ਨਵੀਂ ਦਿੱਲੀ, 22 ਜੁਲਾਈ
ਮੰਨੋਰੰਜਨ ਜਗਤ ਵਿੱਚ ਗਾਇਕਾ ਨੇਹਾ ਕੱਕੜ ਨੇ ਬਹੁਤ ਤੇਜ਼ੀ ਨਾਲ ਆਪਣੀ ਥਾਂ ਬਣਾਈ ਹੈ ਅਤੇ ਉਹ ਲਗਾਤਾਰ ਚੰਗੇ ਗੀਤਾਂ ਨਾਲ ਸਭ ਨੂੰ ਹੈਰਾਨ ਕਰ ਰਹੀ ਹੈ ਤੇ ਇਸ ਲਈ ਉਹ ਅੱਜ ਰਾਜ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਮਨੋਰੰਜਨ ਜਗਤ ਵਿੱਚ ਆਉਣ ਸਮੇਂ ਉਸ ਨੇ ਕਦੇ ਮਾੜਾ ਸਮਾਂ ਨਹੀਂ ਦੇਖਿਆ। ਪਿਛਲੇ ਕਈ ਸਾਲਾਂ ਵਿੱਚ ਉਸ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਵਿੱਚ ‘ਗਰਮੀ, ਦਿਲਬਰ ਅਤੇ ਓ ਸਾਕੀ ਸਾਕੀ’ ਸ਼ਾਮਲ ਹਨ। ਨੇਹਾ ਨੇ ਆਖਿਆ,‘‘ਉਸ ਨੇ ਮਨੋਰੰਜਨ ਜਗਤ ਵਿੱਚ ਪੈਰ ਧਰਨ ਲੱਗਿਆਂ ਕਦੇ ਮਾੜਾ ਸਮਾਂ ਨਹੀਂ ਦੇਖਿਆ। ਤੁਸੀਂ ਹੋਰਨਾਂ ਤੋਂ ਕਿਵੇਂ ਵੱਖਰੇ ਹੋ ਇਹ ਜ਼ਰੂਰ ਅਹਿਮੀਅਤ ਰੱਖਦਾ ਹੈ ਪਰ ਸਾਨੂੰ ਸਾਰਿਆਂ ਨੂੰ ਚੰਗਾ ਇਨਸਾਨ ਬਣਨਾ ਚਾਹੀਦਾ ਹੈ। ਸੰਗੀਤ ਜਗਤ ਦੇ ਮੇਰੇ ਸਾਰੇ ਦੋਸਤ ਬਹੁਤ ਚੰਗੇ ਹਨ ਅਤੇ ਅਸੀਂ ਉਨ੍ਹਾਂ ਦੀ ਕਾਮਯਾਬੀ ਦੀ ਕਾਮਨਾ ਕਰਦੇ ਹਾਂ।’’ ਜਾਣਕਾਰੀ ਅਨੁਸਾਰ ਨੇਹਾ ਬਹੁਤ ਥੋੜ੍ਹੇ ਸਮੇਂ ਵਿਚ ਰੀਮਿਕਸ ਗੀਤਾਂ ਦੀ ਗੈਰ-ਵਿਵਾਦਤ ਰਾਣੀ ਬਣ ਗਈ ਹੈ। ਬੌਲੀਵੁੱਡ ਵਿਚ ਪੈਰ ਧਰਨ ਤੋਂ ਪਹਿਲਾਂ ਨੇਹਾ ਤੇ ਉਸ ਦੇ ਭੈਣ-ਭਰਾ ਟੋਨੀ ਤੇ ਸੋਨੂ ਕੱਕੜ ਜਗਰਾਤਿਆਂ ਵਿਚ ਗਾਉਂਦੇ ਸਨ। ਉਸ ਨੇ ਆਖਿਆ,‘‘ਇਹ ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਕੀਤੇ ਕੰਮ ਦਾ ਫ਼ਲ ਹੈ। ਸ਼ੁਰੂਆਤ ਬਹੁਤ ਮਾਮੂਲੀ ਜਿਹੀ ਸੀ ਪਰ ਇਹ ਮੇਰੇ ਲਈ ਬਹੁ-ਕੀਮਤੀ ਹੈ। ਮੇਰੇ ਚਾਹੁਣ ਵਾਲਿਆਂ ਨੇ ਵੀ ਮੇਰੇ ਕੰਮ ਦੀ ਕਦਰ ਪਾਈ।’’ -ਆਈਏਐੱਨਐੱਸ