ਹਰਦਿਆਲ ਸਿੰਘ ਥੂਹੀ
ਪੰਜਾਬੀ ਸੱਭਿਆਚਾਰ ਦੇ ਮੁਦਈ, ਲੋਕ-ਨਾਚਾਂ ਦੇ ਮਾਹਿਰ, ਸਟੇਜ ਦੇ ਧਨੀ ਤੇ ਬੋਲਾਂ ਦੇ ਜਾਦੂਗਰ ਪ੍ਰੋ. ਰਾਜਪਾਲ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਪੰਜਾਬੀ ਸੱਭਿਆਚਾਰ ਨੂੰ ਕੌਮਾਂਤਰੀ ਪੱਧਰ ਤਕ ਪ੍ਰਚਾਰਨ ਤੇ ਪ੍ਰਸਾਰਨ ਲਈ ਜੀਵਨ ਭਰ ਯਤਨਸ਼ੀਲ ਰਹੇ। 1 ਮਾਰਚ 2018 ਨੂੰ ਉਹ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਤੇ ਪਿਛੇ ਛੱਡ ਗਏ ਆਪਣੀਆਂ ਮਿੱਠੀਆਂ ਯਾਦਾਂ।
ਇਸ ਬਹੁਪੱਖੀ ਸ਼ਖ਼ਸੀਅਤ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਮਸ਼ਹੂਰ ਪਿੰਡ ਭਾਈਕੇ ਬਾਗੜੀਆਂ ਵਿਖੇ 15 ਦਸੰਬਰ 1941 ਨੂੰ ਪਿਤਾ ਰਮਿੰਦਰ ਸਿੰਘ ਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ। ਇਨ੍ਹਾਂ ਦਾ ਸਬੰਧ ‘ਭਾਈ ਕੇ’ ਪਰਿਵਾਰ ਨਾਲ ਸੀ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਕੇ ਦਸਵੀਂ ਤਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਪੰਜ ਗਰਾਈਆਂ, ਜ਼ਿਲ੍ਹਾ ਬਠਿੰਡਾ ਤੋਂ ਕੀਤੀ। ਹਿਸਾਰ ਤੋਂ ਵੈਟਰਨਰੀ ਸਾਇੰਸ ਦਾ ਡਿਪਲੋਮਾ ਪ੍ਰਾਪਤ ਕੀਤਾ। ਇਸ ਉਪਰੰਤ ਝਾਂਸਾ (ਕਰਨਾਲ) ਵਿਖੇ ਬਤੌਰ ਵੈਟਰਨਰੀ ਕੰਪਾਊਡਰ ਸਰਕਾਰੀ ਨੌਕਰੀ ਕੀਤੀ। ਨੌਕਰੀ ਦੇ ਨਾਲ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ। ਗ੍ਰੈਜੂਏਸ਼ਨ ਤੋਂ ਬਾਅਦ ਛੁੱਟੀ ਲੈ ਕੇ ਮਸੂਰੀ ਤੋਂ ਅੰਗਰੇਜ਼ੀ ਵਿਸ਼ੇ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਇਸ ਪ੍ਰਕਾਰ ਉਨ੍ਹਾਂ ਦਾ ਮੁੱਢਲਾ ਜੀਵਨ ਬਹੁਤ ਸੰਘਰਸ਼ਮਈ ਰਿਹਾ। ਇਸ ਦੇ ਬਾਵਜੂਦ ਉਨ੍ਹਾਂ ਦਾ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਲਗਾਓ ਕਾਇਮ ਰਿਹਾ।
1971 ਵਿਚ ਉਹ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ 1976 ਤਕ ਏਥੇ ਹੀ ਸੇਵਾ ਨਿਭਾਈ। ਫਿਰ ਰਣਬੀਰ ਕਾਲਜ ਸੰਗਰੂਰ ਅਤੇ ਬਾਅਦ ਵਿਚ ਮਹਿੰਦਰਾ ਕਾਲਜ ਪਟਿਆਲਾ ਤੋਂ 2000 ਵਿਚ ਸੇਵਾ ਮੁਕਤ ਹੋਏ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਲੋਕ ਨਾਚਾਂ ਲਈ ਨਿੱਠ ਕੇ ਕੰਮ ਕੀਤਾ। ਯੁਵਕ ਮੇਲੇ ਕਰਾਉਣ ਵਿਚ ਵੱਡਾ ਯੋਗਦਾਨ ਪਾਇਆ।
ਪ੍ਰੋ. ਰਾਜਪਾਲ ਹੁਰਾਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਗਟਾਉਣ ਦਾ ਵੱਡਾ ਮੌਕਾ ਉਸ ਸਮੇਂ ਮਿਲਿਆ ਜਦੋਂ 1986 ਵਿਚ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦਾ ਉਦਘਾਟਨ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੀਤਾ। ਇਸ ਸਮੇਂ ਸਟੇਜ ਸੰਚਾਲਨ ਦੀ ਕਾਰਵਾਈ ਉਨ੍ਹਾਂ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਪੰਜਾਬ ਭਰ ਵਿਚੋਂ ਵੱਖ-ਵੱਖ ਵਿਧਾਵਾਂ ਨਾਲ ਸਬੰਧਤ ਲੋਕ ਕਲਾਕਾਰਾਂ ਨੂੰ ਇਸ ਸਮਾਰੋਹ ਵਿਚ ਬੁਲਾ ਕੇ ਉਨ੍ਹਾਂ ਦੀ ਕਲਾ ਦਾ ਪ੍ਰਦਰਸ਼ਨ ਕਰਵਾਇਆ। ਇਸ ਕੇਂਦਰ ਰਾਹੀਂ ਪੰਜਾਬ ਦੇ ਲੋਕ ਕਲਾਕਾਰਾਂ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਆਪਣੀ ਕਲਾ ਦੇ ਪ੍ਰਦਰਸ਼ਨ ਕਰਨ ਦੇ ਮੌਕੇ ਮਿਲੇ।
ਸਮੇਂ-ਸਮੇਂ ’ਤੇ ਉਨ੍ਹਾਂ ਨੇ ਇੰਗਲੈਂਡ, ਅਮਰੀਕਾ, ਕੈਨੇਡਾ, ਰੂਸ, ਚੀਨ, ਸਿੰਘਾਪੁਰ, ਇੰਡੋਨੇਸ਼ੀਆ, ਸਪੇਨ, ਪਾਕਿਸਤਾਨ ਆਦਿ ਦੇਸ਼ਾਂ ਵਿਚ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੇ ਗਰੁੱਪ ਲਿਜਾ ਕੇ ਲੋਕ ਨਾਚਾਂ ਅਤੇ ਹੋਰ ਸੰਗੀਤਕ ਕਲਾਵਾਂ ਦੀਆਂ ਪੇਸ਼ਕਾਰੀਆਂ ਕਰਵਾਈਆਂ। ਲੋਕ ਨਾਚਾਂ ਦੀ ਸਿਖਲਾਈ ਲਈ ਵਰਕਸ਼ਾਪਾਂ ਲੁਆਈਆਂ। 1990 ਤੋਂ 2015 ਤਕ ਲਗਾਤਾਰ ਲਲਾਂਗੋਲਨ ਇੰਟਰਨੈਸ਼ਨਲ ਮਿਊਜ਼ੀਕਲ ਐਸਟਰਫੋਡ, ਵੇਲਜ਼ (ਯੂ.ਕੇ.) ਲੋਕ ਕਲਾ ਮੇਲੇ ਵਿਚ ਉਨ੍ਹਾਂ ਦਾ ਗਰੁੱਪ ਭਾਗ ਲੈਂਦਾ ਰਿਹਾ। 1994 ਤੋਂ ਲਗਾਤਾਰ ਸ਼ਰੋਪਸ਼ਾਇਰ ਕਾਊਂਟੀ (ਯੂ.ਕੇ.) ਅਤੇ ਪੰਜਾਬ ਆਰਟ ਐਜੂਕੇਸ਼ਨ ਐਕਸਚੇਂਜ ਆਫ ਕਾਮਨ ਵੈਲਥ ਟੀਚਰਜ਼ ਰਾਹੀਂ ਬਤੌਰ ਕੋਆਰਡੀਨੇਟਰ ਪੰਜਾਬ ਵਿਚੋਂ ਅਧਿਆਪਕਾਂ ਦੇ ਗਰੁੱਪ, ਯੁਵਕਾਂ ਦੇ ਗਰੁੱਪ ਅਤੇ ਕਲਾਕਾਰਾਂ ਦੇ ਗਰੁੱਪ ਇੰਗਲੈਂਡ ਲੈ ਕੇ ਗਏ ਅਤੇ ਉੱਧਰੋਂ ਆਏ ਗਰੁੱਪਾਂ ਦੀ ਪੰਜਾਬ ਵਿਚ ਮੇਜ਼ਬਾਨੀ ਕੀਤੀ। 1994 ਵਿਚ ਹੀ ਚੀਨ ਵਿਚ ਹੋਏ ਭਾਰਤ ਉਤਸਵ ਸਮੇਂ ਲੋਕ ਨਾਚਾਂ ਅਤੇ ਸੰਗੀਤ ਗਰੁੱਪਾਂ ਦੀ ਅਗਵਾਈ ਕੀਤੀ। 1999 ਵਿਚ ਪੰਜਾਬ ਦੇ ਚੋਟੀ ਦੇ ਭੰਗੜਚੀਆਂ ਦੀ ਟੀਮ ਬਣਾ ਕੇ ਸਿੰਘਾਪੁਰ ਵਿਚ ਵਰਡ ਚੇਂਜ ਪਰੇਡ ਵਿਚ ਹਿੱਸਾ ਲਿਆ। ਬਾਅਦ ਵਿਚ ਭਾਰਤ ਦੇ ਵੱਖ ਵੱਖ ਰਾਜਾਂ ਉੜੀਸਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਆਦਿ ਵਿਚ ਵੀ ਭੰਗੜਾ ਟੀਮ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ।
2009 ਤੋਂ 2013 ਤਕ ਉੱਤਰੀ ਸਮਰਸੈੱਟ ਕਾਊਂਟੀ (ਯੂ.ਕੇ.) ਦੇ ਸਕੂਲਾਂ ਵਿਚ ਲੋਕ ਨਾਚਾਂ ਅਤੇ ਸੰਗੀਤ ਕਲਾਵਾਂ ਦੀਆਂ ਵਰਕਸ਼ਾਪਾਂ ਲਗਵਾਈਆਂ। 2012 ਵਿਚ ਇੰਗਲੈਂਡ ਵਿਖੇ ਡਾਇਮੰਡ ਜੁਬਲੀ ਉਤਸਵ ਸਮੇਂ ਕਾਮਨਵੈਲਥ ਕਾਰਨੀਵਲ ਦੌਰਾਨ ਵਿਸ਼ੇਸ਼ ਇਨਵਾਈਟੀ ਵਜੋਂ ਪੰਜਾਬੀ ਲੋਕ ਨਾਚਾਂ ਦੀ ਪ੍ਰਤੀਨਿਧਤਾ ਕੀਤੀ।
2006 ਦੀ ਇੰਗਲੈਂਡ ਫੇਰੀ ਉਨ੍ਹਾਂ ਦੇ ਜੀਵਨ ਦੀ ਅਭੁੱਲ ਯਾਦ ਸੀ। ਇਸ ਫੈਸਟੀਵਲ ਵਿਚ ਭਾਗ ਲੈਣ ਵਾਲੇ ਸੱਠ ਦੇਸ਼ਾਂ ਦੇ ਲੋਕ ਕਲਾਕਾਰ ਸਨ। ਜੋਗੀ ਕਾਸ਼ੀ ਨਾਥ ਦੀ ਵੰਝਲੀ ਨੇ ਸਭ ਨੂੰ ਮਾਤ ਪਾ ਦਿੱਤੀ। ਇਸ ਸਮੇਂ ਪ੍ਰੋ. ਰਾਜਪਾਲ ਹੋਰਾਂ ਨੇ ਜਦੋਂ ਆਪਣੇ ਗਰੁੱਪ ਤੇ ਪੰਜਾਬ ਦੀਆਂ ਲੋਕ ਕਲਾਵਾਂ ਬਾਰੇ ਮੰਚ ਤੋਂ ਜਾਣਕਾਰੀ ਦਿੱਤੀ ਤਾਂ ਸਮਾਰੋਹ ਵਿਚ ਹਾਜ਼ਰ ਪ੍ਰਿੰਸ ਚਾਰਲਸ ਅਤੇ ਕੈਮਿਲਾ ਵਿਸ਼ੇਸ਼ ਤੌਰ ’ਤੇ ਮਿਲੇ ਅਤੇ ਭਰਵੀਂ ਦਾਦ ਦਿੱਤੀ।
ਪੰਜਾਬੀ ਸੱਭਿਆਚਾਰ ਦੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਸਦਕਾ ਉਹ 1999 ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਬਣੇ। 2006 ਤਕ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ। ਤਨਦੇਹੀ ਨਾਲ ਨਿਭਾਈਆਂ ਬਿਹਤਰੀਨ ਸੇਵਾਵਾਂ ਕਾਰਨ 2006 ਤੋਂ 2012 ਤਕ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਅਤੇ 2012-13 ਵਿਚ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ। ਇਸ ਸਮੇਂ ਦੌਰਾਨ ਪੰਜਾਬੀ ਸਾਹਿਤ, ਸੱਭਿਆਚਾਰ, ਸੰਗੀਤ ਅਤੇ ਲੋਕਨਾਚਾਂ ਦੇ ਪ੍ਰਸਾਰ ਲਈ ਅਨੇਕਾਂ ਮੇਲੇ ਕਰਵਾਏ। ਵੱਖ-ਵੱਖ ਕਲਾ ਵੰਨਗੀਆਂ ਨਾਲ ਸਬੰਧਿਤ ਆਡੀਓ ਤੇ ਵੀਡੀਓ ਕੈਸੇਟਾਂ ਤਿਆਰ ਕਰਵਾਈਆਂ। ਦਸ ਵੀਡੀਓ ਕੈਸੇਟਾਂ ਵਿਚੋਂ ਦੋ ਕੈਸੇਟਾਂ ਲੋਕ ਢਾਡੀਆਂ ਦੀਆਂ, ਇਕ ਤੂੰਬੇ ਅਲਗੋਜ਼ੇ ਵਾਲੇ ਗਵੰਤਰੀਆਂ ਦੀ, ਇਕ ਕਵੀਸ਼ਰਾਂ ਦੀ, ਦੋ ਪੁਆਧੀ ਅਖਾੜੇ ਦੀਆਂ, ਇਕ ਨੱਕਾਲਾਂ ਦੀ, ਇਕ ਬਾਜ਼ਗਰਨੀਆਂ ਦੇ ਸੰਗੀਤ ਦੀ, ਇਕ ਢੋਲ ਦੀਆਂ ਤਾਲਾਂ ਦੀ ਅਤੇ ਇਕ ਬੀਨ ਅਤੇ ਵੰਝਲੀ ਦੀਆਂ ਸੁਰਾਂ ਦੀਆਂ ਹਨ। ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਦੋ ਆਡੀਓ ਕੈਸੇਟਾਂ ‘ਇਕਤਾਰਾ ਵਜਦਾ’ ਤੇ ‘ਸੰਧਾਰਾ’ ਰਿਕਾਰਡ ਕਰਵਾਈਆਂ। ਇਹ ਕੈਸੇਟਾਂ ਗਾਇਨ ਅਤੇ ਵਾਦਨ ਦੀਆਂ ਬੇਮਿਸਾਲ ਆਈਟਮਾਂ ਹਨ। ਇਸੇ ਤਰ੍ਹਾਂ ਪੁਸਤਕਾਂ ਲਿਖ ਕੇ ਅਤੇ ਲਿਖਵਾ ਕੇ ਪ੍ਰਕਾਸ਼ਿਤ ਕਰਵਾਈਆਂ। ਇਨ੍ਹਾਂ ਪੁਸਤਕਾਂ ਵਿਚੋਂ ਇਕ ਪੁਸਤਕ ‘ਪੰਜਾਬ ਦੀ ਲੋਕ ਕਲਾ’ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦਾ ਬੇਸ਼ਕੀਮਤੀ ਦਸਤਾਵੇਜ਼ ਹੈ, ਜੋ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸਮੇਂ ਸਮੇਂ ’ਤੇ ਵੱਖ ਵੱਖ ਥਾਵਾਂ ’ਤੇ ਕਰਵਾਏ ਲੋਕ ਕਲਾ ਮੇਲਿਆਂ ਮੌਕੇ ਲੁਆਈਆਂ ਗਈਆਂ ਵਿਰਾਸਤੀ ਵਸਤੂਆਂ ਦੀਆਂ ਪ੍ਰਦਰਸ਼ਨੀਆਂ ਦੀ ਫੋਟੋਗ੍ਰਾਫ਼ੀ ਤੋਂ ਤਿਆਰ ਕੀਤੀ ਗਈ। ਪ੍ਰੋ. ਰਾਜਪਾਲ ਹੁਰਾਂ ਨੇ ਇਹ ਪੁਸਤਕ ਚਿੱਤਰਕਾਰ ਦੋਸਤ ਆਰ.ਐੱਮ.ਸਿੰਘ ਨਾਲ ਮਿਲ ਕੇ ਤਿਆਰ ਕੀਤੀ। ਏਸੇ ਤਰ੍ਹਾਂ ਉੱਤਰੀ ਖੇਤਰ ਸੱਭਿਆਚਾਰ ਕੇਂਦਰ ਵੱਲੋਂ ਰਵਾਇਤੀ ਨਾਚ, ਫੋਕ ਥੀਏਟਰ, ਉੱਤਰੀ ਭਾਰਤ ਦੇ ਸੰਗੀਤਕ ਸਾਜ਼ਾਂ ਬਾਰੇ ਪੁਸਤਕ ਛਾਪੀ ਗਈ।
ਕਲਾ ਭਵਨ ਵਿਖੇ ਸਥਾਪਿਤ ਕੀਤੀ ਸੰਗੀਤ ਸ਼ਾਲਾ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ। ਇਸ ਸੰਗੀਤਸ਼ਾਲਾ ਦਾ ਸੁਪਨਾ ਕਲਾ ਭਵਨ ਦੇ ਉਸਰੱਈਏ ਡਾ. ਮਹਿੰਦਰ ਸਿੰਘ ਰੰਧਾਵਾ ਨੇ ਵੇਖਿਆ ਸੀ, ਜਿਸ ਨੂੰ ਪ੍ਰੋ. ਰਾਜਪਾਲ ਹੁਰਾਂ ਨੇ ਸਾਕਾਰ ਕੀਤਾ। ਇਸ ਸੰਗੀਤ ਸ਼ਾਲਾ ਵਿਚ ਪ੍ਰਸਿੱਧ ਪੰਜਾਬੀ ਕਲਾਕਾਰਾਂ ਦੇ ਚਿੱਤਰ ਅਤੇ ਉਨ੍ਹਾਂ ਦੇ ਪਸੰਦੀਦਾ ਸਾਜ਼ ਸੰਭਾਲੇ ਹੋਏ ਹਨ। ਪ੍ਰੋ. ਸਾਹਿਬ ਨੇ ਇਹ ਸਾਜ਼ ਇਨ੍ਹਾਂ ਕਲਾਕਾਰਾਂ ਦੇ ਪਰਿਵਾਰਾਂ ਜਾਂ ਖ਼ੁਦ ਉਨ੍ਹਾਂ ਤੋਂ ਨਿੱਜੀ ਪਹੁੰਚ ਕਰਕੇ ਪ੍ਰਾਪਤ ਕੀਤੇ। ਇਨ੍ਹਾਂ ਵਿਚ ਪੰਜਾਬ ਦੀ ਕੋਇਲ ਸੁਰਿੰਦਰ ਦੇ ਘੁੰਗਰੂ, ਢਾਡੀ ਅਮਰ ਸਿੰਘ ਸ਼ੌਂਕੀ ਦੀ ਢੱਡ, ਉਸਤਾਦ ਢੋਲੀ ਭਾਨਾ ਰਾਮ ਦਾ ਢੋਲ, ਮੰਗਲ ਉਸਤਾਦ ਦੇ ਅਲਗੋਜ਼ੇ, ਜੋਗੀ ਕਾਸ਼ੀ ਨਾਥ ਦੀ ਵੰਝਲੀ, ਗੁਰਦਾਸ ਮਾਨ ਦੀ ਡਫਲੀ ਤੋਂ ਇਲਾਵਾ ਹੋਰ ਵੀ ਲੋਕ ਸਾਜ਼ ਹਨ। ਇਸ ਦੇ ਨਾਲ ਨਾਲ ਏਥੇ ਸੰਗੀਤ ਸਿਸਟਮ ਦਾ ਪ੍ਰਬੰਧ ਵੀ ਕੀਤਾ। ਸਾਰੇ ਦੇ ਸਾਰੇ ਚਿੱਤਰ ਪ੍ਰਸਿੱਧ ਚਿੱਤਰਕਾਰ ਆਰ.ਐੱਮ. ਸਿੰਘ ਪਾਸੋਂ ਵਿਸੇਸ਼ ਤੌਰ ’ਤੇ ਤਿਆਰ ਕਰਵਾਏ। ਇਸ ਸੰਗੀਤ ਸ਼ਾਲਾ ਦਾ ਉਦਘਾਟਨ 25.03.2002 ਨੂੰ ਕੀਤਾ ਗਿਆ। ਇਸ ਤੋਂ ਇਲਾਵਾ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਕਈ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਵਿਚ ਪੰਜਾਬੀ ਸੱਭਿਆਚਾਰ ਅਤੇ ਯੁਵਕ ਮਾਮਲਿਆਂ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਰਹੇ। ਅੰਤਰਰਾਸ਼ਟਰੀ ਪੱਧਰ ’ਤੇ ਉਹ ਕੌਮਾਂਤਰੀ ਆਰਟਸ ਫੈਸਟੀਵਲ ਫਾਰ ਯੂਥ, ਰੂਸ ਰੋਜ਼ਾਵੈਟਰੋਵ ਦੇ ਜਿਊਰੀ ਮੈਂਬਰ ਵੀ ਸਨ। ਪੰਜਾਬ ਸਰਕਾਰ ਵੱਲੋਂ 2017-18 ਦੇ ਆਰੰਭ ਵਿਚ ਜੋ ਸੱਭਿਆਚਾਰਕ ਨੀਤੀ ਬਣਾਈ ਗਈ, ਉਸ ਵਿਚ
ਉਨ੍ਹਾਂ ਦਾ ਵਿਸੇਸ਼ ਯੋਗਦਾਨ ਰਿਹਾ। ਉਹ ਪੰਜਾਬ
ਕਲਾ ਪ੍ਰੀਸ਼ਦ ਨੂੰ ਕਲਾਕਾਰਾਂ ਦੀ ਪਾਰਲੀਮੈਂਟ
ਬਣਾਉਣਾ ਚਾਹੁੰਦੇ ਸਨ।
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਉਨ੍ਹਾਂ ਨੂੰ ਫੋਟੋਗ੍ਰਾਫ਼ੀ, ਪੇਂਟਿੰਗ ਅਤੇ ਸੰਗੀਤ ਦਾ ਵੀ ਸ਼ੌਕ ਸੀ। ਕੁਝ ਫ਼ਿਲਮਾਂ ਵਿਚ ਵੀ ਉਨ੍ਹਾਂ ਨੇ ਯੋਗਦਾਨ ਪਾਇਆ। ਰਾਸ਼ਟਰੀ ਪੁਰਸਕਾਰ ਪ੍ਰਾਪਤ ਫ਼ਿਲਮ ‘ਚੰਨ ਪ੍ਰਦੇਸੀ’ ਲਈ ਜਾਗੋ ਨਾਚ ਦੀ ਕੰਪੋਜੀਸ਼ਨ ਤੇ ਕੋਰੀਓਗ੍ਰਾਫ਼ੀ ਕੀਤੀ। ਏਸੇ ਤਰ੍ਹਾਂ ਸਾਗਰ ਸਰਹੱਦੀ ਦੀਆਂ ਬਹੁ-ਭਾਸ਼ਾਈ ਫ਼ਿਲਮਾਂ ‘ਵਗਦੇ ਪਾਣੀ’ ਤੇ ‘ਅਗਲਾ ਮੌਸਮ’ ਲਈ ਵੀ ਕੋਰੀਓਗ੍ਰਾਫ਼ੀ ਕੀਤੀ।
ਪੰਜਾਬ ਕਲਾ ਪ੍ਰੀਸ਼ਦ ਨੂੰ ਕਲਾਕਾਰਾਂ ਦੀ ਪਾਰਲੀਮੈਂਟ ਬਣਾਉਣਾ ਅਤੇ ਹੈਰੀਟੇਜ ਭਵਨ ਦੀ ਉਸਾਰੀ ਉਨ੍ਹਾਂ ਦਾ ਸੁਪਨਾ ਸੀ, ਜੋ ਅਧੂਰਾ ਰਹਿ ਗਿਆ। ਪ੍ਰੋ. ਰਾਜਪਾਲ ਸਿੰਘ ਹੋਰਾਂ ਦੇ ਜੀਵਨ ਸਫ਼ਰ ਦੌਰਾਨ ਇਕ ਅਜਿਹਾ ਮੋੜ ਆਇਆ ਜਿੱਥੇ ਪ੍ਰੋ. ਕੁਲਦੀਪ ਕੌਰ ਟਿਵਾਣਾ ਉਨ੍ਹਾਂ ਦੇ ਹਮਸਫ਼ਰ ਬਣੇ। ਲੋਕਨਾਚ ਗਿੱਧੇ ਦੀ ਮਾਹਿਰ ਹੋਣ ਕਾਰਨ ਪ੍ਰੋ. ਟਿਵਾਣਾ ਨੇ ਵੱਖ ਵੱਖ ਕਾਲਜਾਂ ਵਿਚ ਆਪਣੀ ਸੇਵਾ ਦੌਰਾਨ ਗਿੱਧੇ ਦੀਆਂ ਟੀਮਾਂ ਤਿਆਰ ਕੀਤੀਆਂ। ਪ੍ਰੋ. ਰਾਜਪਾਲ ਹੋਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬੀ ਸੱਭਿਆਚਾਰ, ਲੋਕ ਨਾਚਾਂ ਅਤੇ ਲੋਕ ਸੰਗੀਤ ਦੀ ਪ੍ਰਫੁੱਲਤਾ ਲਈ ਭਰਪੂਰ ਯਤਨ ਕੀਤੇ। ਉਨ੍ਹਾਂ ਨੇ 2010 ਤੋਂ 2013 ਤਕ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੀ ਬਤੌਰ ਸਕੱਤਰ ਡਿਊਟੀ ਨਿਭਾਈ। ਪ੍ਰੋ. ਸਾਹਿਬ ਨਾਲ ਮਿਲਕੇ ਵਿਰਾਸਤ ਭਵਨ ਦਾ ਨਿਰਮਾਣ ਕਰਵਾਇਆ। ਇਸ ਜੋੜੇ ਦਾ ਇਕਲੌਤਾ ਬੇਟਾ ਗੋਰਕੀ ਆਸਟਰੇਲੀਆ ਵਿਖੇ ਰਹਿ ਰਿਹਾ ਹੈ।
ਸੰਪਰਕ: 84271-00341