ਮੁੰਬਈ: ਕੌਮੀ ਐਵਾਰਡ ਜੇਤੂ ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਆਉਣ ਵਾਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ 11 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਕਹਾਣੀ 1990 ਵਿਚ ਕਸ਼ਮੀਰੀ ਪੰਡਿਤਾਂ ਵੱਲੋਂ ਕੀਤੀ ਗਈ ਹਿਜਰਤ ’ਤੇ ਆਧਾਰਿਤ ਹੈ। ਨਿਰਦੇਸ਼ਕ ਦਾ ਕਹਿਣਾ ਹੈ ਕਿ ਭਾਰਤ ਵਿਚ ਅਜਿਹੇ ਸਿਆਸੀ ਪਿਛੋਕੜ ਵਾਲੀ ਫਿਲਮ ਬਣਾਉਣੀ ਚੁਣੌਤੀਪੂਰਨ ਹੈ ਪਰ ਉਹ ਨਿਡਰ ਹੈ। ਫਿਲਮ ਦਾ ਸਫ਼ਰ ਕਸ਼ਮੀਰੀ ਪੰਡਿਤਾਂ ਦੀ ਇੰਟਰਵਿਊ ਕਰਨ ਦੀ ਪ੍ਰਕਿਰਿਆ ਨਾਲ ਸ਼ੁਰੂ ਹੋਇਆ, ਜੋ ਇਸ ਵੇਲੇ ਅਮਰੀਕਾ ਅਤੇ ਬਰਤਾਨੀਆ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸੇ ਹੋਏ ਹਨ। ਮੀਡੀਆ ਦੀ ਮੌਜੂਦਗੀ ਵਿੱਚ ਵਿਵੇਕ ਨੇ ਉਨ੍ਹਾਂ ਇੰਟਰਵਿਊਜ਼ ਦੇ ਕੁਝ ਹਿੱਸੇ ਵੀ ਦਿਖਾਏ। ਇਸ ਮੌਕੇ ਵਿਵੇਕ ਨੇ ਕਿਹਾ, ‘‘ਸਾਡੀ ਆਧੁਨਿਕ ਰਾਜਨੀਤੀ ਵਿਚ ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ਨੂੰ ਇੱਕ ਇਤਿਹਾਸਕ ਅਧਿਆਏ ਵਜੋਂ ਦੇਖਿਆ ਜਾਂਦਾ ਹੈ ਪਰ ਮੈਂ ਇਸ ਨੂੰ ਇਤਿਹਾਸ ਨਹੀਂ ਮੰਨਦਾ। ਜੇ ਇਹ ਇਤਿਹਾਸ ਹੁੰਦਾ ਤਾਂ ਪਿਛਲੇ ਸਾਲ ਅਕਤੂਬਰ ਵਿਚ ਕਸ਼ਮੀਰੀ ਪੰਡਿਤਾਂ ਸਮੇਤ ਮੱਖਣ ਲਾਲ ਬਿੰਦਰੂ ਅਤੇ ਸੁਪਿੰਦਰ ਕੌਰ ਵਰਗੇ ਗੈਰ-ਮੁਸਲਿਮ ਲੋਕਾਂ ਦੀ ਹੱਤਿਆ ਨਾ ਹੁੰਦੀ। ਇਹ ਮੌਜੂਦਾ ਹਕੀਕਤ ਹੈ ਕਿ ਕੋਈ ਵੀ ਬੰਦੂਕ ਲੈ ਕੇ ਸਕੂਲ ਵਿਚ ਦਾਖਲ ਹੋ ਸਕਦਾ ਹੈ ਅਤੇ ਧਾਰਮਿਕ ਪਛਾਣ ਦੇ ਆਧਾਰ ’ਤੇ ਅਧਿਆਪਕਾਂ ਨੂੰ ਮਾਰ ਸਕਦਾ ਹੈ।’’ ਉਸ ਨੇ ਕਿਹਾ, ‘‘ਹਾਂ ਮੈਨੂੰ ਪਤਾ ਹੈ ਕਿ ਭਾਰਤ ਵਿਚ ਸਿਆਸੀ ਆਧਾਰ ਵਾਲੀ ਫਿਲਮ ਚੁਣੌਤੀਪੂਰਨ ਹੈ ਪਰ ਇਹ ਮੈਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕਦਾ। ਮੈਂ ਇਸ ਘਟਨਾ ਦੇ ਪੀੜਤਾਂ ਤੋਂ ਫਿਲਮ ਦੀ ਸਮੱਗਰੀ ਇਕੱਠੀ ਕੀਤੀ ਹੈ।’’ 11 ਮਾਰਚ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਵਾਲੀ ਇਸ ਫਿਲਮ ’ਚ ਅਨੂਪਮ ਖੇਰ, ਮਿਥੁਨ ਚਕਰਬਰਤੀ, ਦਰਸ਼ਨ ਕੁਮਾਰ, ਚਿਨਮਯ ਮਾਂਡਲੇਕਰ, ਪੁਨੀਤ ਇਸਰ, ਭਾਸ਼ਾ ਸੁੰਬਲੀ ਅਤੇ ਪੱਲਵੀ ਜੋਸ਼ੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। -ਆਈਏਐੱਨਐੱਸ