ਮੁੰਬਈ: ਅਦਾਕਾਰ ਨਿਮਰਤ ਕੌਰ ਨੇ ਆਪਣੀ ਆਉਣ ਵਾਲੀ ਫਿਲਮ ‘ਦਸਵੀ’ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਉਸ ਨੇ ਕਿਹਾ ਕਿ ਦਸ ਮਹੀਨੇ ਪਹਿਲਾਂ ਸ਼ੁਰੂ ਹੋਈ ਸ਼ੂਟਿੰਗ ਸਿਰੇ ਲੱਗ ਗਈ ਹੈ। ‘ਦਿ ਲੰਚਬਾਕਸ’ ਅਤੇ ‘ਏਅਰਲਿਫਟ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਅਦਾਕਾਰਾ ਨੇ ਫਿਲਮ ਬਾਰੇ ਬਹੁਤਾ ਕੁਝ ਤਾਂ ਨਹੀਂ ਦੱਸਿਆ ਪਰ ਉਸ ਨੇ ਕਿਹਾ ਕਿ ‘ਦਸਵੀ’ ਵਿੱਚ ਉਸ ਨੇ ਬਿਮਲਾ ਦੇਵੀ ਚੌਧਰੀ ਦਾ ਕਿਰਦਾਰ ਨਿਭਾਇਆ ਹੈ, ਜੋ ਉਸ ਦੇ ਪਸੰਦੀਦਾ ਕਿਰਦਾਰਾਂ ’ਚੋਂ ਇੱਕ ਹੈ। ਉਸ ਨੇ ਫਿਲਮ ਦੇ ਸੈੱਟ ਦੀਆਂ ਤਸਵੀਰਾਂ ਇੰਟਾਗ੍ਰਾਮ ’ਤੇ ਸਾਂਝੀਆਂ ਕਰਦਿਆਂ ਲਿਖਿਆ, ‘ਬਿਮਲਾ ਦੇਵੀ ਚੌਧਰੀ (ਬਿੰਮੋ) ਇੱਕ ਅਜਿਹੇ ਤੋਹਫੇ ਦੀ ਤਰ੍ਹਾਂ ਹੈ, ਜੋ ਮੇਰੇ ਦਿਲ ਵਿੱਚ ਸਭ ਤੋਂ ਪਸੰਦੀਦਾ, ਸਭ ਤੋਂ ਰੋਮਾਂਚਕ ਅਤੇ ਮਜ਼ੇਦਾਰ ਹਿੱਸੇ ਵਜੋਂ ਵਸ ਜਾਵੇਗੀ। ਮੈਨੂੰ ਹੁਣ ਤੋਂ ਹੀ ਉਸ ਦੀ ਯਾਦ ਆਉਣੀ ਸ਼ੁਰੂ ਹੋ ਗਈ ਹੈ।’ 39 ਸਾਲਾ ਅਦਾਕਾਰਾ ਨੇ ਮਾਰਚ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਫਿਲਮ ਵਿੱਚ ਅਭਿਸ਼ੇਕ ਬੱਚਨ ਅਤੇ ਯਾਮੀ ਗੌਤਮ ਵੀ ਮੁੱਖ ਕਿਰਦਾਰਾਂ ’ਚ ਨਜ਼ਰ ਆਉਣਗੇ। ਉਸ ਨੇ ਕਿਹਾ, ‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ 10 ਮਹੀਨੇ ਪਹਿਲਾਂ ਹੋਈ ਯਾਤਰਾ ਅੱਜ ਸਾਡੀ ਜ਼ਿੰਦਗੀ ਦੇ ਖਾਸ ਪਲ ਬਣ ਕੇ ਸਮਾਪਤ ਹੋ ਗਈ ਹੈ। ਟੀਮ ਦਸਵੀ ਦੀ ਸਾਰੀ ਟੀਮ ਦੀ ਸ਼ੁਕਰਗੁਜ਼ਾਰ ਹਾਂ।’ ਤੁਸ਼ਾਰ ਜਲੋਟਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਰਿਤੇਸ਼ ਸ਼ਾਹ ਨੇ ਲਿਖੀ ਹੈ, ਜੋ ਆਪਣੀਆਂ ਫਿਲਮਾਂ ‘ਪਿੰਕ’ ਅਤੇ ‘ਬਾਟਲਾ ਹਾਊਸ’ ਲਈ ਜਾਣਿਆ ਜਾਂਦਾ ਹੈ। ਦਿਨੇਸ਼ ਵਿਜਾਨ, ਸੰਦੀਪ ਲੈਜ਼ੇਲ ਅਤੇ ਸ਼ੋਭਨਾ ਯਾਦਵ ਫਿਲਮ ਦੇ ਨਿਰਮਾਤਾ ਹਨ। -ਪੀਟੀਆਈ