ਮੁੰਬਈ, 1 ਜੁਲਾਈ
ਨਿਮੂਨੀਆ ਹੋਣ ਮਗਰੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਉੱਘੇ ਬੌਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਸਿਹਤਯਾਬ ਹੋ ਰਹੇ ਹਨ ਤੇ ਉਨ੍ਹਾਂ ਨੂੰ ਭਲਕੇ ਸ਼ੁੱਕਰਵਾਰ ਨੂੰ ਹਸਪਤਾਲ ’ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਸਕੱਤਰ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ 70 ਸਾਲਾ ਅਦਾਕਾਰ ਨੂੰ ਖਾਰ ਦੇ ਪੀ.ਡੀ. ਹਿੰਦੂਜਾ ਹਸਪਤਾਲ ਤੇ ਮੈਡੀਕਲ ਰਿਸਰਚ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਖ਼ਬਰ ਏਜੰਸੀ ਪੀਟੀਆਈ ਨੂੰ ਉਨ੍ਹਾਂ ਦੇ ਸਕੱਤਰ ਨੇ ਦੱਸਿਆ,‘‘ਉਹ ਸਿਹਤਯਾਬ ਹੋ ਰਹੇ ਹਨ। ਉਨ੍ਹਾਂ ਨੂੰ ਭਲਕੇ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਉੱਘੇ ਅਦਾਕਾਰ ਦਿਲੀਪ ਕੁਮਾਰ ਨੂੰ ਸਿਹਤ ਖ਼ਰਾਬ ਹੋਣ ਕਾਰਨ ਬੀਤੇ ਦਿਨ ਇਸੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਨਸੀਰੂਦੀਨ ਨੂੰ ਫ਼ਿਲਮ ‘ਜੀਨੇ ਭੀ ਦੋ ਯਾਰੋ, ਇਜਾਜ਼ਤ, ਮਾਸੂਮ ਤੇ ਮਿਰਚ ਮਸਾਲਾ’ ਲਈ ਜਾਣਿਆ ਜਾਂਦਾ ਹੈ।
-ਆਈਏਐੱਨਐੱਸ