ਪੁਣੇ: ਸੱਤ ਵਾਰ ਕੌਮੀ ਪੁਰਸਕਾਰ ਜੇਤੂ ਪ੍ਰਸਿੱਧ ਮਰਾਠੀ ਫ਼ਿਲਮਸਾਜ਼ ਅਤੇ ਲੇਖਿਕਾ ਸੁਮਿਤਰਾ ਭਾਵੇ ਦਾ ਪੁਣੇ ਵਿੱਚ ਤਬੀਅਤ ਖ਼ਰਾਬ ਹੋਣ ਕਾਰਨ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ ਅਤੇ ਉਨ੍ਹਾ ਇਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਭਾਵੇ ਤੇ ਉਨ੍ਹਾਂ ਦਾ ਸਾਥੀ ਸੁਨੀਲ ਸੁਖਥਾਨਕਰ ਲੀਹ ਤੋਂ ਹੱਟ ਕੇ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੀਆਂ ਫ਼ਿਲਮਾਂ ਨੇ ਮਰਾਠੀ ਫ਼ਿਲਮ ਜਗਤ ਵਿੱਚ ਅਹਿਮ ਤਬਦੀਲੀ ਲਿਆਂਦੀ। ਪੁਣੇ ਵਿਚ ਜਨਮੀ ਭਾਵੇ ਨੇ ਪੋਲੀਟੀਕਲ ਸਾਇੰਸ ਵਿੱਚ ਐੱਮਏ ਪਾਸ ਕੀਤੀ ਅਤੇ ਬਾਅਦ ਵਿੱਚ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਤੋਂ ਪੋਲੀਟੀਕਲ ਸਾਇੰਸ ਐਂਡ ਸੋਸ਼ਿਆਲੋਜੀ ਵਿਚ ਮਾਸਟਰ ਡਿਗਰੀ ਕੀਤੀ। ਉਨ੍ਹਾਂ ਪੁਣੇ ਦੇ ਕਰਵ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਵਿੱਚ ਅਧਿਆਪਕਾ ਵਜੋਂ ਸੇਵਾਵਾਂ ਨਿਭਾਈਆਂ ਅਤੇ ਉਹ ਆਲ ਇੰਡੀਆ ਰੇਡੀਓ ’ਤੇ ਮਰਾਠੀ ਵਿਚ ਖ਼ਬਰਾਂ ਵੀ ਪੜ੍ਹਦੇ ਰਹੇ। ਉਨ੍ਹਾਂ ਸਾਲ 1985 ਵਿੱਚ ਆਪਣੀ ਪਹਿਲੀ ਲਘੂ ਫ਼ਿਲਮ ‘ਬਾਈ’ ਬਣਾਈ, ਜਿਸ ਨੂੰ ਕੌਮੀ ਪੁਰਸਕਾਰ ਮਿਲਿਆ। ਇਸ ਤੋਂ ਬਾਅਦ ਲਘੂ ਫ਼ਿਲਮ ‘ਪਾਨੀ’ ਨੂੰ ਸਾਲ 1988 ਵਿੱਚ ਕੌਮੀ ਪੁਰਸਕਾਰ ਮਿਲਿਆ। ਉਨ੍ਹਾਂ ਦੀ ਫ਼ਿਲਮ ‘ਕਾਸਵ’ ਨੂੰ 2017 ਵਿੱਚ ਕੌਮੀ ਪੁਰਸਕਾਰ ਮਿਲਿਆ। -ਆਈਏਐੱਨਐੱਸ