ਪ੍ਰਭਜੋਤ ਕੌਰ ਢਿੱਲੋਂ
ਸਬਰ ਦਾ ਫ਼ਲ ਮਿੱਠਾ ਹੁੰਦਾ ਹੈ, ਇਹ ਸਾਰਿਆਂ ਨੇ ਜ਼ਰੂਰ ਸੁਣਿਆ ਹੋਏਗਾ। ਸਬਰ ਕਰਨ ਲਈ ਸੋਚ ਅਤੇ ਸਮਝ ਬਹੁਤ ਸਹਾਈ ਹੁੰਦੀ ਹੈ। ਜਿਨ੍ਹਾਂ ਨੂੰ ਸਬਰ ਕਰਨਾ ਆ ਜਾਏ ਜਾਂ ਸਬਰ ਦਾ ਪੱਲਾ ਫੜ ਲੈਣ, ਉਨ੍ਹਾਂ ਦੀ ਆਪਣੀ ਜ਼ਿੰਦਗੀ ਅਤੇ ਉਨ੍ਹਾਂ ਦੇ ਆਸ ਪਾਸ ਰਹਿਣ ਵਾਲਿਆਂ ਲਈ ਬਹੁਤ ਕੁਝ ਵੱਖਰਾ ਹੋ ਜਾਂਦਾ ਹੈ। ਸਬਰ, ਸੰਤੋਖ ਅਤੇ ਸੰਤੁਸ਼ਟੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾ ਲੈਂਦੀ ਹੈ। ਅੱਜ ਹਰ ਕੋਈ ਦੂਸਰੇ ਤੋਂ ਅਮੀਰ ਹੋਣ ਅਤੇ ਵਿਖਾਈ ਦੇਣ ਦੀ ਦੌੜ ਵਿੱਚ ਲੱਗਾ ਹੋਇਆ ਹੈ। ਵੱਡੀਆਂ ਗੱਡੀਆਂ, ਮਹਿਲਨੁਮਾ ਘਰ ਅਤੇ ਘਰਾਂ ਵਿੱਚ ਤੜਕ ਭੜਕ, ਇਹ ਅਮੀਰੀ ਦੀ ਨਿਸ਼ਾਨੀ ਸਮਝੀ ਜਾਣ ਲੱਗੀ ਹੈ। ਇਸ ਨੇ ਬੰਦੇ ਦਾ ਸਕੂਨ ਖ਼ਤਮ ਕਰ ਦਿੱਤਾ ਹੈ। ਰਿਸ਼ਤਿਆਂ ਦਾ ਘਾਣ ਕਰ ਦਿੱਤਾ ਹੈ। ਅਸਲ ਵਿੱਚ ਅਜਿਹੇ ਲੋਕ ਘਰਾਂ ਪਰਿਵਾਰਾਂ ਅਤੇ ਸਮਾਜ ਲਈ ਮੁਸੀਬਤ ਹੀ ਹਨ। ਜਿੰਨੇ ਵੀ ਅਮੀਰ ਧਨਾਢ ਇਸ ਦੁਨੀਆ ਤੋਂ ਗਏ, ਖਾਲੀ ਹੱਥ ਗਏ। ਜੇਕਰ ਤੁਸੀਂ ਮਹਿਲਨੁਮਾ ਘਰ ਵਿੱਚ ਖ਼ੁਸ਼ ਨਹੀਂ ਹੋ ਤਾਂ ਉਸ ਦਾ ਕੋਈ ਫਾਇਦਾ ਨਹੀਂ। ਸੋਚ ਦਾ ਅਮੀਰ ਹੋਣਾ ਅਤੇ ਸਾਦਾ ਜਿਊਣਾ ਹੀ ਅਸਲ ਅਮੀਰੀ ਹੈ।
ਸੁਕਰਾਤ ਨੇ ਲਿਖਿਆ ਹੈ, ‘ਉਹ ਸਭ ਤੋਂ ਅਮੀਰ ਹੈ ਜਿਹੜਾ ਸਭ ਤੋਂ ਥੋੜ੍ਹੀ ਵਸਤੂ ਨਾਲ ਸੰਤੁਸ਼ਟ ਹੈ।’ ਸਬਰ ਕਰਨ ਨਾਲ ਫਾਲਤੂ ਦੀ ਦੌੜ ਤੋਂ ਬੰਦਾ ਬਚ ਜਾਂਦਾ ਹੈ। ਮਿਹਨਤ ਕਰਨਾ ਬੇਹੱਦ ਜ਼ਰੂਰੀ ਹੈ। ਉਸੇ ਵਕਤ ਉਸ ਦਾ ਨਤੀਜਾ ਸਾਡੀ ਸੋਚ ਮੁਤਾਬਿਕ ਮਿਲੇ ਇਹ ਸੰਭਵ ਨਹੀਂ ਹੈ। ਸਿਆਣੇ ਕਹਿੰਦੇ ਹਨ, ‘ਵਕਤ ਤੋਂ ਪਹਿਲਾਂ ਕਦੇ ਕੁੱਝ ਨਹੀਂ ਮਿਲਦਾ।’ ਜੋ ਕੁਦਰਤ ਦਿੰਦੀ ਹੈ, ਜਿੰਨਾ ਕੁਦਰਤ ਦਿੰਦੀ ਹੈ ਅਤੇ ਜਿਵੇਂ ਦਿੰਦੀ ਹੈ, ਉਸ ਨੂੰ ਲੈ ਕੇ ਸਬਰ ਕਰਨਾ ਚਾਹੀਦਾ ਹੈ।’
ਜੇਕਰ ਅਸੀਂ ਹੋਰ ਅਤੇ ਹੋਰ ਦੀ ਦੌੜ ਵਿੱਚ ਲੱਗੇ ਰਹਾਂਗੇ ਤਾਂ ਜੋ ਸਾਡੇ ਕੋਲ ਇਸ ਵਕਤ ਹੈ, ਅਸੀਂ ਉਸ ਦਾ ਵੀ ਆਨੰਦ ਨਹੀਂ ਮਾਣ ਸਕਦੇ। ਹਰ ਬੰਦੇ ਨੂੰ ਰੋਟੀ, ਕੱਪੜਾ ਅਤੇ ਮਕਾਨ ਚਾਹੀਦਾ ਹੈ। ਸਾਦਾ ਅਤੇ ਪੌਸ਼ਟਿਕ ਖਾਣਾ ਵਧੇਰੇ ਸਿਹਤ ਲਈ ਫਾਇਦੇਮੰਦ ਹੈ। ਜ਼ਰੂਰੀ ਨਹੀਂ ਕਿ ਵੱਡੇ ਹੋਟਲਾਂ ਵਿੱਚ ਖਾਣਾ ਖਾਧੇ ਬਗੈਰ ਗੁਜ਼ਾਰਾ ਨਹੀਂ। ਤਿੰਨ ਵੇਲੇ ਪੇਟ ਭਰਕੇ ਰੋਟੀ ਮਿਲ ਰਹੀ ਹੈ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰੋ। ਸਰੀਰ ਢਕਣ ਲਈ ਕੱਪੜਾ ਮਿਲ ਰਿਹਾ ਹੈ, ਹੋਰ ਕੀ ਚਾਹੀਦਾ ਹੈ। ਸਬਰ ਕਰਨ ਨਾਲ ਮਹਿੰਗੇ ਬ੍ਰਾਂਡਿਡ ਕੱਪੜੇ ਖ਼ਰੀਦਣ ਦੀ ਦੌੜ ਤੋਂ ਬਚੇ ਰਹਾਂਗੇ। ਘਰ ਮੀਂਹ-ਹਨੇਰੀ, ਗਰਮੀ-ਠੰਢ ਤੋਂ ਬਚਾਉਂਦਾ ਹੈ।
ਜੇਕਰ ਸਬਰ ਸੰਤੋਖ ਹੈ ਤਾਂ ਉਸ ਵਰਗਾ ਸੁੱਖ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ। ਸਬਰ ਨਾਲ ਫਾਲਤੂ ਦਾ ਮਾਨਸਿਕ ਦਬਾਅ ਨਹੀਂ ਪੈਂਦਾ। ਸਿਹਤ ਖ਼ਰਾਬ ਨਹੀਂ ਹੁੰਦੀ। ਘਰ ਵਿੱਚ ਆਪਸੀ ਪਿਆਰ ਅਤੇ ਏਕਾ ਬਣਿਆ ਰਹਿੰਦਾ ਹੈ। ਇਸ ਦਾ ਸਮਾਜ ’ਤੇ ਵੀ ਅਸਰ ਪੈਂਦਾ ਹੈ। ਫਰੈਕਲਿਨ ਅਨੁਸਾਰ, ‘ਜਿਸ ਕੋਲ ਸਬਰ ਹੈ ਉਹ ਜੋ ਕੁੱਝ ਚਾਹੁੰਦਾ ਹੈ, ਪ੍ਰਾਪਤ ਕਰ ਸਕਦਾ ਹੈ।’ ਜਦੋਂ ਅਤੇ ਜਿੱਥੇ ਸਬਰ ਨਹੀਂ ਰੱਖਿਆ ਜਾਂਦਾ, ਉੱਥੇ ਕਈ ਵਾਰ ਆਪਣਾ ਨੁਕਸਾਨ ਵੀ ਕਰਵਾ ਲਿਆ ਜਾਂਦਾ ਹੈ। ਅੱਜ ਨੌਜਵਾਨਾਂ ਨੂੰ ਹਰ ਚੀਜ਼ ਜਲਦੀ ਚਾਹੀਦੀ ਹੈ। ਮਾਪਿਆਂ ਕੋਲੋਂ ਵੀ ਫਟਾਫਟ ਸਭ ਕੁੱਝ ਮਿਲ ਜਾਵੇ, ਇਹ ਹੀ ਕੋਸ਼ਿਸ਼ ਹੈ। ਮਾਪਿਆਂ ਨੇ ਘਰ, ਜਾਇਦਾਦ ਜਾਂ ਜੋ ਕੁੱਝ ਵੀ ਉਨ੍ਹਾਂ ਕੋਲ ਹੈ, ਪੂਰੀ ਜ਼ਿੰਦਗੀ ਲਗਾ ਕੇ ਬਣਾਇਆ ਹੈ। ਤੁਸੀਂ ਵੀ ਆਪਣਾ ਕੁੱਝ ਬਣਾਓ ਅਤੇ ਮਾਪਿਆਂ ਦੇ ਬਾਅਦ ਉਹ ਤੁਹਾਨੂੰ ਮਿਲ ਹੀ ਜਾਣਾ ਹੈ। ਪਰ ਮਾਪਿਆਂ ਦਾ ਬੁਢਾਪਾ ਹੀ ਖ਼ਰਾਬ ਕਰ ਦਿੱਤਾ ਜਾਂਦਾ ਹੈ। ਮਾਪੇ ਹਮੇਸ਼ਾਂ ਆਪਣੀ ਔਲਾਦ ਲਈ ਸੋਚਦੇ ਹਨ। ਸਬਰ ਕਰੋ ਜੋ ਕੁੱਝ ਉਨ੍ਹਾਂ ਕੋਲ ਹੈ ਤੁਹਾਨੂੰ ਮਿਲੇਗਾ, ਪਰ ਨਹੀਂ ਸਬਰ ਦੀ ਘਾਟ ਕਰਕੇ ਅੰਡੇ ਦੀ ਥਾਂ ਮੁਰਗੀ ਖਾ ਲੈਂਦੇ ਹਨ ਅਤੇ ਬਾਅਦ ਵਿੱਚ ਪਛਤਾਉਂਦੇ ਹਨ।
ਸਬਰ ਵੇਖਣਾ ਹੈ ਤਾਂ ਕਿਸਾਨ ਨੂੰ ਵੇਖੋ। ਪੰਛੀਆਂ ਨੂੰ ਵੇਖੋ। ਹਰ ਰੋਜ਼ ਜੋ ਚੋਗਾ ਖਾਣਾ ਹੈ, ਉਸ ਲਈ ਉਡਾਰੀ ਮਾਰਦੇ ਹਨ। ਰਾਤ ਨੂੰ ਆਪਣੇ ਆਲ੍ਹਣਿਆਂ ਵਿੱਚ ਸੌਂ ਜਾਂਦੇ ਹਨ। ਅਸੀਂ ਦੁਨੀਆ ਜਹਾਨ ਦਾ ਸਾਮਾਨ ਇਕੱਠਾ ਕਰਦੇ ਹਾਂ ਅਤੇ ਉਸ ਦੀ ਫ਼ਿਕਰ ਵਿੱਚ ਹੀ ਲੱਗੇ ਰਹਿੰਦੇ ਹਾਂ। ਸਬਰ ਕਰੋ, ਕੁਦਰਤ ਨੇ ਤੁਹਾਡੀ ਮਿਹਨਤ ਦਾ ਮੁੱਲ ਪਾਉਣਾ ਹੀ ਹੈ। ਜੋ ਹੈ, ਜਿਵੇਂ ਕੁਦਰਤ ਨੇ ਦਿੱਤਾ ਅਤੇ ਜਿੰਨਾ ਦਿੱਤਾ, ਉਸ ਦਾ ਆਨੰਦ ਮਾਣੋ। ਜੋ ਨਹੀਂ ਹੈ ਉਸ ਪਿੱਛੇ ਦੌੜਨਾ ਫਾਲਤੂ ਦੇ ਫ਼ਿਕਰ ਸਹੇੜਨਾ ਹੈ।
ਸਬਰ ਸੰਤੋਖ ਅਤੇ ਸੰਤੁਸ਼ਟੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ। ਸਬਰ, ਸੰਤੋਖ ਅਤੇ ਸੰਤੁਸ਼ਟੀ ਹੈ ਤਾਂ ਕਿਸੇ ਨਾਲ ਈਰਖਾ ਨਹੀਂ ਹੁੰਦੀ। ਦੂਸਰਿਆਂ ਦੀ ਸਫਲਤਾ ਵੇਖ ਕੇ ਦੁੱਖ ਨਹੀਂ ਹੁੰਦਾ। ਸਬਰ ਹੈ ਤਾਂ ਬਣਾਉਟੀ ਅਤੇ ਵਿਖਾਵੇ ਦੀ ਜ਼ਿੰਦਗੀ ਜਿਊਣਾ ਵੀ ਚੰਗਾ ਨਹੀਂ ਲੱਗਦਾ। ਸਾਦਾ ਜਿਹੀ ਜ਼ਿੰਦਗੀ ਸਕੂਨ ਵੀ ਦਿੰਦੀ ਹੈ। ਸੋਚ ਵੀ ਠਹਿਰਾ ਵਾਲੀ ਅਤੇ ਉੱਚ ਪੱਧਰ ਦੀ ਹੋਵੇਗੀ। ਸਬਰ ਹੈ ਤਾਂ ਸੰਤੋਖ, ਸੰਤੁਸ਼ਟੀ ਵੀ ਹੋਏਗੀ ਅਤੇ ਜੋ ਕੁੱਝ ਇਹ ਦਿੰਦੇ ਹਨ, ਉਹ ਲਿਖਣਾ ਅਤੇ ਬਿਆਨ ਕਰਨਾ ਬਹੁਤ ਔਖਾ ਹੈ।
ਸੰਪਰਕ: 98150-3022