ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਆਪਣੇ ਆਪ ਨੂੰ ਖ਼ੁਸ਼ਨਸੀਬ ਮੰਨਦਾ ਹੈ ਕਿ ਉਸ ਨੂੰ ਅਦਾਕਾਰ ਬਣਨ ਦਾ ਮੌਕਾ ਮਿਲਿਆ। ਉਸ ਨੂੰ ਆਸ ਹੈ ਕਿ ਉਹ ਆਪਣੇ ਇਸ ਹੁਨਰ ਵਿੱਚ ਹੋਰ ਨਿਖਾਰੇਗਾ। ਟਵਿੱਟਰ ’ਤੇ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ ਸ਼ਾਹਿਦ ਨੂੰ ਪੁੱਛਿਆ ਗਿਆ ਸੀ ਕਿ ਉਸ ਦੇ ਜੀਵਨ ਦਾ ਉਦੇਸ਼ ਕੀ ਹੈ। ਇਸ ਦੇ ਜਵਾਬ ਵਿੱਚ ਸ਼ਾਹਿਦ ਨੇ ਕਿਹਾ ਕਿ ਉਹ ਖੁਸ਼ਨਸੀਬ ਹੈ ਕਿ ਉਸ ਨੂੰ ਵੱਖ-ਵੱਖ ਕਿਸਮ ਦੀਆਂ ਭੂਮਿਕਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਸ਼ਾਹਿਦ ਨੇ ਟਵੀਟ ਕੀਤਾ, ‘ਰੱਬ ਮੇਰੇ ’ਤੇ ਮਿਹਰਬਾਨ ਰਿਹਾ ਹੈ। ਮੈਂ ਖ਼ੁਸ਼ ਕਿਸਮਤ ਹਾਂ ਕਿ ਮੈਨੂੰ ਅਦਾਕਾਰ ਬਣਨ ਦਾ ਮੌਕਾ ਮਿਲਿਆ। ਇਹ ਮੇਰੀ ਦਿਲੀ ਤਮੰਨਾ ਸੀ। ਮੇਰਾ ਮਕਸਦ ਹੈ ਕਿ ਮੈਂ ਆਪਣੇ ਹਰ ਕਿਰਦਾਰ ਨਾਲ ਨਿਆਂ ਕਰ ਸਕਾਂ। ਦਿਲੋਂ ਕੰਮ ਕਰਨਾ ਹੈ, ਬਸ।’ ਅਦਾਕਾਰ ਪੰਕਜ ਕਪੂਰ ਅਤੇ ਨੀਲਿਮਾ ਅਜ਼ੀਮ ਦੇ ਬੇਟੇ ਸ਼ਾਹਿਦ ਨੇ 2003 ਵਿੱਚ ਰੁਮਾਂਟਿਕ ਕਾਮੇਡੀ ‘ਇਸ਼ਕ ਵਿਸ਼ਕ’ ਨਾਲ ਫਿਲਮ ਜਗਤ ਵਿੱਚ ਆਪਣਾ ਪੈਰ ਧਰਿਆ ਸੀ ਤੇ ਉਸ ਨੇ ਹੌਲੀ ਹੌਲੀ ‘ਕਮੀਨੇ’, ‘ਜਬ ਵੀ ਮੈੱਟ’, ‘ਹੈਦਰ’ ਅਤੇ ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਨਾਲ ਵਧੀਆ ਅਦਾਕਾਰ ਵਜੋਂ ਆਪਣਾ ਨਾਂ ਦਰਜ ਕਰਵਾਇਆ ਹੈ। 2019 ਵਿੱਚ ਆਈ ਫਿਲਮ ‘ਕਬੀਰ ਸਿੰਘ’ ਅਦਾਕਾਰ ਦੇ ਜੀਵਨ ਦੀ ਸਭ ਤੋਂ ਹਿੱਟ ਸਫ਼ਲ ਸਾਬਤ ਹੋਈ ਹੈ। ਸ਼ਾਹਿਦ ਹੁਣ 2019 ਵਿੱਚ ਆਈ ਤੇਲਗੂ ਬਲਾਕਬਸਟਰ ‘ਜਰਸੀ’ ਦੇ ਹਿੰਦੀ ਰੀਮੇਕ ਵਿੱਚ ਦਿਖਾਈ ਦੇਵੇਗਾ, ਜੋ 31 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਪੰਕਜ ਕਪੂਰ ਤੇ ਮਰੁਨਾਲ ਠਾਕੁਰ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਗੌਤਮ ਤਿਨੂਰੀ ਨੇ ਨਿਰਦੇਸ਼ਿਤ ਕੀਤਾ ਹੈ ਜਿਸ ਨੇ ਦੱਖਣ ਦੇ ਸੁਪਰ ਸਟਾਰ ਨਾਨੀ ਨਾਲ ਮੂਲ ਫਿਲਮ ਵੀ ਬਣਾਈ ਹੈ। -ਪੀਟੀਆਈ