ਮੁੰਬਈ: ਆਮਿਰ ਖ਼ਾਨ ਦੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਅਦਾਕਾਰ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੋਨਾ ਸਿੰਘ ਨੇ ਹਾਲ ਹੀ ਵਿੱਚ ਫਿਲਮ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਇਹ ਪੋਸਟਰ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਫਿਲਮ ਦੇ ਨਿਰਮਾਤਾਵਾਂ ਨਾਲ ਮਾਤਾ-ਪਿਤਾ ਦਿਵਸ ਮੌਕੇ ਸਾਂਝਾ ਕੀਤਾ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮੋਨਾ ਨੇ ਲਿਖਿਆ ਹੈ, ‘ਇਸ ਧਰਤੀ ’ਤੇ ਤੁਹਾਨੂੰ ਤੁਹਾਡੇ ਮਾਤਾ-ਪਿਤਾ ਤੋਂ ਵਧ ਕੇ ਹੋਰ ਕੋਈ ਪਿਆਰ ਨਹੀਂ ਕਰ ਸਕਦਾ।’ ਜ਼ਿਕਰਯੋਗ ਹੈ ਕਿ ਅਦਾਕਾਰ ਟੌਮ ਹੈਂਕਸ ਦੀ ਫਿਲਮ ‘ਫੌਰੈਸਟ ਗੰਪ’ ’ਤੇ ਆਧਾਰਿਤ ਇਸ ਫਿਲਮ ਵਿਚਲੇ ਕੇਂਦਰੀ ਕਿਰਦਾਰ ਦੀ ਮਾਂ ਉਸ ਨੂੰ ਹਰ ਔਖੀ ਘੜੀ ਵਿੱਚ ਉਮੀਦ ਨਾ ਛੱਡਣ ਤੇ ਸਦਾ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਦੀ ਹੈ, ਜਿਸ ਸਦਕਾ ਹੀ ਉਹ ਆਪਣੇ ਜੀਵਨ ਵਿੱਚ ਸਫ਼ਲਤਾ ਹਾਸਲ ਕਰਦਾ ਹੈ। ਇਸ ਫਿਲਮ ਵਿੱਚ ਲਾਲ ਸਿੰਘ ਚੱਢਾ ਤੇ ਉਸ ਦੀ ਮਾਂ ਵਿਚਾਲੇ ਇੱਕ ਗੂੜ੍ਹਾ ਤੇ ਪਿਆਰ ਭਰਿਆ ਰਿਸ਼ਤਾ ਦਿਖਾਇਆ ਗਿਆ ਹੈ। -ਆਈਏਐੱਨਐੱਸ