ਮੁੰਬਈ: ਬੌਲੀਵੁੱਡ ਫ਼ਨਕਾਰ ਮੀਕਾ ਸਿੰਘ ਨੇ ਆਖਿਆ ਉਹ ਆਪਣਾ ਨਵਾਂ ਗੀਤ ‘ਕੇਆਰਕੇ ਕੁੱਤਾ’ ਲਿਖੇਗਾ। ਉਸ ਨੇ ਦਾਅਵਾ ਕੀਤਾ ਕਿ ਇਹ ਗੀਤ ਅਦਾਕਾਰ ਕਮਾਲ ਆਰ. ਖਾਨ ਜਾਂ ਕੇਆਰਕੇ ਅਤੇ ਸਲਮਾਨ ਖਾਨ ਵਿਚਾਲੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿੱਚੋਤਾਣ ਸਬੰਧੀ ਉਸ ਨੂੰ ਢੁਕਵਾਂ ਜਵਾਬ ਹੋਵੇਗਾ। ਹਾਲ ਹੀ ਵਿੱਚ ਸਲਮਾਨ ਖ਼ਾਨ ਦੇ ਵਕੀਲ ਨੇ ਆਖਿਆ ਸੀ ਕਿ ਉਹ ਕੇਆਰਕੇ ਖ਼ਿਲਾਫ਼ ਐੱਨਜੀਓ ਰਾਹੀਂ ਲੋਕਾਂ ਨਾਲ ਕਥਿਤ ਧੋਖੇਬਾਜ਼ੀ ਤੇ ਫੰਡਾਂ ’ਚ ਗੜਬੜੀ ਕਰਨ ਦੇ ਮਾਮਲੇ ਵਿੱਚ ਮਾਣਹਾਨੀ ਦਾ ਕੇਸ ਕਰ ਰਹੇ ਹਨ। ਮੀਕਾ ਦਾ ਬਿਆਨ ਉਦੋਂ ਆਇਆ ਜਦੋਂ ਕੇਆਰਕੇ ਨੇ ਕਿਸੇ ਕੋਲੋਂ ਵੀ ਮੁਆਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਹੈ। ਮੀਕਾ ਨੇ ਆਖਿਆ,‘‘ਕੇਆਰਕੇ ‘ਗਧਾ’ ਹੈ। ਸਲਮਾਨ ਖਾਨ ਨੂੰ ਬਹੁਤ ਸਮਾਂ ਪਹਿਲਾਂ ਹੀ ਉਸ ਖ਼ਿਲਾਫ਼ ਕੇਸ ਕਰ ਦੇਣਾ ਚਾਹੀਦਾ ਸੀ। ਕੇਆਰਕੇ ਕਹਿੰਦਾ ਹੈ ਕਿ ਲੱਚਰਤਾ ਧਿਆਨ ਖਿੱਚਦੀ ਹੈ ਇਸ ਲਈ ਉਸ ਨੂੰ ਪ੍ਰਸਿੱਧੀ ਮਿਲ ਰਹੀ ਹੈ। ਉਹ ਨਿੱਜੀ ਤੌਰ ’ਤੇ ਹਮਲਾ ਕਰਦਾ ਤੇ ਉਸ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ, ਜੋ ਗ਼ਲਤ ਹੈ। ਉਹ ਗੰਦ-ਮੰਦ ਬਕਦਾ ਹੈ, ਲੋਕਾਂ ਨੂੰ ਗਾਲ੍ਹਾਂ ਕੱਢਦਾ ਹੈ ਅਤੇ ਉਹ ਕਿਸੇ ਨੂੰ ਕੁਝ ਵੀ ਕਹਿੰਦਾ ਹੈ ਅਤੇ ਸੰਗੀਤ ਜਗਤ ਨੇ ਚੁੱਪ ਵੱਟੀ ਹੈ। ਪਰ ਕਿਸੇ ਨੂੰ ਢੁਕਵਾਂ ਜਵਾਬ ਦੇਣ ਦੀ ਲੋੜ ਹੈ।’’ -ਆਈਏਐੱਨਐੱਸ