ਮੁੰਬਈ, 17 ਨਵੰਬਰ
ਅਭਿਨੇਤਾ ਤੇ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਵਿਚ ਉਸ ਦੀ ਅਦਾਕਾਰੀ ਦੀ ਤੁਲਨਾ ਹੰਢੇ ਹੋਏ ਕਲਾਕਾਰ ਮਨੋਜ ਵਾਜਪਾਈ ਨਾਲ ਨਹੀਂ ਹੋਣੀ ਚਾਹੀਦੀ ਹੈ। ਦਿਲਜੀਤ ਨੇ ਕਿਹਾ ਕਿ ਵਾਜਪਾਈ ਤਾਂ ਇਸ ਖੇਤਰ ਦੇ ਧੁਨੰਤਰਾਂ ਵਿਚੋਂ ਇਕ ਹਨ। ਉਹ ਤਾਂ ਆਪ ਆਪਣੇ ਸੀਨੀਅਰ ਮਨੋਜ ਦੀ ਅਦਾਕਾਰੀ ਤੋਂ ਪ੍ਰੇਰਣਾ ਲੈਂਦੇ ਰਹੇ ਹਨ। ਦਿਲਜੀਤ ਅੱਜ ਇੱਥੇ ਇਕ ਥੀਏਟਰ ਵਿਚ ਦਰਸ਼ਕਾਂ ਦਾ ਹੁੰਗਾਰਾ ਦੇਖਣ ਲਈ ਗਏ ਸਨ ਤੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਫ਼ਿਲਮ ਵਿਚ ਅਭਿਨੇਤਰੀ ਫਾਤਿਮਾ ਸਨਾ ਸ਼ੇਖ਼ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਦਿਲਜੀਤ ਦੇ ਨਾਲ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਵੀ ਮੌਜੂਦ ਸਨ। ਦਿਲਜੀਤ ਨੇ ਕਿਹਾ ਕਿ ਉਹ 1984 ਵਿਚ ਜਨਮੇ ਸਨ ਤੇ ਮਨੋਜ ਵਾਜਪਾਈ ਨੇ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਉਹ ਉਸ ਸਮੇਂ ਪੰਜਾਬ ਵਿਚ ਥੀਏਟਰ ਕਰਨ ਲਈ ਆਉਂਦੇ ਸਨ। ਦੱਸਣਯੋਗ ਹੈ ਕਿ ‘ਸੂਰਜ ਪੇ ਮੰਗਲ ਭਾਰੀ’ ਅੱਠ ਮਹੀਨਿਆਂ ਬਾਅਦ ਥੀਏਟਰਾਂ ਵਿਚ ਲੱਗਣ ਵਾਲੀ ਪਹਿਲੀ ਫ਼ਿਲਮ ਹੈ। ਦਿਲਜੀਤ ਨੇ ਇਸ ਮੌਕੇ ਕਿਹਾ ਕਿ ਉਹ ਦਰਸ਼ਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਅਜਿਹੇ ਸਮਿਆਂ ਵਿਚ ਘਰੋਂ ਨਿਕਲ ਕੇ ਫ਼ਿਲਮ ਦੇਖੀ ਹੈ। ਮਹਾਮਾਰੀ ਦੌਰਾਨ ਲੋਕਾਂ ਦਾ ਥੀਏਟਰ ਵਿਚ ਆਉਣਾ ਹੁਣ ਵੱਡੀ ਗੱਲ ਹੈ ਤੇ ਉਨ੍ਹਾਂ ਵੱਲੋਂ ਸਾਡੀ ਸਿਫ਼ਤ ਹੌਸਲਾ ਵਧਾਉਣ ਵਾਲੀ ਹੈ। ਉਨ੍ਹਾਂ ਸਕਰੀਨਿੰਗ ਲਈ ਥੀਏਟਰ ਮਾਲਕਾਂ ਦਾ ਵੀ ਧੰਨਵਾਦ ਕੀਤਾ। –ਪੀਟੀਆਈ