ਲਾਸ ਏਂਜਲਸ, 26 ਅਪਰੈਲ
ਇੱਥੇ ਦੇਰ ਹੋਏ 93ਵੇਂ ਅਕੈਡਮੀ ਐਵਾਰਡ ਸਮਾਰੋਹ ਦੌਰਾਨ ਫਿਲਮ ਨਿਰਮਾਤਾ ਕਲੋ ਝਾਓ ਦੀ ਫਿਲਮ ‘ਨੋਮੈਡਲੈਂਡ’ ਨੇ ਸਰਵੋਤਮ ਫਿਲਮ ਦਾ ਆਸਕਰ ਆਪਣੇ ਨਾਂ ਕਰ ਲਿਆ ਹੈ। 39 ਸਾਲਾ ਕਲੋ ਝਾਓ ਏਸ਼ਿਆਈ ਮੂਲ ਦੀ ਅਜਿਹੀ ਪਹਿਲੀ ਮਹਿਲਾ ਹੈ, ਜਿਸ ਨੇ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਆਪਣੇ ਨਾਮ ਕੀਤਾ ਹੈ। ਫਿਲਮ ਦੀ ਮੁੱਖ ਕਲਾਕਾਰ ਫਰਾਂਸਿਸ ਮੈਕਡੋਰਮੰਡ ਨੇ ਸਰਵੋਤਮ ਅਦਾਕਾਰਾ ਦਾ ਖ਼ਿਤਾਬ ਜਿੱਤਿਆ ਹੈ। ਇਸੇ ਤਰ੍ਹਾਂ ਫਿਲਮ ‘ਦਿ ਫਾਦਰ’ ਦੇ ਕਲਾਕਾਰ ਐਂਥਨੀ ਹੌਪਕਿਨਜ਼ ਨੇ ਸਰਵੋਤਮ ਅਦਾਕਾਰ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਵਾਰ ਦਾ ਆਸਕਰ ਐਵਾਰਡ ਸਮਾਰੋਹ 170 ਵਿਅਕਤੀਆਂ ਤੋਂ ਵੱਧ ਇਕੱਠ ਨਾ ਕਰ ਸਕਣ ਕਾਰਨ ‘ਲਾਸ ਏਂਜਲਸ: ਯੂਨੀਅਨ ਸਟੇਸ਼ਨ ਅਤੇ ਡੋਲਬੀ ਥੀਏਟਰ’ ਦੋ ਥਾਵਾਂ ’ਤੇ ਕੀਤਾ ਗਿਆ।
ਫਿਲਮ ‘ਮਾ ਰੇਨੈ’ਜ਼ ਬਲੈਕ ਬੌਟਮ’ ਲਈ ਬੈਸਟ ਹੇਅਰ ਐਂਡ ਮੇਕਅੱਪ ਦੇ ਖਿਤਾਬ ਨਾਲ ਮੀਆ ਨੀਲ ਅਤੇ ਜਾਮਿਕਾ ਵਿਲਸਨ ਬਲੈਕ ਮਹਿਲਾ ਵਰਗ ਵਿੱਚ ਪਹਿਲੀਆਂ ਜੇਤੂ ਬਣੀਆਂ। ਇਸੇ ਫਿਲਮ ਲਈ ਅੰਨ ਰੋਥ ਨੇ ਬੈਸਟ ਕੌਸਟਿਊਮ ਡਿਜ਼ਾਈਨਰ ਦਾ ਐਵਾਰਡ ਜਿੱਤਿਆ। ਫਿਲਮ ‘ਸੋਲ’ ਜਰੀਏ ਬੈਸਟ ਐਨੀਮੇਟਿਡ ਫੀਚਰ ਫਿਲਮ ਦਾ ਖਿਤਾਬ ਜਿੱਤ ਕੇ ਪਿਕਸਰ ਨੇ 11ਵਾਂ ਆਸਕਰ ਆਪਣੇ ਨਾਂ ਕਰਵਾਇਆ। ਇਸੇ ਫਿਲਮ ਨੇ ਸਰਵੋਤਮ ਸਕੋਰ ਦਾ ਖਿਤਾਬ ਵੀ ਜਿੱਤਿਆ। ਦੱਖਣੀ ਕੋਰੀਆ ਦੀ ਯੂ-ਜੰਗ ਯੂਆਨ ਨੇ ਫਿਲਮ ‘ਮੀਨਾਰੀ’ ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਫਿਲਮ ‘ਜੁਦਾਸ ਐਂਡ ਦਿ ਬਲੈਕ ਮੀਸ਼ਾਹ’ ਰਾਹੀਂ ਡੇਨੀਲ ਕਲੂਆ ਨੇ ਬੈਸਟ ਸਪੋਰਟਿੰਗ ਅਦਾਕਾਰ ਦਾ ਐਵਾਰਡ ਜਿੱਤਿਆ। ਡੈਨਮਾਰਕ, ਨੀਦਰਲੈਂਡ ਤੇ ਸਵੀਡਨ ਦੇ ਕੋ-ਪ੍ਰੋਡਕਸ਼ਨ ਅਤੇ ਥਾਮਸ ਵਿੰਟਰਬਰਗ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਅਨਦਰ ਰਾਊਂਡ’ ਨੇ ਬੈਸਟ ਇੰਟਰਨੈਸ਼ਨਲ ਸ਼ਾਰਟ ਫਿਲਮ ਦਾ ਐਵਾਰਡ ਆਪਣੇ ਨਾਂ ਕੀਤਾ। ਵਿੰਟਰਬਰਗ ਨੇ ਇਹ ਐਵਾਰਡ ਆਪਣੀ ਧੀ ਈਡਾ ਨੂੰ ਸਮਰਪਿਤ ਕੀਤਾ, ਜਿਸ ਦੀ ਇੱਕ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਕ੍ਰਿਸਟੋਫਰ ਨੋਲਨ ਦੀ ਫਿਲਮ ‘ਟੇਨੈੱਟ’ ਨੇ ਬੈਸਟ ਵਿਜ਼ੂਅਲ ਅਫੈਕਟਸ ਦਾ ਖਿਤਾਬ ਜਿੱਤਿਆ, ਇਸ ਵਿੱਚ ਬੌਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਨੇ ਵੀ ਭੂਮਿਕਾ ਹੈ। ਅਦਾਕਾਰਾ ਰੀਸ ਵਿਦਰਸਪੂਨ ਨੂੰ ‘ਇਫ ਐਨੀਥਿੰਗ ਹੈਪਨਜ਼ ਆਈ ਲਵ ਯੂ’ ਲਈ ਬੈਸਟ ਐਨੀਮੇਟਡ ਸ਼ਾਰਟ ਫਿਲਮ ਦਾ ਮਿਲਿਆ। ਫਿਲਮ ‘ਟੂ ਡਿਸਟੈਂਟ ਸਟਰੇਂਜਰਜ਼’ ਨੇ ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ ਦਾ ਐਵਾਰਡ ਆਪਣੇ ਨਾਮ ਕੀਤਾ। ਡੇਵਿਡ ਫਿੰਚਰ ਦੀ ‘ਮੰਕ’ ਨੂੰ ਬੈਸਟ ਪ੍ਰੋਡਕਸ਼ਨ ਡਿਜ਼ਾਈਨ ਅਤੇ ਬੈਸਟ ਸਿਨਮੈਟੋਗ੍ਰਾਫੀ ਦਾ ਖਿਤਾਬ ਮਿਲਿਆ। ਐਮਰਾਲਡ ਫੇਨਲ ਦੇ ਮੀ-ਟੂ ਡਰਾਮਾ ‘ਪ੍ਰਾਮਿਸਿੰਗ ਯੰਗ ਵਿਮੈੱਨ’ ਨੂੰ ਬੈਸਟ ਓਰੀਜ਼ਨਲ ਸਕਰੀਨਪਲੇਅ ਅਤੇ ‘ਕਲੋਟੇਅ’ ਨੂੰ ਬੈਸਟ ਡਾਕੂਮੈਂਟਰੀ ਸ਼ਾਰਟ ਸਬਜੈਕਟ ਦਾ ਐਵਾਰਡ ਮਿਲਿਆ। ‘ਮਾਈ ਔਕਟੋਪਸ ਟੀਚਰ’ ਨੂੰ ਬੈਸਟ ਡਾਕੂਮੈਂਟਰੀ ਫੀਚਰ ਅਤੇ ‘ਸਾਊਂਡ ਆਫ ਮੈਟਲ’ ਨੂੰ ਬੈਸਟ ਫਿਲਮ ਆਡਿਟਿੰਗ ਲਈ ਆਸਕਰ ਮਿਲਿਆ। -ਏਜੰਸੀ
ਇਰਫਾਨ ਖ਼ਾਨ ਅਤੇ ਭਾਨੂ ਅਥੱਈਆ ਨੂੰ ਯਾਦ ਕੀਤਾ
ਲਾਸ ਏਂਜਲਸ: ਭਾਰਤੀ ਸਮੇਂ ਮੁਤਾਬਿਕ ਅੱਜ ਸਵੇਰੇ 93ਵੇਂ ਅਕੈਡਮੀ ਐਵਾਰਡ ਸਮਾਰੋਹ ਦੌਰਾਨ ਮਰਹੂਮ ਅਦਾਕਾਰ ਇਰਫਾਨ ਖ਼ਾਨ ਅਤੇ ਆਸਕਰ ਜੇਤੂੁ ਭਾਨੂ ਅਥੱਈਆ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸੇ ਦੌਰਾਨ ਸੇਨ ਕੋਨਰੀ, ਅਮਰੀਕੀ ਅਦਾਕਾਰ ਚੈਡਵਿਕ ਬੋਸਮੈਨ ਨੂੰ ਵੀ ਯਾਦ ਕੀਤਾ ਗਿਆ। ਮੇਜ਼ਬਾਨ ਐਂਜੀਲਾ ਬਸ਼ਿਸਟ ਨੇ ਇੱਕ ਵੀਡੀਓ ਰਾਹੀਂ ਪਿਛਲੇ ਸਾਲ ਦੌਰਾਨ ਦੁਨੀਆ ਭਰ ਵਿੱਚ ਵਿੱਛੜ ਗਏ ਅਦਾਕਾਰਾਂ, ਲੇਖਕਾਂ, ਨਿਰਦੇਸ਼ਕਾਂ ਅਤੇ ਤਕਨੀਸ਼ੀਅਨਾਂ ਨੂੰ ਸ਼ਰਧਾਂਜਲੀ ਦਿੱਤੀ। -ਏਜੰਸੀ