ਡਾ. ਪ੍ਰਿਤਪਾਲ ਸਿੰਘ ਮਹਿਰੋਕ
ਗੁਰੂ ਤੋਂ ਬਾਅਦ ਮਾਂ ਦਾ ਰਿਸ਼ਤਾ ਸਰਵੋਤਮ ਮੰਨਿਆ ਜਾਂਦਾ ਹੈ। ਕਹਿੰਦੇ ਹਨ ਗੁਰੂ ਦੀ ਕਿਰਪਾ ਤੇ ਮਾਂ ਦੀ ਅਸੀਸ ਮਨੁੱਖ ਦਾ ਜੀਵਨ ਸੰਵਾਰ ਦਿੰਦੀ ਹੈ। ਰੱਬ ਮਾਂ ਦੇ ਰੂਪ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੰਦਾ ਹੈ। ਬੱਚਿਆਂ ਲਈ ਮਾਂ ਦਾ ਰਿਸ਼ਤਾ ਪੂਜਣਯੋਗ ਹੁੰਦਾ ਹੈ। ਇਕ ਬੱਚੇ ਲਈ ਦੁਨੀਆਂ ਦੀ ਸਭ ਤੋਂ ਵੱਧ ਪਿਆਰੀ ਤੇ ਖ਼ੂਬਸੂਰਤ ਔਰਤ ਉਸ ਦੀ ਮਾਂ ਹੀ ਹੁੰਦੀ ਹੈ। ਮਾਂ ਤੇ ਪੁੱਤ ਅਤੇ ਮਾਂ ਤੇ ਧੀ ਦੇ ਪਿਆਰ ਦੇ ਸਮਤੁਲ ਹੋਰ ਕੋਈ ਪਿਆਰ ਨਹੀਂ ਹੁੰਦਾ। ਮਾਂ ਤੇ ਧੀ ਦੇ ਪਿਆਰ ਦੀ ਗਹਿਰਾਈ, ਸ਼ਿੱਦਤ ਤੇ ਘਣਤਾ ਨੂੰ ਨਾਪਣਾ-ਤੋਲਣਾ ਕਠਿਨ ਹੈ। ਧੀ ਦੇ ਬਾਲਪਨ ਦੀ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਅਵਸਥਾ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਨ ਦੀ ਅਵਸਥਾ, ਵਿਆਹੇ ਜਾਣ ਤੇ ਵਿਆਹ ਹੋ ਜਾਣ ਪਿੱੱਛੋਂ ਦੀ ਅਵਸਥਾ ਦੇ ਵੱਖ-ਵੱਖ ਪੜਾਅ ਜ਼ਰੂਰ ਹਨ, ਪਰ ਹਰੇਕ ਸਮੇਂ ਮਾਂ ਅਤੇ ਧੀ ਦੇ ਪਿਆਰ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਵੇਖਿਆ ਜਾ ਸਕਦਾ ਹੈ।
ਮਾਵਾਂ ਤੇ ਠੰਢੀਆਂ ਛਾਵਾਂ
ਮੈਂ ਮਾਂ ਦੀ ਧੀ ਸਦਵਾਵਾਂ…
ਕਹਿੰਦੇ ਹਨ ਇਕ ਮਾਂ ਆਪਣਾ ਬਚਪਨ ਆਪਣੀ ਬੇਟੀ ਵਿਚੋਂ ਦੇਖਦੀ ਹੈ। ਵੇਖਦਿਆਂ-ਵੇਖਦਿਆਂ ਉਹ ਕੋਮਲ ਪਰੀ ਉਸ ਦੀ ਦੋਸਤ, ਉਸ ਦੀ ਸਹੇਲੀ, ਉਸ ਦੀ ਭੈਣ ਵੀ ਬਣ ਜਾਂਦੀ ਹੈ। ਮਾਂ ਤੇ ਧੀ ਨਾਲੋਂ ਵਧੀਆ ਦੋਸਤੀ ਹੋਰ ਕਿਧਰੇ ਘੱਟ ਹੀ ਵੇਖਣ ਨੂੰ ਮਿਲਦੀ ਹੋਵੇਗੀ। ਮਾਂ ਵੱਲੋਂ ਦਿੱਤੀ ਸਕਾਰਾਤਮਕ ਸੇਧ ਸਾਰੀ ਉਮਰ ਲਈ ਉਸ ਦੀ ਧੀ ਦੇ ਰਾਹ ਰੁਸ਼ਨਾਉਂਦੀ ਰਹਿੰਦੀ ਹੈ। ਸਮਾਜ ਵਿਗਿਆਨ, ਸਮਾਜ ਸ਼ਾਸਤਰ ਤੇ ਲੋਕਾਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਸੂਝ ਪੂਰਵਕ ਗੱਲਾਂ ਮਾਂ ਹੀ ਆਪਣੀ ਧੀ ਨੂੰ ਸਮਝਾਉਂਦੀ ਹੈ। ਮਾਂ ਆਪਣੇ ਜੀਵਨ ਦੇ ਵਧੀਆ ਨਿਰਣੇ ਆਪਣੀ ਧੀ ਉੱਪਰ ਲਾਗੂ ਕਰਨ ਦੇ ਯਤਨ ਵਿਚ ਹੁੰਦੀ ਹੈ ਤਾਂ ਜੋ ਧੀ ਜੀਵਨ ਵਿਚ ਕਾਮਯਾਬ ਹੋਣ ਲਈ ਉਨ੍ਹਾਂ ਤੋਂ ਸੇਧ ਹਾਸਲ ਕਰ ਸਕੇ। ਪੰਜਾਬੀ ਲੋਕ ਗੀਤਾਂ ਵਿਚ ਮਾਵਾਂ-ਧੀਆਂ ਦਰਮਿਆਨ ਲੰਮੀਆਂ/ਗੂੜ੍ਹੀਆਂ ਗੱਲਾਂ ਚੱਲਦੀਆਂ ਹਨ:
* ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ
ਕੋਈ ਕਰਦੀਆਂ ਗੱਲੜੀਆਂ
ਕਣਕਾਂ ਲੰਮੀਆਂ,
ਧੀਆਂ ਕਿਉਂ ਜੰਮੀਆਂ ਨੀਂ ਮਾਏ…
* ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ
ਕਣਕਾਂ ਨਿਸਰੀਆਂ, ਧੀਆਂ ਕਿਉਂ ਵਿਸਰੀਆਂ, ਮਾਏ…
ਮਾਂ ਤੇ ਧੀ ਦਾ ਰਿਸ਼ਤਾ ਬੇਤੋਲ, ਬੇਜੋੜ, ਅਣਮੇਲ, ਲਾਸਾਨੀ ਤੇ ਗੂੜ੍ਹਾ ਰਿਸ਼ਤਾ ਬਣ ਕੇ ਪ੍ਰਗਟ ਹੁੰਦਾ ਹੈ। ਇਸ ਰਿਸ਼ਤੇ ਨਾਲੋਂ ਵਧੇਰੇ ਆਪਣੇਪਣ ਦਾ ਅਹਿਸਾਸ, ਨੇੜਤਾ ਤੇ ਨਿੱਘ ਹੋਰ ਕਿਸੇ ਰਿਸ਼ਤੇ ਵਿਚ ਨਹੀਂ ਹੁੰਦਾ ਹੋਵੇਗਾ। ‘ਮਾਂ ਵਰਗਾ ਘਣ ਛਾਵਾਂ ਬੂਟਾ’ ਹੋਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਮਾਂ ਆਪਣੀ ਧੀ ਲਈ ਰੱਖਿਆ ਪ੍ਰਦਾਤੀ ਹੁੰਦੀ ਹੈ। ਮਾਂ ਉਸ ਲਈ ਬਿਹਤਰੀਨ ਅਧਿਆਪਕ ਤੇ ਨਿਗਰਾਨ ਹੁੰਦੀ ਹੈ। ਧੀ ਨੂੰ ਉਹ ਨੈਤਿਕ ਤੇ ਸਮਾਜਿਕ ਸਿੱਖਿਆ ਪ੍ਰਦਾਨ ਕਰਦੀ ਹੈ। ਕਿਸੇ ਮੁਸੀਬਤ ਵੇਲੇ, ਦੁੱਖ ਦੇ ਵਕਤ ਜਾਂ ਸੰਕਟ ਦੀ ਘੜੀ ਵਿਚ ਧੀ-ਪੁੱਤਰ ਨੂੰ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਅਜਿਹੇ ਸਮੇਂ ‘ਹਾਇ ਰੱਬਾ’ ਜਾਂ ‘ਹਾਇ ਮਾਂ’ ਹੀ ਮੂੰਹੋਂ ਨਿਕਲਣ ਵਾਲੇ ਸਭ ਤੋਂ ਪਿਆਰੇ ਸ਼ਬਦ ਹੁੰਦੇ ਹਨ। ਧੀ ਨੂੰ ਪਤਾ ਹੈ ਕਿ ਉਸ ਨੇ ਆਪਣੀ ਮਾਂ ਦੇ ਘਰ ਸਦਾ ਨਹੀਂ ਬੈਠੀ ਰਹਿਣਾ, ਫਿਰ ਵੀ ਧੀ ਨੂੰ ਦਿਲਾਸਾ ਹੈ ਕਿ ਮਾਂ ਦੇ ਨਾਲ ਹੀ ਉਸ ਦਾ ਜਹਾਨ ਵੱਸਦਾ ਹੈ। ਮਾਂ ਨੂੰ ਮੁਖ਼ਾਤਬਿ ਹੁੰਦਿਆਂ ਉਹ ਕਹਿੰਦੀ ਹੈ:
* ਮਾਏ ਨੀਂ ਸੁਣ ਮੇਰੀਏ ਮਾਏ, ਨਾ ਕਰ ਮੇਰੀ ਮੇਰੀ ਨੀਂ
ਇਹ ਧੀਆਂ ਦਿਨ ਚਾਰ ਦਿਹਾੜੇ
ਜੋਗੀ ਵਾਲੀ ਫੇਰੀ ਨੀਂ
ਮਾਏ ਨੀਂ ਸੁਣ ਮੇਰੀਏ ਮਾਏ, ਪਏ ਵਿਛੋੜੇ ਭਾਰੀ ਨੀਂ
ਵਾਲ ਗੋਰੀ ਦੇ ਬਿਸੀਅਰ ਕਾਲੇ
ਜ਼ੁਲਫ਼ਾਂ ਲੈਣ ਹੁਲਾਰੇ ਨੀਂ…
* ਮਾਏ ਪੀਲੀ ਪੀਲੀ ਛੋਲਿਆਂ ਦੀ ਦਾਲ
ਕੋਈ ਨੀਂ ਪ੍ਰਾਹੁਣਾ ਆ ਨੀਂ ਗਿਆ…
ਮਾਂ ਦਾ ਪਿਆਰ ਕਾਗਜ਼ ਦੇ ਕਿਸੇ ਪੁਰਜ਼ੇ ਉੱਪਰ ਲਿਖੇ ਸਵਾਲ ਜਾਂ ਉਸ ਦੇ ਜਵਾਬ ਦਾ ਮੁਥਾਜ ਨਹੀਂ ਹੁੰਦਾ। ਮਾਂ ਦਾ ਪਿਆਰ ਤਾਂ ਸਮੁੰਦਰ ਜਿੰਨੀ ਗਹਿਰਾਈ ਤੇ ਆਸਮਾਨ ਜਿੰਨੀ ਵਿਸ਼ਾਲਤਾ ਜਿਹਾ ਹੁੰਦਾ ਹੈ। ਮਾਂ ਸਿਰਫ਼ ‘ਮਾਂ’ ਹੀ ਹੋ ਸਕਦੀ ਹੈ। ਵਿਗਿਆਨ ਨੇ ਅਜੇ ਤਕ ਮਾਂ ਦੇ ਪਿਆਰ ਦੀ ਗਹਿਰਾਈ ਤੇ ਵਿਸ਼ਾਲਤਾ ਨੂੰ ਨਾਪਣ ਵਾਲਾ ਕੋਈ ਯੰਤਰ ਤਿਆਰ ਨਹੀਂ ਕੀਤਾ। ਮਾਂ ਦੇ ਪਿਆਰ ਭਰੇ ਬੋਲਾਂ ਦੀ ਕੀਮਤ ਤੇ ਮਹੱਤਵ ਕੋਈ ਉਨ੍ਹਾਂ ਬੱਚਿਆਂ ਕੋਲੋਂ ਪੁੱਛੇ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੁੰਦੀਆਂ। ਸੁਭਾਗਿਆਂ ਨੂੰ ਮਿਲਦਾ ਹੈ ਮਾਂ ਦਾ ਅਦੁੱਤੀ ਪਿਆਰ! ਕਿੰਨੀ ਮਧੁਰ ਤੇ ਕਾਲਜੇ ਨੂੰ ਧੂਹ ਪਾਉਣ ਵਾਲੀ ਹੁੰਦੀ ਹੈ ਮਾਂ ਦੀ ਮਧੁਰ ਆਵਾਜ਼ ! ਧੀ ਵਾਸਤੇ ਮਾਂ ਦੇ ਪਿਆਰ ਦਾ ਹੋਰ ਕੋਈ ਬਦਲ ਹੁੰਦਾ ਹੀ ਨਹੀਂ :
ਪੀਹ ਪੀਹ ਕੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ ਵੇ
ਕੋਈ ਪੁੱਛਦਾ ਨਾ ਬਾਤਾਂ…
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ…
ਮਾਂ ਬਹੁਤ ਭਾਵੁਕ, ਸੰਵੇਦਨਸ਼ੀਲ ਤੇ ਨਾਜ਼ੁਕ ਤਬੀਅਤ ਦੀ ਮਾਲਕ ਹੁੰਦੀ ਹੈ। ਉਹ ਆਪਣੇ ਬੱਚਿਆਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ। ਬੱਚੇ ਦਾ ਦੁੱਖ ਸੁਣ/ਵੇਖ ਕੇ ਮਾਂ ਦਾ ਮੋਮ ਵਰਗਾ ਦਿਲ ਪਿਘਲ ਜਾਂਦਾ ਹੈ। ਮਾਂ-ਪੁੱਤ ਦੇ ਪਿਆਰ, ਮਾਵਾਂ-ਧੀਆਂ ਦੀ ਦੋਸਤੀ, ਅੰਮੜੀ ਦੀਆਂ ਝਿੜਕਾਂ ਆਦਿ ਦੀਆਂ ਗੱਲਾਂ ਜਗਤ ਪ੍ਰਸਿੱਧ ਹਨ। ਮਾਂ ਹਰੇਕ ਪਲ ਆਪਣੇ ਬੱਚੇ ਦੇ ਸਵਾਸਾਂ ਵਿਚ ਹਾਜ਼ਰ ਰਹਿੰਦੀ ਹੈ। ਮਾਂ ਨੂੰ ਰੱਬ ਦਾ ਰੂਪ ਕਹਿ ਕੇ ਵਡਿਆਇਆ ਜਾਂਦਾ ਹੈ ਤੇ ਉਸ ਨੂੰ ਸਨਮਾਨ ਦਿੱਤਾ ਜਾਂਦਾ ਹੈ। ਮਾਂ ਦੇ ਪਿਆਰ ਦੀ ਟੋਹ ਨੂੰ, ਮਮਤਾ ਦੇ ਨਿੱਘ ਨੂੰ ਕੇਵਲ ਉਸ ਦੇ ਧੀਆਂ-ਪੁੱਤਰ ਹੀ ਸਮਝ ਸਕਦੇ ਹਨ। ਬੱਚਿਆਂ ਦਾ ਰੋਮ-ਰੋਮ ਮਾਂ ਦੇ ਪਿਆਰ ਦਾ ਰਿਣੀ ਹੁੰਦਾ ਹੈ। ਪੰਜਾਬੀ ਲੋਕ-ਗੀਤਾਂ ਵਿਚ ਮਾਵਾਂ-ਧੀਆਂ ਆਪਣੇ ਦੁੱਖ-ਸੁੱਖ ਫਰੋਲਦੀਆਂ ਹਨ:
* ਮਾਏ ਪੀੜ੍ਹੀ ਬੈਠੀਏ ਨੀਂ ਧੀਆਂ ਕਿਉਂ ਦਿੱਤੀਆਂ ਦੂਰ,
ਸਾਵਣ ਆਇਆ…
ਮਹਿਲ ਹੇਠ ਮੇਰੀ ਮਾਂ ਖੜ੍ਹੀ ਸੁਣ ਸੁਣ ਨੈਣ ਭਰੇ
ਨਾ ਰੋ ਅੰਮੜੀ ਮੇਰੀਏ ਧੀਆਂ ਦੇ ਦੁੱਖ ਬੁਰੇ…
* ਕਾਲੇ ਖੰਭ ਨੇ ਕਾਵਾਂ ਦੇ, ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ…
ਬਹੁਤੇ ਪੰਜਾਬੀ ਲੋਕ ਗੀਤਾਂ ਨੇ ਸਮੇਂ ਦੇ ਭਾਵੁਕ ਵੇਗ ਵਿਚੋਂ ਜਨਮ ਲਿਆ ਹੁੰਦਾ ਹੈ। ਅਜਿਹਾ ਇਕ ਲੰਮਾ ਲੋਕ ਗੀਤ ਮਾਂ-ਧੀ ਦੇ ਪਿਆਰ ਦਾ ਪ੍ਰਗਟਾਵਾ ਵੀ ਕਰਦਾ ਹੈ ਤੇ ਉਨ੍ਹਾਂ ਦੇ ਦਿਲਾਂ ਦੀ ਹੂਕ ਬਣ ਕੇ ਵੀ ਪ੍ਰਗਟ ਹੁੰਦਾ ਹੈ:
* ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਂ
ਰਵ੍ਹਾਂ ਬਾਬਲ ਦੀ ਬਣ ਕੇ ਗੋਲੀ ਨੀਂ ਮਾਂ
ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀਂ ਮਾਂ
ਮੈਂ ਚੱਲੀ ਬੇਗਾਨੇ ਦੇਸ ਨੀਂ ਮਾਂ
ਮੇਰੀ ਡੋਲੀ ਨੂੰ ਹੋਰ ਛੁਪਾ ਕੇ ਨੀਂ ਮਾਂ
ਧੀਆਂ ਕੱਢਣ ਘਰੋਂ ਹੱਥੀਂ ਮਾਪੇ ਨੀਂ ਮਾਂ…
* ਕਲੀਆਂ : ਮਾਵਾਂ ਧੀਆਂ ਮਿਲਣ ਲੱਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ…
ਸਮਾਜਿਕ ਦ੍ਰਿਸ਼ ਦੀਆਂ ਕੁਝ ਝਾਕੀਆਂ ਬਹੁਤ ਖ਼ੂਬਸੂਰਤ ਵੀ ਹਨ, ਮਨਮੋਹਕ ਵੀ ਹਨ; ਘਿਣਾਉਣੀਆਂ ਵੀ ਹਨ, ਡਰਾਉਣੀਆਂ ਵੀ ਹਨ, ਸਹਿਮ ਪੈਦਾ ਕਰਨ ਵਾਲੀਆਂ ਵੀ ਹਨ ਤੇ ਚਿੰਤਾ ਵਿਚ ਡੁਬੋ ਦੇਣ ਵਾਲੀਆਂ ਵੀ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੀ ਚੰਦਰੀ ਹਵਾ ਚੱਲੀ ਹੈ ਕਿ ਕਈ ਹਾਲਤਾਂ ਵਿਚ ਰਿਸ਼ਤਿਆਂ ਦਾ ਬਹੁਤ ਬੁਰੀ ਤਰ੍ਹਾਂ ਘਾਣ ਹੋਇਆ ਹੈ। ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਕਲੰਕਿਤ ਹੋ ਰਹੇ ਰਿਸ਼ਤਿਆਂ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ। ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਕਿਸੇ ਕੁਲਹਿਣੀ ਮਾਂ ਨੇ ਆਪਣੀਆਂ ਦੋ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਮੁਕਾਇਆ, ਕਿਸੇ ਕਲਯੁੱਗੀ ਧੀ ਨੇ ਆਪਣੀ ਵਿਧਵਾ ਮਾਂ ਨੂੰ ਜਿਉਂਦੀ ਨੂੰ ਸਾੜ ਦਿੱਤਾ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ‘ਚੁਬਾਰੇ ਦੀਆਂ ਚਾਰੇ ਕੰਧਾਂ ਹੀ ਨਹੀਂ ਹਿੱਲਦੀਆਂ’ ਸਗੋਂ ਭੂਚਾਲ ਆ ਜਾਂਦਾ ਹੈ। ਸਮਾਜਿਕ ਤਾਣਾ-ਬਾਣਾ ਡੋਲਣ ਲੱਗਦਾ ਹੈ। ਇਨਸਾਨੀਅਤ ਸ਼ਰਮਿੰਦਗੀ ਵਿਚ ਡੁੱਬਣ ਲੱਗਦੀ ਹੈ। ਅਜਿਹੀਆਂ ਨਾਖੁਸ਼ਗਵਾਰ ਘਟਨਾਵਾਂ ਸਮਾਜ ਦਾ ਮੂੰਹ ਚਿੜ੍ਹਾਉਂਦੀਆਂ ਹਨ। ਫਿਰ ਵੀ ਮਾਂ ਤਾਂ ਮਾਂ ਹੀ ਹੁੰਦੀ ਹੈ। ਕਹਿੰਦੇ ਹਨ ਕਿ ਬੱਚੇ ਲਈ ਧਰਤੀ, ਆਸਮਾਨ ਤੇ ਦੁਨੀਆਂ ਦਾ ਦਾਇਰਾ ਬੇਸ਼ੱਕ ਛੋਟਾ ਪ੍ਰਤੀਤ ਹੋਣ ਲੱਗ ਪਵੇ, ਪਰ ਮਾਂ ਦਾ ਆਂਚਲ ਫਿਰ ਵੀ ਸਭ ਨਾਲੋਂ ਵੱਡਾ ਹੁੰਦਾ ਹੈ।
ਅਸਲ ਵਿਚ ਮਾਂਂ ਦੇ ਰਿਸ਼ਤੇ ਦਾ ਕੋਈ ਬਦਲ ਹੈ ਹੀ ਨਹੀਂ। ਇਸ ਰਿਸ਼ਤੇ ਦਾ ਆਪਣਾ ਨਿਵੇਕਲਾ ਅਧਿਆਤਮ ਹੁੰਦਾ ਹੈ। ਇਸ ਪਵਿੱਤਰ ਰਿਸ਼ਤੇ ਦਾ ਆਪਣਾ ਵਿਲੱਖਣ ਮਹਾਤਮ ਵੀ ਹੁੰਦਾ ਹੈ। ਮਾਵਾਂ-ਧੀਆਂ ਦੇ ਰਿਸ਼ਤੇ ਵਿਚਲੇ ਮਹਾਤਮ ਬਾਰੇ ਸ਼ਬਦਾਂ ਰਾਹੀਂ ਕਹਿ ਸਕਣਾ ਕਠਿਨ ਹੈ। ਮਾਂ ਆਪਣੇ ਬੱਚਿਆਂ ਦੀ ਖਾਤਰ ਹਰੇਕ ਮੌਸਮ/ਰੁੱਤ ਦੀ ਕਰੋਪੀ ਨੂੰ ਆਪਣੇ ਸਿਰ ’ਤੇ ਅਤੇ ਤਨ-ਮਨ ’ਤੇ ਝੱਲਦੀ ਹੈ। ਬੱਚੇ ਨੂੰ ਆਪਣੀ ਕੁੱਖ ਵਿਚ ਭਰੂਣ ਰੂਪ ਵਿਚ ਧਾਰਨ ਕਰਨ ਦੇ ਸਮੇਂ ਤੋਂ ਲੈ ਕੇ ਆਪਣੀ ਪੂਰੀ ਉਮਰ ਮਾਂ ਆਪਣੇ ਬੱਚੇ ਦੇ ਲੇਖੇ ਲਾ ਦਿੰਦੀ ਹੈ। ਤੰਗੀਆਂ-ਤੁਰਸ਼ੀਆਂ ਝੱਲਦੀ ਹੈ। ਆਪਣਾ ਦਰਦ ਆਪਣੇ ਅੰਦਰ ਹੀ ਪੀ ਲੈਂਦੀ ਹੈ, ਪਰ ਆਪਣੇ ਬੱਚਿਆਂ ਸਾਹਵੇਂ ਉਹ ਆਪਣਾ ਵੱਧ ਤੋਂ ਵੱਧ ਖ਼ੂਬਸੂਰਤ ਚਿਹਰਾ ਲੈ ਕੇ ਪ੍ਰਸਤੂਤ ਹੁੰਦੀ ਹੈ। ਵੱਖ-ਵੱਖ ਭਾਸ਼ਾਵਾਂ ਦੇ ਲੋਕ ਗੀਤਾਂ ਵਿਚ ਮਾਂ ਦੀ ਮਮਤਾ ਤੇ ਮਾਂ ਦੇ ਪਿਆਰ ਨੂੰ ਸਰਵੋਤਮ ਪਿਆਰ ਵਜੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਵਿਚ ਕਈ ਅਜਿਹੇ ਲੋਕ ਗੀਤ ਮਿਲਦੇ ਹਨ ਜੋ ਮਾਂ-ਧੀ ਦੇ ਪਿਆਰ ਦੀ ਤਰਜਮਾਨੀ ਕਰਨ ਵਾਲੇ ਅਮਰ ਲੋਕ ਗੀਤ ਬਣ ਗਏ ਹਨ:
ਉੱਡ ਉੱਡ ਚਿੜੀਏ ਨੀਂ, ਉੱਡ ਬਹਿ ਜਾ ਖਿੜਕੀ
ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ
ਉੱਡ ਉੱਡ ਚਿੜੀਏ ਨੀਂ, ਉੱਡ ਬਹਿ ਜਾ ਉਖਲੀ
ਮੇਰੀ ਅੰਮੜੀ ਬਾਝੋਂ ਨੀਂ, ਕੌਣ ਭੇਜੇ ਗੁਥਲੀ?
ਉੱਡ ਉੱਡ ਚਿੜੀਏ ਨੀਂ, ਉੱਡ ਬਹਿ ਜਾ ਖੂਹੇ
ਮੇਰੀ ਅੰਮੜੀ ਬਾਝੋਂ ਨੀਂ, ਕੌਣ ਭੇਜੇ ਸੂਹੇ?…
ਪੰਜਾਬੀ ਲੋਕ ਗੀਤਾਂ ਵਿਚ ਮਾਂ-ਧੀ ਦੇ ਪਿਆਰ ਦੀ ਗੱਲ ਭਾਵਨਾਤਮਕ ਸੁਰ ਵਿਚ ਹੁੰਦੀ ਆਈ ਹੈ। ਸਮਾਜ ਵਿਚ ਮਾਂ-ਧੀ ਦਾ ਪਿਆਰ ਆਪਣੀ ਗੂੜ੍ਹੀ ਛਾਪ ਛੱਡਦਾ ਆਇਆ ਹੈ। ਮਾਵਾਂ-ਧੀਆਂ ਦੇ ਪਿਆਰ ਨੂੰ ਪੰਜਾਬੀ ਲੋਕ ਗੀਤਾਂ ਨੇ ਬੜੇ ਮੋਹ ਭਰੇ ਤੇ ਕਲਾਤਮਕ ਲਹਿਜੇ ਰਾਹੀਂ ਪ੍ਰਗਟ ਕੀਤਾ ਹੈ। ਪੰਜਾਬੀ ਲੋਕ ਗੀਤਾਂ ਤੇ ਸਮਾਜ ਵਿਚ ਪਾਏ ਜਾਂਦੇ ਮਾਂ ਤੇ ਧੀ ਦੇ ਅਨੂਠੇ ਪਿਆਰ ਦੀਆਂ ਗਾਥਾਵਾਂ ਨੂੰ ਜੱਗ ਗਾਉਂਦਾ ਆਇਆ ਹੈ। ਸ਼ਾਲਾ! ਮਾਵਾਂ ਤੇ ਧੀਆਂ ਦਾ ਰਿਸ਼ਤਾ ਸਦਾ ਸਲਾਮਤ ਰਹੇ।
ਸੰਪਰਕ : 98885-10185