ਇੰਦੌਰ: ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਜਨਮ ਦਿਨ ਮੌਕੇ ਇਸ ਸਾਲ ਪਿੱਠਵਰਤੀ ਗਾਇਕ ਸ਼ੈਲੇਂਦਰ ਸਿੰਘ ਅਤੇ ਸੰਗੀਤਕਾਰ ਜੋੜੀ ਆਨੰਦ-ਮਿਲਿੰਦ ਨੂੰ 28 ਸਤੰਬਰ ਵਾਲੇ ਦਿਨ ਇੰਦੌਰ ਵਿੱਚ ‘ਨੈਸ਼ਨਲ ਲਤਾ ਮੰਗੇਸ਼ਕਰ ਐਵਾਰਡ’ ਨਾਲ ਨਿਵਾਜਿਆ ਜਾਵੇਗਾ। ਇਹ ਜਾਣਕਾਰੀ ਮੱਧ ਪ੍ਰਦੇਸ਼ ਸਰਕਾਰ ਵੱਲੋਂ ਅੱਜ ਇਥੇ ਸਾਂਝੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਐਵਾਰਡ ਹਰ ਸਾਲ ਮੱਧ ਪ੍ਰਦੇਸ਼ ਸਰਕਾਰ ਵੱਲੋਂ ਸੰਗੀਤ ਜਗਤ ਵਿੱਚ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਹੋਰ ਉਤਸ਼ਾਹਿਤ ਕਰਨ ਲਈ ਦਿੱਤਾ ਜਾਂਦਾ ਹੈ। ਇਸ ਐਵਾਰਡ ਤਹਿਤ ਦੋ ਲੱਖ ਰੁਪਏ ਦਾ ਨਕਦ ਇਨਾਮ ਅਤੇ ਸਨਮਾਨ੍ਹ ਚਿੰਨ੍ਹ ਭੇਟ ਕੀਤਾ ਜਾਂਦਾ ਹੈ। ਸ਼ੈਲੇਂਦਰ ਸਿੰਘ ਨੇ 70ਵਿਆਂ ਤੇ 80ਵਿਆਂ ਦੇ ਸਮੇਂ ’ਚ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਗਾਇਕ ਨੂੰ ਇਹ ਐਵਾਰਡ ਵਰ੍ਹਾ 2019 ਲਈ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸੰਗੀਤਕਾਰ ਜੋੜੀ ਆਨੰਦ-ਮਿਲਿੰਦ ਨੇ ਵੀ ਹੁਣ ਤੱਕ ਲਗਪਗ 200 ਫਿਲਮਾਂ ਦੇ ਗੀਤਾਂ ਨੂੰ ਸੰਗੀਤਬੱਧ ਕੀਤਾ ਹੈ। ਉਨ੍ਹਾਂ ਨੂੰ ਇਹ ਐਵਾਰਡ ਵਰ੍ਹਾ 2020 ਲਈ ਦਿੱਤਾ ਜਾਵੇਗਾ। ਗ਼ੌਰਤਲਬ ਹੈ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ ਪਿਛਲੀ ਵਾਰ ਇਹ ਐਵਾਰਡ 7 ਫਰਵਰੀ 2020 ਵਿੱਚ ਦਿੰਤੇ ਗਏ ਸਨ, ਪਰ ਕੋਰੋਨਾ ਵਾਇਰਸ ਕਰਕੇ ਮੁੜ ਇਹ ਐਵਾਰਡ ਸਮਾਗਮ ਨਹੀਂ ਕਰਵਾਇਆ ਜਾ ਸਕਿਆ ਸੀ। ਮਹਾਨ ਗਾਇਕਾ ਲਤਾ ਮੰਗੇਸ਼ਕਰ ਦਾ ਜਨਮ ਇੰਦੌਰ ਵਿੱਚ 28 ਸਤੰਬਰ 1929 ਵਿੱਚ ਹੋਇਆ ਸੀ ਤੇ ਉਨ੍ਹਾਂ ਦਾ ਦੇਹਾਂਤ 6 ਫਰਵਰੀ 2022 ਨੂੰ ਮੁੰਬਈ ’ਚ ਹੋਇਆ ਸੀ। -ਪੀਟੀਆਈ