ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਅਦਾਕਾਰਾ, ਡਾਂਸਰ ਤੇ ਮਾਡਲ ਨੋਰਾ ਫਤੇਹੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਨੋਰਾ ਪ੍ਰੋਗਰਾਮ ‘ਹੁਨਰਬਾਜ਼ ਦੇਸ਼ ਕੀ ਸ਼ਾਨ’ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋ ਰਹੀ ਹੈ। ਪਰਿਨੀਤੀ ਨੇ ਆਖਿਆ,‘‘ਸਿਨੇ ਜਗਤ ਵਿੱਚ ਅਜਿਹਾ ਅਦਾਕਾਰ ਜਾਂ ਕੋਰੀਓਗ੍ਰਾਫਰ ਨਹੀਂ ਹੈ ਜਿਹੜਾ ਨੋਰਾ ਵਾਂਗ ਡਾਂਸ ਕਰ ਸਕਦਾ ਹੋਵੇ।’’ ਜਾਣਕਾਰੀ ਅਨੁਸਾਰ ਨੋਰਾ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸ ਨੇ ‘ਟੈਂਪਰ’, ‘ਬਾਹੂਬਲੀ: ਦਿ ਬਿਗਨਿੰਗ’ ਅਤੇ ‘ਕਿੱਕ 2’ ਵਰਗੀਆਂ ਫ਼ਿਲਮਾਂ ਵਿੱਚ ਆਈਟਮ ਨੰਬਰ ਕਰ ਕੇ ਪ੍ਰਸਿੱਧੀ ਹਾਸਲ ਕੀਤੀ ਹੈ। ਪਰਿਨੀਤੀ ਦਾ ਕਹਿਣਾ ਹੈ ਕਿ ਨੋਰਾ ਕੋਲ ਨੱਚਣ ਦਾ ਕਮਾਲ ਦਾ ਹੁਨਰ ਹੈ ਅਤੇ ਦੇਖਣ ਵਾਲੇ ਨੂੰ ਉਸ ਦੀਆਂ ਅਦਾਵਾਂ ਕੀਲ ਲੈਂਦੀਆਂ ਹਨ। ਪਰਿਨੀਤੀ ਨੇ ਆਖਿਆ,‘‘ਇਥੇ ਇਕ ਤੋਂ ਇਕ ਸ਼ਾਨਦਾਰ ਡਾਂਸਰ ਹੈ ਪਰ ਮੇਰੇ ਖ਼ਿਆਲ ’ਚ ਨੋਰਾ ਵਰਗੀ ਕਲਾ ਕਿਸੇ ਕੋਲ ਨਹੀਂ ਹੈ।’’ ਦੱਸਣਯੋਗ ਹੈ ਕਿ ‘ਹੁਨਰਬਾਜ਼-ਦੇਸ਼ ਕੀ ਸ਼ਾਨ’ ਪ੍ਰੋਗਰਾਮ ਵਿੱਚ ਕਿ ਮਿਥੁਨ ਚੱਕਰਵਰਤੀ, ਕਰਨ ਜੌਹਰ ਅਤੇ ਪਰਿਨੀਤੀ ਚੋਪੜਾ ਜੱਜ ਹਨ ਤੇ ਇਹ ਪ੍ਰੋਗਰਾਮ ਕਲਰਜ਼ ਚੈਨਲ ’ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ