਹੈ। ਮੋਬਾਈਲ ਫੋਨ ਰਾਹੀਂ ਲੋਕ ਪਹਿਲਾਂ ਹੀ ਮੌਸਮ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ। ਸੋ ਅਜਿਹੇ ਲੋਕ ਵਿਸ਼ਵਾਸ ਦੀ ਕੋਈ ਥਾਂ ਨਹੀਂ ਰਹਿ ਜਾਂਦੀ। ਕਿਤੇ ਕਿਤੇ ਪਿੰਡਾਂ ਵਿਚ ਬੱਚਿਆਂ ਵੱਲੋਂ ਸ਼ੁਗਲ ਕਰਨ ਲਈ ਇਹ ਰਸਮ ਕੀਤੀ ਜਾਂਦੀ ਹੈ।
ਇੰਜ ਲੋਕ ਵਿਸ਼ਵਾਸ ਬੇਸ਼ੱਕ ਕਿਸੇ ਵਿਗਿਆਨਕ ਤਰਕ ’ਤੇ ਆਧਾਰਿਤ ਨਹੀਂ, ਪਰ ਇਹ ਲੋਕ ਮਨਾਂ ਵਿਚ ਪੂਰੀ ਤਰ੍ਹਾਂ ਸਮਾਏ ਹੋਏ ਹਨ ਅਤੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ।
ਸੰਪਰਕ: 99888-98227