ਨੂਰ ਮੁਹੰਮਦ ਨੂਰ
‘ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ’ ਜਦੋਂ ਕੋਈ ਬੰਦਾ ਕਿਸੇ ਮੁਸੀਬਤ ਤੋਂ ਖਹਿੜਾ ਛੁਡਾਉਣ ਲਈ ਦੂਰ ਭੱਜੇ, ਪਰ ਭੱਜ ਕੇ ਜਿੱਥੇ ਵੀ ਜਾਵੇ ਅੱਗੇ ਫੇਰ ਉਹੋ ਮੁਸੀਬਤ ਆ ਘੇਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
ਇਤਿਹਾਸਕਾਰ ਲਿਖਦੇ ਹਨ ਕਿ ਹਜ਼ਰਤ ਮੂਸਾ ਦਾ ਜਨਮ ਇਮਰਾਨ ਦੇ ਘਰ ਮਿਸਰ ਵਿਚ ਹਜ਼ਰਤ ਈਸਾ ਤੋਂ 1571 ਸਾਲ ਪਹਿਲਾਂ ਹੋਇਆ ਅਤੇ 120 ਸਾਲ ਦੀ ਉਮਰ ਭੋਗ ਕੇ 1451 ਬੀ. ਸੀ. ਵਿਚ ਉਨ੍ਹਾਂ ਦੀ ਮੌਤ ਹੋਈ। ਕਈ ਤਾਰੀਖ਼ਦਾਨਾਂ ਦਾ ਵਿਚਾਰ ਹੈ ਕਿ ਹਜ਼ਰਤ ਮੂਸਾ ਹਜ਼ਰਤ ਈਸਾ ਤੋਂ 1200 ਸਾਲ ਪਹਿਲਾਂ ਉਸ ਸਮੇਂ ਪੈਦਾ ਹੋਏ ਜਦੋਂ ਮਿਸਰ ਵਿਚ ਫਿਰਔਨ ਬਾਦਸ਼ਾਹ ਦੀ ਹਕੂਮਤ ਸੀ। ਫਿਰਔਨ ਕਬਿਤੀ ਨਸਲ ਨਾਲ ਸਬੰਧ ਰੱਖਦਾ ਸੀ ਅਤੇ ਬਨੀ ਇਜ਼ਰਾਈਲ ਦਾ ਨਾਸ ਕਰਨ ’ਤੇ ਤੁਲਿਆ ਹੋਇਆ ਸੀ ਕਿਉਂ ਜੋ ਉਸ ਦੇ ਜੋਤਸ਼ੀਆਂ ਨੇ ਉਸ ਨੂੰ ਖ਼ਬਰ ਦਿੱਤੀ ਹੋਈ ਸੀ ਕਿ ਬਨੀ ਇਜ਼ਰਾਈਲ ਵਿਚ ਇਕ ਅਜਿਹਾ ਲੜਕਾ ਪੈਦਾ ਹੋਣ ਵਾਲਾ ਹੈ ਜਿਹੜਾ ਉਸ ਦੇ ਰਾਜ ਦਾ ਅੰਤ ਕਰ ਦੇਵੇਗਾ। ਇਸ ਲਈ ਜੋਤਸ਼ੀਆਂ ਦੀ ਭਵਿੱਖ ਬਾਣੀ ਨੂੰ ਮੁੱਖ ਰੱਖਦਿਆਂ ਉਸ ਨੇ ਬਨੀ ਇਜ਼ਰਾਈਲ ਵਿਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਹੋਇਆ ਸੀ।
ਕੁਰਆਨ ਸ਼ਰੀਫ਼ ਅਨੁਸਾਰ ਜਦੋਂ ਹਜ਼ਰਤ ਮੂਸਾ ਦਾ ਜਨਮ ਹੋਇਆ ਤਾਂ ਉਨ੍ਹਾਂ ਦੀ ਮਾਂ ਨੇ ਫਿਰਔਨ ਦੇ ਕਰੋਧ ਤੋਂ ਡਰਦਿਆਂ ਰੱਬ ਦੇ ਹੁਕਮ ਅਨੁਸਾਰ ਉਸ ਨੂੰ ਇਕ ਸੰਦੂਕ ਵਿਚ ਪਾ ਕੇ ਨੀਲ ਦਰਿਆ ਵਿਚ ਰੋੜ੍ਹ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਸਮੇਂ ਮਹਿਲ ਦੇ ਪਿਛਲੇ ਪਾਸੇ ਨੀਲ ਦਰਿਆ ਦੇ ਕੰਢੇ ਫਿਰਔਨ ਦੀ ਮਲਿਕਾ ਬੀਬੀ ਆਸੀਆ ਸੈਰ ਕਰ ਰਹੀ ਸੀ, ਉਸ ਨੇ ਸੰਦੂਕ ਨੂੰ ਦਰਿਆ ਵਿਚੋਂ ਬਾਹਰ ਕਢਵਾਇਆ ਅਤੇ ਬੱਚੇ ਨੂੰ ਪਿਆਰ ਨਾਲ ਮਹਿਲ ਵਿਚ ਲੈ ਗਈ। ਉਸ ਨੇ ਫਿਰਔਨ ਤੋਂ ਬੱਚੇ ਨੂੰ ਗੋਦ ਲੈਣ ਦੀ ਇਜਾਜ਼ਤ ਲੈ ਲਈ। ਇਸ ਤਰ੍ਹਾਂ ਹਜ਼ਰਤ ਮੂਸਾ ਫਿਰਔਨ ਦੇ ਮਹਿਲ ਵਿਚ ਰਹਿ ਕੇ ਜਵਾਨ ਹੋਏ।
ਮੂਸਾ ਦੇ ਨਾਂ ਬਾਰੇ ਦੋ ਰਾਵਾਂ ਪ੍ਰਚੱਲਤ ਹਨ। ਜਿਨ੍ਹਾਂ ਵਿਚੋਂ ਇਕ ਅਨੁਸਾਰ ਮੂਸਾ ਮਿਸਰੀ ਭਾਸ਼ਾ ਦਾ ਸ਼ਬਦ ਹੈ ਜਿਸ ਵਿਚ ‘ਮੂ’ ਦੇ ਅਰਥ ਸੰਦੂਕ ਤੋਂ ਲਏ ਜਾਂਦੇ ਹਨ ਅਤੇ ‘ਸਾ’ ਦੇ ਅਰਥ ਪਾਣੀ ਤੋਂ। ਕਿਉਂਕਿ ਉਨ੍ਹਾਂ ਦਾ ਸੰਦੂਕ ਪਾਣੀ ਵਿਚੋਂ ਮਿਲਿਆ ਸੀ ਇਸ ਲਈ ਉਨ੍ਹਾਂ ਦਾ ਨਾਂ ਮੂਸਾ ਪੈ ਗਿਆ। ਦੂਜੇ ਮਤ ਅਨੁਸਾਰ ਇਬਰਾਨੀ ਭਾਸ਼ਾ ਵਿਚ ‘ਮਾਸ਼ਾਹ’ ਸ਼ਬਦ ਦੇ ਅਰਥ ਖਿੱਚਣ ਤੋਂ ਲਏ ਜਾਂਦੇ ਹਨ ਕਿਉਂਕਿ ਮੂਸਾ ਦੇ ਸੰਦੂਕ ਨੂੰ ਦਰਿਆ ਵਿਚੋਂ ਖਿੱਚ ਕੇ ਕੱਢਿਆ ਗਿਆ ਸੀ, ਇਸ ਲਈ ਉਨ੍ਹਾਂ ਨੂੰ ਮਾਸ਼ਾਹ ਕਿਹਾ ਜਾਣ ਲੱਗਿਆ ਜਿਹੜਾ ਬਾਅਦ ਵਿਚ ਮੂਸਾ ਬਣ ਗਿਆ।
ਮੁੱਢਲੀ ਜ਼ਿੰਦਗੀ ਵਿਚ ਹਜ਼ਰਤ ਮੂਸਾ ਨੂੰ ਕਈ ਪ੍ਰੀਖਿਆਵਾਂ ਦਾ ਸਾਹਮਣਾ ਕਰਨਾ ਪਿਆ। ਕਿਹਾ ਜਾਂਦਾ ਹੈ ਕਿ ਇਕ ਦਿਨ ਫਿਰਔਨ ਨੇ ਬੱਚੇ ਨਾਲ ਖੇਡਦਿਆਂ ਖੇਡਦਿਆਂ ਖ਼ੁਸ਼ ਹੋ ਕੇ ਉਸ ਨੂੰ ਚੁੱਕ ਲਿਆ ਅਤੇ ਉਸ ਦਾ ਮੂੰਹ ਚੁੰਮਣ ਲੱਗਿਆ, ਪਰ ਬੱਚੇ ਨੇ ਉਸ ਦੀ ਦਾੜ੍ਹੀ ਪੁੱਟ ਦਿੱਤੀ ਜਿਸ ’ਤੇ ਫਿਰਔਨ ਨੂੰ ਗੁੱਸਾ ਆ ਗਿਆ। ਉਸ ਨੇ ਬੱਚੇ ਦੇ ਕਤਲ ਦਾ ਹੁਕਮ ਦੇ ਦਿੱਤਾ। ਜਦੋਂ ਉਸਦੀ ਪਤਨੀ ਆਸੀਆ ਨੇ ਬੱਚੇ ਨੂੰ ਨਾ ਸਮਝ ਆਖ ਕੇ ਉਸ ਲਈ ਰਹਿਮ ਦੀ ਅਪੀਲ ਕੀਤੀ ਤਾਂ ਉਸਦੇ ਵਜ਼ੀਰ ਹਾਮਾਨ ਨੇ ਕਿਹਾ ਕਿ ਅਸੀਂ ਇਸ ਦੀ ਹੁਣੇ ਹੀ ਪਰਖ ਕਰ ਲੈਂਦੇ ਹਾਂ। ਉਸ ਨੇ ਦੋ ਥਾਲ ਮੰਗਵਾ ਕੇ ਇਕ ਵਿਚ ਯਾਕੂਤ ਅਤੇ ਦੂਜੇ ਵਿਚ ਅੱਗ ਦੇ ਮਘਦੇ ਹੋਏ ਕੋਇਲੇ ਰੱਖ ਕੇ ਆਖਿਆ ਕਿ ਜੇ ਇਸ ਬਾਲ ਨੇ ਯਾਕੂਤ ਨੂੰ ਹੱਥ ਪਾਇਆ ਤਾਂ ਇਹ ਜ਼ਰੂਰ ਇਜ਼ਰਾਈਲੀ ਹੋਵੇਗਾ। ਲਿਖਿਆ ਮਿਲਦਾ ਹੈ ਕਿ ਜਦੋਂ ਹਜ਼ਰਤ ਮੂਸਾ (ਅਲੈ.) ਯਾਕੂਤ ਨੂੰ ਹੱਥ ਪਾਉਣ ਲੱਗੇ ਤਾਂ ਹਜ਼ਰਤ ਜਬਿਰਾਈਲ (ਅਲੈ.) ਨੇ ਉਸ ਦਾ ਹੱਥ ਫੜ ਕੇ ਕੋਲਿਆਂ ਉੱਤੇ ਰੱਖ ਦਿੱਤਾ ਜਿਸ ਨਾਲ ਉਸ ਦਾ ਹੱਥ ਸੜ ਗਿਆ।
ਇਕ ਵਾਰ ਮੂਸਾ ਨੇ ਦੇਖਿਆ ਕਿ ਇਕ ਕਬਿਤੀ ਇਕ ਬਨੀ ਇਜ਼ਰਾਈਲ ਨਸਲ ਦੇ ਬੰਦੇ ਨੂੰ ਕੁੱਟ ਰਿਹਾ ਸੀ। ਉਸ ਤੋਂ ਬਰਦਾਸ਼ਤ ਨਾ ਹੋਇਆ ਅਤੇ ਉਸ ਨੇ ਕਬਿਤੀ ਨੂੰ ਕੁੱਟਣ ਦਾ ਕਾਰਨ ਪੁੱਛਿਆ ਤਾਂ ਗੁੱਸੇ ਵਿਚ ਆਏ ਕਬਿਤੀ ਨੇ ਮੂਸਾ ਨੂੰ ਵੀ ਬੁਰਾ-ਭਲਾ ਆਖਿਆ। ਨਾ ਚਾਹੁੰਦਿਆਂ ਵੀ ਮੂਸਾ ਹੱਥੋਂ ਕਬਿਤੀ ਦਾ ਕਤਲ ਹੋ ਗਿਆ ਅਤੇ ਸਿੱਟੇ ਵਜੋਂ ਮੂਸਾ ਫਿਰਔਨ ਦੇ ਕਰੋਧ ਤੋਂ ਡਰਦਾ ਫਿਲਸਤੀਨ ਚਲਾ ਗਿਆ।
ਫਿਲਸਤੀਨ ਵਿਚ ਆਉਣ ਤੋਂ ਬਾਅਦ ਮੂਸਾ ਨੂੰ ਰੱਬ ਵੱਲੋਂ ਪੈਗੰਬਰ ਥਾਪ ਦਿੱਤਾ ਗਿਆ ਅਤੇ ਹੁਕਮ ਹੋਇਆ ਕਿ ਫਿਰਔਨ ਦੇ ਦਰਬਾਰ ਵਿਚ ਜਾ ਕੇ ਉਸ ਨੂੰ ਇਕ ਰੱਬ ਦੀ ਪੂਜਾ ਕਰਨ ਲਈ ਕਹੇ। ਜਦੋਂ ਹਜ਼ਰਤ ਮੂਸਾ ਨੇ ਫਿਰਔਨ ਨੂੰ ਰੱਬ ਦਾ ਪੈਗ਼ਾਮ ਸੁਣਾਇਆ ਤਾਂ ਉਹ ਅੱਗ-ਬਬੂਲਾ ਹੋ ਗਿਆ ਅਤੇ ਹਜ਼ਰਤ ਮੂਸਾ ਨੂੰ ਕਈ ਤਰੀਕਿਆਂ ਨਾਲ ਮਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਰ ਵਾਰ ਬਚ ਜਾਂਦੇ ਰਹੇ। ਅੰਤ ਫਿਰਔਨ ਦੇ ਜ਼ੁਲਮਾਂ ਤੋਂ ਤੰਗ ਆ ਕੇ ਮੂਸਾ ਰੱਬ ਦਾ ਹੁਕਮ ਮੰਨਦਿਆਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮਿਸਰ ਨੂੰ ਛੱਡ ਕੇ ਫਿਲਸਤੀਨ ਵੱਲ ਤੁਰ ਪਏ। ਜਦੋਂ ਫਿਰਔਨ ਨੂੰ ਉਸਦੇ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਫ਼ੌਜ ਲੈ ਕੇ ਮੂਸਾ ਦਾ ਪਿੱਛਾ ਕੀਤਾ। ਰੱਬ ਦੇ ਹੁਕਮ ਨਾਲ ਮੂਸਾ ਨੀਲ ਦਰਿਆ ਨੂੰ ਪਾਰ ਕਰ ਗਿਆ, ਪਰ ਫ਼ਿਰਔਨ ਪਾਰ ਕਰਨ ਲੱਗਿਆ ਨੀਲ ਦਰਿਆ ਵਿਚ ਡੁੱਬ ਗਿਆ।
ਡਾਕਟਰ ਰਤਨ ਸਿੰਘ ਜੱਗੀ ਇਕ ਥਾਂ ਲਿਖਦੇ ਹਨ, ‘ਹਜ਼ਰਤ ਮੂਸਾ ਨੂੰ ਕੋਹੇਤੂਰ ਉੱਤੇ ਰੱਬ ਦਾ ਜਲਬਾ ਦਿਖਾਈ ਦਿੱਤਾ ਅਤੇ ਮੁਲਾਕਾਤ ਵੀ ਹੋਈ। ਰੱਬ ਨੇ ਉਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਲਿਖੀਆਂ ਸਿਲਾਂ ਦਿੱਤੀਆਂ। ਇਕ ਵਾਰ ਉਹ ਬਿਨਾਂ ਕੁਝ ਖਾਧੇ-ਪੀਤੇ ਚਾਲੀ ਦਿਨ ਤਕ ਰੱਬ ਨਾਲ ਗੱਲਾਂ ਵਿਚ ਰੁੱਝੇ ਰਹੇ। ਇਸੇ ਲਈ ਯਹੂਦੀ ਚਾਲੀ ਦਿਨ ਰੋਜ਼ੇ ਰੱਖਦੇ ਹਨ। ਉਨ੍ਹਾਂ ਨੂੰ ਰੱਬ ਵੱਲੋਂ ਭੇਜੇ ਹੁਕਮ ‘ਤੌਰੈਤ’ ਵਿਚ ਮਿਲਦੇ ਹਨ। ਉਨ੍ਹਾਂ ਨੇ ਆਪਣੇ ਮੰਨਣ ਵਾਲਿਆਂ ਨੂੰ ਦਸ ਅਸੂਲ ਦੱਸੇ ਜਿਨ੍ਹਾਂ ਵਿਚ ਰੱਬ ਨੂੰ ਇਕ ਮੰਨਣਾ, ਮੂਰਤੀਆਂ ਦੀ ਪੂਜਾ ਨਾ ਕਰਨਾ, ਸ਼ਨੀਚਰਵਾਰ ਆਰਾਮ ਕਰਨਾ, ਦੂਜਿਆਂ ਦਾ ਹੱਕ ਨਾ ਦੱਬਣਾ ਅਤੇ ਮਾਪਿਆਂ ਦਾ ਆਦਰ ਕਰਨਾ ਆਦਿ ਪ੍ਰਮੁੱਖ ਹਨ।’
‘ਬੁਖ਼ਾਰੀ ਅਤੇ ਮੁਸਲਿਮ ਸ਼ਰੀਫ਼’ ਵਿਚ ਹਜ਼ਰਤ ਅਬੂ ਹੁਰੈਰਾ (ਰਜ਼ੀ.) ਦੇ ਹਵਾਲੇ ਨਾਲ ਦੱਸ ਪਾਈ ਗਈ ਹੈ ਕਿ ਜਦੋਂ ਹਜ਼ਰਤ ਮੂਸਾ ਦੀ ਮੌਤ ਦਾ ਵੇਲਾ ਆਇਆ ਤਾਂ ਇਜ਼ਰਾਈਲ ਉਨ੍ਹਾਂ ਕੋਲ ਜਾ ਕੇ ਕਹਿਣ ਲੱਗਿਆ,‘ਆਪ ਨੂੰ ਰੱਬ ਵੱਲੋਂ ਮੌਤ ਦਾ ਸੁਨੇਹਾ ਆਇਆ ਹੈ।’ ਹਜ਼ਰਤ ਮੂਸਾ ਨੇ ਮੌਤ ਦਾ ਸੁਨੇਹਾ ਸੁਣ ਕੇ ਇਜ਼ਰਾਈਲ ਦੇ ਮੂੰਹ ’ਤੇ ਥੱਪੜ ਮਾਰਿਆ ਜਿਸ ਨਾਲ ਉਸ ਦੀ ਅੱਖ ਫੁੱਟ ਗਈ। ਇਜ਼ਰਾਈਲ ਫ਼ਰਿਸ਼ਤੇ ਨੇ ਜਾ ਕੇ ਰੱਬ ਅੱਗੇ ਅਰਜ਼ ਕੀਤੀ, ‘ਰੱਬਾ! ਤੇਰਾ ਬੰਦਾ ਮੌਤ ਤੋਂ ਇਨਕਾਰੀ ਹੈ ਅਤੇ ਉਸ ਨੇ ਥੱਪੜ ਮਾਰ ਕੇ ਮੇਰੀ ਅੱਖ ਭੰਨ ਦਿੱਤੀ ਹੈ।’ ਰੱਬ ਨੇ ਫ਼ਰਿਸ਼ਤੇ ਨੂੰ ਦੁਬਾਰਾ ਭੇਜਦਿਆਂ ਕਿਹਾ ਕਿ ਮੂਸਾ ਨੂੰ ਜਾ ਕੇ ਆਖ ਕਿ ਰੱਬ ਦਾ ਹੁਕਮ ਹੈ ਕਿ ਕਿਸੇ ਢੱਗੇ ਦੀ ਪਿੱਠ ’ਤੇ ਹੱਥ ਰੱਖੇ, ਜਿੰਨੇ ਵੀ ਵਾਲ ਉਸ ਦੀ ਮੁੱਠੀ ਵਿਚ ਆ ਗਏ ਓਨੇ ਸਾਲ ਉਸ ਦੀ ਉਮਰ ਵਧਾ ਦਿੱਤੀ ਜਾਵੇਗੀ।
ਜਦੋਂ ਫ਼ਰਿਸ਼ਤੇ ਨੇ ਜਾ ਕੇ ਹਜ਼ਰਤ ਮੂਸਾ ਨੂੰ ਰੱਬ ਦਾ ਹੁਕਮ ਸੁਣਾਇਆ ਤਾਂ ਮੂਸਾ ਪੁੱਛਣ ਲੱਗਿਆ ਕਿ ਐਨੇ ਸਾਲ ਲੰਘਾਉਣ ਤੋਂ ਬਾਅਦ ਕੀ ਹੋਵੇਗਾ ਤਾਂ ਫ਼ਰਿਸ਼ਤੇ ਨੇ ਆਖਿਆ,‘ਮੌਤ’। ਮੂਸਾ ਨੇ ਆਖਿਆ ਕਿ ਜੇ ਅੰਤ ਮੌਤ ਹੀ ਏ ਤਾਂ ਫੇਰ ਅੱਜ ਹੀ ਕਿਉਂ ਨਾ ਆ ਜਾਵੇ। ਇਸ ਅਖਾਣ ਵਿਚ ਇਸੇ ਇਤਿਹਾਸਕ ਘਟਨਾ ਵੱਲ ਇਸ਼ਾਰਾ ਕੀਤਾ ਗਿਆ ਹੈ।
ਸੰਪਰਕ: 98555-51359