ਜਗਤਾਰ ਸਮਾਲਸਰ
ਮਨੁੱਖੀ ਜ਼ਿੰਦਗੀ ਵਿੱਚ ਨਿਰੰਤਰ ਆ ਰਿਹਾ ਬਦਲਾਅ ਭਾਵੇਂ ਤਰੱਕੀ ਦੇ ਨਵੇਂ ਦਿੱਸਹਿੱਦੇ ਸਿਰਜ ਰਿਹਾ ਹੈ, ਪਰ ਕੁਝ ਅਜਿਹੇ ਬਦਲਾਅ ਵੀ ਵੇਖਣ ਨੂੰ ਮਿਲ ਰਹੇ ਹਨ ਜੋ ਇਨਸਾਨੀ ਜ਼ਿੰਦਗੀ ਵਿੱਚੋਂ ਸਕੂਨ, ਆਪਸੀ ਭਾਈਚਾਰੇ ਅਤੇ ਸ਼ਹਿਣਸ਼ੀਲਤਾ ਨੂੰ ਲਗਾਤਾਰ ਖ਼ਤਮ ਕਰ ਰਹੇ ਹਨ।
ਬਦਲਾਅ ਦੇ ਇਸ ਦੌਰ ਵਿੱਚ ਹੀ ਵਿਆਹ ਸੱਭਿਆਚਾਰ ਵਿੱਚ ਵੀ ਵੱਡਾ ਫੇਰ-ਬਦਲ ਆ ਚੁੱਕਾ ਹੈ। ਕਰੀਬ ਢਾਈ-ਤਿੰਨ ਦਹਾਕੇ ਪਹਿਲਾਂ ਹੁੰਦੇ ਵਿਆਹਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਵਿਆਹ ਵਾਲੇ ਘਰਾਂ ਵਿੱਚ ਇੱਕ ਅਲੱਗ ਕਿਸਮ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਸੀ ਅਤੇ ਵਿਆਹਾਂ ਵਿੱਚ ਪਹੁੰਚਣ ਵਾਲੇ ਸਕੇ-ਸਬੰਧੀਆਂ ਵੱਲੋਂ ਵੀ ਮਹੀਨਾ-ਮਹੀਨਾ ਪਹਿਲਾਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਸਨ।
ਵਿਆਹ ਲਈ ਨਵੇਂ ਕੱਪੜੇ ਸਿਵਾਉਣ ਦਾ ਸ਼ੌਕ ਅਲੱਗ ਹੀ ਕਿਸਮ ਦਾ ਹੁੰਦਾ ਸੀ। ਘਰਾਂ ਵਿੱਚ ਹੀ ਦਰਜ਼ੀ ਬਿਠਾ ਕੇ ਸਾਰੇ ਪਰਿਵਾਰ ਦੇ ਕੱਪੜੇ ਵਿਆਹ ਲਈ ਤਿਆਰ ਕਰਵਾ ਲਏ ਜਾਂਦੇ ਸਨ ਅਤੇ ਜੁੱਤੀ-ਜੋੜਾ ਲੈਣ ਲਈ ਬਾਜ਼ਾਰ ਦੀਆਂ ਕਈ-ਕਈ ਦੁਕਾਨਾਂ ’ਤੇ ਘੁੰਮਣ ਤੋਂ ਬਾਅਦ ਹੀ ਕਦੇ ਆਪਣੀ-ਆਪਣੀ ਪਸੰਦ ਦੀਆਂ ਜੁੱਤੀਆਂ ਮਿਲਦੀਆਂ ਸਨ। ਪੱਗਾਂ ਨੂੰ ਨਵੀਂ ਦਿੱਖ ਦੇਣ ਲਈ ਰੰਗ ਕਰਵਾਇਆ ਜਾਂਦਾ ਅਤੇ ਚੁੰਨੀਆਂ ਨੂੰ ਗੋਟੇ ਲਾਏ ਜਾਂਦੇ।
ਉਸ ਸਮੇ ਦੇ ਵਿਆਹਾਂ ਵਿੱਚ ਨਾਨਕਿਆਂ ਦੀ ਟੌਹਰ ਵੱਖਰੀ ਹੁੰਦੀ ਸੀ। ਵਿਆਹ ਸਮੇਂ ਨਾਨਕਿਆਂ ਅਤੇ ਦਾਦਕਿਆਂ ਦਾ ਬੋਲੀਆਂ, ਭੰਗੜੇ ਅਤੇ ਗਿੱਧੇ ਨਾਲ ਹੁੰਦਾ ਮੁਕਾਬਲਾ ਵੀ ਵੇਖਣਯੋਗ ਹੁੰਦਾ ਸੀ। ਨਾਨਕਿਆਂ ਵੱਲੋਂ ਕੱਢੀ ਜਾਂਦੀ ਜਾਗੋ ਪੂਰੇ ਪਿੰਡ ਵਿੱਚ ਘੁੰਮਦੀ। ਜਾਗੋ ਸੁੱਤੇ ਪਏ ਲੋਕਾਂ ਦੇ ਮੰਜੇ ਮੂਧੇ ਮਾਰ ਕੇ ਅਤੇ ਹੱਟੀਆਂ ਤੋਂ ਖਾਣ-ਪੀਣ ਦਾ ਸਾਮਾਨ ਇਕੱਠਾ ਕਰਕੇ ਵਿਆਹ ਵਾਲੇ ਘਰ ਵੱਲ ਮੁੜਦੀ। ਉਸ ਸਮੇਂ ਇਹ ਸਭ ਕੁਝ ਹਾਸੇ-ਠੱਠੇ ਅਤੇ ਵਿਆਹ ਦੇ ਮਾਹੌਲ ਨੂੰ ਹੋਰ ਖੁਸ਼ਗਵਾਰ ਬਣਾਉਣ ਲਈ ਕੀਤਾ ਜਾਂਦਾ। ਲੋਕਾਂ ਵਿੱਚ ਸ਼ਹਿਣਸ਼ੀਲਤਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਜਿਸ ਪਿੰਡ ਵਿੱਚ ਜਾਗੋ ਕੱਢੀ ਜਾਂਦੀ, ਉਸ ਪਿੰਡ ਦੇ ਲੋਕ ਨਾਨਕਿਆਂ ਵੱਲੋਂ ਕੀਤੇ ਜਾਂਦੇ ਅਜਿਹੇ ਸ਼ੁਗਲ-ਮੇਲੇ ਨੂੰ ਹੱਸ-ਹੱਸ ਕੇ ਪ੍ਰਵਾਨ ਕਰਦੇ ਅਤੇ ਘਰ-ਘਰ ਪਹੁੰਚੀ ਜਾਗੋ ਵਿੱਚ ਤੇਲ ਪਾ ਕੇ ਆਪਣੀ ਹਿੱਸੇਦਾਰੀ ਬਣਾਉਂਦੇ।
ਉਸ ਸਮੇਂ ਦੇ ਵਿਆਹ ਇੱਕ-ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਸਨ। ਸ਼ਰੀਕੇ-ਕਬੀਲੇ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਂਦੀ। ਵਿਆਹ ਵਿੱਚ ਪਹੁੰਚਣ ਵਾਲੇ ਮੇਲ-ਗੇਲ ਲਈ ਮੰਜੇ-ਬਿਸਤਰੇ ਪਿੰਡ ਵਿੱਚੋਂ ਇਕੱਠੇ ਕੀਤੇ ਜਾਂਦੇ। ਵਿਆਹ ਦੇ ਸਾਰੇ ਕੰਮਾਂ ਲਈ ਅਲੱਗ-ਅਲੱਗ ਡਿਊਟੀਆਂ ਲਗਾਈਆਂ ਜਾਂਦੀਆਂ। ਕਿਸੇ ਨੂੰ ਹਲਵਾਈ ਕੋਲ ਰਹਿਣ ਦੀ ਹਦਾਇਤ ਕੀਤੀ ਜਾਂਦੀ ਅਤੇ ਕਿਸੇ ਦੀ ਮੰਜੇ-ਬਿਸਤਰੇ ਜਾਂ ਟੈਂਟ ਦਾ ਸਾਮਾਨ ਲਿਆਉਣ ਦੀ ਡਿਊਟੀ ਲੱਗਦੀ। ਉਸ ਸਮੇਂ ਪਿੰਡਾਂ ਵਿੱਚ ਘਰਾਂ ਵਿੱਚ ਹੀ ਟੈਂਟ ਲਗਾ ਕੇ ਵਿਆਹ ਵਿੱਚ ਪਹੁੰਚਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਸਨੇਹੀਆਂ ਲਈ ਖਾਣ-ਪੀਣ ਦੀ ਸੁਚੱਜੀ ਵਿਵਸਥਾ ਕੀਤੀ ਜਾਂਦੀ ਸੀ।
ਵਿਆਹ ਵਿੱਚ ਵਰਤਣ ਲਈ ਦੁੱਧ ਵੀ ਪਿੰਡ ਵਿੱਚੋਂ ਹੀ ਇਕੱਠਾ ਕੀਤਾ ਜਾਂਦਾ। ਜਿਨ੍ਹਾਂ ਦੀ ਡਿਊਟੀ ਦੁੱਧ ਇਕੱਠਾ ਕਰਨ ਦੀ ਲੱਗਦੀ, ਉਹ ਬਾਲਟੀਆਂ ਲੈ ਕੇ ਘਰ-ਘਰ ਪਹੁੰਚਦੇ ਅਤੇ ਦੁੱਧ ਇਕੱਠਾ ਕਰਦੇ। ਬਹੁਤੇ ਲੋਕ ਵਿਆਹ ਵਾਲੇ ਘਰ ਆਪ ਹੀ ਦੁੱਧ ਪਹੁੰਚਦਾ ਕਰਨ ਨੂੰ ਆਪਣੀ ਡਿਊਟੀ ਸਮਝਦੇ। ਦੁੱਧ ਲੈ ਕੇ ਆਏ ਭਾਂਡੇ ਨੂੰ ਕਦੇ ਖਾਲੀ ਨਹੀਂ ਸੀ ਮੋੜਿਆ ਜਾਂਦਾ। ਘਰ ਦੀ ਸੁਆਣੀ ਉਸ ਵਿੱਚ ਲੱਡੂ ਪਾ ਕੇ ਵਾਪਸ ਕਰਦੀ। ਇਸੇ ਤਰ੍ਹਾਂ ਹੀ ਪਿੰਡ ਵਿੱਚੋਂ ਮੰਜੇ-ਬਿਸਤਰੇ ਵੀ ਇਕੱਠੇ ਕੀਤੇ ਜਾਂਦੇ। ਵਿਆਹ ਵਾਲੇ ਘਰ ਵਿੱਚ ਚਾਰ-ਪੰਜ ਦਿਨ ਪਹਿਲਾਂ ਹੀ ਮਿਠਾਈਆਂ ਬਣਾਉਣ ਲਈ ਕੜਾਹੀ ਚੜ੍ਹ ਜਾਂਦੀ। ਹਲਵਾਈ ਨੂੰ ਸਮੇਂ ਸਿਰ ਸਾਰਾ ਸਾਮਾਨ ਮੁਹੱਈਆ ਕਰਵਾਉਣ ਲਈ ਕਈ-ਕਈ ਜਣੇ ਹਲਵਾਈ ਦੇ ਕੋਲ ਬੈਠੇ ਰਹਿੰਦੇ। ਇਸ ਤਰ੍ਹਾਂ ਮਿਠਾਈਆਂ ਅਤੇ ਸਬਜ਼ੀਆਂ ਆਦਿ ਤਿਆਰ ਕਰਨ ਲਈ ਪਿੰਡ ਦੇ ਲੋਕ ਹਲਵਾਈ ਨਾਲ ਹੱਥ ਵਟਾਉਂਦੇ। ਸਬਜ਼ੀਆਂ ਦੇ ਭਰੇ ਟੋਕਰੇ ਵਿਚਕਾਰ ਰੱਖ ਕੇ ਆਸ-ਪਾਸ ਕੁਰਸੀਆਂ ਅਤੇ ਮੰਜੇ ਡਾਹ ਲਏ ਜਾਂਦੇ। ਅੱਖ ਝਪਕਦਿਆਂ ਹੀ ਸਭ ਸਬਜ਼ੀਆਂ ਅਤੇ ਹੋਰ ਲੋੜੀਂਦਾ ਸਾਮਾਨ ਤਿਆਰ ਕਰਕੇ ਹਲਵਾਈ ਅੱਗੇ ਰੱਖ ਦਿੱਤਾ ਜਾਂਦਾ।
ਜਦੋਂ ਲੱਡੂ ਵੱਟਣ ਦੀ ਵਾਰੀ ਆਉਂਦੀ ਤਾਂ ਵੱਡਾ ਕੜਾਹਾ ਵਿਚਕਾਰ ਰੱਖ ਲਿਆ ਜਾਂਦਾ। ਹਰ ਕੋਈ ਲੱਡੂ ਵੱਟਣ ਵਿੱਚ ਆਪਣਾ-ਆਪਣਾ ਯੋਗਦਾਨ ਪਾਉਂਦਾ। ਫਿਰ ਮਿਠਾਈਆਂ ਅਤੇ ਸਬਜ਼ੀਆਂ ਤਿਆਰ ਕਰਕੇ ਵਰਤਾਵੇ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਵਰਤਾਉਣ ਦੀ ਜ਼ਿੰਮੇਵਾਰੀ ਵੱਡੀ ਉਮਰ ਦੀਆਂ ਬਜ਼ੁਰਗ ਔਰਤਾਂ ਨੂੰ ਦਿੱਤੀ ਜਾਂਦੀ। ਇਸ ਤਰ੍ਹਾਂ ਆਪਣੀ ਦੇਖ-ਰੇਖ ਵਿੱਚ ਤਿਆਰ ਕੀਤੇ ਵਿਆਹ ਦੇ ਸਾਰੇ ਸਾਮਾਨ ਵਿੱਚ ਸਫ਼ਾਈ ਅਤੇ ਪੌਸ਼ਟਿਕਤਾ ਦਾ ਵੀ ਪੂਰਾ-ਪੂਰਾ ਖਿਆਲ ਰੱਖਿਆ ਜਾਂਦਾ। ਅੱਜਕੱਲ੍ਹ ਦੇ ਵਿਆਹਾਂ ਵਿੱਚੋਂ ਇਹ ਸਭ ਕੁਝ ਵਿਸਰ ਚੁੱਕਾ ਹੈ।
ਅਜੋਕੇ ਸਮੇਂ ਦੇ ਮੈਰਿਜ ਪੈਲੇਸ ਕਲਚਰ ਨੇ ਜਿੱਥੇ ਸਾਡੀਆਂ ਵਿਰਾਸਤੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਵੱਡੀ ਢਾਹ ਲਾਈ ਹੈ, ਉੱਥੇ ਹੀ ਭੱਜ ਦੌੜ ਦੀ ਇਸ ਜ਼ਿੰਦਗੀ ਵਿੱਚ ਵਿਆਹ ਕੇਵਲ ਕੁਝ ਘੰਟਿਆਂ ਤੱਕ ਹੀ ਸੀਮਤ ਹੋ ਗਏ ਹਨ। ਹੁਣ ਵਿਆਹਾਂ ਵਿੱਚ ਇਕੱਠੇ ਮਿਲ ਬੈਠ ਕੇ ਕੰਮ ਕਰਦਾ ਸ਼ਰੀਕਾ-ਕਬੀਲਾ ਨਜ਼ਰ ਨਹੀਂ ਪੈਂਦਾ ਅਤੇ ਨਾ ਹੀ ਵਿਆਹ ਵਾਲੇ ਘਰਾਂ ਵਿੱਚ ਪਹਿਲਾਂ ਜਿੰਨੀ ਚਹਿਲ-ਪਹਿਲ ਨਜ਼ਰ ਆਉਂਦੀ ਹੈ। ਹੁਣ ਤਾਂ ਜਾਗੋ ਵਿੱਚ ਵੀ ਤੇਲ ਨਹੀਂ ਪਾਇਆ ਜਾਂਦਾ ਸਗੋਂ ਜਾਗੋ ਕੱਢਣ ਵਾਲੀਆਂ ਔਰਤਾਂ ਸੈੱਲਾਂ ਵਾਲੀ ਜਾਗੋ ਨਾਲ ਆਂਢ-ਗੁਆਂਢ ਵਿੱਚ ਗੇੜਾ ਕੱਢ ਕੇ ਘਰ ਨੂੰ ਪਰਤ ਆਉਂਦੀਆਂ ਹਨ। ਹੁਣ ਤਾਂ ਕੇਵਲ ਕੁਝ ਕੁ ਘੰਟਿਆਂ ਲਈ ਹੀ ਰਿਸ਼ਤੇਦਾਰ ਅਤੇ ਸਕੇ-ਸਬੰਧੀ ਮੈਰਿਜ ਪੈਲੇਸਾਂ ਵਿੱਚ ਇਕੱਠੇ ਹੁੰਦੇ ਹਨ ਅਤੇ ਉੱਥੋਂ ਹੀ ਵਿਦਾਈ ਲੈ ਕੇ ਘਰਾਂ ਨੂੰ ਪਰਤ ਜਾਂਦੇ ਹਨ। ਅੱਜਕੱਲ੍ਹ ਹਰ ਕੋਈ ਵਿਆਹ ਸਮਾਗਮਾਂ ਨੂੰ ਠੇਕੇ ’ਤੇ ਦੇ ਕੇ ਸੁਰਖਰੂ ਹੋ ਰਿਹਾ ਹੈ, ਪਰ ਇਸ ਵਰਤਾਰੇ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਨੂੰ ਵੱਡੀ ਢਾਹ ਲੱਗ ਰਹੀ ਹੈ, ਉੱਥੇ ਹੀ ਹੁਣ ਬਦਲਾਅ ਦੇ ਇਸ ਦੌਰ ਵਿੱਚ ਵਿਆਹਾਂ ਦੇ ਰੰਗ ਵੀ ਫਿੱਕੇ ਪੈਣ ਲੱਗੇ ਹਨ।
ਸੰਪਰਕ-94670-95953