ਚੰਡੀਗੜ੍ਹ: ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਲੀਨ ਚਿੱਟ ਮਿਲਣ ਮਗਰੋਂ ਹੁਣ ਉਹ ਨਸ਼ਾ ਤਸਕਰੀ ਨਾਲ ਸਬੰਧਤ ਸਾਰੇ ਦੋਸ਼ਾਂ ਤੋਂ ਮੁਕਤ ਹੋ ਗਿਆ ਹੈ। ਆਰੀਅਨ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਉਹ 22 ਦਿਨ ਜੇਲ੍ਹ ਵਿੱਚ ਰਿਹਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਆਰੀਅਨ ਹੁਣ ਆਪਣੇ ਇੱਕ ਖ਼ਾਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਯੂਐੱਸ ਜਾਵੇਗਾ। ਚਰਚਾ ਚੱਲ ਰਹੀ ਹੈ ਕਿ ਆਰੀਅਨ ਦਾ ਪ੍ਰਾਜੈਕਟ ਓਟੀਟੀ ਪਲੈਟਫਾਰਮ ਲਈ ਬਣਾ ਰਿਹਾ ਹੈ ਅਤੇ ਇਸ ਦਾ ਨਿਰਦੇਸ਼ਨ ਉਹ ਖ਼ੁਦ ਕਰੇਗਾ। ਇਸ ਸ਼ੋਅ ਲਈ ਉਸ ਨੂੰ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ। ਈਟਾਈਮਜ਼ ਦੀ ਰਿਪੋਰਟ ਅਨੁਸਾਰ ਆਰੀਅਨ ਦੀ ਗ੍ਰਿਫ਼ਤਾਰੀ ਵੇਲੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ ਤੇ ਹੁਣ ਪਾਸਪੋਰਟ ਵਾਪਸ ਮਿਲਣ ਮਗਰੋਂ ਉਹ ਆਪਣੇ ਸ਼ੋਅ ਲਈ ਅਮਰੀਕਾ ਜਾ ਸਕੇਗਾ। ਪਹਿਲਾਂ ਖ਼ਬਰ ਆਈ ਸੀ ਕਿ ਆਰੀਅਨ ਆਪਣੇ ਨਵੇਂ ਪ੍ਰਾਜੈਕਟ ਤਹਿਤ ਕਿਸੇ ਵੈੱਬ ਸੀਰੀਜ਼ ਜਾਂ ਫੀਚਰ ਫਿਲਮ ਦੀ ਕਹਾਣੀ ’ਤੇ ਕੰਮ ਕਰ ਰਿਹਾ ਹੈ। ਪਿੰਕਵਿਲਾ ਅਨੁਸਾਰ ਉਹ ਇੱਕ ਹੀ ਸਮੇਂ ’ਤੇ ਵੱਖ ਵੱਖ ਪ੍ਰਾਜੈਕਟਾਂ ਦੀ ਤਿਆਰੀ ਕਰ ਰਿਹਾ ਹੈ, ਜਿਨ੍ਹਾਂ ਵਿਚੋਂ ਦੋ ਪ੍ਰਾਜੈਕਟ ਪ੍ਰਮੁੱਖ ਹਨ, ਪਹਿਲਾ ਐਮਾਜ਼ੋਨ ਪ੍ਰਾਈਮ ਲਈ ਵੈੱਬਸੀਰੀਜ਼ ਤਿਆਰ ਕਰਨਾ ਤੇ ਦੂਸਰਾ ਇੱਕ ਫੀਚਰ ਫਿਲਮ ਹੈ, ਜਿਸ ਦਾ ਨਿਰਮਾਣ ਰੈੱਡ ਚਿੱਲੀ ਐਂਟਰਟੇਨਮੈਂਟ ਦੇ ਬੈਨਰ ਹੇਠ ਹੋਵੇਗਾ। ਵੈੱਬ ਸੀਰੀਜ਼ ਦੀ ਕਹਾਣੀ ਇੱਕ ਕੱਟੜ ਪ੍ਰਸ਼ੰਸਕ ਦੀ ਕਹਾਣੀ ਹੈ, ਹਾਲਾਂਕਿ ਇਸ ਸਬੰਧੀ ਹਾਲੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਰਿਪੋਰਟ ਅਨੁਸਾਰ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅਖੀਰ ਤੱਕ ਇਹ ਸੀਰੀਜ਼ ਐਮਾਜ਼ੋਨ ’ਤੇ ਰਿਲੀਜ਼ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਾਹਰੁਖ ਨੇ ਵੀ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਰੀਅਨ ਅਦਾਕਾਰੀ ਨਹੀਂ ਕਰਨਾ ਚਾਹੁੰਦਾ, ਸਗੋਂ ਉਹ ਫਿਲਮ ਨਿਰਮਾਣ ਦੇ ਖੇਤਰ ਵਿੱਚ ਹੱਥ ਅਜ਼ਮਾਉਣਾ ਚਾਹੁੰਦਾ ਹੈ। -ਟ੍ਰਿਬਿਊਨ ਵੈੱਬ ਡੈਸਕ