ਪ੍ਰੋ. ਨਵ ਸੰਗੀਤ ਸਿੰਘ
ਭਾਰਤ ਦੀ ਉੱਘੀ ਸ਼ਾਸਤਰੀ ਨ੍ਰਤਕੀ ਮ੍ਰਿਣਾਲਿਨੀ ਸਾਰਾਭਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿਖੇ ਪਿਤਾ ਸਵਾਮੀਨਾਥਨ ਤੇ ਮਾਤਾ ਅੰਮੂ ਦੇ ਘਰ ਹੋਇਆ। ਇਸ ਪਰਿਵਾਰ ਨੇ ਆਪੋ-ਆਪਣੇ ਖੇਤਰਾਂ ਵਿਚ ਬੜੇ ਮਹੱਤਵਪੂਰਨ ਕਾਰਜ ਕੀਤੇ। ਮ੍ਰਿਣਾਲਿਨੀ ਦੇ ਪਿਤਾ ਮਦਰਾਸ ਹਾਈਕੋਰਟ ਦੇ ਪ੍ਰਸਿੱਧ ਵਕੀਲ ਹੋਣ ਦੇ ਨਾਲ-ਨਾਲ ਮਦਰਾਸ ਲਾਅ ਕਾਲਜ ਦੇ ਪ੍ਰਿੰਸੀਪਲ ਵੀ ਰਹੇ। ਮਾਂ ਅੰਮੂ ਆਪਣੇ ਸਮੇਂ ਦੀ ਸਿਰਕੱਢ ਔਰਤ ਸੀ, ਜਿਸ ਨੇ ਜੰਗੇ-ਆਜ਼ਾਦੀ ਵਿਚ ਭਰਪੂਰ ਯੋਗਦਾਨ ਦਿੱਤਾ। ਮ੍ਰਿਣਾਲਿਨੀ ਦੀ ਵੱਡੀ ਭੈਣ ਲਕਸ਼ਮੀ ਸਹਿਗਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਸਥਾਪਤ ਆਜ਼ਾਦ ਹਿੰਦ ਫ਼ੌਜ (ਇੰਡੀਅਨ ਨੈਸ਼ਨਲ ਆਰਮੀ) ਵਿਚ ‘ਰਾਣੀ ਝਾਂਸੀ ਰੈਜੀਮੈਂਟ’ ਦੀ ਕਮਾਂਡਰ-ਇਨ-ਚੀਫ ਸੀ। ਉਸ ਦਾ ਵੱਡਾ ਭਰਾ ਗੋਵਿੰਦ ਸਵਾਮੀਨਾਥਨ ਆਪਣੇ ਪਿਤਾ ਵਾਂਗ ਹੀ ਮਦਰਾਸ ਦਾ ਪ੍ਰਸਿੱਧ ਵਕੀਲ ਰਿਹਾ, ਜਿਸ ਨੂੰ ਸੰਵਿਧਾਨਕ ਅਤੇ ਕ੍ਰਿਮੀਨਲ ਲਾਅ ਦੇ ਨਾਲ-ਨਾਲ ਸਿਵਲ ਅਤੇ ਕੰਪਨੀ ਲਾਅ ਵਿਚ ਵੀ ਕਾਫ਼ੀ ਮੁਹਾਰਤ ਸੀ। ਉਸ ਨੇ ਮਦਰਾਸ ਦੇ ਅਟਾਰਨੀ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ।
ਮ੍ਰਿਣਾਲਿਨੀ ਨੇ ਆਪਣੇ ਕਾਰਜ-ਖੇਤਰ ਵਿਚ ਕਲਾਸੀਕਲ ਡਾਂਸਰ, ਕੋਰੀਓਗ੍ਰਾਫਰ ਅਤੇ ਇੰਸਟਰੱਕਟਰ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਸ ਨੇ ਆਪਣਾ ਬਚਪਨ ਸਵਿਟਜ਼ਰਲੈਂਡ ਵਿਖੇ ਬਿਤਾਇਆ, ਜਿੱਥੇ ਉਸ ਨੇ ਡੈਲਕਰੋਜ਼ ਸਕੂਲ ਵਿਚ ਪੜ੍ਹਾਈ ਕੀਤੀ। ਇਸ ਸਕੂਲ ਵਿਚ ਪੱਛਮੀ ਸ਼ੈਲੀ ਦੀਆਂ ਨ੍ਰਿਤ-ਮੁਦਰਾਵਾਂ ਸਿਖਾਈਆਂ ਜਾਂਦੀਆਂ ਸਨ। ਕੁਝ ਸਮਾਂ ਉਸ ਨੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਦੇਖਰੇਖ ਹੇਠ ਸ਼ਾਂਤੀ ਨਿਕੇਤਨ ਵਿਖੇ ਵੀ ਪੜ੍ਹਾਈ ਕੀਤੀ। ਉਹ ਅਮਰੀਕਾ ਦੀ ਅਮੈਰਿਕਨ ਅਕੈਡਮੀ ਆਫ਼ ਡਰਾਮੈਟਿਕ ਆਰਟਸ ਵਿਚ ਵੀ ਪੜ੍ਹਦੀ ਰਹੀ। ਭਾਰਤ ਵਿਚ ਉਸ ਨੇ ਦੱਖਣ-ਭਾਰਤੀ ਕਲਾਸੀਕਲ ਨ੍ਰਿਤ ਸ਼ੈਲੀਆਂ ਦੀ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਵਿਚ ਭਰਤ-ਨਾਟਿਅਮ ਅਤੇ ਕਥਾਕਲੀ ਨ੍ਰਿਤ ਪ੍ਰਮੁੱਖ ਸਨ। ਇਨ੍ਹਾਂ ਸ਼ੈਲੀਆਂ ਵਿਚ ਪ੍ਰਵੀਨ ਹੋਣ ਲਈ ਉਹਨੇ ਕ੍ਰਮਵਾਰ ਮੀਨਾਕਸ਼ੀ ਸੁੰਦਰ ਪਿੱਲੈ ਅਤੇ ਤਕਸ਼ੀ ਕੁੰਚੂ ਕੁਰੂਪ ਦੀ ਸ਼ਾਗਿਰਦੀ ਕਬੂਲ ਕੀਤੀ।
1942 ਵਿਚ ਮ੍ਰਿਣਾਲਿਨੀ ਦਾ ਵਿਆਹ ਭਾਰਤੀ ਸਪੇਸ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਨਾਲ ਹੋ ਗਿਆ, ਜਿਨ੍ਹਾਂ ਨੇ ਮ੍ਰਿਣਾਲਿਨੀ ਨੂੰ ਆਪਣੀਆਂ ਗਤੀਵਿਧੀਆਂ ਲਈ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਮ੍ਰਿਣਾਲਿਨੀ ਦੇ ਦੋ ਬੱਚੇ ਹਨ: ਬੇਟੀ ਮਲਿਕਾ ਅਤੇ ਬੇਟਾ ਕਾਰਤੀਕੇਯ। ਇਨ੍ਹਾਂ ਦੋਹਾਂ ਬੱਚਿਆਂ ਨੇ ਵੀ ਮਾਂ ਵਾਂਗ ਨ੍ਰਿਤ ਅਤੇ ਥੀਏਟਰ ਵਿਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 1948 ਵਿਚ ਮ੍ਰਿਣਾਲਿਨੀ ਨੇ ਅਹਿਮਦਾਬਾਦ ਵਿਖੇ ‘ਦਰਪਣ’ ਨਾਮ ਦੀ ਪਰਫਾਰਮਿੰਗ ਆਰਟਸ ਦੀ ਅਕੈਡਮੀ ਸ਼ੁਰੂ ਕੀਤੀ। ਇਕ ਸਾਲ ਪਿੱਛੋਂ ਉਸ ਨੇ ਪੈਰਿਸ ਦੇ ‘ਥੀਏਟਰ ਡੀ ਚੈਲੀਅਟ’ ਵਿਚ ਆਪਣੀ ਪੇਸ਼ਕਾਰੀ ਦਿੱਤੀ, ਜਿਸ ਦੀ ਕਾਫ਼ੀ ਪ੍ਰਸੰਸਾ ਹੋਈ। ਉਸ ਨੇ ਕਰੀਬ 300 ਨ੍ਰਿਤ-ਪੇਸ਼ਕਾਰੀਆਂ ਲਈ ਕੋਰੀਓਗ੍ਰਾਫੀ ਕੀਤੀ। ਇਸ ਦੇ ਨਾਲ-ਨਾਲ ਉਹਨੇ ਬੱਚਿਆਂ ਲਈ ਵੀ ਬਹੁਤ ਸਾਰੇ ਨਾਵਲ, ਕਹਾਣੀਆਂ, ਕਵਿਤਾਵਾਂ ਤੇ ਨਾਟਕਾਂ ਦੀ ਰਚਨਾ ਕੀਤੀ। ਉਹ ‘ਗੁਜਰਾਤ ਸਟੇਟ ਹੈਂਡੀਕਰਾਫਟਸ ਐਂਡ ਹੈਂਡਲੂਮ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮਟਿਡ’ ਅਤੇ ‘ਨਹਿਰੂ ਫਾਊਂਡੇਸ਼ਨ ਫਾਰ ਡਿਵੈੱਲਪਮੈਂਟ’ ਦੀ ਚੇਅਰਪਰਸਨ ਵੀ ਰਹੀ। ਉਹ ਗਾਂਧੀਵਾਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੇ ‘ਸਰਵੋਦਯ ਇੰਟਰਨੈਸ਼ਨਲ ਟਰੱਸਟ’ ਦੀ ਟਰੱਸਟੀ ਵੀ ਰਹੀ। ਉਸ ਦੀ ਸਵੈਜੀਵਨੀ ‘ਮ੍ਰਿਣਾਲਿਨੀ ਸਾਰਾਭਾਈ: ਦਿ ਵੌਇਸ ਆਫ ਦਿ ਹਾਰਟ’ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਮ੍ਰਿਣਾਲਿਨੀ ਨੂੰ ਉਸ ਦੇ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ 1965 ਵਿਚ ‘ਪਦਮ ਸ਼੍ਰੀ’ ਅਤੇ 1992 ਵਿਚ ‘ਪਦਮ ਭੂਸ਼ਨ’ ਦੇ ਕੇ ਸਨਮਾਨਿਤ ਕੀਤਾ ਗਿਆ। 1997 ਵਿਚ ਉਸ ਨੂੰ ਯੂਨੀਵਰਸਿਟੀ ਆਫ ਈਸਟ ਐਂਗਲੀਆ, ਨੌਰਵਿਚ, ਯੂਕੇ ਵੱਲੋਂ ‘ਡਾਕਟਰ ਆਫ ਲੈਟਰਜ਼’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾਂਸ ਫਰੈਂਚ ਆਰਕਾਈਵਜ਼ ਤੋਂ ਮੈਡਲ ਅਤੇ ਡਿਪਲੋਮਾ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਸੀ। 1990 ਵਿਚ ਉਸ ਨੂੰ ਪੈਰਿਸ ਦੀ ਅੰਤਰਰਾਸ਼ਟਰੀ ਡਾਂਸ ਕੌਂਸਲ ਦੀ ਐਗਜ਼ੀਕਿਊਟਿਵ ਕਮੇਟੀ ਲਈ ਨਾਮਜ਼ਦ ਕੀਤਾ ਗਿਆ। 1994 ਵਿਚ ਸੰਗੀਤ ਨਾਟਕ ਅਕੈਡਮੀ, ਨਵੀਂ ਦਿੱਲੀ ਵੱਲੋਂ ਮ੍ਰਿਣਾਲਿਨੀ ਨੂੰ ਫੈਲੋਸ਼ਿਪ ਦਿੱਤੀ ਗਈ। ਮੈਕਸੀਕੋ ਦੀ ਬੈਲੇ ਫੋਕਲੋਰਿਕੋ ਲਈ ਉਸ ਨੂੰ ਮੈਕਸੀਕਨ ਸਰਕਾਰ ਵੱਲੋਂ ਗੋਲਡ ਮੈਡਲ ਭੇਟ ਕੀਤਾ ਗਿਆ। 28 ਦਸੰਬਰ 1998 ਨੂੰ ‘ਦਰਪਣ ਅਕੈਡਮੀ ਆਫ ਪ੍ਰਫਾਰਮਿੰਗ ਆਰਟਸ’ ਨੇ ਆਪਣੀ ਗੋਲਡਨ ਜੁਬਲੀ ਸਮੇਂ ਕਿਸੇ ਸ਼ਖ਼ਸੀਅਤ ਨੂੰ ਕਲਾਸੀਕਲ ਨ੍ਰਿਤ ਦੇ ਖੇਤਰ ਵਿਚ ‘ਮ੍ਰਿਣਾਲਿਨੀ ਸਾਰਾਭਾਈ ਐਵਾਰਡ ਫਾਰ ਕਲਾਸੀਕਲ ਐਕਸੀਲੈਂਸ’ ਹਰ ਵਰ੍ਹੇ ਦੇਣ ਦਾ ਐਲਾਨ ਕੀਤਾ।
ਮੌਤ ਤੋਂ ਇਕ ਦਿਨ ਪਹਿਲਾਂ ਹੀ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਅਗਲੇ ਹੀ ਦਿਨ 21 ਜਨਵਰੀ 2016 ਨੂੰ ਕਰੀਬ 97½ ਸਾਲ ਦੀ ਉਮਰ ਵਿਚ ਅਹਿਮਦਾਬਾਦ (ਗੁਜਰਾਤ) ਵਿਖੇ ਮ੍ਰਿਣਾਲਿਨੀ ਦਾ ਦੇਹਾਂਤ ਹੋ ਗਿਆ। ਮ੍ਰਿਣਾਲਿਨੀ ਨੂੰ ਉਹਦੇ ਜਾਣਕਾਰ ‘ਅੰਮਾ’ ਕਹਿ ਕੇ ਬੁਲਾਉਂਦੇ ਸਨ। ਉਸ ਦੀ ‘ਦਰਪਣ’ ਅਕੈਡਮੀ ਵੱਲੋਂ ਹੁਣ ਤਕ ਕਰੀਬ ਅਠਾਰਾਂ ਹਜ਼ਾਰ ਵਿਦਿਆਰਥੀਆਂ ਨੂੰ ਸ਼ਾਸਤਰੀ ਨ੍ਰਿਤ ਦੀ ਸਿੱਖਿਆ ਦਿੱਤੀ ਜਾ ਚੁੱਕੀ ਹੈ। ਭਾਰਤੀ ਸ਼ਾਸਤਰੀ ਨ੍ਰਿਤ ਸ਼ੈਲੀ ਦੇ ਖੇਤਰ ਵਿਚ ਮ੍ਰਿਣਾਲਿਨੀ ਦਾ ਨਾਂ ਹਮੇਸ਼ਾਂ ਅਮਰ ਰਹੇਗਾ।
ਸੰਪਰਕ: 94176-92015