ਮਨਦੀਪ ਸਿੰਘ ਸਿੱਧੂ
ਮੀਨਾ ਰਾਏ ਦੀ ਪੈਦਾਇਸ਼ 1947 ਨੂੰ ਬੰਬਈ ਦੇ ਰਾਮਗੜ੍ਹੀਆ ਸਿੱਖ ਪਰਿਵਾਰ ਵਿੱਚ ਹੋਈ। ਉਸ ਦਾ ਅਸਲੀ ਨਾਮ ਦਲਜੀਤ ਕੌਰ ਨਨੜਾ ਸੀ। ਉਸ ਨੇ ਇਬਤਿਦਾਈ ਤਾਲੀਮ ਬੰਬਈ ਤੋਂ ਹਾਸਲ ਕੀਤੀ। ਫਿਰ ਫ਼ਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਅਦਾਕਾਰਾ ਬਣ ਗਈ।
ਜਦੋਂ ਆਰ. ਦਿਆਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਮੁਕਲ ਇੰਟਰਪ੍ਰਾਈਸਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਮਜ਼ਾਹੀਆ ਹਿੰਦੀ ਫ਼ਿਲਮ ‘ਸ੍ਰੀਮਾਨਜੀ’ (1968) ਸ਼ੁਰੂ ਕੀਤੀ ਤਾਂ ਦਲਜੀਤ ਕੌਰ ਨੂੰ ਮੀਨਾ ਰਾਏ ਦੇ ਨਵੇਂ ਨਾਂ ਨਾਲ ਮੁਤਆਰਿਫ਼ ਕਰਵਾਇਆ। ਉਸ ਨੇ ਫ਼ਿਲਮ ਵਿੱਚ ‘ਮੀਨਾ’ ਦਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਆਈ. ਐੱਸ. ਜੌਹਰ ਆਪਣੇ ਫ਼ਨ ਦੀ ਨੁਮਾਇਸ਼ ਕਰ ਰਿਹਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਮੀਨਾ ਰਾਏ ਨੇ ਮਾਰੂਫ਼ ਅਫ਼ਸਾਨਾਨਿਗ਼ਾਰ ਰਾਜਿੰਦਰ ਸਿੰਘ ਬੇਦੀ ਦੇ ਕਲਾਸਿਕ ਉਰਦੂ ਨਾਵਲ ‘ਏਕ ਚਾਦਰ ਮੈਲੀ ਸੀ’ ’ਤੇ ਆਧਾਰਿਤ ਪੰਜਾਬੀ ਫ਼ੀਚਰ ਫ਼ਿਲਮ ‘ਰਾਣੋ’ (1964) ਵਿੱਚ ਅਦਾਕਾਰ ਧਰਮਿੰਦਰ ਦੇ ਹਮਰਾਹ ਮੁਸਲਿਮ ਲੜਕੀ ਦਾ ਪਾਰਟ ਅਦਾ ਕੀਤਾ ਸੀ ਜਦੋਂਕਿ ‘ਰਾਣੋ’ ਦੇ ਮਰਕਜ਼ੀ ਕਿਰਦਾਰ ਵਿੱਚ ਗੀਤਾ ਬਾਲੀ ਮੌਜੂਦ ਸੀ। ਫ਼ਿਲਮ ਦੇ ਨਿਰਮਾਣ ਦੌਰਾਨ ਗੀਤਾ ਬਾਲੀ ਚੇਚਕ ਦੀ ਬਿਮਾਰੀ ਦੀ ਲਪੇਟ ਵਿੱਚ ਆ ਕੇ ਫ਼ੌਤ ਹੋ ਗਈ ਤੇ ਇਹ ਫ਼ਿਲਮ ਮੁਕੰਮਲ ਨਾ ਹੋ ਸਕੀ।
ਜਦੋਂ ਦਾਰਾ ਸਿੰਘ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦਾਰਾ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਧਾਰਮਿਕ ਪੰਜਾਬੀ ਫ਼ਿਲਮ ‘ਨਾਨਕ ਦੁਖੀਆ ਸਭ ਸੰਸਾਰ’ (1971) ਬਣਾਈ ਤਾਂ ਮੀਨਾ ਰਾਏ ਨੂੰ ਮਰਕਜ਼ੀ ਕਿਰਦਾਰ ਵਿੱਚ ਪੇਸ਼ ਕੀਤਾ। ਮੀਨਾ ਨੇ ਫ਼ਿਲਮ ’ਚ ‘ਜੀਤਾਂ’ ਦਾ ਪਾਰਟ ਤੇ ਉਸ ਦੇ ਰੂਬਰੂ ਦਾਰਾ ਸਿੰਘ ‘ਕਰਤਾਰ ਸਿੰਘ’ ਦਾ ਪਾਤਰ ਨਿਭਾ ਰਿਹਾ ਸੀ। ਫ਼ਸਾਨਾ ਦਾਰਾ ਸਿੰਘ, ਮੰਜ਼ਰਨਾਮਾ ਤੇ ਮੁਕਾਲਮੇ ਨਾਨਕ ਸਿੰਘ, ਗੀਤ ਤੇ ਸੰਗੀਤ ਪ੍ਰੇਮ ਧਵਨ ਨੇ ਮੁਰੱਤਬਿ ਕੀਤਾ। ਮੀਨਾ ਰਾਏ ’ਤੇ ਫ਼ਿਲਮਾਇਆ ‘ਮੇਰੇ ਮਨ ਵਿੱਚ ਤੂੰਬਾ ਵੱਜਦਾ ਏ’ (ਆਸ਼ਾ ਭੋਸਲੇ) ਗੀਤ ਬੇਹੱਦ ਮਕਬੂਲ ਹੋਇਆ। ਇਹ ਫ਼ਿਲਮ 2 ਜੁਲਾਈ 1971 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਮਿਹਰ ਮਿੱਤਲ ਦੇ ਫ਼ਿਲਮਸਾਜ਼ ਅਦਾਰੇ ਐੱਮ. ਐੱਮ. ਫ਼ਿਲਮਜ਼ ਪ੍ਰਾਈਵੇਟ ਲਿਮਟਿਡ, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ (1973) ’ਚ ਮੀਨਾ ਰਾਏ ਨੇ ਵੈੱਲਫੇਅਰ ਅਫ਼ਸਰ ਗੀਤਾ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਜਗਰਾਓਂ ਦੇ ਗੱਭਰੂ ਵਿਜੈ ਟੰਡਨ ਨੇ ਡਾ. ਵਿਜੈ ਦਾ ਪਾਰਟ ਅਦਾ ਕੀਤਾ। ਇਸ ਜੋੜੀ ’ਤੇ ਫ਼ਿਲਮਾਏ ‘ਤੇਰੇ ਜਿਹੀ ਸੋਹਣੀ ਕੋਈ ਜੱਗ ’ਤੇ ਨਹੀਂ ਹੋਣੀ ਮੁਟਿਆਰ ਨੀਂ’ (ਮਹਿੰਦਰ ਕਪੂਰ, ਮੀਨੂੰ ਪੁਰਸ਼ੋਤਮ), ‘ਮੈਨੂੰ ਛੱਡ ਕੇ ਮੁੰਡਿਆ ਦੂਰ ਕਿਤੇ ਨਾ ਜਾਵੀਂ’ (ਹੇਮਲਤਾ, ਸੁਰਿੰਦਰ ਕੋਹਲੀ) ਗੀਤ ਬੜੇ ਪਸੰਦ ਕੀਤੇ ਗਏ। ਇਹ ਫ਼ਿਲਮ 6 ਅਪਰੈਲ 1973 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਯਸ਼ ਸ਼ਰਮਾ ਦੇ ਫ਼ਿਲਮਸਾਜ਼ ਅਦਾਰੇ ਨਾਗੀ ਇੰਟਰਨੈਸ਼ਨਲ, ਬੰਬੇ ਦੀ ਪੁਸ਼ਪ ਰਾਜ ਨਿਰਦੇਸ਼ਿਤ ਫ਼ਿਲਮ ‘ਤੇਰੇ ਰੰਗ ਨਿਆਰੇ’ (1973) ’ਚ ਉਸ ਨੇ ‘ਪ੍ਰੀਤੀ’ ਦਾ ਕਿਰਦਾਰ ਨਿਭਾਇਆ। ਸੁਰਿੰਦਰ ਕੋਹਲੀ ਦੇ ਸੰਗੀਤ ’ਚ ਮੀਨਾ ਰਾਏ ਤੇ ਸਾਥਣਾਂ ’ਤੇ ਫ਼ਿਲਮਾਏ ‘ਨੀਂ ਆਇਆ ਸਾਉਣ ਦਾ ਮਹੀਨਾ’ (ਊਸ਼ਾ ਮੰਗੇਸ਼ਕਰ, ਮੀਨਾਕਸ਼ੀ), ‘ਐਵੇਂ ਭੁੱਲ ਕੇ ਜਵਾਨੀ’ (ਆਸ਼ਾ ਭੌਸਲੇ) ਗੀਤ ਵੀ ਖ਼ੂਬ ਚੱਲੇ। ਇਹ ਫ਼ਿਲਮ 17 ਮਈ 1974 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਬੀ. ਆਰ. ਸਾਹਨੀ ਦੇ ਫ਼ਿਲਮਸਾਜ਼ ਅਦਾਰੇ ਬੀ. ਆਰ. ਇੰਟਰਪ੍ਰਾਈਸਜ਼, ਬੰਬੇ ਦੀ ਕਾਕਾ ਸ਼ਰਮਾ ਨਿਰਦੇਸ਼ਿਤ ਦੇਸ਼ ਭਗਤੀ ਪੰਜਾਬੀ ਫ਼ਿਲਮ ‘ਸਤਿਗੁਰੂ ਤੇਰੀ ਓਟ’ (1974) ’ਚ ਮੀਨਾ ਰਾਏ ਨੇ ‘ਮਾਇਆ ਰਾਮ’ ਦਾ ਪਾਤਰ ਨਿਭਾ ਰਹੇ ਚਰਿੱਤਰ ਅਦਾਕਾਰ ਉਮਾ ਦੱਤ ਦੀ ਧੀ ‘ਸ਼ੋਭਾ’ ਦਾ ਕਿਰਦਾਰ ਨਿਭਾਇਆ, ਜਿਸ ਦੇ ਨਾਲ ਸੋਮ ਦੱਤ ‘ਸੁਭਾਸ਼’ ਦਾ ਪਾਰਟ ਅਦਾ ਕਰ ਰਿਹਾ ਸੀ। ਜਗਜੀਤ ਕੌਰ ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦੇ ਲਿਖੇ ਤੇ ਮੀਨਾ ਰਾਏ (ਨਾਲ ਸੋਮ ਦੱਤ) ’ਤੇ ਫ਼ਿਲਮਾਏ ਗੀਤ ‘ਰਾਂਝਣਾ ਓ ਮੇਰਾ ਨਾਜ਼ੁਕ ਦਿਲ ਨਾ ਤੋੜੀਂ ਵੇ’ (ਜਗਜੀਤ ਕੌਰ), ‘ਸਾਡੀ ਹਿੱਕ ’ਤੇ ਨਿਸ਼ਾਨਾ ਲਾਇਆ’ ਤੇ ‘ਮੈਂ ਚਿੱਠੀਆਂ ਨਿੱਤ ਪਾਵਾਂ’ (ਜਗਜੀਤ ਕੌਰ, ਮਹਿੰਦਰ ਕਪੂਰ) ਵੀ ਸੰਗੀਤ-ਮੱਦਾਹਾਂ ਨੇ ਪਸੰਦ ਕੀਤੇ। ਇਹ ਫ਼ਿਲਮ 14 ਮਾਰਚ 1975 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਰਾਜੇਸ਼ ਕੁਮਾਰ ਦੇ ਫ਼ਿਲਮਸਾਜ਼ ਅਦਾਰੇ ਕੁਮਾਰ ਆਰਟ ਇੰਟਰਨੈਸ਼ਨਲ, ਬੰਬੇ ਦੀ ਰਾਜੇਸ਼ ਕੁਮਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਡਾਕੂ ਸ਼ਮਸ਼ੇਰ ਸਿੰਘ’ (1975) ’ਚ ਮੀਨਾ ਰਾਏ ਨੇ ‘ਡਾਕੂ ਸ਼ਮਸ਼ੇਰ’ ਦਾ ਟਾਈਟਲ ਰੋਲ ਕਰ ਰਹੇ ਅਦਾਕਾਰ ਦੇਵ ਕੁਮਾਰ ਦੀ ਧੀ ‘ਮੀਨਾ’ ਦਾ ਕਿਰਦਾਰ ਨਿਭਾਇਆ। ਸੁਰਿੰਦਰ ਕੋਹਲੀ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ਇੱਕ ਗੀਤ ‘ਹੋ ਆਜਾ-ਆਜਾ ਗੱਲ ਸੁਣ ਮੁੰਡਿਆ’ (ਆਸ਼ਾ ਭੌਸਲੇ) ਮੀਨਾ ਰਾਏ ’ਤੇ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ 3 ਸਤੰਬਰ 1976 ਨੂੰ ਇੰਦਰ ਪੈਲੇਸ, ਕਰਨਾਲ ਵਿਖੇ ਨੁਮਾਇਸ਼ ਹੋਈ। ਬੂਟਾ ਸਿੰਘ ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ’ਚ ਮੀਨਾ ਰਾਏ ਨੇ ‘ਸ਼ੀਤਲ’ ਦਾ ਤੇ ਉਸ ਦੇ ਰੂਬਰੂ ਸ਼ਾਦ ਨੇ ਹਰਿੰਦਰ ਦੇ ਨਾਮ ਨਾਲ ਕਿਸਾਨ ‘ਰਣਜੀਤ ਸਿੰਘ’ ਦਾ ਪਾਰਟ ਨਿਭਾਇਆ। ਇਹ ਫ਼ਿਲਮ 12 ਸਤੰਬਰ 1975 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਪ੍ਰਦਰਸ਼ਿਤ ਹੋਈ।
ਜਿਸ ਪੰਜਾਬੀ ਫ਼ਿਲਮ ਨੇ ਮੀਨਾ ਰਾਏ ਨੂੰ ਸਫਲਤਾ ਦਾ ਆਲ੍ਹਾ ਮੁਕਾਮ ਦਿਵਾਇਆ ਉਹ ਸੀ ਇੰਦਰਜੀਤ ਸਿੰਘ ਹਸਨਪੁਰੀ ਦੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਧਰਮ ਕੁਮਾਰ ਨਿਰਦੇਸ਼ਿਤ ‘ਤੇਰੀ ਮੇਰੀ ਇੱਕ ਜਿੰਦੜੀ’ (1975)। ਫ਼ਿਲਮ ਵਿੱਚ ਮੀਨਾ ਰਾਏ ਨੇ ਨਵੇਂ ਚਿਹਰੇ ਵਜੋਂ ਮੁਤਆਰਿਫ਼ ਹੋਏ ਫਗਵਾੜੇ ਦੇ ਗੱਭਰੂ ਵਰਿੰਦਰ ਉਰਫ਼ ਸੁਭਾਸ਼ ਡਡਵਾਲ (ਜੀਤਾ) ਦੇ ਹਮਰਾਹ ਤਾਰੋ ਦਾ ਪਾਰਟ ਅਦਾ ਕੀਤਾ। ਐੱਸ. ਮੋਹਿੰਦਰ ਦੇ ਸੰਗੀਤ ’ਚ ਇੰਦਰਜੀਤ ਹਸਨਪੁਰੀ ਦੇ ਲਿਖੇ ਤੇ ਮੀਨਾ ਰਾਏ (ਨਾਲ ਵਰਿੰਦਰ) ’ਤੇ ਫ਼ਿਲਮਾਏ ‘ਅੱਗ ਲੱਗੇ ਮਹਿਲਾਂ ਨੂੰ ਕੁੱਲੀ ਯਾਰ ਦੀ ਸੁਰਗ ਦਾ ਝੂਟਾ’ (ਆਸ਼ਾ ਭੌਸਲੇ), ‘ਐਨੇ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ’ (ਨਰਿੰਦਰ ਬੀਬਾ, ਮੁਹੰਮਦ ਰਫ਼ੀ) ਤੋਂ ਇਲਾਵਾ ਰੁਮਾਨੀ ਗੀਤ ‘ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ’ (ਨਰਿੰਦਰ ਬੀਬਾ) ਹੱਦ ਦਰਜਾ ਮਕਬੂਲ ਹੋਇਆ। ਇਹ ਬਲਾਕਬਸਟਰ ਫ਼ਿਲਮ 3 ਅਕਤੂਬਰ 1975 ਨੂੰ ਸੰਗਮ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਸੀ. ਆਰ. ਤ੍ਰਿਵੇਦੀ ਦੇ ਫ਼ਿਲਮਸਾਜ਼ ਅਦਾਰੇ ਵਿਨਾਇਕ ਫ਼ਿਲਮਜ਼, ਬੰਬੇ ਦੀ ਸੋਮ ਹਕਸਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਨੱਚਦੀ ਜਵਾਨੀ’ (1977) ’ਚ ਮੀਨਾ ਨੇ ਸੁੰਦਰ ਦੀ ਧੀ ‘ਮਾਲਤੀ’ ਦਾ ਕਿਰਦਾਰ ਜਿਸ ਦੇ ਸਨਮੁਖ ਗੁਰਦਾਸਪੁਰ ਦਾ ਗੱਭਰੂ ਰੋਮੇਸ਼ ਸ਼ਰਮਾ ਦੀਨ ਦਿਆਲ ਦਾ ਪਾਰਟ ਅਦਾ ਕਰ ਰਿਹਾ ਸੀ। ਸਪਨ ਜਗਮੋਹਨ ਦੇ ਸੰਗੀਤ ’ਚ ਰਾਜਿੰਦਰ ਕ੍ਰਿਸ਼ਨ ਦੇ ਲਿਖੇ ਤੇ ਮੀਨਾ ਰਾਏ (ਨਾਲ ਰੋਮੇਸ਼ ਸ਼ਰਮਾ) ਉੱਤੇ ਫ਼ਿਲਮਾਏ ‘ਇਹ ਪਿਆਰ ਦੀ ਕਹਾਣੀ ਸਦੀਓਂ ਪੁਰਾਣੀ’ (ਮੁਹੰਮਦ ਰਫ਼ੀ) ਤੋਂ ਇਲਾਵਾ ‘ਸੁਨ ਢੋਲ ਜਾਨੀ ਬੋਲ ਮੇਰੀ ਰਾਨੀ’ (ਆਸ਼ਾ ਭੌਸਲੇ, ਜਸਪਾਲ ਸਿੰਘ) ਗੀਤ ਹੱਦ ਦਰਜਾ ਮਕਬੂਲ ਹੋਇਆ। ਇਹ ਫ਼ਿਲਮ 23 ਅਕਤੂਬਰ 1981 ਨੂੰ ਲਕਸ਼ਮੀ ਥੀਏਟਰ, ਹੁਸ਼ਿਆਰਪੁਰ ਵਿਖੇ ਰਿਲੀਜ਼ ਹੋਈ। ਟੀ. ਐੱਸ. ਬਵੇਜਾ ਦੇ ਫ਼ਿਲਮਸਾਜ਼ ਅਦਾਰੇ ਪੰਜਾਬ ਪਿਕਚਰਜ਼, ਬੰਬੇ ਦੀ ਪ੍ਰੋ. ਨਰੂਲਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਵੰਗਾਰ’ (1977) ’ਚ ਮੀਨਾ ਨੇ ‘ਨਿੰਮੋ’ ਦਾ ਤੇ ਝੰਡੇਆਣਾ (ਮੋਗਾ) ਦੇ ਜਵਾਨ ਬਲਦੇਵ ਖੋਸਾ ਨੇ ‘ਬੱਲੀ’/ ‘ਬਲਦੇਵ’ ਦਾ ਪਾਤਰ ਅਦਾ ਕੀਤਾ ਤੇ ਦੂਜੇ ਹੀਰੋ ਵਜੋਂ ਵਿਜੈ ਟੰਡਨ ਤੇ ਰੂਬੀ ਸਿੰਘ ਮੌਜੂਦ ਸਨ। ਸੁਰਿੰਦਰ ਕੋਹਲੀ ਦੇ ਸੰਗੀਤ ’ਚ ਮੁਨਸਿਫ਼ ਦੇ ਲਿਖੇ ਤੇ ਮੀਨਾ ਰਾਏ (ਨਾਲ ਖੋਸਾ) ’ਤੇ ਫ਼ਿਲਮਾਏ ‘ਕੀ ਕਰਾਂ ਢੋਲਣਾ ਜਿੰਦ ਮੇਰੀ ਪੱਖੀ ਵਾਂਗੂੰ ਡੋਲਦੀ’ (ਆਸ਼ਾ ਭੌਸਲੇ) ਤੋਂ ਇਲਾਵਾ ‘ਮੇਰੇ ਸੱਜਰੇ ਹਾਣੀਆ…’ (ਸਵਿਤਾ ਸੁਮਨ, ਮੁਹੰਮਦ ਰਫ਼ੀ) ਗੀਤ ਨੇ ਬੇਪਨਾਹ ਮਕਬੂਲੀਅਤ ਹਾਸਲ ਕੀਤੀ। ਇਹ ਫ਼ਿਲਮ 20 ਅਪਰੈਲ 1979 ਨੂੰ ਅਨਾਮ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਮਿਸਿਜ਼ ਰਾਜਵੰਤ ਗਰੇਵਾਲ ਤੇ ਸਰਦੂਲ ਅਟਵਾਲ ਦੇ ਫ਼ਿਲਮਸਾਜ਼ ਅਦਾਰੇ ਗਰੇਵਾਲ ਮੂਵੀਜ਼, ਬੰਬੇ ਦੀ ਜਗਜੀਤ ਸਿੰਘ ਸਿੱਧੂ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਰਾਂਝਣ ਮੇਰਾ ਯਾਰ’ (1984) ’ਚ ਮੀਨਾ ਨੇ ‘ਨੀਲਮ’ ਦਾ ਤੇ ਅਸ਼ੋਕ ਖੋਸਲਾ (ਨਵਾਂ ਚਿਹਰਾ) ਨੇ ‘ਰਾਜਨ’ ਦਾ ਪਾਰਟ ਅਦਾ ਕੀਤਾ। ਸੁਰਿੰਦਰ ਕੋਹਲੀ ਦੇ ਸੰਗੀਤ ਵਿੱਚ ਅਜੈਬ ਸਿੰਘ ਗਰੇਵਾਲ ਦਾ ਲਿਖਿਆ ਤੇ ਮੀਨਾ ਰਾਏ ’ਤੇ ਫ਼ਿਲਮਾਇਆ ਗੀਤ ‘ਤੇਰਾ ਤੱਕ ਲੈਂਦੀ ਉੱਡ ਕੇ ਗਰਾਂ ਜੇ ਲੱਗੇ ਹੁੰਦੇ ਖੰਭ ਸੱਜਣਾ’ (ਆਸ਼ਾ ਭੌਸਲੇ) ਗੀਤ ਬੜਾ ਹਿੱਟ ਹੋਇਆ ਸੀ। ਇਹ ਫ਼ਿਲਮ 23 ਅਗਸਤ 1985 ਨੂੰ ਫੂਲ ਸਿਨਮਾ, ਪਟਿਆਲਾ ਵਿਖੇ ਨੁਮਾਇਸ਼ ਹੋਈ। ਕੇ. ਐੱਲ. ਗੁਪਤਾ ਦੇ ਫ਼ਿਲਮਸਾਜ਼ ਅਦਾਰੇ ਭਾਵਨਾ ਪਿਕਚਰਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚੰਨ ਮੇਰਾ ਮਾਹੀ’ (1987) ’ਚ ਮੀਨਾ ਰਾਏ ਨੇ ‘ਪਾਰੋ’ ਦਾ ਤੇ ਧੀਰਜ ਕੁਮਾਰ ਨੇ ਰਾਜਿੰਦਰ ਦਾ ਪਾਰਟ ਨਿਭਾਇਆ। ਕਮਲ ਰਾਜਸਥਾਨੀ ਦੇ ਸੰਗੀਤ ’ਚ ਠਾਕੁਰ ਤਪੱਸਵੀ ਦੇ ਲਿਖੇ ਤੇ ਮੀਨਾ ਰਾਏ ’ਤੇ ਫ਼ਿਲਮਾਏ ‘ਤੇਰੇ ਬਿਨਾਂ ਮੇਰੇ ਗੀਤ ਨਾ ਪੂਰੇ’ (ਸਵਿਤਾ ਸਾਥੀ, ਅਨਵਰ), ‘ਬਾਹਵਾਂ ਦੇ ਲਈ ਚੂੜੀਆਂ ਲਿਆਵੀਂ’ (ਦਿਲਰਾਜ ਕੌਰ) ਆਦਿ ਗੀਤ ਵੀ ਪਸੰਦ ਕੀਤੇ ਗਏ। ਅਨਿਲ ਗੰਦੋਤਰਾ ਦੇ ਫ਼ਿਲਮਸਾਜ਼ ਅਦਾਰੇ ਏ. ਐੱਸ. ਆਰ. ਪ੍ਰੋਡਕਸ਼ਨਜ਼ (ਪਾ.) ਲਿਮਟਿਡ, ਬੰਬੇ ਅਨਿਲ ਗੰਦੋਤਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜਾਗ ਪੰਜਾਬੀ ਸ਼ੇਰਾ’ (1987) ’ਚ ਮੀਨਾ ਨੇ ‘ਰੇਖਾ’ ਦਾ ਤੇ ਰੋਮੇਸ਼ ਸ਼ਰਮਾ ਨੇ ‘ਚੰਦਰ’ ਦਾ ਪਾਰਟ ਅਦਾ ਕੀਤਾ।
1990ਵਿਆਂ ਦੇ ਦਹਾਕੇ ਵਿੱਚ ਜਦੋਂ ਪੰਕਜ ਧੀਰ ਤੇ ਤੇਜ ਸਪਰੂ ਨੇ ਆਪਣੇ ਫ਼ਿਲਮਸਾਜ਼ ਅਦਾਰੇ ਲਕਸ਼ਮੀ ਕ੍ਰੀਏਸ਼ਨ, ਬੰਬੇ ਦੇ ਬੈਨਰ ਹੇਠ ਪੰਕਜ ਧੀਰ ਨੇ ਆਪਣੀ ਹਿਦਾਇਤਕਾਰੀ ਤੇ ਅਦਾਕਾਰੀ ਵਿੱਚ ਪੰਜਾਬੀ ਫ਼ਿਲਮ ‘ਮੁਕੱਦਰ’ ਉਰਫ਼ ‘ਸਾਡਾ ਮੁਕੱਦਰ’ (1997) ਬਣਾਈ ਤਾਂ ਮੀਨਾ ਰਾਏ ਨੂੰ ਸਰਦਾਰ ਅਜੀਤ ਸਿੰਘ ਦਾ ਕਿਰਦਾਰ ਨਿਭਾ ਰਹੇ ਗੁੱਗੂ ਗਿੱਲ ਦੀ ਮਾਂ ਦਾ ਪਾਰਟ ਅਦਾ ਕਰਨ ਦਾ ਮੌਕਾ ਦਿੱਤਾ। ਇਹ ਫ਼ਿਲਮ ਮੀਨਾ ਦੀ ਆਖ਼ਰੀ ਫ਼ਿਲਮ ਕਰਾਰ ਪਾਈ।
ਪੰਜਾਬੀ ਦੇ ਨਾਲ-ਨਾਲ ਮੀਨਾ ਰਾਏ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਮੁੱਖ, ਸਹਾਇਕ ਤੇ ਚਰਿੱਤਰ ਅਦਾਕਾਰਾ ਦੀਆਂ ਭੂਮਿਕਾਵਾਂ ਅਦਾ ਕੀਤੀਆਂ। ਉਸ ਦੀ ਕਿਰਦਾਰਨਿਗਾਰੀ ਵਾਲੀਆਂ ਯਾਦਗਾਰੀ ਫ਼ਿਲਮਾਂ ਦੇ ਨਾਮ ਹਨ ‘ਜਵਾਬ ਆਏਗਾ’ (1969), ‘ਸ਼ਰਤ’ (1969), ‘ਮੁਝੇ ਸੀਨੇ ਸੇ ਲਗਾ ਲੋ’ (1969), ‘ਉਸਤਾਦ ਪੈਡਰੋ’ (1971), ‘ਵਿਕਟੋਰੀਆ ਨੰਬਰ 203’ (1972), ‘ਸਬਸੇ ਬੜਾ ਸੁਖ’, ‘ਜੰਗਲ ਮੇਂ ਮੰਗਲ’ (1972), ‘ਮੇਰਾ ਦੇਸ਼ ਮੇਰਾ ਧਰਮ’ (1973), ‘ਗੁਰੂ ਔਰ ਚੇਲਾ’ (1973), ‘ਵੋ ਮੈਂ ਨਹੀਂ’ (1974), ‘ਏਕ ਹੀ ਰਾਸਤਾ’, ‘ਹੀਰ ਰਾਂਝਾ’ (1992) ਆਦਿ ਤੋਂ ਇਲਾਵਾ ਮੀਨਾ ਰਾਏ ਦੀ ਆਖ਼ਰੀ ਹਿੰਦੀ ਫ਼ਿਲਮ ਮਹੇਸ਼ ਕਪੂਰ ਦੇ ਫ਼ਿਲਮਸਾਜ਼ ਅਦਾਰੇ ਕਪੂਰ ਫ਼ਿਲਮ ਮੇਕਰਜ਼, ਬੰਬੇ ਦੀ ਮਹੇਸ਼ ਕਪੂਰ ਨਿਰਦੇਸ਼ਿਤ ਫ਼ਿਲਮ ‘ਕਾਲਾ ਸੱਚ’ (1994) ਸੀ। ਮੀਨਾ ਰਾਹੇ ਨੇ ਵਿਆਹ ਨਹੀਂ ਕਰਵਾਇਆ ਸੀ। ਅਖ਼ੀਰਨ ਉਹ ਆਪਣੇ ਮਾਪਿਆਂ ਦੇ ਮੁੰਬਈ ਸਥਿਤ ਘਰ ਵਿਖੇ 28 ਨਵੰਬਰ 2017 ਨੂੰ 70 ਸਾਲਾਂ ਦੀ ਉਮਰ ਵਿੱਚ ਵਫ਼ਾਤ ਪਾ ਗਈ।
ਸੰਪਰਕ: 97805-09545