ਮੁੰਬਈ: ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਰਿਵਾਰ ਨਾਲ ਗੋਆ ਵਿੱਚ ਬਿਤਾਈਆਂ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿਚ ਉਸ ਦਾ ਪਤੀ ਅੰਗਦ ਬੇਦੀ, ਧੀ ਮਿਹਰ ਤੇ ਪੁੱਤਰ ਗੁਰਇੱਕ ਨਜ਼ਰ ਆ ਰਹੇ ਹਨ। ਉਨ੍ਹਾਂ ਖੁੱਲ੍ਹੇ-ਡੁੱਲੇ ਕੱਪੜੇ ਪਹਿਨੇ ਹੋਏ ਹਨ। ਇਕ ਹੋਰ ਤਸਵੀਰ ਵਿੱਚ ਨੇਹਾ ਆਪਣੇ ਪੁੱਤਰ ਗੁਰਇੱਕ ਨੂੰ ਗੋਦੀ ਵਿੱਚ ਲਈ ਬੈਠੀ ਹੈ ਅਤੇ ਉਸ ਦੇ ਪਤੀ ਅੰਗਦ ਨੇ ਆਪਣੀ ਧੀ ਮਿਹਰ ਨੂੰ ਚੁੱਕਿਆ ਹੋਇਆ ਹੈ। ਨੇਹਾ ਨੇ ਗੁਲਾਬੀ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਜਦਕਿ ਅੰਗਦ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਨੇਹਾ ਨੇ ਆਪਣੇ ਪੁੱਤਰ ਗੁਰਇਕ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਨਾਸ਼ਤਾ ਕਰਦਾ ਦਿਖਾਈ ਦੇ ਰਿਹਾ ਹੈ। ਅਦਾਕਾਰਾ ਨੇ ਇਸ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘‘ਬਰੇਕਫਾਸਟ ਕਲੱਬ…’’ ਜਾਣਕਾਰੀ ਅਨੁਸਾਰ ਇਸ ਜੋੜੀ ਨੇ ਸਾਲ 2018 ਵਿੱਚ ਵਿਆਹ ਕਰਵਾਇਆ ਸੀ ਅਤੇ ਇਨ੍ਹਾਂ ਦੇ ਦੋ ਬੱਚੇ ਹਨ। ਉਧਰ, ਨੇਹਾ ਧੂਪੀਆ ਨੂੰ ਆਖ਼ਰੀ ਵਾਰ ਫ਼ਿਲਮ ‘ਏ ਥਰਸਡੇਅ’ ਵਿੱਚ ਯਾਮੀ ਗੌਤਮ ਨਾਲ ਦੇਖਿਆ ਗਿਆ ਸੀ। ਦੂਜੇ ਪਾਸੇ ਅੰਗਦ ਆਖਰੀ ਵਾਰ ਫ਼ਿਲਮ ‘ਗੁੰਜਨ ਸਕਸੈਨਾ: ਦਿ ਕਾਰਗਿੱਲ ਵਾਰ’ ਵਿਚ ਨਜ਼ਰ ਆਇਆ ਸੀ ਅਤੇ ਇਸ ਫ਼ਿਲਮ ਵਿਚ ਉਸ ਨੇ ਅਦਾਕਾਰਾ ਜਾਹਨਵੀ ਕਪੂਰ ਦੇ ਭਰਾ ਦੀ ਭੂਮਿਕਾ ਨਿਭਾਈ ਸੀ। -ਏਐੱਨਆਈ