ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਪਾਕਿਸਤਾਨੀ ਫਿਲਮਾਂ ਦਾ ਮੋਹੜੀਗੱਡ ਸਰਦਾਰ ਬਨਵਾਰੀ ਲਾਲ

ਪਾਕਿਸਤਾਨੀ ਫਿਲਮਾਂ ਦਾ ਮੋਹੜੀਗੱਡ ਸਰਦਾਰ ਬਨਵਾਰੀ ਲਾਲ

ਮਨਦੀਪ ਸਿੰਘ ਸਿੱਧੂ

ਪਾਕਿਸਤਾਨ ਵਿੱਚ ਬਣਨ ਵਾਲੀ ਪਹਿਲੀ ਉਰਦੂ ਫਿਲਮ ‘ਤੇਰੀ ਯਾਦ’ (1948) ਦਾ ਪਹਿਲਾ ਭਾਰਤੀ ਫਿਲਮਸਾਜ਼ ਦੀਵਾਨ ਸਰਦਾਰੀ ਲਾਲ ਉਰਫ਼ ਦੀਵਾਨ ਸਰਦਾਰੀ ਲਾਲ ਸੱਭਰਵਾਲ ਦੀ ਪੈਦਾਇਸ਼ 1907 ਵਿੱਚ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ‘ਦੀਵਾਨ’ ਇਨ੍ਹਾਂ ਦੇ ਵੱਡ-ਵਡੇਰਿਆਂ ਨੂੰ ਮਿਲਿਆ ਵੱਕਾਰੀ ਖਿਤਾਬ ਸੀ ਜੋ ਇਨ੍ਹਾਂ ਦੇ ਨਾਮ ਨਾਲ ਪੱਕੇ ਤੌਰ ’ਤੇ ਜੁੜ ਗਿਆ। ਇਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ. ਏ. ਅਤੇ ਫਿਰ ਐੱਲ. ਐੱਲ. ਬੀ. ਪਾਸ ਕੀਤੀ। ਤਾਲੀਮ ਮੁਕੰਮਲ ਕਰਦਿਆਂ ਹੀ ਦੀਵਾਨ ਸਰਦਾਰੀ ਲਾਲ ਇਨਕਮ ਟੈਕਸ ਵਿਭਾਗ ਦੇ ਨਾਮੀ ਵਕੀਲ ਬਣ ਗਏ। ਇੰਜ ਹੀ ਇੱਕ ਦਿਨ ਇਨ੍ਹਾਂ ਦਾ ਰਾਬਤਾ ਸੇਠ ਦਲਸੁਖ ਐੱਮ. ਪੰਚੋਲੀ ਨਾਲ ਹੋਇਆ। ਉਨ੍ਹਾਂ ਨੇ ਇਨ੍ਹਾਂ ਦੀ ਕਾਬਲੀਅਤ ਤੋਂ ਮੁਤਾਸਿਰ ਹੁੰਦਿਆਂ ਪੰਚੋਲੀ ਆਰਟ ਸਟੂਡੀਓ, ਲਾਹੌਰ ਦਾ ਜਨਰਲ ਮੈਨੇਜਰ ਅਤੇ ਵਕੀਲ ਮੁਕੱਰਰ ਕਰ ਦਿੱਤਾ। ਪਹਿਲਾਂ ਇਹ ਪੰਚੋਲੀ ਦੀਆਂ ਫਿਲਮਾਂ ਦੇ ਪ੍ਰੋਡਕਸ਼ਨ ਇੰਚਾਰਜ, ਅਦਾਕਾਰ ਤੇ ਫਿਰ ਆਜ਼ਾਦ ਫਿਲਮਸਾਜ਼ ਬਣ ਗਏ। ਪਾਕਿਸਤਾਨ ਵਿੱਚ ਸਭ ਤੋਂ ਪਹਿਲੀ ਫਿਲਮ ਬਣਾ ਕੇ ਫਿਲਮਸਾਜ਼ੀ ਦਾ ਆਗ਼ਾਜ਼ ਕਰਨ ਦਾ ਸ਼ਰਫ਼ ਵੀ ਦੀਵਾਨ ਸਰਦਾਰੀ ਲਾਲ ਨੂੰ ਹੀ ਹਾਸਲ ਹੈ।

ਪਾਕਿਸਤਾਨ ਦੀ ਪਹਿਲੀ ਉਰਦੂ ਫਿਲਮ ‘ਤੇਰੀ ਯਾਦ’ ਦਾ ਪੋਸਟਰ

1937 ਵਿੱਚ ਕਰਾਚੀ ਦੇ ਪੰਜਾਬੀ ਗੱਭਰੂ ਦਲਸੁਖ ਐੱਮ. ਪੰਚੋਲੀ ਨੇ 115 ਅਪਰ ਮਾਲ ਰੋਡ, ਲਾਹੌਰ ਉੱਪਰ ਸਥਿਤ ਲਾਲਾ ਦੌਲਤ ਰਾਮ ਦਾ ਐਨਕਾਂ ਦਾ ਕਾਰਖਾਨਾ ਖ਼ਰੀਦ ਲਿਆ ਤੇ ਉਸ ਨੂੰ ਸਟੂਡੀਓ ਵਿੱਚ ਤਬਦੀਲ ਕਰ ਕੇ ਉਸ ਦਾ ਨਾਮ ਰੱਖਿਆ ‘ਪੰਚੋਲੀ ਆਰਟ ਸਟੂਡੀਓ’। ਜਦੋਂ ਸੇਠ ਦਲਸੁਖ ਐੱਮ. ਪੰਚੋਲੀ ਨੇ ਆਪਣੇ ਫਿਲਮਸਾਜ਼ ਅਦਾਰੇ ਪੰਚੋਲੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ ਦੀ ਹਿਦਾਇਤਕਾਰੀ ਵਿੱਚ ਆਪਣੀ ਪਹਿਲੀ ਪੰਜਾਬੀ ਫਿਲਮ ‘ਗੁਲ ਬਕਾਵਲੀ’ (1939) ਸ਼ੁਰੂ ਕੀਤੀ ਤਾਂ ਐਡਵੋਕੇਟ ਦੀਵਾਨ ਸਰਦਾਰੀ ਲਾਲ ਨੂੰ ਨਵੇਂ ਚਿਹਰੇ ਵਜੋਂ ਅਦਾਕਾਰੀ ਦਾ ਮੌਕਾ ਦਿੱਤਾ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਲਾਹੌਰ ਦਾ ਸਲੀਮ ਰਜ਼ਾ (ਤਾਜ), ਸੁਰੱਈਆ ਜਬੀਨ (ਲੱਖੀ), ਮਿਸ ਕੁਸਮ ਨਈਅਰ (ਫ਼ਿਰੋਜ਼ਾ), ਮਿਸ ਹੇਮ ਲਤਾ (ਬਕਾਵਲੀ), ਬੇਬੀ ਨੂਰਜਹਾਂ (ਨੂਰੀ), ਐੱਮ. ਇਸਮਾਇਲ (ਮਿੱਠੂ) ਤੋਂ ਇਲਾਵਾ ਪੰਡਤ ਡੀ. ਐੱਨ. ਮਧੋਕ (ਪਹਿਲੀ ਪੰਜਾਬੀ ਫਿਲਮ), ਫ਼ਿਰੋਜ਼, ਦੁਰਗਾ ਮੋਟਾ, ਮਿਸ ਤਮੰਚਾ ਜਾਨ (ਰੇਡੀਓ ਗੁਲੂਕਾਰਾ), ਅਜਮਲ, ਗੋਬਿੰਦੀ, ਸ਼ਿਆਮਾ, ਨਾਜੋ ਆਦਿ ਸ਼ਾਮਲ ਸਨ। ਫਿਲਮ ਦੇ ਮੁਸੱਨਫ਼ ਤੇ ਨਗ਼ਮਾਨਿਗਾਰ ਵਲੀ ਸਾਹਿਬ (ਪਤੀ ਅਦਾਕਾਰਾ ਮੁਮਤਾਜ਼ ਸ਼ਾਂਤੀ) ਅਤੇ ਮੌਸੀਕੀ ਦੀਆਂ ਧੁਨਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਬਣਾਈਆਂ ਸਨ। ਇਸ ਫਿਲਮ ਤੋਂ ਇੱਕ ਆਵਾਜ਼ ਬਰ-ਏ-ਸਗੀਰ ਦੇ ਕੋਨੇ-ਕੋਨੇ ਵਿੱਚ ਵਿੱਚ ਪਹੁੰਚੀ। ਉਹ ਆਵਾਜ਼ ਸੀ ਬੇਬੀ ਨੂਰਜਹਾਂ ਦੀ ਜੋ ਬਾਅਦ ਵਿੱਚ ਨੂਰਜਹਾਂ ਦੇ ਨਾਮ ਹਿੰਦ-ਪਾਕਿ ਫਿਲਮਾਂ ਦੀ ਵੱਡੀ ਅਦਾਕਾਰਾ ਤੇ ਗੁਲੂਕਾਰਾ ਸਾਬਤ ਹੋਈ। 65 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਫਿਲਮ ਨੇ 15 ਲੱਖ ਰੁਪਏ ਦੀ ਕਮਾਈ ਕੀਤੀ। ਇਹ ਫਿਲਮ 12 ਨਵੰਬਰ 1939 ਨੂੰ ਪ੍ਰਭਾਤ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ।

ਜਦੋਂ ਸੇਠ ਦਲਸੁਖ ਐੱਮ. ਪੰਚੋਲੀ ਨੇ ਪ੍ਰਧਾਨ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ ਦੀ ਹਿਦਾਇਤਕਾਰੀ ਹੇਠ ਹਿੰਦੀ ਫਿਲਮ ‘ਸ਼ਹਿਰ ਸੇ ਦੂਰ’ (1946) ਬਣਾਈ ਤਾਂ ਦੀਵਾਨ ਸਰਦਾਰੀ ਲਾਲ ਨੂੰ ਫਿਲਮ ਦਾ ਪ੍ਰੋਡਕਸ਼ਨ ਇੰਚਾਰਜ ਬਣਾਇਆ ਗਿਆ। ਕਹਾਣੀ ਤੇ ਮੁਕਾਲਮੇ ਸਈਅਦ ਇਮਤਿਆਜ ਅਲੀ ਤਾਜ, ਮੁਕਾਲਮਾ ਹਿਦਾਇਤਕਾਰ ਮਲਿਕ ਹਸੀਬ ਅਹਿਮਦ, ਗੀਤ ਡੀ. ਐੱਨ. ਮਧੋਕ ਉਰਫ਼ ਪੰਡਤ ਦੀਨਾ ਨਾਥ ਮਧੋਕ ਤੇ ਮੌਸੀਕੀ ਦੀਆਂ ਤਰਜ਼ਾਂ ਪੰਡਤ ਅਮਰਨਾਥ ਨੇ ਬਣਾਈਆਂ ਸਨ। ਫਿਲਮ ਦੇ ਅਦਾਕਾਰਾਂ ਵਿੱਚ ਮੀਨਾ (ਬਾਅਦ ’ਚ ਮੀਨਾ ਸ਼ੋਰੀ), ਰਜ਼ਾ ਮੀਰ (ਨਵਾਂ ਚਿਹਰਾ), ਮਿਸ ਇਰਸ਼ਾਦ, ਅਲ ਨਾਸਿਰ, ਅਜਮਲ, ਜੀ. ਐੱਨ. ਬੱਟ, ਓਮ ਪ੍ਰਕਾਸ਼, ਪਦਮਾ, ਆਸ਼ਾ ਪੌਸਲੇ, ਸ਼ਹਿਜ਼ਾਦੀ ਸ਼ਾਮਲ ਸਨ। ਫਿਲਮ ਦੇ ਗੀਤਾਂ ਨੂੰ ਜ਼ੀਨਤ ਬੇਗ਼ਮ, ਮੁਨੱਵਰ ਸੁਲਤਾਨਾ ਤੇ ਐੱਸ. ਡੀ. ਬਾਤਿਸ਼ ਨੇ ਆਪਣੇ ਸੁਰ ਪ੍ਰਦਾਨ ਕੀਤੇ। ਇਹ ਫਿਲਮ ਸਤੰਬਰ 1946 ਵਿੱਚ ਰਿਲੀਜ਼ ਕੀਤੀ ਗਈ।

1948 ਵਿੱਚ ਫਿਲਮਸਾਜ਼ ਦੀਵਾਨ ਸਰਦਾਰੀ ਲਾਲ ਨੇ ਪੰਚੋਲੀ ਸਟੂਡੀਓ, ਲਾਹੌਰ ਵਿੱਚ ਆਪਣੇ ਫਿਲਮਸਾਜ਼ ਅਦਾਰੇ ਦੀਵਾਨ ਪਿਕਚਰਜ਼ ਦੀ ਪਹਿਲੀ ਹਿੰਦੀ ਫਿਲਮ ‘ਬਰਸਾਤ ਕੀ ਏਕ ਰਾਤ’ (1948) ਜੀ. ਐੱਨ. ਸਿੰਘ ਦੀ ਹਿਦਾਇਤਕਾਰੀ ’ਚ ਸ਼ੁਰੂ ਕੀਤੀ। ਮੁਸੱਨਫ਼ ਦਲਸੁਖ ਐੱਮ. ਪੰਚੋਲੀ, ਮੁਕਾਲਮੇ ਤੇ ਗੀਤ ਡੀ. ਐੱਨ. ਮਧੋਕ, ਸ਼ੌਕਤ ਥਾਨਵੀ ਤੇ ਮੁਲਕਰਾਜ ਭਾਖੜੀ, ਮੰਜ਼ਰਨਾਮਾ ਜੀ. ਐੱਨ. ਸਿੰਘ ਅਤੇ ਸੰਗੀਤਕ ਤਰਜ਼ਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਾਮੀਰ ਕੀਤੀਆਂ। ਫਿਲਮ ਦੇ ਅਦਾਕਾਰਾਂ ਵਿੱਚ ਬੇਗ਼ਮ ਪਰਵੀਨ (ਲਤਾ), ਡਾਂਸਰ ਆਸ਼ਾ ਪੌਸਲੇ (ਚੰਪਾ ਦੇਵੀ, ਪ੍ਰਾਣ (ਵਕੀਲ ਕਿਸ਼ੋਰ), ਅਮਰਨਾਥ (ਪ੍ਰੋਫੈਸਰ ਦਲੀਪ), ਕਿਰਨ (ਰਾਣੀ), ਕਾਮੇਡੀਅਨ ਦੁਰਗਾ ਮੋਟਾ (ਮਰਹੂਮ/ਦੁਰਗਾ), ਜੀ. ਐੱਨ ਬੱਟ (ਲਤਾ ਦੇ ਪਿਤਾ) ਤੋਂ ਇਲਾਵਾ ਸ਼ਹਿਜ਼ਾਦੀ, ਬੇਬੀ ਲਤਾ, ਸ਼ੇਰਦਾਦ ਤੇ ਸ਼ਿਆਮ ਲਾਲ ਸ਼ਾਮਲ ਸਨ। ਪ੍ਰੋਡਕਸ਼ਨ ਮੈਨੇਜਰ ਰਾਮ ਦਿਆਲ (ਪੁੱਤਰ ਦੀਵਾਨ ਸਰਦਾਰੀ ਲਾਲ) ਫਿਲਮ ਦੇ ਗੁਲੂਕਾਰਾਂ ਵਿੱਚ ਜ਼ੀਨਤ ਬੇਗ਼ਮ, ਮੁਨੱਵਰ ਸੁਲਤਾਨਾ, ਗ਼ੁਲਾਮ ਹੈਦਰ, ਕੌਸਰ ਪਰਵੀਨ ਆਦਿ ਮੌਜੂਦ ਸਨ। ਇਹ ਫਿਲਮ 13 ਅਪਰੈਲ 1949 ਨੂੰ ਪੈਲੇਸ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ।

ਵੰਡ ਤੋਂ ਬਾਅਦ 115 ਅਪਰ ਮਾਲ ਰੋਡ, ਲਾਹੌਰ ਵਿਖੇ ਫਿਲਮਸਾਜ਼ ਦੀਵਾਨ ਸਰਦਾਰੀ ਲਾਲ (ਸਹਾਇਕ ਦੀਵਾਨ ਡੀ. ਐੱਫ ਸਿੰਘਾ) ਨੇ ਆਪਣੇ ਫਿਲਮਸਾਜ਼ ਅਦਾਰੇ ਹੇਠ ਪਾਕਿਸਤਾਨ ਦੀ ਪਹਿਲੀ ਉਰਦੂ ਫਿਲਮ ‘ਤੇਰੀ ਯਾਦ’ (1948) ਬਣਾਈ। ਫਿਲਮ ਦੇ ਹਿਦਾਇਤਕਾਰ ਦਾਊਦ ਚਾਂਦ (ਪਹਿਲੀ ਪਾਕਿਸਤਾਨੀ ਫਿਲਮ/ਸਹਾਇਕ ਰਫ਼ੀਕ ਸਰਹੱਦੀ ਤੇ ਐੱਮ. ਅਸਰਫ਼) ਸਨ। ਸੰਗੀਤ ਨਿਰਦੇਸ਼ਕ ਮਾਸਟਰ ਨਾਥ (ਭਾਈ ਨਾਥ, ਪਿਤਾ ਆਸ਼ਾ ਪੌਸਲੇ), ਅਨਵਰ ਕਰੀਮ ਤੇ ਹੋਰ, ਗੀਤ ਕਤੀਲ ਸਿਫ਼ਾਈ (ਇੱਕ ਗੀਤ), ਤਨਵੀਰ ਨੱਕਵੀ, ਤੂਫ਼ੈਲ ਹੁਸ਼ਿਆਰਪੁਰੀ, ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਖ਼ਾਦਿਮ ਮੋਹਿਊਦੀਨ ਬੀ. ਏ. ਨੇ ਤਹਿਰੀਰ ਕੀਤੇ ਸਨ। ਪ੍ਰੋਡਕਸ਼ਨ ਚੀਫ਼ ਰਾਮ ਦਿਆਲ (ਪੁੱਤਰ ਦੀਵਾਨ ਸਰਦਾਰੀ ਲਾਲ) ਤੇ ਸਿਨਮੈਟੋਗ੍ਰਾਫ਼ਰ ਰਜ਼ਾ ਮੀਰ ਸਨ। ਅਦਾਕਾਰਾਂ ਵਿੱਚ ਆਸ਼ਾ ਪੌਸਲੇ ਤੇ ਨਾਸਿਰ ਖ਼ਾਨ (ਅਦਾਕਾਰ ਦਿਲੀਪ ਕੁਮਾਰ ਦਾ ਛੋਟਾ ਭਰਾ) ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਦੀਗ਼ਰ ਫ਼ਨਕਾਰਾਂ ਵਿੱਚ ਨਜਮਾ, ਰਾਣੀ ਕਿਰਨ (ਵੱਡੀ ਭੈਣ ਆਸ਼ਾ ਪੌਸਲੇ), ਜ਼ੁਬੈਦਾ, ਨਜ਼ਰ (ਕਾਮੇਡੀਅਨ), ਜਹਾਂਗੀਰ, ਮਾਸਟਰ ਗ਼ੁਲਾਮ ਕਾਦਰ, ਸਰਦਾਰ ਮੁਹੰਮਦ ਆਦਿ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਫਿਲਮ ਦੇ ਗੀਤ ਆਸ਼ਾ ਪੌਸਲੇ, ਮੁਨੱਵਰ ਸੁਲਤਾਨਾ, ਅਲੀ ਬਖ਼ਸ਼ ਜ਼ਹੂਰ ਨੇ ਗਾਏ। ਇਹ ਫਿਲਮ 7 ਅਗਸਤ 1948 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਬਾਅਦ ਵਿੱਚ ਇਸ ਸਿਨਮਾ ਦਾ ਨਾਮ ‘ਸਨੋਬਰ ਸਿਨਮਾ’ ਅਤੇ ਹੁਣ ‘ਇੰਪੀਰੀਅਲ ਸਿਨਮਾ’ (ਲਾਹੌਰ) ਦੇ ਨਾਮ ਨਾਲ ਮਸ਼ਹੂਰ ਹੈ।

ਲਾਹੌਰ (ਪਾਕਿਸਤਾਨ) ਵਿੱਚ ਫਿਲਮਸਾਜ਼ ਦੀਵਾਨ ਸਰਦਾਰੀ ਲਾਲ ਤੇ ਜੇ. ਬੀ. ਫ਼ਿਰੋਜ਼ ਨੇ ਪੰਚੋਲੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਅਹਿਮਦ ਉੱਲਾ ਅਜਮੇਰੀ ਦੀ ਹਿਦਾਇਤਕਾਰੀ ’ਚ ਦੂਸਰੀ ਤੇ ਆਖ਼ਰੀ ਉਰਦੂ ਫਿਲਮ ‘ਗ਼ਲਤ ਫ਼ਹਿਮੀ’ ਉਰਫ਼ ‘ਮਿਸ 1949’ (1949) ਬਣਾਈ। ਕਹਾਣੀ ਤੇ ਮੁਕਾਲਮੇ ਖ਼ਾਦਿਮ ਮੋਹਿਊਦੀਨ ਬੀ. ਏ., ਗੀਤ ਤੂਫ਼ੈਲ ਹੁਸ਼ਿਆਰਪੁਰੀ, ਅਰਸ਼ ਲਖਨਵੀ, ਆਈ. ਏ. ਨਾਜ਼ਿਸ਼ ਤੇ ਨਾਜ਼ਿਮ ਪਾਣੀਪਤੀ ਨੇ ਤਹਿਰੀਰ ਕੀਤੇ। ਫੋਟੋਗ੍ਰਾਫ਼ੀ ਅਹਿਮਦ ਉੱਲਾ ਅਜਮੇਰੀ, ਪ੍ਰੋਡਕਸ਼ਨ ਮੈਨੇਜਰ ਰਾਮ ਦਿਆਲ ਤੇ ਨ੍ਰਿਤ ਹਿਦਾਇਤਕਾਰਾ ਆਸ਼ਾ ਪੌਸਲੇ ਸੀ। ਫਿਲਮ ਦੇ ਅਦਾਕਾਰਾਂ ਵਿੱਚ ਆਸ਼ਾ ਪੌਸਲੇ ਤੇ ਨਜ਼ਰ ਨੇ ਮਰਕਜ਼ੀ ਕਿਰਦਾਰ ਤੇ ਬਾਕੀ ਫ਼ਨਕਾਰਾਂ ਵਿੱਚ ਜਹਾਂਗੀਰ ਖ਼ਾਨ, ਇਰਸ਼ਾਦ ਬੇਗ਼ਮ, ਬੇਬੀ ਲਤਾ, ਮਹਾਂ ਪਾਰਾ, ਰਾਣੀ ਕਿਰਨ, ਸਲੀਮ ਰਜ਼ਾ, ਬੇਗਮ ਪਰਵੀਨ, ਮਾਸਟਰ ਗ਼ੁਲਾਮ ਕਾਦਿਰ, ਜ਼ਰੀਨਾ ਰੇਸ਼ਮ (ਯਾਸਮੀਨ) ਸ਼ਾਮਲ ਸਨ। ਫਿਲਮ ਦੇ ਗੀਤ ਮੁਨੱਵਰ ਸੁਲਤਾਨਾ, ਇਕਬਾਲ ਬਾਨੋ, ਨਜ਼ਰ ਹੁਸੈਨ, ਆਸ਼ਾ ਪੌਸਲੇ, ਤੇ ਇਕਬਾਲ ਬੇਗ਼ਮ ਨੇ ਗਾਏ। ਇਹ ਫਿਲਮ 10 ਮਾਰਚ 1950 ਨੂੰ ਪੈਲੇਸ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।

ਵੰਡ ਦਾ ਸੰਤਾਪ ਭਾਰਤੀ ਫਿਲਮ ਸਨਅਤ ਨੂੰ ਵੀ ਭੁਗਤਣਾ ਪਿਆ ਤੇ ਤਮਾਮ ਪੰਜਾਬੀਆਂ ਤੇ ਪੰਜਾਬ ਨੂੰ ਵੀ। ਮੁਲਕ ਦੋ ਹਿੱਸਿਆਂ ਵਿੱਚ ਤਕਸੀਮ ਹੋ ਗਿਆ। ਵੰਡ ਵੇਲੇ ਦੀਵਾਨ ਸਰਦਾਰੀ ਲਾਲ ਤੇ ਦਲਸੁਖ ਐੱਮ. ਪੰਚੋਲੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਦਲਸੁੱਖ ਪੰਚੋਲੀ 1948 ਵਿੱਚ ਬੰਬਈ (ਭਾਰਤ) ਆ ਗਏ ਤੇ ਉਨ੍ਹਾਂ ਦੇ ਪੰਚੋਲੀ ਸਟੂਡੀਓ ’ਤੇ ਦੀਵਾਨ ਸਰਦਾਰੀ ਲਾਲ ਦਾ ਕਬਜ਼ਾ ਹੋ ਗਿਆ। ਉਨ੍ਹਾਂ ਨੇ ਵੀ ਉੱਥੇ ਦੋ ਉਰਦੂ ਫਿਲਮਾਂ ਦਾ ਨਿਰਮਾਣ ਕੀਤਾ। ਅਖ਼ੀਰਨ ਪੰਚੋਲੀ ਸਟੂਡੀਓ ਸਰਦਾਰੀ ਲਾਲ ਦੇ ਹੱਥੋਂ ਵੀ ਨਿਕਲ ਗਿਆ ਤੇ ਇਸ ਨੂੰ ਮਸ਼ਹੂਰ ਰੇਡੀਓ ਗੁਲੂਕਾਰਾ ਮਲਿਕਾ ਪੁਖਰਾਜ ਨੇ ਖਰੀਦ ਲਿਆ। ਬਾਅਦ ਵਿੱਚ ਉਸ ਨੇ ਇਸ ਦਾ ਨਾਮ ਬਦਲ ਕੇ ‘ਮਲਿਕਾ ਸਟੂਡੀਓ’ ਰੱਖ ਦਿੱਤਾ।

1947 ਵਿੱਚ ਸਰਦਾਰੀ ਲਾਲ ਦੀ ਪਤਨੀ ਕੌਸ਼ੱਲਿਆ ਸੱਭਰਵਾਲ ਦੀਵਾਨ ਆਪਣੇ ਪੁੱਤਰਾਂ ਦੇ ਨਾਲ ਬੰਬਈ ਆ ਗਈ ਤੇ ਦੀਵਾਨ ਸਰਦਾਰੀ ਲਾਲ ਇਕੱਲੇ ਹੀ ਉੱਥੇ ਰਹਿ ਗਏ ਸਨ। ਫਿਰ ਉਹ 9 ਸਾਲਾਂ ਬਾਅਦ 1956 ਵਿੱਚ ਬੰਬਈ ਪਹੁੰਚੇ।

ਬੰਬਈ ਆ ਕੇ ਦੀਵਾਨ ਸਰਦਾਰੀ ਲਾਲ ‘ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ’ ਦੇ ਮਾਨਦ ਕਾਨੂੰਨੀ ਸਲਾਹਕਾਰ ਬਣੇ। ਇੱਕ ਕਾਨੂੰਨੀ ਮਾਹਿਰ ਵਜੋਂ ਸੇਵਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਸਫਲ ਫਿਲਮਸਾਜ਼ ਹੋਣ ਦਾ ਫ਼ਖ਼ਰ ਵੀ ਹਾਸਲ ਕੀਤਾ। ਇਸ ਤੋਂ ਇਲਾਵਾ ਸਰਦਾਰੀ ਲਾਲ ਨੇ ਬੀ. ਆਰ. ਚੋਪੜਾ ਦੇ ਫਿਲਮਸਾਜ਼ ਅਦਾਰੇ ਦੀ ਹਿੰਦੀ ਫਿਲਮ ‘ਕਾਨੂੰਨ’ (1960) ਦੇ ਅਦਾਲਤੀ ਕਾਰਵਾਈ ਦੇ ਤਕਨੀਕੀ ਸਲਾਹਕਾਰ ਦੇ ਤੌਰ ’ਤੇ ਵੀ ਕੰਮ ਕੀਤਾ ਸੀ।

ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਨ ਤੋਂ ਬਾਅਦ ਉਹ ਬਿਮਾਰ ਰਹਿਣ ਲੱਗ ਪਏ। ਲੰਬੀ ਬਿਮਾਰੀ ਦੇ ਚੱਲਦਿਆਂ 1 ਜੂਨ 1962 ਨੂੰ 55 ਸਾਲ ਦੀ ਉਮਰ ਵਿੱਚ ਉਹ ਬੰਬਈ ਵਿਖੇ ਵਫ਼ਾਤ ਪਾ ਗਏ। ਪਾਕਿਸਤਾਨੀ ਫਿਲਮਾਂ ਦੇ ਮਸ਼ਹੂਰ ਫਿਲਮਸਾਜ਼ ਅਲਤਾਫ਼ ਹੁਸੈਨ ਨੇ 2005 ਵਿੱਚ ਸਰਦਾਰੀ ਲਾਲ ਦੀ ਨੂੰਹ ਤੇ ਜਵਾਈ ਨੂੰ ਉਨ੍ਹਾਂ ਦੀਆਂ ਵੰਡ ਤੋਂ ਪਹਿਲਾਂ ਪਾਕਿਸਤਾਨੀ ਫਿਲਮ ਸਨਅਤ ਨੂੰ ਦਿੱਤੀਆਂ ਅਹਿਮ ਸੇਵਾਵਾਂ ਲਈ ‘ਨੈਸ਼ਨਲ ਫਿਲਮ ਐਵਾਰਡ’ ਨਾਲ ਸਰਫ਼ਰਾਜ਼ ਕੀਤਾ ਸੀ।

ਦੀਵਾਨ ਸਰਦਾਰੀ ਲਾਲ ਦੇ 3 ਪੁੱਤਰ ਤੇ ਇੱਕ ਧੀ ਸੀ। ਪਹਿਲੇ ਪੁੱਤਰ ਦਾ ਨਾਮ ਰਾਮ ਦਿਆਲ ਉਰਫ਼ ਰਾਮ ਦਿਆਲ ਸੱਭਰਵਾਲ ਸੀ, ਜਿਸ ਦਾ ਜਨਮ 25 ਮਈ 1932 ਨੂੰ ਲਾਹੌਰ ’ਚ ਹੋਇਆ ਸੀ। ਰਾਮ ਦਿਆਲ 1947 ਵਿੱਚ ਆਪਣੀ ਮਾਂ ਤੇ ਭਰਾਵਾਂ ਨਾਲ ਬੰਬਈ (ਭਾਰਤ) ਆ ਗਿਆ ਸੀ। ਇੱਥੇ ਆ ਕੇ ਉਸ ਨੇ ਪਹਿਲਾਂ ਪ੍ਰੈੱਸ ਫੋਟੋਗ੍ਰਾਫ਼ਰ ਤੇ ਫਿਰ ਕੈਮਰਾ ਵਿਭਾਗ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਆਪਣੇ ਛੋਟੇ ਭਰਾ ਪ੍ਰਾਣ ਸੱਭਰਵਾਲ (ਜਨਮ 8 ਅਗਸਤ 1933 ਲਾਹੌਰ) ਨਾਲ ਮਿਲ ਕੇ ਆਪਣੀ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ। ਰਾਮ ਦਿਆਲ ਨੇ ਬਤੌਰ ਫਿਲਮਸਾਜ਼ ‘ਸੁਪਰਮੈਨ’, ‘ਡਾਕਟਰ ਸ਼ੈਤਾਨ’ (1960) ਵਰਗੀਆਂ ਅਨੇਕਾਂ ਹਿੰਦੀ ਫਿਲਮਾਂ ਦਾ ਨਿਰਮਾਣ ਕੀਤਾ। ਛੋਟੇ ਭਰਾ ਦਰਸ਼ਨ ਸੱਭਰਵਾਲ ਨੇ ਬਤੌਰ ਫਿਲਮਸਾਜ਼ ਵੀ ਐੱਮ. ਪੀ. ਫਿਲਮਜ਼, ਬੰਬੇ ਦੇ ਬੈਨਰ ਹੇਠ ਨਾਨੂਭਾਈ ਵਕੀਲ ਦੀ ਹਿਦਾਇਤਕਾਰੀ ਵਿੱਚ ਆਪਣੀ ਪਹਿਲੀ ਹਿੰਦੀ ਫਿਲਮ ‘ਗੁਲ ਬਹਾਰ’ (1954) ਬਣਾਈ ਸੀ। ਇਸ ਤੋਂ ਬਾਅਦ ਕਈ ਹਿੰਦੀ ਫਿਲਮਾਂ ਬਣਾਉਣ ਤੋਂ ਬਾਅਦ ਦਰਸ਼ਨ ਸੱਭਰਵਾਲ ਫਿਲਮ ਵਿਤਰਕ, ਪ੍ਰਦਰਸ਼ਕ ਤੇ ਫਿਲਮ ਉਪਕਰਨ ਸਪਲਾਇਰ ਬਣੇ। ਰਾਮ ਦਿਆਲ 29 ਜਨਵਰੀ 2007 (ਮੁੰਬਈ) ਵਿੱਚ ਅਤੇ ਦਰਸ਼ਨ ਸੱਭਰਵਾਲ 31 ਦਸੰਬਰ 2011 (ਮੁੰਬਈ) ਵਿੱਚ ਅਕਾਲ ਚਲਾਣਾ ਕਰ ਗਏ। ਸਰਦਾਰੀ ਲਾਲ ਦਾ ਤੀਜਾ ਪੁੱਤਰ ਆਰ. ਸੀ. ਸੱਭਰਵਾਲ ਉਰਫ਼ ਰਾਮ ਚੰਦਰ ਸੱਭਰਵਾਲ (ਮਰਹੂਮ) ਬਿਜ਼ਨਸਮੈਨ ਸੀ, ਜਿਸ ਦਾ ਇੱਕ ਪੁੱਤਰ ਸੁਮੀਤ ਸੱਭਰਵਾਲ ਤੇ ਧੀ ਦਾ ਨਾਮ ਸੁਮਿੱਤਰਾ ਹੈ।

ਰਾਮ ਦਿਆਲ ਦੇ ਇੱਕ ਪੁੱਤਰ ਦਾ ਨਾਮ ਸੁਮੀਰ ਸੱਭਰਵਾਲ ਡਿੰਪੀ ਹੈ ਜੋ ਮੁਕੁਲ ਇੰਟਰਪ੍ਰਾਈਸਜ਼ ਅਤੇ ਅਬਲੇਜ਼ ਇੰਟਰਟੇਨਮੈਂਟ ਦਾ ਫਿਲਮਸਾਜ਼ ਤੇ ਹਿਦਾਇਤਕਾਰ ਹੈ। ਰਾਮ ਦਿਆਲ ਦੀਆਂ ਦੋ ਧੀਆਂ ਵੀ ਹਨ। ਦਰਸ਼ਨ ਸੱਭਰਵਾਲ ਦੇ ਵੀ ਦੋ ਪੁੱਤਰ ਹਨ, ਜਿਨ੍ਹਾਂ ’ਚੋਂ ਧਰਮੇਸ਼ ਦਰਸ਼ਨ (ਜਨਮ 16 ਮਈ 1967) ਬੌਲੀਵੁੱਡ ਫਿਲਮਾਂ ਦਾ ਮਸ਼ਹੂਰ ਫਿਲਮਸਾਜ਼ ਤੇ ਹਿਦਾਇਤਕਾਰ ਤੇ ਦੂਜਾ ਪੁੱਤਰ ਸੁਨੀਲ ਦਰਸ਼ਨ ਵੀ ਬੌਲੀਵੁੱਡ ਫਿਲਮਾਂ ਦਾ ਨਾਮੀ ਫਿਲਮਸਾਜ਼ ਤੇ ਹਿਦਾਇਤਕਾਰ ਹੈ। ਇਨ੍ਹਾਂ ਨੇ ਆਪਣੇ ਵਡੇਰਿਆਂ ਦੀ ਫਿਲਮ ਪਰੰਪਰਾ ਨੂੰ ਅੱਜ ਵੀ ਕਾਇਮ ਰੱਖਿਆ ਹੋਇਆ ਹੈ।
ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All