ਸਾਂਵਲ ਧਾਮੀ
“ਆ, ਤੈਨੂੰ ਆਪਣੀ ਮਾਂ ਨਾਲ ਮਿਲਾਉਂਦਾਂ!” ਇਹ ਆਖ ਉਹ ਮੰਜੇ ਤੋਂ ਉੱਠ ਪਿਆ।
‘ਚੁਰਾਨਵੇਂ ਵਰ੍ਹਿਆਂ ਦੇ ਬਾਬੇ ਜਮਾਲਦੀਨ ਦੀ ਮਾਂ ਇੱਕ ਸੌ ਦਸ ਵਰ੍ਹਿਆਂ ਦੀ ਤਾਂ ਹੋਵੇਗੀ।’ ਇਹ ਸੋਚਦਿਆਂ ਮੈਂ ਸਵਾਲ ਕੀਤਾ- ਤੁਰ ਫਿਰ ਲੈਂਦੇ ਨੇ ਉਹ?
ਨਹੀਂ- ਉਹ ਜੁੱਤੀ ਪਾਉਂਦਿਆਂ ਬੋਲਿਆ।
ਗੱਲ-ਬਾਤ ਕਰ ਲੈਂਦੇ ਨੇ?- ਮੈਂ ਅਗਾਂਹ ਪੁੱਛਿਆ।
ਖੂੰਡੀ ਹੱਥ ’ਚ ਲੈਂਦਿਆਂ, ਚਿੱਟੀ ਪੱਗ ਵਾਲੇ ਸਿਰ ਨੂੰ ‘ਨਾਂਹ’ ’ਚ ਹਿਲਾਉਂਦਿਆਂ, ਉਹ ਉਦਾਸ ਜਿਹਾ ਹੱਸ ਕੇ ਘਰੋਂ ਬਾਹਰ ਵੱਲ ਨੂੰ ਤੁਰ ਪਿਆ।
ਪਿੰਡ ਦੇ ਚੜ੍ਹਦੇ ਪਾਸੇ ਨਿੱਕੀ ਜਿਹੀ ਪਹਾੜੀ ਸੀ। ਉਹ ਉਸ ਵੱਲ ਜਾਂਦੀ ਉੱਘੜ-ਦੁੱਘੜ ਰਾਹ ’ਤੇ ਤੁਰ ਪਿਆ ਤੇ ਨਾਲ-ਨਾਲ ਤੁਰ ਪਈ ਉਹਦੀ ਕਹਾਣੀ। “ਸਾਡਾ ਪਿੰਡ ਸੱਤ-ਅੱਠ ਮੀਲਾਂ ’ਚ ਫੈਲਿਆ ਹੋਇਆ। ਸੰਤਾਲ਼ੀ ਵੇਲੇ ਸਾਰੀ ਅਬਾਦੀ ਉੱਪਰ ਹੁੰਦੀ ਸੀ। ਮਹਿੰਗਰੋਵਾਲ, ਕਾਂਟੀਆਂ, ਬਸੀ ਮਾਰੂਫ਼, ਹੁਸੈਨਪੁਰ, ਅਰਨਿਆਲਾ, ਮੁਸਤਾਪੁਰ ਤੇ ਅਰਨਿਆਲਾ ਨਾਲ ਲੱਗਦੇ ਪਿੰਡ ਨੇ।
ਸੰਤਾਲ਼ੀ ਤੋਂ ਪਹਿਲਾਂ ਇੱਥੇ ਕੋਈ ਦਸ ਕੁ ਘਰ ਸਾਡੇ ਮੁਸਲਿਮ ਗੁੱਜਰਾਂ ਦੇ ਸੇ। ਚਾਰ-ਪੰਜ ਘਰ ਲੁਹਾਰਾਂ ਦੇ। ਬਹੁਤੀ ਅਬਾਦੀ ਹਿੰਦੂ ਰਾਜਪੂਤਾਂ ਦੀ ਸੀ ਔਰ ਕੁਝ ਘਰ ਬ੍ਰਾਹਮਣਾਂ ਦੇ।
ਸੰਤਾਲ਼ੀ ਆਉਂਦਿਆਂ-ਆਉਂਦਿਆਂ ਅਜ਼ਾਦੀ ਦੀ ਸਾਂਝੀ ਲਹਿਰ ਚਲੀ ਗਈ। ਇੱਕ-ਦੂਜੇ ਤੋਂ ਵਿਸ਼ਵਾਸ ਉੱਠ ਗਿਆ। ਜਗਨ ਨਾਥ ਪੰਡਤ ਹੋਰੀ ਸਰਪੰਚ ਹੁੰਦੇ ਸੇ। ਉਨ੍ਹਾਂ ਪਿੰਡ ਦੇ ਮੁਹਤਬਰ ’ਕੱਠੇ ਕੀਤੇ। ਫ਼ੈਸਲਾ ਹੋਇਆ ਕਿ ਮੁਸਲਮਾਨ ਨਹੀਂ ਜਾਣ ਦੇਣੇ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ। ਤੁਹਾਡਾ ਮਾਲ-ਪਸੂ ਅਸੀਂ ਦੇਖਾਂਗੇ। ਤੁਹਾਡੇ ਖੇਤਾਂ ’ਚ ਹਲ਼ ਵੀ ਅਸੀਂ ਵਾਹਾਂਗੇ। ਉਹ ਦੇਖ…” ਬਾਬਾ ਜਮਾਲਦੀਨ ਖੰਡਰਾਤ ਹੋਏ ਦੋ ਮੰਜ਼ਲਾ ਘਰ ਵੱਲ ਇਸ਼ਾਰਾ ਕਰਦਿਆਂ ਬੋਲਿਆ।
“…ਇਹ ਸਰਪੰਚ ਜਗਨ ਨਾਥ ਹੋਰਾਂ ਦੀ ਕੋਠੀ ਹੁੰਦੀ ਸੀ। ਉਨ੍ਹਾਂ ਇਸ ’ਤੇ ਝੰਡਾ ਲਗਾ ਦਿੱਤਾ। ਸਾਨੂੰ ਸਮਝਾ ਦਿੱਤਾ ਕਿ ਜਿਸ ਵੇਲੇ ਬਾਹਰੋਂ ਕੋਈ ਖਤਰਾ ਮਲੂਮ ਹੋਏਗਾ, ਅਸੀਂ ਝੰਡਾ ਲਾਹ ਲਵਾਂਗੇ। ਤੁਸੀਂ ਜੰਗਲ ਵੱਲ ਨੂੰ ਹੋ ਜਾਣਾ। ਸਾਡੀ ਬਰਾਦਰੀ ’ਚੋਂ ਕੁਝ ਬੰਦਿਆਂ ਨੇ ਸੋਚਿਆ ਕਿ ਕਿਤੇ ਉਨ੍ਹਾਂ ਨੂੰ ਪਿੰਡ ਵਾਲੇ ਹੀ ਨਾ ਲੁੱਟ ਲੈਣ। ਆਪਣਾ ਗਹਿਣਾ-ਗੱਟਾ ਚੌਹਾਲ ਛੱਡਣ ਲਈ ਹਮੀਰਾ ਤੇ ਮੀਰਾ ਬਖ਼ਸ਼ ਪਿੰਡੋਂ ਤੁਰ ਪਏ। ਅਰਨਿਆਲੇ ਦੇ ਕੁਝ ਬੰਦਿਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਮੁੰਡਾ ਤਾਂ ਪਿੰਡ ਵੱਲ ਨੱਠ ਪਿਆ ਪਰ ਮੀਰਾ ਬਖ਼ਸ਼ ਉਨ੍ਹਾਂ ਦੇ ਕਾਬੂ ਆ ਗਿਆ।
ਹਮੀਰੇ ਦੇ ਘਰ ’ਚ ਰੋਣ-ਪਿੱਟਣ ਦੀ ਅਵਾਜ਼ ਸੁਣ ਕੇ ਪਟਵਾਰੀ ਦੌਲਤ ਰਾਮ ਨੇ ਰਫ਼ਲ ਦਾ ਫਾਇਰ ਕਰ ਦਿੱਤਾ। ਸਰਪੰਚ ਦੇ ਘਰੋਂ ਸਾਰੇ ਕੋਈ ਨਾ ਕੋਈ ਹਥਿਆਰ ਲੈ ਕੇ ਉੱਠ ਦੌੜੇ। ਸਾਰਾ ਪਿੰਡ ਗੁੱਜਰਾਂ ਦੇ ਘਰੀਂ ਆ ਗਿਆ। ਹਮੀਰੇ ਨੇ ਦੱਸਿਆ ਕਿ ਚਾਚਾ ਮੀਰਾ ਬਖ਼ਸ਼ ਮਾਰ ਦਿੱਤਾ ਏ। ਇਸ ਹਾਦਸੇ ਤੋਂ ਬਾਅਦ ਪਿੰਡ ਵਾਲੇ ਸਾਨੂੰ ਹਰਿਆਣੇ ਕੈਂਪ ’ਚ ਛੱਡ ਆਏ। ਅਸੀਂ ਕੋਈ ਚੀਜ਼ ਨਾ ਵੇਚੀ, ਨਾ ਚੁੱਕੀ। ਅਸੀਂ ਤਾਂ ਆਪਣੀ ਦਾਦੀ ਵੀ ਇੱਥੇ ਛੱਡ ਗਏ ਸੀ। ਕੋਈ ਲੁੱਟ-ਮਾਰ, ਕੋਈ ਫੂਕ-ਜਾਲ਼ ਇੱਥੇ ਨਈਂ ਹੋਈ।
ਉਦੋਂ ਛੋਟਿਆਂ-ਛੋਟਿਆਂ ਦੇ ਵਿਆਹ ਹੋ ਜਾਂਦੇ ਸੀ। ਮੇਰਾ ਵਿਆਹ ਸੰਨ ਤਿਰਤਾਲ਼ੀ ’ਚ ਤੇ ਮੈਥੋਂ ਛੋਟੇ ਦਾ ਚੁਤਾਲ਼ੀ ’ਚ ਹੋਇਆ ਸੀ। ਅਸੀਂ ਦੋਵੇਂ ਇੱਕੋ ਘਰ ਚੌਹਾਲ ਵਿਆਹੇ ਸੀ। ਅਰਨਿਆਲੇ ਵਾਲੇ ਹਾਦਸੇ ਤੋਂ ਕੁਝ ਦਿਨ ਪਹਿਲਾਂ ਮੈਂ ਸਹੁਰਾ ਪਰਿਵਾਰ ਨੂੰ ਵੀ ਆਪਣੇ ਪਿੰਡ ਲੈ ਆਇਆ ਸੀ।
ਇੱਕ ਵਾਰ ਮੈਂ ਕੈਂਪ ’ਚੋਂ ਨਿਕਲ ਕੇ ਦਾਦੀ ਨੂੰ ਮਿਲਣ ਆ ਗਿਆ। ਤੀਜੇ ਦਿਨ ਜਦੋਂ ਸ਼ਾਮ ਨੂੰ ਕੈਂਪ ’ਚ ਮੁੜਿਆ ਤਾਂ ਵੇਖਿਆ ਕਿ ਮੇਰੇ ਭੈਣ-ਭਾਈ ਤਾਂ ਰੋਟੀ ਖਾਂਦੇ ਸੀ ਪਰ ਮੇਰੀ ਪਤਨੀ, ਭਰਾ ਦੀ ਪਤਨੀ, ਸੱਸ, ਸਹੁਰਾ ਤੇ ਸਾਲੀ ਭੁੱਖ ਨਾਲ ਵਿਲਕਦੇ ਪਏ। ਉਨ੍ਹਾਂ ਦੱਸਿਆ ਕਿ ਤੁਹਾਡੇ ਮਾਂ-ਬਾਪ ਨੇ ਕਿਹਾ ਹੈ ਕਿ ਆਪਣਾ ਅਨਾਜ ਲਿਆਓ ਤੇ ਖਾਓ। ਉਨ੍ਹਾਂ ਵਿਚਾਰਿਆਂ ਅਨਾਜ ਕਿੱਥੋਂ ਲਿਔਣਾ ਸੀ। ਉਨ੍ਹਾਂ ਦੇ ਪੱਲੇ ਕਿਹੜਾ ਕੋਈ ਪੈਸਾ-ਧੇਲਾ ਸੀ। ਮੈਂ ਮਾਪਿਆਂ ਨੂੰ ਕੁਝ ਨਾ ਕਿਹਾ। ਆਪਣੇ ਪਿੰਡ ਦੇ ਅਲੀ ਬਖ਼ਸ਼ ਲੁਹਾਰ ਨੂੰ ਕਿਹਾ- ਤਾਇਆ, ਮੇਰਾ ਟੱਬਰ ਤਾਂ ਭੁੱਖਾ ਮਰ ਚੱਲਿਆ। ਉਹ ਕਹਿੰਦਾ- ਕਾਕਾ, ਮੈਂ ਛੇਆਂ ਰੁਪਈਆਂ ਦੀ ਛੇ ਸੇਰ ਕੱਚੇ ਕਣਕ ਲਈ ਆ। ਅੱਧੀ ਤੂੰ ਲੈ ਜਾ। ਪੰਜ-ਸੱਤ ਰੁਪਏ ਮੇਰੀ ਜੇਬ ’ਚ ਸੇ। ਮੈਂ ਕਣਕ ਲੈ ਲਈ। ਮੈਂ ਸੱਸ ਨੂੰ ਕਿਹਾ- ਇੱਥੇ ਚੱਕੀ ਤੇ ਹੈ ਨਈਂ। ਜਾਂ ਤਾਂ ਇਹਨੂੰ ਭੁੰਨ ਲੈ ਜਾਂ ਉਬਾਲ ਲੈ।
ਮੇਰੀ ਸੱਸ ਨੇ ਤਿੰਨ ਵੇਰੀ ਪਤੀਲਾ ਚੁੱਲ੍ਹੇ ’ਤੇ ਰੱਖਿਆ, ਮੇਰੀ ਮਾਤਾ ਨੇ ਤਿੰਨੇ ਵੇਰੀ ਲਾਹ ਦਿੱਤਾ। ਮੁੜ-ਮੁੜ ਇਹੋ ਕਹਿੰਦੀ ਰਹੀ-ਆਪਣਾ ਬਾਲਣ ਲਿਆਓ। ਸ਼ਾਮ ਹੋਈ ਤੇ ਸਾਰੇ ਭੁੱਖਣ-ਭਾਣੇ ਆਪੋ ਆਪਣੀਆਂ ਸਿਰਕੀਆਂ ’ਚ ਵੜ ਗਏ। ਮੈਂ ਆਪਣੇ ਸੱਸ-ਸਹੁਰੇ ਨੂੰ ਕਿਹਾ-ਦੇਖੋ ਭਾਈ, ਮੈਂ ਗਲਤੀ ਕਰ ਬੈਠਾ ਕਿ ਤੁਹਾਡੀ ਬਰਾਦਰੀ ਨਾਲੋਂ ਤੁਹਾਨੂੰ ਖਿੰਡਾ ਕੇ ਇੱਥੇ ਲੈ ਆਇਆ। ਹੁਣ ਤੁਹਾਡੀ ਮਰਜ਼ੀ ਆ ਆਪਣੇ ਪਿੰਡ ਵਾਲਿਆ ਨਾਲ ਚਲੇ ਜਾਓ। ਅੱਗੇ ਚਲੇ ਜਾਓ। ਪਿੱਛੇ ਮੁੜ ਜਾਓ। ਉਨ੍ਹਾਂ ਇਹ ਜਵਾਬ ਦਿੱਤਾ ਕਿ ਜਿੱਥੇ ਤੂੰ ਮਰਨਾ, ਅਸੀਂ ਓਥੇ ਮਰਨਾ। ਮੈਂ ਉਨ੍ਹਾਂ ਨੂੰ ਅੱਧੀ ਰਾਤ ਨੂੰ ਕੈਂਪ ’ਚੋਂ ਬਾਹਰ ਕੱਢ ਕੇ ਕਾਂਟੀਆਂ ਦੇ ਚੜ੍ਹਦੇ ਪਾਸੇ ਛੱਡ ਗਿਆ। ਕੈਂਪ ਨੂੰ ਮੁੜਨ ਲੱਗਿਆਂ ਆਖਿਆ- ਚੜ੍ਹਦੇ ਪਾਸੇ ਤੁਰੀ ਜਾਣਾ, ਅੱਗੇ ਕਪਾਹਟ ਆ ਜਾਊ ਜਾਂ ਮੁਸਤਾਪੁਰ।
ਦੂਜੀ ਰਾਤ ਛੋਟਾ ਭਾਈ ਅਜ਼ੀਜ਼ ਵੀ ਕੈਂਪ ’ਚੋਂ ਨਿਕਲ ਕੇ ਪਿੰਡ ਵੱਲ ਤੁਰ ਆਇਆ। ਤਿੰਨ ਦਿਨਾਂ ਬਾਅਦ ਸਾਡਾ ਕੈਂਪ ਹਰਿਆਣੇ ਤੋਂ ਤੁਰ ਕੇ ਕਮਾਲਪੁਰ ’ਚ ਆ ਗਿਆ। ਓਥੇ ਮੈ ਮਾਪਿਆਂ ਨਾਲ ਚੌਦਾਂ ਦਿਨ ਰਿਹਾ।
ਸਾਡੀ ਮਾਂ ਦੀਆਂ ਅੱਖਾਂ ਦੁਖਦੀਆਂ ਸਨ। ਪੋਸਤ ਦੀ ਪੋਟਲੀ ਰੱਖਣ ਨਾਲ ਫਾਇਦਾ ਹੋ ਜਾਣਾ ਸੀ। ਮੇਰੇ ਬਾਪ ਨੇ ਮੈਨੂੰ ਇੱਕ ਰੁਪਇਆ ਦਿੱਤਾ। ਮੈਂ ਕਿਸੇ ਅਮਲੀ ਕੋਲੋਂ ਬਾਰਾਂ ਆਨੇ ਦੀ ਭੁੱਕੀ ਲੈ ਆਂਦੀ ਤੇ ਚੁਆਨੀ ਦੀ ਸਾਬਣ ਦੀ ਟਿੱਕੀ ਲਿਆ ਕੇ ਆਪਣੇ ਕੱਪੜੇ ਧੋ ਲਏ।
ਕੈਂਪ ’ਚ ਬਦਬੂ ਇੰਨੀ ਕਿ ਮੂੰਹ ’ਤੇ ਕੱਪੜਾ ਲੈ ਕੇ ਵਕਤ ਕੱਟਣਾ ਪੈਂਦਾ। ਮੈਨੂੰ ਸੁੱਤਾ ਸਮਝ ਕੇ ਪਿਤਾ ਕਹਿੰਦਾ-ਇੱਕ ਰੁਪਈਆ ਦਿੱਤਾ ਸੀ ਸਵੇਰੇ। ਇਹਨੇ ਕਿੰਨੇ ਪੈਸੇ ਵਾਪਸ ਕੀਤੇ? ਮਾਂ ਦਾ ਜਵਾਬ ਸੁਣ ਕੇ ਉਹ ਬੋਲਿਆ- ਕੱਪੜੇ ਧੋ ਕੇ ਇਨ੍ਹੇ ਜੰਨੇ ਚੜ੍ਹਨਾ ਸੀ। ਜਿਧਰ ਬਾਕੀ ਦਫ਼ਾ ਹੋਏ, ਇਹ ਵੀ ਹੋ ਜਾਏ।
ਮੇਰੇ ਮਨ ਦੀ ਹਾਲਤ ਦੋ ਘੋੜਿਆਂ ’ਤੇ ਸਵਾਰ ਵਾਲੀ ਸੀ। ਸਮਝ ਨਹੀਂ ਸੀ ਆਉਂਦੀ ਕਿ ਮਾਪਿਆਂ ਕੋਲ ਰਹਾਂ ਕਿ ਪਿੰਡ ਮੁੜ ਜਾਵਾਂ। ਆਖ਼ਰ ਮੈਂ ਪਿੰਡ ਦੇ ਬੰਦਿਆਂ ਨੂੰ ਸੁਨੇਹਾ ਘੱਲਿਆ। ਲਛਮਣ, ਦਿਆ ਰਾਮ ਤੇ ਰਾਮ ਕਿਸ਼ਨ; ਇਹ ਤਿੰਨ ਰਾਜਪੂਤ ਮੈਨੂੰ ਪਿੰਡ ਲੈ ਆਏ।
“…ਛੋਟੇ ਦੋ ਭਰਾ ਤੇ ਇੱਕ ਭੈਣ ਮਾਪਿਆਂ ਨਾਲ ਰਹੇ। ਸ਼ੇਰ ਮੁਹਮੰਦ ਸੱਤ ਤੇ ਮਹਿੰਦੀ ਹਸਨ ਚਾਰ ਕੁ ਸਾਲ ਦਾ ਸੀ। ਭੈਣ ਹੋਏਗੀ ਬਾਰਾਂ-ਤੇਰਾਂ ਸਾਲ ਦੀ। ਸਾਡੇ ਮਾਂ-ਪਿਉ ਨੇ ਇਸ ਗੱਲ ਦੀ ਕੋਈ ਵਿਚਾਰ ਨਹੀਂ ਕੀਤੀ ਕਿ ਤਿੰਨ ਪੁੱਤ, ਦੋ ਨੂੰਹਾਂ ਤੇ ਮਾਂ ਤਾਂ ਪਿੱਛੇ ਪਿੰਡ ਬੈਠੇ ਨੇ ਤੇ ਅਸੀਂ ਕੀ ਲੈਣਾ ਅੱਗੇ ਜਾ ਕੇ। ਕਮਾਲਪੁਰ ਕੈਂਪ ਤੋਂ ਤੁਰਨ ਲੱਗਿਆਂ ਉਹ ਇੱਕ ਬਿਸਤਰਾ ਤੇ ਇੱਕ ਟਰੰਕ ਸਾਡੇ ਪਿੰਡ ਦੇ ਸਰਾਫ਼ਾਂ ਦੀ ਦੁਕਾਨ ’ਤੇ ਛੱਡ ਗਏ। ਟਰੰਕ ਨੂੰ ਤਾਲਾ ਲੱਗਿਆ ਵੇਖ ਦਾਦੀ ਬੋਲੀ-ਇਹਦੇ ’ਚ ਵਹੁਟੀਆਂ ਦਾ ਜ਼ੇਵਰ ਹੋਣਾ। ਤਾਲ਼ਾ ਤੋੜਿਆ ਤਾਂ ਵਿੱਚੋਂ ਕੁਝ ਨਾ ਮਿਲਿਆ। “…ਛੇ ਕੁ ਮਹੀਨੇ ਬਾਅਦ ਪਿਤਾ ਹੋਰੀਂ ਸਰਪੰਚ ਨੂੰ ਖਤ ਲਿਖਿਆ ਕਿ ਮੇਰੇ ਮੁੰਡਿਆਂ ਦਾ ਕਿਆ ਹਾਲ ਆ। ਸਰਪੰਚ ਹੋਰੀਂ ਜਵਾਬ ਦਿੱਤਾ-ਮੁੰਡੇ ਠੀਕ ਨੇ। ਫਿਰ ਸਿੱਧੀ ਚਿੱਠੀ ਸਾਨੂੰ ਆਈ। ਲਿਖਿਆ ਸੀ ਕਿ ਕੋਈ ਪੈਸੇ ਹਨ ਤਾਂ ਭੇਜੋ। ਤਿੰਨਾਂ ਜ਼ਨਾਨੀਆਂ ਦੇ ਗਹਿਣੇ ਉਨ੍ਹਾਂ ਪਾਸ ਥੇ। ਪੈਸੇ ਵੀ। ਸਾਰੇ ਖਤਮ ਹੋ ਗਏ। ਪੱਤਰ ਦੋਵੇਂ ਗੁਜ਼ਰ ਗਏ। ਇੱਕ ਲਹੌਰ, ਇੱਕ ਲਾਇਲਪੁਰ ਜਾ ਕੇ। ਭੈਣ ਵੀ ਬਿਆਸ ਦਰਿਆ ਦੇ ਕੰਢੇ ਬੀਮਾਰ ਹੋ ਕੇ ਖਤਮ ਹੋ ਗਈ।
ਜਵਾਬੀ ਚਿੱਠੀ ’ਚ ਮੈਂ ਲਿਖਵਾਇਆ।
‘ਆਪਣੀ ਕਬੀਲਦਾਰੀ ਤੈਂ ਖਤਮ ਕਰ ਲਈ। ਕੁਝ ਮੌਤ ਦੇ ਘਰ ਚਲੇ ਗਏ, ਕੁਸ਼ ਇੱਥੇ ਰਹਿ ਗਏ। ਕਬੀਲਦਾਰੀ ਪੈ ਗਈ ਮੈਨੂੰ। ਭਰਾ ਛੋਟੇ ਨੇ। ਘਰ ਵਾਲੀਆਂ ਛੋਟੀਆਂ ਨੇ। ਦਾਦੀ ਬੁੱਢੀ ਏ। ਰਹੀ ਪੈਸਿਆਂ ਦੀ ਗੱਲ। ਤੈਨੂੰ ਪਤਾ ਹੀ ਹੋਣਾ ਅਸੀਂ ਤੇਰੇ ਕੋਲੋਂ ਭੁੱਖੇ ਮਰਦੇ ਆਏ ਸੀ। ਜੇ ਤੇਰਾ ਕਿਤੇ ਰੱਖਿਆ-ਰਖਾਇਆ ਹੈਗਾ ਤਾਂ ਉਹ ਜਗ੍ਹਾ ਲਿਖ, ਮੈਂ ਪੁੱਟ ਕੇ ਭੇਜ ਦਿੰਦਾਂ।
ਸੰਨ ਅਠਵੰਜਾ ’ਚ ਗਿਆਂ ਸੀ, ਮੈਂ ਪਹਿਲੀ ਵਾਰ ਓਧਰ। ਜ਼ਿਲ੍ਹਾ ਸਿਆਲਕੋਟ ’ਚ ਚੱਕਰੀ ਵਡਾਲਾ ਪਿੰਡ ’ਚ ਰਹਿੰਦੇ ਸੀ ਉਹ। ਮੇਰੀ ਮਾਂ ਕਹਿੰਦੀ- ਬੱਚਾ ਤੂੰ ਚਾਰ ਪੰਜ ਰੋਟੀਆਂ ਹੀ ਪਕਾ ਲਿਆਉਂਦਾ। ਮੈਂ ਵੀ ਰੱਬ ਕੋਲ ਜਾ ਕੇ ਕਿਤੇ ਇਹ ਗੱਲ ਕਹਿਣ ਵਾਲੀ ਬਣਦੀ ਕਿ ਮੈਂ ਵੀ ਨੂੰਹਾਂ ਦੀ ਪੱਕੀ ਖਾਧੀ ਸੀ।
ਫਿਰ ਮੈਂ ਸੰਨ ਸੱਠ ’ਚ ਘਰ ਵਾਲੀ ਨੂੰ ਨਾਲ ਲੈ ਕੇ ਗਿਆ। ਮਾਂ ਨੂੰ ਕਿਹਾ-ਲੈ ਹੁਣ ਤੂੰ ਮਹੀਨਾ ਭਰ ਨੂੰਹ ਦੀਆਂ ਪੱਕੀਆਂ ਖਾਹ।
ਪਿਤਾ ਦੀ ਮੌਤ ਤੋਂ ਬਾਅਦ ਮੇਰੀ ਕੋਸ਼ਿਸ਼ ਇਹੋ ਸੀ ਕਿ ਮਾਂ ਨੂੰ ਇੱਥੇ ਲੈ ਆਵਾਂ। ਵਿਹੜੇ ’ਚੋਂ ਲੱਗਦੇ ਭਤੀਜੇ ਅਜ਼ੀਜ਼ ਨੇ ਉਹਦਾ ਪਾਸਪੋਰਟ ਬਣਵਾ ਦਿੱਤਾ। ਮਾਂ ਨੂੰ ਨੱਬੇ ਦਿਨ ਦਾ ਵੀਜ਼ਾ ਵੀ ਮਿਲ ਗਿਆ। ਮਾਂ ਇੱਧਰ ਆਈ ਤਾਂ ਅਸੀਂ ਉਹਨੂੰ ਰੋਕਣ ਲਈ ਚੁੱਕ ਖੁਰੀਆਂ ਲਈਆਂ। ਪੁਲੀਸ ਵਾਲੇ ਤੁਰੇ ਫਿਰਨ ਕਿ ਬੁੜ੍ਹੀ ਨੂੰ ਵਾਪਸ ਕਰੋ। ਮੈਂ ਚੰਡੀਗੜ੍ਹ ਸੈਕਟਰੀਏਟ ਦੇ ਕਈ ਫੇਰੇ ਪਾਏ। ਫਿਰ ਹੈੱਡ ਕਲਰਕ ਕਹਿੰਦਾ-ਦਿੱਲੀ ਜਾਣਾ ਪੈਣਾ। ਮੈਂ ਕਿਹਾ-ਮਾਂ ਵਾਸਤੇ ਤਾਂ ਭਾਵੇਂ ਵਲੈਤ ਭੇਜ ਦਿਓ। ਫਿਰ ਦਿੱਲੀਓਂ ਜਾ ਕੇ ਮਹਿਕਮਾ ਹੋਮ ’ਚੋਂ ਇਜਾਜ਼ਤ ਲਈ ਔਰ ਮੇਰੀ ਮਾਂ ਹਿੰਦੋਸਤਾਨ ਦੀ ਸ਼ਹਿਰੀ ਬਣੀ।”
ਜਦੋਂ ਬਾਬੇ ਜਮਾਲਦੀਨ ਦੀ ਕਹਾਣੀ ਮੁੱਕੀ ਤਾਂ ਅਸੀਂ ਪਹਾੜੀ ਦੀ ਚੋਟੀ ’ਤੇ ਪਹੁੰਚ ਗਏ ਸਾਂ। ਮਕਬਰੇ ਦੇ ਦੁਆਲੇ ਗੋਲ ਜਿਹਾ ਮੈਦਾਨ ਸੀ। ਬਾਬਾ ਜਮਾਲਦੀਨ ਖੂੰਡੀ ਦਾ ਸਹਾਰਾ ਲਈ ਉਦਾਸ ਖੜ੍ਹਾ ਸੀ।
“ਤੁਹਾਡੀ ਮਾਂ?” ਮੈਂ ਸਵਾਲ ਕੀਤਾ।
ਉਹ ਚੁੱਪ-ਚਾਪ ਮਕਬਰੇ ਦੇ ਕੋਲ ਦੀ ਹੁੰਦਾ ਹੋਇਆ ਵਿਸ਼ਾਲ ਬੋਹੜ ਵੱਲ ਨੂੰ ਤੁਰ ਪਿਆ। ਮੈਦਾਨ ਦੇ ਇੱਕ ਖੂੰਜੇ ਨਿੱਕੀਆਂ ਵੱਡੀਆਂ ਕਈ ਕਬਰਾਂ ਸਨ। ਉਹ ਇੱਕ ਕਬਰ ਦੇ ਸਿਰਾਹਣੇ ਖੜੋ ਗਿਆ।
“ਇੱਥੇ ਸੁੱਤੀ ਪਈ ਏ ਮੇਰੀ ਮਾਂ। ਸਰੀਆ ਬੀਬੀ। ਛੇਤੀਂ ਮੈਂ ਵੀ ਇਹਦੀ ਬੁੱਕਲ ’ਚ ਸੌਂ ਜਾਣਾ।” ਇਹ ਆਖ ਉਹ ਮਾਂ ਦੀ ਕਬਰ ਕੋਲ ਬੈਠ ਗਿਆ ਤੇ ਦੁਆ ’ਚ ਹੱਥ ਉਠਾਉਂਦਿਆਂ ਮੂੰਹ ’ਚ ਕੁਝ ਪੜ੍ਹਨ ਲੱਗਾ।
ਸੰਪਰਕ: 97818-43444