ਕੈਲਾਸ਼ ਚੰਦਰ ਸ਼ਰਮਾ
ਮਨੁੱਖੀ ਜੀਵਨ ਦਾ ਉਹ ਪੜਾਅ, ਜਿਸ ਵਿਚ ਆ ਕੇ ਇਨਸਾਨ ਦੀ ਸਰੀਰਿਕ ਅਤੇ ਮਾਨਸਿਕ ਸ਼ਕਤੀ ਹੌਲੀ-ਹੌਲੀ ਆਮ ਨਾਲੋਂ ਘਟਣ ਲੱਗਦੀ ਹੈ, ਖੁ਼ਦ ਦੀ ਹੋਂਦ ਗੁਆਚਦੀ ਮਹਿਸੂਸ ਹੁੰਦੀ ਹੈ, ਸਮੇਂ ਦਾ ਖਾਲੀਪਣ ਡੱਸਣ ਲੱਗਦਾ ਹੈ, ਸਕੂਨ ਦੀ ਤਲਾਸ਼ ਹੁੰਦੀ ਹੈ ਅਤੇ ਪਹਿਲਾਂ ਵਰਗੀ ਊਰਜਾ ਨਾ ਹੋਣ ਕਾਰਨ ਵਿਅਕਤੀ ਲਾਚਾਰ ਮਹਿਸੂਸ ਕਰਦਾ ਹੈ, ਉਹ ਬੁਢਾਪੇ ਦਾ ਪੜਾਅ ਹੁੰਦਾ ਹੈ। ਅੱਜ ਦੇ ਯੁੱਗ ਵਿਚ ਜਿੱਥੇ ਇਨਸਾਨ ਦੀ ਸੋਚ ਅੰਬਰੀਂ ਉਡਾਰੀਆਂ ਮਾਰਨੀ ਚਾਹੀਦੀ ਸੀ, ਉੱਥੇ ਹੁਣ ਇਹ ਸਵਾਰਥ ਦੀ ਭੇਟ ਚੜ੍ਹਦੀ ਜਾ ਰਹੀ ਹੈ। ਰਿਸ਼ਤਿਆਂ ਨੂੰ ਮਾਇਆ ਨਾਂ ਦੀ ਸਿਉਂਕ ਨਿਗਲਦੀ ਜਾ ਰਹੀ ਹੈ। ਇੱਥੋਂ ਤਕ ਕਿ ਖੂਨ ਦੇ ਰਿਸ਼ਤੇ ਵੀ ਇਸ ਦੀ ਚਪੇਟ ਵਿਚ ਆ ਰਹੇ ਹਨ। ਮਾਪੇ ਸਹਿਮ ਅਤੇ ਹੰਝੂਆਂ ਭਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੀ ਸਲਾਹ ਨੂੰ ਬੁਢਾਪੇ ਦੀ ਲੀਰੋ-ਲੀਰ ਚਾਦਰ ਸਮਝ ਕੇ ਵੱਖ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਨਾ ਸਮਝ ਕੇ, ਘਰਾਂ ’ਚੋਂ ਅੱਡ ਕਰਕੇ, ਘਰ ਦੇ ਸਟੋਰ ਵਿਚ ਮੰਜਾ ਡਾਹ ਕੇ ਜਾਂ ਬਿਰਧ ਆਸ਼ਰਮਾਂ ਵਿਚ ਭੇਜ ਕੇ ਅਸੀਂ ਉਨ੍ਹਾਂ ਪ੍ਰਤੀ ਫਰਜ਼ ਪੂਰੇ ਕਰਨ ਦਾ ਮਾਣ ਮਹਿਸੂਸ ਕਰ ਰਹੇ ਹਾਂ।
ਘਰਾਂ ਦੇ ਬਜ਼ੁਰਗ ਸਾਧਾਰਨ ਨਹੀਂ ਹੁੰਦੇ। ਕਿੰਨੀ ਮਿਹਨਤ ਕਰਕੇ ਤੰਗੀਆਂ-ਤੁਰਸ਼ੀਆਂ ਕੱਟ ਕੇ ਆਪਣੇ ਦਿਲ ਦੇ ਟੁਕੜਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਕਰਦੇ ਹਨ। ਤੁਹਾਡੀ ਕਾਮਯਾਬੀ ’ਤੇ ਤੁਹਾਨੂੰ ਗਲੇ ਲਗਾਉਣ ਅਤੇ ਤਾੜੀਆਂ ਮਾਰਨ ਵਾਲੇ ਸਿਰਫ਼ ਤੁਹਾਡੇ ਮਾਂ-ਬਾਪ ਹੀ ਹੁੰਦੇ ਹਨ, ਕੋਈ ਹੋਰ ਨਹੀਂ। ਆਪਣੇ ਤੋਂ ਵੱਧ ਤਰੱਕੀ ਕਰਦੇ ਵੇਖ ਕੇ ਖੁਸ਼ ਹੋਣ ਵਾਲੇ ਵੀ ਮਾਪੇ ਹੀ ਹੁੰਦੇ ਹਨ। ਬਜ਼ੁਰਗਾਂ ਦੀ ਬਦੌਲਤ ਹੀ ਆਪਾਂ ਹੁਣ ਤਕ ਵਿਰਸੇ ਨਾਲ ਜੁੜੇ ਹੋਏ ਹਾਂ, ਪਰ ਹੁਣ ਅਸੀਂ ਆਪਣੇ ਬਜ਼ੁਰਗਾਂ ਨੂੰ ਬੋਝ ਸਮਝਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਕੋਲ ਇੰਨਾ ਵਕਤ ਹੀ ਨਹੀਂ ਕਿ ਦੋ ਘੜੀਆਂ ਉਨ੍ਹਾਂ ਕੋਲ ਬੈਠ ਕੇ ਗੱਲ ਕਰ ਸਕੀਏ। ਇਸੇ ਕਰਕੇ ਅਸੀਂ ਆਪਣੇ ਬਜ਼ੁਰਗਾਂ ਤੋਂ ਬਿਨਾਂ ਆਪਣੀਆਂ ਖੁ਼ਸ਼ੀਆਂ ਨੂੰ ਗੁਆ ਰਹੇ ਹਾਂ ਅਤੇ ਸਾਡਾ ਵਿਹੜਾ ਸੁੰਨਾ-ਸੁੰਨਾ ਹੋ ਗਿਆ ਹੈ। ਜਦੋਂ ਬੱਚੇ ਆਪਣੇ ਮਾਪਿਆਂ ਨੂੰ ਇਹ ਕਹਿਣ ਵਿਚ ਵੀ ਸ਼ਰਮ ਮਹਿਸੂਸ ਨਾ ਕਰਨ ਕਿ ਤੁਸੀਂ ਸਾਡੇ ਵਾਸਤੇ ਕੀਤਾ ਹੀ ਕੀ ਹੈ ਤਾਂ ਮਾਪੇ ਧੁਰ ਅੰਦਰੋਂ ਰੋਂਦੇ ਹਨ, ਪਰ ਫਿਰ ਵੀ ਉਨ੍ਹਾਂ ਦੇ ਰੋਣ ਦੀ ਆਵਾਜ਼ ਉਨ੍ਹਾਂ ਦੇ ਕਮਰੇ ਤੋਂ ਬਾਹਰ ਨਹੀਂ ਜਾਂਦੀ ਕਿਉਂਕਿ ਬੱਚਿਆਂ ਦੀਆਂ ਹਜ਼ਾਰਾਂ ਗ਼ਲਤੀਆਂ ਨੂੰ ਮੁਆਫ਼ ਕਰਨ ਵਾਲੇ ਮਾਂ-ਬਾਪ ਹੀ ਹੁੰਦੇ ਹਨ। ਬਜ਼ੁਰਗਾਂ ਦੀ ਅਜਿਹੀ ਹਾਲਤ ਬਾਰੇ ਕਿਸੇ ਸਿਆਣੇ ਨੇ ਕਿੰਨਾ ਸੱਚ ਕਿਹਾ ਹੈ:
ਪੋਟਾ-ਪੋਟਾ ਕਰਕੇ ਪਾਲੇ ਪੁੱਤ ਜਦ ਹੋ ਜਾਣ ਨਿਕੰਮੇ
ਫਿਰ ਮਾਂ-ਬਾਪ ਦੇ ਦਿਨ ਹੋ ਜਾਂਦੇ ਨੇ ਸਾਲਾਂ ਤੋਂ ਵੀ ਲੰਮੇ।
ਜਦੋਂ ਕਦੇ ਵੀ ਇਹ ਗੱਲ ਦਿਮਾਗ਼ ਵਿਚ ਆਏ ਕਿ ਮਾਪਿਆਂ ਨੇ ਕੀਤਾ ਹੀ ਕੀ ਹੈ? ਤਾਂ ਕਾਗਜ਼ ਅਤੇ ਕਲਮ ਲੈ ਕੇ ਇਕਾਂਤ ਵਿਚ ਬੈਠ ਜਾਓ ਤੇ ਆਪਣੀ ਹੋਸ਼ ਸੰਭਾਲਣ ਤੋਂ ਬਾਅਦ ਜੋ ਕੁਝ ਵੀ ਮਾਂ-ਬਾਪ ਨੇ ਤੁਹਾਨੂੰ ਇੱਥੋਂ ਤਕ ਪਹੁੰਚਾਉਣ ਲਈ ਕੀਤਾ ਹੈ, ਉਹ ਨੋਟ ਕਰ ਲਓ। ਇੱਥੋਂ ਤਕ ਪਹੁੰਚ ਕੇ ਜੋ ਤੁਸੀਂ ਮਾਂ-ਬਾਪ ਲਈ ਕੀਤਾ ਹੈ, ਉਹ ਵੀ ਨੋਟ ਕਰੋ। ਆਪਣੇ-ਆਪ ਹੀ ਤੁਹਾਨੂੰ ਤੁਹਾਡੇ ਸਵਾਲ ਦਾ ਉੱਤਰ ਮਿਲ ਜਾਵੇਗਾ। ਜੋ ਮਾਂ-ਬਾਪ ਨੇ ਕੀਤਾ, ਜੇਕਰ ਉਹ ਉਨ੍ਹਾਂ ਦੇ ਫਰਜ਼ ਸਨ ਤਾਂ ਆਪਾਂ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਕਿਹੜੇ ਫਰਜ਼ਾਂ ਦੀ ਪੂਰਤੀ ਕਰ ਰਹੇ ਹਾਂ?
ਅਸੀਂ ਅਕਸਰ ਧਾਰਮਿਕ ਸਥਾਨਾਂ ’ਤੇ ਜਾ ਕੇ ਮੱਥੇ ਰਗੜਦੇ ਹਾਂ, ਦੁਆਵਾਂ ਮੰਗਦੇ ਹਾਂ। ਧਨ ਤੇ ਹੋਰ ਚੀਜ਼ਾਂ-ਵਸਤਾਂ ਦਾਨ ਕਰਦੇ ਹਾਂ ਕਿ ਸਾਡੇ ਪਾਪ ਧੁਲ ਜਾਣਗੇ, ਸਾਡੀਆਂ ਮੰਨਤਾਂ ਪੂਰੀਆਂ ਹੋ ਜਾਣਗੀਆਂ, ਸਾਡਾ ਅੱਗਾ ਸੁਧਰ ਜਾਵੇਗਾ। ਇਹ ਸਿਰਫ਼ ਸਾਡੇ ਮਨ ਦਾ ਨਿਰੋਲ ਵਹਿਮ ਹੈ ਕਿਉਂਕਿ ਜੋ ਦੇਵੀ-ਦੇਵਤੇ ਤੁਹਾਡੀ ਪ੍ਰਾਰਥਨਾ ਸੁਣਦੇ-ਸਮਝਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਕਿਹੋ ਜਿਹਾ ਸਲੂਕ ਕਰਦੇ ਹੋ। ਅਜਿਹੇ ਲੋਕਾਂ ਬਾਰੇ ਸਿਆਣੇ ਕਹਿੰਦੇ ਹਨ:
ਚਾਹੇ ਲਾਖ ਕਰੋ ਤੁਮ ਪੂਜਾ, ਤੀਰਥ ਕਰੋ ਹਜ਼ਾਰ
ਮਾਂ-ਬਾਪ ਕੋ ਤੜਫ਼ਾਇਆ ਤੋ ਸਭ ਕੁਛ ਹੈ ਬੇਕਾਰ।
ਇਸ ਲਈ ਤੀਰਥ ਸਥਾਨਾਂ ’ਤੇ ਜਾ ਕੇ ਮੱਥੇ ਰਗੜਨ ਨਾਲੋਂ ਚੰਗਾ ਹੈ ਕਿ ਆਪਣੇ ਮਾਂ-ਬਾਪ ਦੀ ਸੇਵਾ ਕਰਕੇ, ਉਨ੍ਹਾਂ ਨੂੰ ਖੁ਼ਸ਼ ਰੱਖ ਕੇ ਉਨ੍ਹਾਂ ਦੇ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਜ਼ਿੰਦਗੀ ਦੇ ਰਾਹ ਰੁਸ਼ਨਾਉਣ ਲਈ ਮਾਂ-ਬਾਪ ਦੀਆਂ ਦੁਆਵਾਂ ਬਹੁਤ ਜ਼ਰੂਰੀ ਹੁੰਦੀਆਂ ਹਨ। ਅਕਸਰ ਇਹ ਕਿਹਾ ਜਾਂਦਾ ਹੈ ਕਿ ‘ਬੱਚਾ-ਬੁੱਢਾ ਇਕ ਬਰਾਬਰ’ ਅਰਥਾਤ ਬੱਚਿਆਂ ਵਾਂਗ ਬੁਢਾਪੇ ਵਿਚ ਬਜ਼ੁਰਗਾਂ ਨੂੰ ਵੀ ਸਹਾਰੇ ਦੀ ਲੋੜ ਹੁੰਦੀ ਹੈ। ਤੁਰਨ-ਫਿਰਨ ਜਾਂ ਆਪਣੇ ਕੰਮ ਕਰਨ ਵਿਚ ਉਨ੍ਹਾਂ ਨੂੰ ਦਿੱਕਤ ਮਹਿਸੂਸ ਹੁੰਦੀ ਹੈ, ਉਨ੍ਹਾਂ ਦੇ ਹੱਥ-ਪੈਰ ਕੰਬਣ ਲੱਗਦੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਬੁਰਾ-ਭਲਾ ਕਹਿਣ ਦੀ ਥਾਂ ਸਹਾਰਾ ਦੇਣ ਦੀ ਕੋਸ਼ਿਸ਼ ਕਰੋ ਤਾਂ ਜੋ ਉਨ੍ਹਾਂ ਦੇ ਚਿਹਰੇ ’ਤੇ ਉਦਾਸੀ ਨਾ ਆਵੇ। ਤੁਹਾਡੇ ਛੋਟੇ ਬੱਚੇ ਆਪਣੇ ਬਜ਼ੁਰਗਾਂ ਨਾਲ ਤੁਹਾਡੇ ਦੁਆਰਾ ਕੀਤਾ ਵਰਤਾਰਾ ਮਹਿਸੂਸ ਕਰਦੇ ਹਨ, ਪਰ ਕੁਝ ਕਹਿ ਨਹੀਂ ਸਕਦੇ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਬੁਢਾਪੇ ਵਿਚ ਸਾਡੇ ਬੱਚੇ ਸਾਡਾ ਸਹਾਰਾ ਬਣਨ, ਸਾਡੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਤਾਂ ਆਪਣੇ ਮਾਂ-ਬਾਪ ਦੀਆਂ ਖੁ਼ਸ਼ੀਆਂ ਦਾ ਧਿਆਨ ਰੱਖੋ ਕਿਉਂਕਿ ਮਿਰਚਾਂ ਬੀਜਣ ਨਾਲ ਕਦੇ ਅੰਬ ਨਹੀਂ ਮਿਲਦੇ। ਯਾਦ ਰੱਖੋ ਜਿਸ ਤਰ੍ਹਾਂ ਇਕ ਫੁੱਲ ਦੋ ਵਾਰ ਨਹੀਂ ਖਿੜਦਾ, ਉਸੇ ਤਰ੍ਹਾਂ ਜੀਵਨ ਵਿਚ ਕਦੇ ਮਾਂ-ਬਾਪ ਵੀ ਦੋ ਵਾਰ ਨਹੀਂ ਮਿਲਦੇ। ਮਾਤਾ-ਪਿਤਾ ਨੂੰ ਬੁਢਾਪਾ ਓਨਾ ਕਮਜ਼ੋਰ ਨਹੀਂ ਕਰਦਾ, ਜਿੰਨਾ ਔਲਾਦ ਦਾ ਰਵੱਈਆ। ਜਦੋਂ ਪੁੱਤ ਆਪਣੇ ਮਾਂ-ਬਾਪ ਨੂੰ ਨਜ਼ਰਅੰਦਾਜ਼ ਕਰਦਾ ਹੈ, ਬਿਨਾਂ ਬੁਲਾਏ ਕੋਲੋਂ ਦੀ ਲੰਘ ਜਾਵੇ ਤਾਂ ਮਾਂ-ਬਾਪ ਦਾ ਅੰਦਰ ਰੋਂਦਾ ਹੈ, ਕਲੇਜਾ ਛਲਣੀ ਹੋ ਜਾਂਦਾ ਹੈ। ਯਾਦ ਰੱਖੋ, ਜੇ ਤੁਹਾਨੂੰ ਕੋਈ ਰੋਕਣ-ਟੋਕਣ ਵਾਲਾ ਹੈ ਤਾਂ ਸ਼ੁਕਰ ਮਨਾਓ ਕਿਉਂਕਿ ਜਿਨ੍ਹਾਂ ਬਾਗ਼ਾਂ ਦੇ ਮਾਲੀ ਨਹੀਂ ਹੁੰਦੇ, ਉਹ ਬਾਗ਼ ਜਲਦੀ ਉੱਜੜ ਜਾਂਦੇ ਹਨ। ਜੇ ਬਜ਼ੁਰਗਾਂ ਨੂੰ ਹਨੇਰੇ ਕਮਰਿਆਂ ਵਿਚ ਬੰਦ ਕਰਕੇ ਚਾਨਣ ਦੀ ਤਲਾਸ਼ ਵਿਚ ਨਿਕਲੋਗੇ ਤਾਂ ਕਦੇ ਵੀ ਚਾਨਣ ਨਸੀਬ ਨਹੀਂ ਹੋਵੇਗਾ ਕਿਉਂਕਿ ਜ਼ਿੰਦਗੀ ਦੇ ਰਾਹ ਰੁਸ਼ਨਾਉਣ ਲਈ ਮਾਂ-ਬਾਪ ਦੀਆਂ ਦੁਆਵਾਂ ਦੀ ਪਲ-ਪਲ ’ਤੇ ਲੋੜ ਹੁੰਦੀ ਹੈ। ਜਦੋਂ ਤੋਂ ਲੋਕ ਬਜ਼ੁਰਗਾਂ ਦੀ ਇੱਜ਼ਤ ਘੱਟ ਕਰਨ ਲੱਗ ਪਏ ਹਨ, ਉਦੋਂ ਤੋਂ ਹੀ ਲੋਕਾਂ ਦੇ ਦਾਮਨ ਵਿਚ ਦੁਆਵਾਂ ਘਟ ਅਤੇ ਦਵਾਈਆਂ ਜ਼ਿਆਦਾ ਨਜ਼ਰ ਆਉਣ ਲੱਗੀਆਂ ਹਨ।
ਜਿਸ ਤਰ੍ਹਾਂ ਬਗੀਚੇ ’ਚ ਬੈਠਣ ਨਾਲ ਫੁੱਲਾਂ ਦੀ ਮਹਿਕ ਤੁਹਾਨੂੰ ਸੁਗੰਧਿਤ ਬਣਾ ਦਿੰਦੀ ਹੈ, ਉਸੇ ਤਰ੍ਹਾਂ ਮਾਂ-ਬਾਪ ਨਾਲ ਬੈਠਣ ਨਾਲ ਸਾਡਾ ਜੀਵਨ ਵੀ ਸੁਗੰਧਿਤ ਬਣ ਜਾਵੇਗਾ ਕਿਉਂਕਿ ਉਨ੍ਹਾਂ ਨੇ ਜੀਵਨ ਦਾ ਲੰਮਾ ਸਮਾਂ ਗੁਜ਼ਾਰਿਆ ਹੁੰਦਾ ਹੈ ਅਤੇ ਉਨ੍ਹਾਂ ਦਾ ਤਜਰਬਾ ਵਿਚਾਰਧਾਰਾ ਦੀ ਭੱਠੀ ’ਚੋਂ ਤਪ ਕੇ ਆਇਆ ਹੁੰਦਾ ਹੈ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਉਨ੍ਹਾਂ ਦੇ ਉਪਭੋਗੀ ਵਿਚਾਰਾਂ ਤੋਂ ਵਾਂਝੇ ਰਹਿ ਜਾਓਗੇ। ਮਾਂ-ਬਾਪ ਦੇ ਗੁਜ਼ਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ, ਉਨ੍ਹਾਂ ਦੀ ਪਰਿਵਾਰ ਵਿਚ ਅਹਿਮੀਅਤ ਤੇ ਜ਼ਰੂਰਤ ਦਾ। ਉਨ੍ਹਾਂ ਦੇ ਜਿਊਂਦਿਆਂ ਜਿੰਨੀ ਸੇਵਾ ਹੋ ਸਕੇ, ਕਰ ਲਓ, ਪੁੰਨ ਦੇ ਭਾਗੀਦਾਰ ਬਣ ਜਾਓਗੇ, ਬਾਅਦ ਵਿਚ ਕਾਸ਼ੀ, ਗਯਾ, ਹਰਿਦੁਆਰ ਜਾਣਾ ਸਭ ਵਿਅਰਥ। ਕਰ ਲਓ ਉਨ੍ਹਾਂ ਦਾ ਆਦਰ-ਸਤਿਕਾਰ, ਬਾਅਦ ਵਿਚ ਪੰਡਤਾਂ, ਸਾਧੂਆਂ ਤੇ ਪੰਛੀਆਂ ਨੂੰ ਖਿਲਾਉਣਾ ਸਭ ਬੇਕਾਰ ਹੈ।
ਇਸ ਲਈ ਮਾਂ-ਬਾਪ ਨਾਲ ਰੂਹਾਂ ਦੇ ਰਿਸ਼ਤੇ ਲਈ ਕਦਮ ਪੁੱਟ ਹੀ ਲੈਣਾ ਚਾਹੀਦਾ ਹੈ। ਮਾਂ-ਬਾਪ ਲਈ ਆਪਣੇ ਬੋਲ ਅਤੇ ਕਰਮ ਅਜਿਹੇ ਰੱਖੋ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਦੀ ਗੱਲ ਨੂੰ ਤਵੱਜੋ ਦਿੱਤੀ ਜਾਵੇ, ਕਦੇ ਵੀ ਗ਼ਲਤ ਟਿੱਪਣੀ ਨਾ ਕੀਤੀ ਜਾਵੇ ਅਤੇ ਨਾ ਹੀ ਆਪਣੀ ਗੱਲ ਨੂੰ ਵਿਅੰਗ ਨਾਲ ਕਰੋ। ਹੱਡ ਚੀਰਵੀਂ ਠੰਢ ਵਿਚ ਆਪਣੇ ਵਾਂਗ ਉਨ੍ਹਾਂ ਦੇ ਮੋਢਿਆਂ ’ਤੇ ਵੀ ਕੰਬਲ ਰੱਖੀਏ। ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਉਨ੍ਹਾਂ ਨੂੰ ਕਦੇ ਵੀ ਦੁਖੀ ਨਹੀਂ ਹੋਣ ਦੇਵੇਗੀ। ਆਓ ਪ੍ਰਣ ਕਰੀਏ ਕਿ ਰੱਬ ਵਰਗੇ ਮਾਂ-ਬਾਪ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਦੇਈਏ। ਮਾਂ-ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਨ-ਮਨ ਤੋਂ ਜੀ ਤੋੜ ਮਿਹਨਤ ਕਰਕੇ ਉਨ੍ਹਾਂ ਦਾ ਨਾਂ ਰੌਸ਼ਨ ਕਰੀਏ ਤਾਂ ਜੋ ਉਹ ਇਸ ਹੌਸਲੇ ਵਿਚ ਆਪਣਾ ਬੁਢਾਪਾ ਖੁ਼ਸ਼ੀ-ਖੁ਼ਸ਼ੀ ਬਿਤਾ ਸਕਣ।
ਸੰਪਰਕ: 98774-66607