ਮੁੰਬਈ, 11 ਜਨਵਰੀ
ਪੰਕਜ ਤ੍ਰਿਪਾਠੀ ਨੂੰ ਸਫ਼ਲਤਾ ਭਾਵੇਂ ਦੇਰੀ ਨਾਲ ਮਿਲੀ ਹੈ ਪਰ ਉਨ੍ਹਾਂ ਨੂੰ ਇਹ ਯਕੀਨ ਸੀ ਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਉਸ ਦਾ ਕੰਮ ਆਲੋਚਕਾਂ ਦੀ ਨਜ਼ਰ ਵਿਚ ਚੜ੍ਹੇਗਾ। ਉਨ੍ਹਾਂ ਕਿਹਾ ਕਿ ਹਰ ਅਦਾਕਾਰ ਇਸ ਦੌਰ ਵਿਚੋਂ ਗੁਜ਼ਰਦਾ ਹੈ, ਉਹ ਇਸ ਨੂੰ ਸਾਂਭਣਾ ਜਾਣਦੇ ਸਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਸਨ ਕਿ ਇੱਕ ਮਨੁੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਾਡੇ ਸਾਰਿਆਂ ਵਿਚ ਕੁਝ ਘਾਟਾਂ ਜ਼ਰੂੁਰ ਹੁੰਦੀਆਂ ਹਨ ਕੋਈ ਵੀ ਇਨਸਾਨ ਮੁਕੰਮਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਅਜਿਹੇ ਨਹੀਂ ਹਨ ਤੇ ਨਾ ਹੋਣਾ ਚਾਹੁੰਦੇ ਹਨ ਜੋ ਇਹ ਆਖੇ ਕਿ ਦਰਸ਼ਕਾਂ ਨੂੰ ਅਸਲ ਕੰਮ ਦੀ ਪਛਾਣ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸਾਰੂ ਆਲੋਚਨਾ ਤੁਹਾਡੇ ਕੰਮ ਨੂੰ ਨਿਖਾਰਨ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਅਦਾਕਾਰ ਹੋਣ ਦੇ ਨਾਤੇ ਉਨ੍ਹਾਂ ਕੰਮ ਨੂੰ ਹੋਰ ਬਿਹਤਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਆਪਣਾ ਕੰਮ ਸਿਫ਼ਰ ਤੋਂ ਸ਼ੁਰੂ ਕੀਤਾ। ਉਨ੍ਹਾਂ ਆਪਣੇ ਕੰਮ ਰਾਹੀਂ ਆਪਣੇ ਆਪ ਨੂੰ ਸਾਬਿਤ ਕਰਨ ਲਈ ਯਤਨ ਕੀਤੇ। ਉਨ੍ਹਾਂ ਕਿਹਾ ਕਿ 45 ਸਾਲ ਦੀ ਉਮਰ ਵਿਚ ਮਿਲੀ ਸਫ਼ਲਤਾ ਸਦਕਾ ਉਹ ਹੰਕਾਰੀ ਬਣਨ ਦੀ ਥਾਂ ਹੋਰ ਨਿਮਰ ਬਣੇ ਹਨ। -ਆਈਏਐੱਨਐੱਸ