ਮੁੰਬਈ, 25 ਨਵੰਬਰ
93ਵੇਂ ਅਕੈਡਮੀ ਐਵਾਰਡ 2021 ਵਿੱਚ ਭਾਰਤ ਦੀ ਮਲਿਆਲਮ ਫਿਲਮ ‘ਜੱਲੀਕੱਟੂ’ ਦੀ ਚੋਣ ਹੋ ਗਈ ਹੈ। ਸਰਬਉੱਤਮ ਕੌਮਾਂਤਰੀ ਫੀਚਰ ਫਿਲਮ ਦੇ ਵਰਗ ਵਿੱਚ ਇਸ ਫਿਲਮ ਨੂੰ ਚੁਣਿਆ ਗਿਆ ਹੈ, ਜਿਸ ਨਾਲ ਭਾਰਤ ਨੇ ਇਸ ਕੌਮਾਂਤਰੀ ਐਵਾਰਡ ਵਿੱਚ ਆਪਣੀ ਥਾਂ ਬਣਾਈ ਹੈ।
ਟਰੇਡ ਵਿਸ਼ਲੇਸ਼ਕ ਰਾਮੇਸ਼ ਬਾਲਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਲੀਜੋ ਜੋਸ ਪੇਲਿਸੇਰੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਜੱਲੀਕੱਟੂ’ ਦੀ ਆਸਕਰ ਵਿੱਚ ਸਰਬਉੱਤਮ ਕੌਮਾਂਤਰੀ ਫਿਲਮ ਵਰਗ ਲਈ ਚੋਣ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਐਕਸ਼ਨ ਡਰਾਮਾ ਫਿਲਮ 2019 ਵਿੱਚ ਰਿਲੀਜ਼ ਹੋਈ ਸੀ, ਜਿਸ ਦੇ ਨਿਰਦੇਸ਼ਕ ਲੀਜੋ ਜੋਸ ਪੇਲਿਸੇਰੀ ਸੀ ਅਤੇ ਪਟਕਥਾ ਐੱਸ ਹਰੀਸ਼ ਅਤੇ ਆਰ ਜੈਕੁਮਾਰ ਨੇ ਲਿਖੀ ਸੀ। ਇਹ ਫਿਲਮ ਇਕ ਮਾਓਵਾਦੀ ਦੀ ਕਹਾਣੀ ’ਤੇ ਆਧਾਰਿਤ ਹੈ, ਜਿਸ ਨੂੰ ਹਰੀਸ਼ ਨੇ ਲਿਖਿਆ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਐਂਟਨੀ ਵਰਗੀਜ਼, ਚੈਂਬਨ ਵਿਨੋਦ ਜੋਸ, ਸਬੁਮਨ ਅਬਦੁਸਾਮਦ ਅਤੇ ਸੈਨਥੀ ਬਾਲਚੰਦਰਨ ਨੇ ਨਿਭਾਈ ਹੈ।
ਇਸ ਫਿਲਮ ਦਾ ਪ੍ਰੀਮੀਅਰ 2019 ਦੇ ਟੋਰਾਂਟੋ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ ਜਿਥੇ ਫ਼ਿਲਮ ਦੀ ਪ੍ਰਸ਼ੰਸਾ ਹੋਈ ਸੀ। 50ਵੇਂ ਕੌਮਾਂਤਰੀ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਵਿੱਚ ਪੇਲਿਸੇਰੀ ਨੂੰ ਸਰਬਉੱਤਮ ਨਿਰਦੇਸ਼ਕ ਦਾ ਐਵਾਰਡ ਵੀ ਮਿਲ ਚੁੱਕਾ ਹੈ। -ਆਈਏਐੱਨਐੱਸ