ਅੰਗਰੇਜ ਸਿੰਘ ਵਿਰਦੀ
ਸਾਲ 2019 ਦੀ ਸੁਪਰਹਿੱਟ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਵਿਚ ਤਬਰੇਜ਼ ਦਾ ਕਿਰਦਾਰ ਨਿਭਾ ਕੇ ਲਹਿੰਦੇ ਪੰਜਾਬ ਦੇ ਥੀਏਟਰ, ਟੀ.ਵੀ. ਅਤੇ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਨਾਸਿਰ ਚਨਿਓਟੀ ਨੇ ਪੰਜਾਬੀਆਂ ਦੇ ਦਿਲਾਂ ਵਿਚ ਥਾਂ ਬਣਾ ਲਈ। ਉਸ ਦਾ ਸ਼ੁਮਾਰ ਪਾਕਿਸਤਾਨ ਦੇ ਚੋਟੀ ਦੇ ਕਾਮੇਡੀ ਅਦਾਕਾਰਾਂ ਵਿਚ ਹੁੰਦਾ ਹੈ। ‘ਅੰਨ੍ਹੀ ਦਿਆ ਮਜ਼ਾਕ ਹੈ’ ਦੇ ਤਕੀਆ ਕਲਾਮ ਨੂੰ ਮਸ਼ਹੂਰ ਕਰਨ ਵਾਲੇ ਨਾਸਿਰ ਚਨਿਓਟੀ ਨੇ ਹੁਣ ਤਕ ਥੀਏਟਰ ਦੇ ਬੇਸ਼ੁਮਾਰ ਸਟੇਜ ਸ਼ੋਅ ਕਰ ਕੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਲੋਕਾਂ ਦਾ ਭਰਭੂਰ ਮਨੋਰੰਜਨ ਕੀਤਾ ਹੈ। ਨਿਮਰ, ਸਾਦੇ, ਖੁਸ਼ਮਿਜ਼ਾਜ, ਸਭ ਨਾਲ ਪਿਆਰ ਕਰਨ ਵਾਲੇ ਨਾਸਿਰ ਚਨਿਓਟੀ ਨੇ ਆਪਣੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
ਉਸ ਦਾ ਜਨਮ 25 ਨਵੰਬਰ 1970 ਨੂੰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਮਸ਼ਹੂਰ ਸ਼ਹਿਰ ਚਨਿਓਟ ਵਿਖੇ ਹੋਇਆ। ਸਾਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨਾਸਿਰ ਦੇ ਪਿਤਾ ਦਾ ਨਾਮ ਅੱਲ੍ਹਾ ਰੱਖਾ ਅਤੇ ਮਾਤਾ ਦਾ ਨਾਮ ਹੁਸਨ ਬਾਨੋ ਹੈ। ਚਨਿਓਟ ਵਿਚ ਆਪਣਾ ਬਚਪਨ ਗੁਜ਼ਾਰਨ ਵਾਲੇ ਨਾਸਿਰ ਨੇ ਆਪਣੀ ਫ਼ਨ ਏ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਵਿਚ ਹੀ ਆਪਣੇ ਪਿਆਰੇ ਸ਼ਹਿਰ ਚਨਿਓਟ ਦੇ ਨਾਂ ਨੂੰ ਆਪਣੇ ਨਾਂ ਦਾ ਹਿੱਸਾ ਬਣਾ ਲਿਆ ਸੀ। ਦਰਿਆ ਚਨਾਬ ਦੇ ਕੰਢੇ ’ਤੇ ਆਬਾਦ ਸ਼ਹਿਰ ਚਨਿਓਟ ਲਾਹੌਰ ਤੋਂ ਤਕਰੀਬਨ 158 ਕਿਲੋਮੀਟਰ ਦੂਰ ਹੈ। ਲੱਕੜੀ ਦੇ ਫਰਨੀਚਰ ਲਈ ਸਾਰੇ ਪੰਜਾਬ ’ਚ ਮਸ਼ਹੂਰ ਸ਼ਹਿਰ ਚਨਿਓਟ ਵਿਚ ਨਾਸਿਰ ਵੀ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਫਰਨੀਚਰ ਬਣਾਉਣ ਦਾ ਕੰਮ ਕਰਦਾ ਰਿਹਾ। ਮਿਹਨਤ ਮਜ਼ਦੂਰੀ ਕਰਨ ਦੇ ਨਾਲ ਨਾਲ ਆਪਣੇ ਅਦਾਕਾਰੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਮੁਲਤਾਨ ਥੀਏਟਰ ਨਾਲ ਜੁੜ ਗਿਆ ਤੇ ਕੁਝ ਅਰਸਾ ਮੁਲਤਾਨ ਥੀਏਟਰ ਵਿਚ ਮਜ਼ਾਹੀਆ ਸਟੇਜ ਡਰਾਮੇ ਕਰਦਾ ਰਿਹਾ। ਡਰਾਮਿਆਂ ਵਿਚ ਵਧੀਆ ਅਦਾਕਾਰੀ ਕਰਨ ਕਰਕੇ ਛੇਤੀ ਹੀ ਉਸ ਦੀ ਥੀਏਟਰ ਦੀ ਦੁਨੀਆਂ ਵਿਚ ਮਕਬੂਲੀਅਤ ਵਧਣ ਲੱਗੀ।
ਮੁਲਤਾਨ ਥੀਏਟਰ ਕਰਦਿਆਂ ਉਸ ਦੀ ਥੀਏਟਰ ਦੀ ਦੁਨੀਆਂ ਵਿਚ ਖਾਸੀ ਪਛਾਣ ਬਣ ਗਈ। ਹੁਣ ਉਸ ਦਾ ਅਗਲਾ ਪੜਾਅ ਲਾਹੌਰ ਥੀਏਟਰ ਸੀ ਜਿੱਥੇ ਕੰਮ ਕਰਨ ਦੀ ਹਰ ਸਟੇਜ ਅਦਾਕਾਰ ਦੀ ਦਿਲੀ ਖ਼ਾਹਿਸ਼ ਹੁੰਦੀ ਹੈ। ਸੋ ਥੀਏਟਰ ਦੀ ਦੁਨੀਆਂ ਵਿਚ ਨਵੀਆਂ ਮੰਜ਼ਿਲਾਂ ਨੂੰ ਸਰ ਕਰਨ ਲਈ ਨਾਸਿਰ ਲਾਹੌਰ ਸ਼ਿਫਟ ਹੋ ਗਿਆ। ਇੱਥੇ ਆ ਕੇ ਉਸ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਕਰੜਾ ਸੰਘਰਸ਼ ਕੀਤਾ। ਪਰਿਵਾਰ ਦੇ ਗੁਜ਼ਾਰੇ ਲਈ ਇੱਥੇ ਵੀ ਉਹ ਥੀਏਟਰ ਦੇ ਨਾਲ ਨਾਲ ਮਿਹਨਤ ਮਜ਼ਦੂਰੀ ਕਰਦਾ ਰਿਹਾ ਕਿਉਂਕਿ ਥੀਏਟਰ ਤੋਂ ਅਜੇ ਉਸ ਨੂੰ ਇੰਨੀ ਕਮਾਈ ਨਹੀਂ ਹੁੰਦੀ ਸੀ। ਲਾਹੌਰ ਥੀਏਟਰ ਵਿਚ ਨਾਸਿਰ ਚਨਿਓਟੀ ਨੂੰ ਥੀਏਟਰ ਜਗਤ ਦੀਆਂ ਮਹਾਨ ਹਸਤੀਆਂ ਅਤੇ ਕਾਮੇਡੀ ਦੇ ਬਹੁਤ ਵੱਡੇ ਨਾਂ ਅਮਾਨ ਉੱਲਾ ਖਾਂ, ਸੋਹੇਲ ਅਹਿਮਦ, ਬੱਬੂ ਬਰਾਲ, ਇਫ਼ਤਿਖ਼ਾਰ ਠਾਕੁਰ, ਮਸਤਾਨਾ, ਅਲਬੇਲਾ ਅਤੇ ਉਮਰ ਸ਼ਰੀਫ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਥੀਏਟਰ ਵਿਚ ਬਹੁਤ ਵੱਡਾ ਨਾਂ ਅਤੇ ਮਹਾਨ ਕਾਮੇਡੀਅਨ ਮਰਹੂਮ ਜਨਾਬ ਅਮਾਨ ਉੱਲਾ ਖਾਂ ਨੂੰ ਆਪਣਾ ਉਸਤਾਦ ਮੰਨਦਾ ਹੈ ਜਿਨ੍ਹਾਂ ਤੋਂ ਉਸ ਨੇ ਥੀਏਟਰ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਤਕਰੀਬਨ 17 ਵਰ੍ਹੇ ਦੇ ਲੰਬੇ ਸੰਘਰਸ਼ ਤੋਂ ਬਾਅਦ ਨਾਸਿਰ ਚਨਿਓਟੀ ਦੀ ਗਿਣਤੀ ਪੰਜਾਬੀ ਥੀਏਟਰ ਦੇ ਚੋਟੀ ਦੇ ਕਾਮੇਡੀ ਅਦਾਕਾਰਾ ਵਿਚ ਹੋਣ ਲੱਗੀ। ਸਟੇਜ ’ਤੇ ਉਸ ਨੇ ਆਪਣੀ ਕਾਮੇਡੀ ਟਾਇਮਿੰਗ, ਹਾਜ਼ਰ ਜਵਾਬੀ, ਜੁਗਤਾਂ ਲਾਉਣ ਦੀ ਕਲਾ ਅਤੇ ਸਮਾਜ ਵਿਚ ਵਿਚਰਦੇ ਆਮ ਲੋਕਾਂ ਵਿਚਲੇ ਕਿਰਦਾਰਾਂ ਨੂੰ ਆਪਣੇ ਖ਼ਾਸ ਅੰਦਾਜ਼ ਵਿਚ ਪੇਸ਼ ਕਰਨ ਦੇ ਹੁਨਰ ਨਾਲ ਥੀਏਟਰ ਦੇ ਚਾਹੁਣ ਵਾਲਿਆਂ ਨੂੰ ਆਪਣੇ ਬਿਹਤਰੀਨ ਕਾਮੇਡੀਅਨ ਹੋਣ ਦਾ ਅਹਿਸਾਸ ਕਰਵਾਇਆ। ਉਸ ਨੇ ਥੀਏਟਰ ਦੇ ਚੋਟੀ ਦੇ ਕਲਾਕਾਰਾਂ ਨਾਲ ਮਿਲ ਕੇ ਬੇਸ਼ੁਮਾਰ ਹਿੱਟ ਸਟੇਜ ਡਰਾਮੇ ਪੇਸ਼ ਕੀਤੇ ਜਿਨ੍ਹਾਂ ਵਿਚ ‘ਰੋਟੀ ਖੋਲ ਦਿਓ’, ‘ਸ਼ੋਅਲੇ’, ‘ਲੁੱਟ ਲੋ ਮੇਲਾ’, ‘ਤਾਜ਼ਾ ਡਰਾਈ ਫਰੂਟ’, ‘ਘਰ ਆਜਾ ਢੋਲਣਾਂ’, ‘ਦੋਸਤੀ’, ‘ਪਗਲੀ’, ‘ਥ੍ਰੀ ਈਡੀਅਟ’, ‘ਵਿੱਕੀ ਭਾਈ ਐੱਮ. ਬੀ. ਬੀ. ਐੱਸ’, ‘ਨਾਗਿਨ’, ‘ਮਿਸਟਰ ਗ਼ਾਮਾ’, ‘ਇਸ਼ਕ’ ਅਤੇ ‘ਡੌਂਕੀ ਰਾਜਾ’ ਪ੍ਰਮੁੱਖ ਹਨ।
ਥੀਏਟਰ ਵਿਚ ਮਕਬੂਲੀਅਤ ਦੀਆਂ ਬੁਲੰਦੀਆਂ ਨੂੰ ਛੂਹਣ ਤੋਂ ਬਾਅਦ ਨਾਸਿਰ ਚਨਿਓਟੀ ਨੂੰ ਪਾਕਿਸਤਾਨ ਦੇ ਮਸ਼ਹੂਰ ਟੀ.ਵੀ. ਐਂਕਰ ਅਤੇ ਪੱਤਰਕਾਰ ਆਫ਼ਤਾਬ ਇਕਬਾਲ ਨੇ ਐਕਸਪ੍ਰੈੱਸ ਨਿਊਜ਼ ਚੈਨਲ ’ਤੇ ਆਪਣੇ ਸ਼ੋਅ “ਖ਼ਬਰਦਾਰ” ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਨਾਸਿਰ ਨੇ ਆਫ਼ਤਾਬ ਇਕਬਾਲ ਨੂੰ ਕਿਹਾ ਕਿ ਉਹ ਥੀਏਟਰ ਨਹੀਂ ਛੱਡ ਸਕਦਾ ਕਿਉਂਕਿ ਟੀ.ਵੀ. ’ਤੇ ਕੰਮ ਕਰਨ ਲਈ ਉਸ ਨੂੰ ਬਹੁਤ ਸਮੇਂ ਦੀ ਲੋੜ ਪਵੇਗੀ, ਪਰ ਆਫ਼ਤਾਬ ਇਕਬਾਲ ਵੱਲੋਂ ਥੀਏਟਰ ਦਾ ਕੰਮ ਪ੍ਰਭਾਵਿਤ ਨਾ ਹੋਣ ਦਾ ਭਰੋਸਾ ਦਿੱਤਾ ਗਿਆ। ਇਸ ਤਰ੍ਹਾਂ ਉਸ ਨੇ ਟੀ.ਵੀ. ’ਤੇ ਆਪਣੇ ਕਰੀਅਰ ਦਾ ਆਗਾਜ਼ ਕੀਤਾ। ਇਹ ਸ਼ੋਅ ਲੋਕਾਂ ਵਿਚ ਕਾਫ਼ੀ ਹਰਮਨ ਪਿਆਰਾ ਹੋਇਆ। ਇਹ ਸ਼ੋਅ 2015 ਤੋਂ ਲੈ ਕੇ 2018 ਤਕ ਟੀ.ਵੀ. ’ਤੇ ਪ੍ਰਸਾਰਿਤ ਹੁੰਦਾ ਰਿਹਾ। ਇਸ ਸ਼ੋਅ ਤੋਂ ਬਾਅਦ ਨਾਸਿਰ ਨੇ ਆਫ਼ਤਾਬ ਇਕਬਾਲ ਦੇ ਆਪਣੇ ਨਿੱਜੀ ਚੈਨਲ ’ਤੇ ਮਜ਼ਾਹੀਆ ਸ਼ੋਅ ‘ਖ਼ਬਰਜ਼ਾਰ’ ਵਿਚ ਵੀ ਕੰਮ ਕੀਤਾ ਜੋ ਸਾਲ 2018 ਤੋਂ ਲੈ ਕੇ ਜਨਵਰੀ 2020 ਤਕ ਚੱਲਿਆ ਤੇ ਹੁਣ ਇਸੇ ਟੀਮ ਨਾਲ ਨਾਸਿਰ ਨਿਓ ਟੀ.ਵੀ. ਦੇ ਸ਼ੋਅ ‘ਖ਼ਬਰਯਾਰ’ ਵਿਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਨਾਸਿਰ ਨੇ ਕੁਝ ਪਾਕਿਸਤਾਨੀ ਫ਼ਿਲਮਾਂ ਵਿਚ ਵੀ ਆਪਣੀ ਕਲਾ ਦੇ ਜ਼ੌਹਰ ਦਿਖਾਏ।
ਸਾਲ 2019 ਵਿਚ ਰਿਦਮ ਬੁਆਇਜ਼ ਐਨਟਰਟੇਨਮੈਂਟ ਫ਼ਿਲਮ ਕੰਪਨੀ ਵੱਲੋਂ ਇਕ ਫ਼ਿਲਮ ਬਣਾਈ ਗਈ “ਚੱਲ ਮੇਰਾ ਪੁੱਤ” ਜਿਸ ਦੀ ਖਾਸੀਅਤ ਇਹ ਸੀ ਕਿ ਇਸ ਫ਼ਿਲਮ ਵਿਚ ਪਹਿਲੀ ਵਾਰ ਲਹਿੰਦੇ ਪੰਜਾਬ ਦੇ ਥੀਏਟਰ ਦੇ ਬਹੁਤ ਵੱਡੇ ਫ਼ਨਕਾਰ ਇਫ਼ਤਿਖ਼ਾਰ ਠਾਕੁਰ, ਅਕਰਮ ਉਦਾਸ, ਨਾਸਿਰ ਚਨਿਓਟੀ, ਆਗਾ ਮਾਜਿਦ ਅਤੇ ਚੜ੍ਹਦੇ ਪੰਜਾਬ ਦੇ ਅਦਾਕਾਰ ਅਮਰਿੰਦਰ ਗਿੱਲ, ਸਿੰਮੀ ਚਾਹਲ, ਹਰਦੀਪ ਗਿੱਲ ਅਤੇ ਗੁਰਸ਼ਬਦ ਹੋਰਾਂ ਨੇ ਇਕੱਠਿਆਂ ਕੰਮ ਕੀਤਾ। ਨਾਸਿਰ ਨੇ ਇਸ ਫ਼ਿਲਮ ਵਿਚ ਤਬਰੇਜ਼ ਨਾਂ ਦੇ ਵਿਅਕਤੀ ਦਾ ਕਿਰਦਾਰ ਅਦਾ ਕੀਤਾ ਜੋ ਪਾਕਿਸਤਾਨੋਂ ਯੂ.ਕੇ. ਰੁਜ਼ਗਾਰ ਦੀ ਤਲਾਸ਼ ਵਿਚ ਆਪਣੇ ਦੋਸਤ ਬੂਟੇ ਅਦਾਕਾਰ ਅਕਰਮ ਉਦਾਸ ਨਾਲ ਆਇਆ ਹੁੰਦਾ ਹੈ। ਨਾਸਿਰ ਦੇ ਫ਼ਿਲਮ ਵਿਚਲੇ ਕਿਰਦਾਰ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਅਤੇ ਨਾਲ ਹੀ ਇਸ ਫ਼ਿਲਮ ਤੋਂ ਬਾਅਦ ਨਾਸਿਰ ਦੇ ਪ੍ਰਸੰਸਕਾਂ ਦੀ ਗਿਣਤੀ ਵਿਚ ਵੀ ਚੋਖਾ ਵਾਧਾ ਹੋ ਗਿਆ। ਇਸ ਫ਼ਿਲਮ ਨੇ ਰਿਕਾਰਡ ਤੋੜ ਬਿਜ਼ਨਸ ਕੀਤਾ ਅਤੇ ਉਸ ਸਾਲ ਦੀ ਬੈਸਟ ਫ਼ਿਲਮ ਅਤੇ ਬੈਸਟ ਫ਼ਿਲਮ ਡੈਬਿਊ ਨਿਰਦੇਸ਼ਕ ਦਾ ਐਵਾਰਡ ਵੀ ਹਾਸਲ ਕੀਤਾ। ਇਸ ਤਰ੍ਹਾਂ ਨਾਸਿਰ ਚਨਿਓਟੀ ਦੀ ਪੌਲੀਵੁੱਡ ਫ਼ਿਲਮਾਂ ਵਿਚ ਸ਼ਾਨਦਾਰ ਐਂਟਰੀ ਹੋਈ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਇਸੇ ਫ਼ਿਲਮ ਦਾ ਅਗਲਾ ਭਾਗ ‘ਚੱਲ ਮੇਰਾ ਪੁੱਤ 2’ ਬਣਾਇਆ ਗਿਆ ਜਿਸ ਵਿਚ ਪਾਕਿਸਤਾਨ ਦੇ ਦੋ ਹੋਰ ਮਜ਼ਾਹੀਆ ਅਦਾਕਾਰ ਜ਼ਫਰੀ ਖਾਨ ਅਤੇ ਰੂਬੀ ਅਨਮ ਨੂੰ ਵੀ ਸ਼ਾਮਲ ਕੀਤਾ ਗਿਆ। ਅੱਜਕੱਲ੍ਹ ਨਾਸਿਰ ਇਕ ਹੋਰ ਪੌਲੀਵੁੱਡ ਫ਼ਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ।
ਸੰਪਰਕ: 94646-28857