ਮੁੰਬਈ, 12 ਅਪਰੈਲ
ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਕਿ ਨਵੇਂ ਉੱਭਰਦੇ ਅਦਾਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਆਪਣੀ ਅਦਾਕਾਰੀ ਦਾ ਵਿਲੱਖਣ ਅੰਦਾਜ਼ ਹੈ। ਉਹ ਜੇਕਰ ਸੁਪਰ ਸਟਾਰਾਂ ਦੀ ਨਕਲ ਕਰਨਗੇ ਤਾਂ ਉਨ੍ਹਾਂ ਨੂੰ ਦਰਸ਼ਕ ਕਦੀ ਵੀ ਪਸੰਦ ਨਹੀਂ ਕਰਨਗੇ। ਨਵਾਜ਼ ਨੇ ਕਿਹਾ, ‘ਮੈਂ ਆਪਣੇ ਖੁਦ ਦੇ ਤਜਰਬੇ ਤੋਂ ਸਿਰਫ਼ ਇਹੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਅਪਣੀ ਅਸਲ ਪਛਾਣ ਨਹੀਂ ਗੁਆਉਣੀ ਚਾਹੀਦੀ। ਇਹ ਸੁਪਰ ਸਟਾਰ ਨਕਲੀ ਅਦਾਕਾਰੀ ਕਰਦੇ ਹਨ ਇਸ ਲਈ ਇਨ੍ਹਾਂ ਮਗਰ ਨਾ ਜਾਓ। ਮੈਂ ਤੁਹਾਡੀ ਅਸਲ ਅਦਾਕਾਰੀ ਦੇਖਣਾ ਚਾਹੁੰਦਾ ਹਾਂ। ਜੇਕਰ ਤੁਸੀਂ ਸੁਪਰ ਸਟਾਰ ਦੀ ਤਰ੍ਹਾਂ ਅਦਾਕਾਰੀ ਕਰੋਗੇ ਤਾਂ ਮੈਂ ਤੁਹਾਨੂੰ ਕਿਉਂ ਦੇਖਾਂਗਾ। ਜੇਕਰ ਤੁਸੀਂ ਕੁਝ ਚੰਗਾ, ਕੁਝ ਦਿਲਚਸਪ ਤੇ ਅਸਲ ਕਰਕੇ ਦਿਖਾਓਗੇ ਤਾਂ ਮੈਂ ਤੁਹਾਨੂੰ ਜ਼ਰੂਰ ਦੇਖਣਾ ਚਾਹਾਂਗਾ।’ ਨਵਾਜ਼ ਨੇ ਕਿਹਾ ਕਿ ਸਿਨੇਮਾਘਰਾਂ ’ਚ ਫਿਲਮਾਂ ਰਿਲੀਜ਼ ਨਾ ਹੋਣ ਕਾਰਨ ਹੁਣ ਅਦਾਕਾਰ ਓਟੀਟੀ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ, ‘ਸ਼ੁਰੂਆਤ ’ਚ ਤਾਂ ਇਹ ਲੋੜ ਤੇ ਜਨੂੰਨ ਕਾਰਨ ਸੀ। ਹੁਣ ਲੌਕਡਾਊਨ ਅਤੇ ਸਿਨੇਮਾ ਘਰਾਂ ’ਚ ਫਿਲਮਾਂ ਰਿਲੀਜ਼ ਨਾ ਹੋਣ ਕਾਰਨ ਅਦਾਕਾਰ ਓਟੀਟੀ ਵੱਲ ਜਾ ਰਹੇ ਹਨ।’ ਬੀ ਪਰਾਕ ਦੇ ਨਵੇਂ ਗੀਤ ‘ਬਾਰਿਸ਼ ਕੀ ਜਾਏ’ ਰਾਹੀਂ ਪਹਿਲੀ ਵਾਰ ਨਵਾਜ਼ੂਦੀਨ ਸੰਗੀਤ ਵੀਡੀਓ ’ਚ ਨਜ਼ਰ ਆਏਗਾ। -ਆਈਏਐੱਨਐੱਸ