ਮੁੰਬਈ, 23 ਸਤੰਬਰ
ਬੌਲੀਵੁੱਡ ਦੇ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅਦਾਕਾਰਾ ਦੀਪਿਕਾ ਪਾਦੂਕੋਨ, ਸ਼੍ਰਧਾ ਕਪੂਰ, ਸਾਰਾ ਅਲੀ ਖ਼ਾਨ ਤੇ ਰਕੁਲ ਪ੍ਰੀਤ ਸਿੰਘ ਨੂੰ ਪੁੱਛ ਪੜਤਾਲ ਲਈ ਸੰਮਨ ਕੀਤਾ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਖ਼ੁਦਕੁਸ਼ੀ ਮਾਮਲੇ ਦੀ ਨਸ਼ਿਆਂ ਦੇ ਐਂਗਲ ਤੋਂ ਜਾਂਚ ਕਰ ਰਹੀ ਐੱਨਸੀਬੀ ਨੇ ਆਪਣੀ ਜਾਂਚ ਦੇ ਘੇੇਰੇ ਨੂੰ ਥੋੜ੍ਹਾ ਮੋਕਲਾ ਕਰਦਿਆਂ ਹੁਣ ਫ਼ਿਲਮ ਜਗਤ ਦੀਆਂ ਪਹਿਲੇ ਦਰਜੇ ਦੀਆਂ ਉੱਘੀਆਂ ਹਸਤੀਆਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਚਾਰਾਂ ਦੇ ਨਾਮ ਪਹਿਲਾਂ ਕੀਤੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਏ ਹਨ। ਦੀਪਿਕਾ ਨੂੰ ਬਿਆਨ ਦਰਜ ਕਰਵਾਉਣ ਲਈ ਸ਼ੁੱਕਰਵਾਰ (25 ਸਤੰਬਰ) ਨੂੰ ਸੱਦਿਆ ਗਿਆ ਹੈ। ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਟੈਲੇਂਟ ਮੈਨੇਜਰ ਜਯਾ ਸਾਹਾ ਨੇ ਪੁੱਛਗਿੱਛ ਦੌਰਾਨ ਕੁਝ ਅਹਿਮ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪਾਦੂਕੋਨ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਨੂੰ ਸੱਦਿਆ ਗਿਆ ਸੀ, ਪਰ ਨਾਸਾਜ਼ ਸਿਹਤ ਦੇ ਮੱਦੇਨਜ਼ਰ ਉਸ ਨੂੰ ਸ਼ੁੱਕਰਵਾਰ ਤੱਕ ਛੋਟ ਮਿਲ ਗਈ ਸੀ। -ਪੀਟੀਆਈ